ਚੋਣਾਂ ਦੀ ਹਾਰ ਪਿਛੋਂ ਭਾਜਪਾ ਫਿਰਕੂ ਏਜੰਡੇ ਤੋਂ ਪਿੱਛੇ ਹਟਣ ਲੱਗੀ?

ਨਵੀਂ ਦਿੱਲੀ: ਉੱਪ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਭਾਜਪਾ ਆਪਣੇ ਫਿਰਕੂ ਏਜੰਡੇ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਇਹ ਮੰਨ ਬੈਠੇ ਹਨ ਕਿ ਨੌਂ ਸੂਬਿਆਂ ਦੀਆਂ ਤਿੰਨ ਲੋਕ ਸਭਾ ਤੇ 32 ਵਿਧਾਨ ਸਭਾ ਦੀਆਂ ਉਪ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਦਾ ਕਾਰਨ ਪਾਰਟੀ ਦਾ ਫਿਰਕੂ ਏਜੰਡਾ ਹੈ। ਹਾਲ ਵਿਚ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਭਾਰਤ ਦੇ ਮੁਸਲਮਾਨਾਂ ਦੇ ਸੱਚੇ ਦੇਸ਼ ਭਗਤ ਹੋਣ ਬਾਰੇ ਦਿੱਤੇ ਬਿਆਨ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤ ਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਧਾਰਮਿਕ ਫਿਰਕੂਵਾਦ ਫੈਲਣ ‘ਤੇ ਚਿੰਤਾ ਪ੍ਰਗਟਾਉਣ ਨੂੰ ਇਸੇ ਸੰਦਰਭ ਵਿਚ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਆਗੂਆਂ ਨੇ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਪਾਰਟੀ ਦੇ ਪ੍ਰਚਾਰਕ ਯੋਗੀ ਅਦਿਤਯਾਨੰਦ ਵੱਲੋਂ ਪ੍ਰਚਾਰ ਦੌਰਾਨ ਮੁਸਲਮਾਨਾਂ ਖਿਲਾਫ਼ ਵਿਵਾਦਪ੍ਰਸਤ ਬਿਆਨਬਾਜ਼ੀ ਦਾ ਵੀ ਨੋਟਿਸ ਲਿਆ ਹੈ।
ਜ਼ਿਕਰਯੋਗ ਹੈ ਕਿ ਮੋਦੀ ਨੇ ਇਕ ਟੀæਵੀæ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਹੈ ਕਿ ਭਾਰਤੀ ਮੁਸਲਮਾਨ ਦੇਸ਼ ਲਈ ਹੀ ਜਿਊਣਗੇ ਤੇ ਦੇਸ਼ ਲਈ ਹੀ ਆਪਣੀ ਜਾਨ ਦੇਣਗੇ। ਹਾਲ ਵਿਚ ਹੀ ਅਲ-ਕਾਇਦਾ ਦਹਿਸ਼ਤਗਰਦਾਂ ਨੇ ਇਕ ਵੀਡੀਓ ਜਾਰੀ ਕਰਕੇ ਇਹ ਬਿਆਨ ਦਿੱਤਾ ਸੀ ਕਿ ਉਹ ਦੱਖਣੀ ਏਸ਼ੀਆ ਦੇ ਮੁਸਲਮਾਨਾਂ ਨੂੰ ਉਨ੍ਹਾਂ ਹਾਲਾਤ ਤੋਂ ਬਚਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਨਾਲ ਗੁਜਰਾਤ ਵਿਚ ਵਾਪਰਿਆ ਸੀ ਜਾਂ ਜੋ ਉਨ੍ਹਾਂ ਨਾਲ ਹੁਣ ਕਸ਼ਮੀਰ ਵਿਚ ਹੋ ਰਿਹਾ ਹੈ। ਅਲ-ਕਾਇਦਾ ਦੀ ਇਸ ਧਮਕੀ ਦੇ ਪਿਛੋਕੜ ਵਿਚ ਪੁੱਛੇ ਸੁਆਲਾਂ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਲ-ਕਾਇਦਾ ਨੂੰ ਇਹ ਭੁਲੇਖਾ ਹੈ ਕਿ ਭਾਰਤੀ ਮੁਸਲਮਾਨ ਉਨ੍ਹਾਂ ਦੇ ਵਰਗਲਾਵੇ ਵਿਚ ਆ ਜਾਣਗੇ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਹਾਲ ਹੀ ਵਿਚ ਭਾਜਪਾ ਦੇ Ḕਲਵ ਜਿਹਾਦ’ ਵਿਵਾਦ ਤੋਂ ਪੇਸ਼ ਹੋਈ ਸਥਿਤੀ ਨਾਲ ਨਿਪਟਣ ਲਈ ਇਕ ਦਮਦਾਰ ਬਿਆਨ ਤਾਂ ਮੰਨਿਆ ਹੀ ਜਾ ਰਿਹਾ ਹੈ, ਨਾਲ ਹੀ 2002 ਵਿਚ ਗੁਜਰਾਤ ਵਿਚ ਹੋਏ ਗੋਧਰਾ ਕਾਂਡ ਵਿਚ ਮੋਦੀ ਦੇ ਹਿੰਦੂ ਪੱਖੀ ਹੋਣ ਦੇ ਇਲਜ਼ਾਮ ਦਾ ਵੀ ਜਵਾਬ ਮੰਨਿਆ ਜਾ ਰਿਹਾ ਹੈ। ਉਸ ਵੇਲੇ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਜਦੋਂ ਗੋਧਰਾ ਵਿਚ ਹੋਏ ਫਸਾਦਾਂ ਵਿਚ 1000 ਤੋਂ ਵੱਧ ਮੁਸਲਮਾਨ ਮਾਰੇ ਗਏ ਸਨ।
ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਦੇ ਮਿਥੇ ਗਏ ਪ੍ਰਚਾਰਕ ਯੋਗੀ ਅਦਿਤਯਾਨੰਦ ਨੇ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਖਿਲਾਫ਼ ਵਿਵਾਦਪ੍ਰਸਤ ਬਿਆਨਬਾਜ਼ੀ ਕਰਕੇ ਭਾਜਪਾ ਦੇ ਪ੍ਰਦਰਸ਼ਨ ‘ਤੇ ਮਾੜਾ ਅਸਰ ਪਾਇਆ ਸੀ। ਲੋਕ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਜ਼ਿਮਨੀ ਚੋਣਾਂ ਵਿਚ ਉਹ ਜਾਦੂ ਨਹੀਂ ਚਲਾ ਸਕੀ ਜਿਸ ਦੀ ਸਭ ਉਸ ਤੋਂ ਉਮੀਦ ਕਰ ਰਹੇ ਸਨ। ਇਨ੍ਹਾਂ ਨਤੀਜਿਆਂ ਕਾਰਨ ਅਖ਼ਬਾਰਾਂ ਤੇ ਮੀਡੀਆ ਮੋਦੀ ਦੇ ਜਾਦੂ ਦੇ ਮੱਠੇ ਅਸਰ ਤੇ ਪਾਰਟੀ ਦੀਆਂ ਹਿੰਦੂ ਪੱਖੀ ਨੀਤੀਆਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਸੀ। ਅਜਿਹੇ ਮੌਕੇ ‘ਤੇ ਵਿਸ਼ਵ ਵਿਚ ਮੁਸਲਮਾਨਾਂ ਦੀ ਦੂਜੀ ਸਭ ਤੋਂ ਵੱਡੀ ਤਦਾਦ ਵਾਲੇ ਦੇਸ਼, ਭਾਰਤ ਦੇ ਆਗੂ ਵੱਲੋਂ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਮੁਲਾਕਾਤ ਵਿਚ ਸ੍ਰੀ ਮੋਦੀ ਦੇ ਅਮਰੀਕਾ ਦੌਰੇ ਬਾਰੇ ਵੀ ਸੁਆਲ ਪੁੱਛੇ ਗਏ। ਸ੍ਰੀ ਮੋਦੀ ਦਾ ਅਮਰੀਕਾ ਦੌਰਾ ਵੀ ਇਸ ਲਈ ਜ਼ਿਆਦਾ ਸੁਰਖੀਆਂ ਵਿਚ ਹੈ ਕਿ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਅਮਰੀਕਾ ਨੇ ਮੋਦੀ ਦੇ ਦੌਰੇ ‘ਤੇ ਪਾਬੰਦੀ ਲਾਈ ਹੋਈ ਸੀ ਪਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਰੀਕਾ ਨੇ ਹੀ ਉਨ੍ਹਾਂ ਨੂੰ ਦੌਰੇ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਮੁਲਾਕਾਤ ਵਿਚ ਕਿਹਾ ਭਾਰਤ ਤੇ ਅਮਰੀਕਾ ਨੇ ਆਪਣੇ ਪਿਛਲੇ ਨਾ ਸਾਲਾਂ ਵਿਚ ਕਾਫ਼ੀ ਉਤਰਾਅ-ਚੜ੍ਹਾਅ ਵੇਖੇ ਹਨ ਪਰ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੇ ਨਵਾਂ ਰੂਪ ਲੈ ਲਿਆ ਹੈ ਤੇ ਦੋਵੇਂ ਦੇਸ਼ਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਨ੍ਹਾਂ ਸਬੰਧਾਂ ਨੂੰ ਅੱਗੇ ਲਿਜਾਣ ਦੀ ਅਪਾਰ ਸੰਭਾਵਨਾ ਹੈ।
____________________________________________
ਮੁਸਲਮਾਨਾਂ ਬਾਰੇ ਮੋਦੀ ਦਾ ਬਿਆਨ ਥੋਥਾ ਕਰਾਰ
ਲਖਨਊੂ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਭਾਰਤੀ ਮੁਸਲਮਾਨਾ ਬਾਰੇ ਦਿੱਤੇ ਗਏ ਬਿਆਨ ‘ਤੇ ਸਿਆਸਤ ਗਰਮਾ ਗਈ ਹੈ। ਖੱਬੇ ਪੱਖੀ ਪਾਰਟੀਆਂ ਨੇ ਸ੍ਰੀ ਮੋਦੀ ਦੇ ਇਸ ਬਿਆਨ ਨੂੰ ਅਮਰੀਕਾ ਨੂੰ ਖੁਸ਼ ਕਰਨ ਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਹਾਕਮ ਪਾਰਟੀ ਸਮਾਜਵਾਦੀ ਪਾਰਟੀ ਦੇ ਪ੍ਰਾਇਮਰੀ ਸਿੱਖਿਆ ਮੰਤਰੀ ਰਾਮ ਗੋਵਿੰਦ ਚੌਧਰੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਖੁਸ਼ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਆਪਣੀ ਫਿਰਕੂ ਦਿੱਖ ਨੂੰ ਤਿਆਗਣ। ਉਨ੍ਹਾਂ ਸ੍ਰੀ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰੀ ਸੋਇਮ ਸੇਵਕ ਸੰਘ (ਆਰæਐਸ਼ਐਸ਼), ਵੀæਐਚæਪੀæ, ਹਿੰਦੂ ਜਾਗਰਨ ਮੰਚ ਤੇ ਹੋਰ ਹਿੰਦੂਵਾਦੀ ਜਥੇਬੰਦੀਆਂ ਨੂੰ ਉਨ੍ਹਾਂ ਦੇ ਵਿਚਾਰ ਲਾਗੂ ਕਰਨ ਲਈ ਕਹਿਣ।।ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੇ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਵੱਲੋਂ ਮੁਸਲਮਾਨਾਂ ਪ੍ਰਤੀ ਵਿਚਾਰ ਬਦਲਣ ਦੇ ਸੁਝਾਅ ਨੂੰ ਕਬੂਲ ਲਿਆ ਜਾਪਦਾ ਹੈ।।ਇਕ ਹੋਰ ਮੰਤਰੀ ਅੰਬਿਕਾ ਚੌਧਰੀ ਨੇ ਸ੍ਰੀ ਮੋਦੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਫਿਰ ਵੀ ਉਹ ਆਪਣੇ ਅਕਸ ‘ਤੇ ਲੱਗੇ ਧੱਬੇ ਨੂੰ ਸਾਫ਼ ਨਹੀਂ ਕਰ ਸਕਣਗੇ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਬਿਆਨ ‘ਤੇ ਸ਼ੱਕ ਹੋਣਾ ਸੁਭਾਵਿਕ ਹੈ ਕਿਉਂਕਿ ਉਨ੍ਹਾਂ ਤੇ ਪਾਰਟੀ ਦਾ ਕਿਰਦਾਰ ਇਸ ਬਿਆਨ ਨਾਲ ਮੇਲ ਨਹੀਂ ਖਾਂਦਾ।

Be the first to comment

Leave a Reply

Your email address will not be published.