ਲੋੜ ਮੁਤਾਬਕ ਬਦਲ ਰਹੀ ਹੈ ਮਰਿਆਦਾ

ਜਲੰਧਰ: ਲੰਗਰ ਛਕਦੇ ਸਮੇਂ ਰਹਿਤ-ਮਰਿਆਦਾ ਦਾ ਧਿਆਨ ਨਾ ਰੱਖਣ ਕਰ ਕੇ 16 ਸਾਲ ਪਹਿਲਾਂ 25 ਜੁਲਾਈ 1998 ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਛੇ ਕੈਨੇਡੀਅਨ ਸਿੱਖਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਹਰ ਮਾਈ-ਭਾਈ ਨੇ ਜ਼ਮੀਨ ਉਤੇ ਬੈਠ ਕੇ ਹੀ ਲੰਗਰ ਛਕਣਾ ਹੈ। ਹੁਣ ਡੇਢ ਦਹਾਕੇ ਬਾਅਦ ਲੰਗਰ ਹਾਲਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਹਾਲ ਵਿਚ ਉਨ੍ਹਾਂ ਸ਼ਰਧਾਲੂਆਂ ਦੇ ਬੈਠਣ ਲਈ ਕੁਰਸੀਆਂ/ਬੈਂਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਹੜੇ ਗੋਡਿਆਂ ਜਾਂ ਹੋਰ ਕਿਸੇ ਤਕਲੀਫ ਕਰ ਕੇ ਭੁੰਜੇ ਬੈਠ ਨਹੀਂ ਸਕਦੇ। ਫਿਲਹਾਲ ਇਹ ਰਵਾਇਤ ਅਜੇ ਸ਼ਹਿਰੀ ਗੁਰਦੁਆਰਿਆਂ ਵਿਚ ਦੇਖਣ ਨੂੰ ਮਿਲ ਰਹੀ ਹੈ। ਯਾਦ ਰਹੇ ਕਿ ਪਿਛਲੇ ਸਾਲ ਅਕਾਲ ਤਖਤ ਤੋਂ ਇਕ ਹੋਰ ਹੁਕਮਨਾਮਾ ਜਾਰੀ ਹੋਇਆ ਸੀ ਕਿ ਗੁਰਦੁਆਰਿਆਂ ਦੇ ਵਰਾਂਡਿਆਂ ਵਿਚ ਕੁਰਸੀਆਂ ਜਾਂ ਸੋਫੇ ਅਤੇ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਸ਼ਰਧਾਲੂ ਨੂੰ ਕੋਈ ਔਖ ਨਾ ਹੋਵੇ।
ਰੋਜ਼ਾਨਾ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਦੇ ਪੱਤਰਕਾਰ ਆਈæਪੀæ ਸਿੰਘ ਨੇ ਰਿਪੋਰਟ ਨਸ਼ਰ ਕੀਤੀ ਹੈ ਜਿਸ ਵਿਚ ਗੁਰਦੁਆਰਿਆਂ ਦੇ ਹਾਲਾਂ ਵਿਚ ਬਿਮਾਰ ਜਾਂ ਢਿੱਲੇ-ਮੱਠੇ ਸ਼ਰਧਾਲੂਆਂ ਲਈ ਕੁਰਸੀ ਜਾਂ ਸਟੂਲ ਲਾਉਣ ਦਾ ਪ੍ਰਬੰਧ ਬਾਰੇ ਚਰਚਾ ਕੀਤੀ ਗਈ ਹੈ। ਲੁਧਿਆਣਾ ਦੇ ਸਭ ਤੋਂ ਵੱਡੇ ਗੁਰਦੁਆਰੇ ਦੂਖ ਨਿਵਾਰਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ- “ਕਈ ਬਜ਼ੁਰਗ ਤੇ ਬਿਮਾਰ ਸ਼ਰਧਾਲੂ ਭੁੰਜੇ ਨਹੀਂ ਬੈਠ ਸਕਦੇ। ਇਸ ਲਈ ਹਾਲ ਦੇ ਅਖੀਰ ਵਿਚ ਉਨ੍ਹਾਂ ਲਈ ਸਟੂਲ ਰਖਵਾਏ ਗਏ ਹਨ। ਇਹ ਬਾਕਾਇਦਾ ਖਿਆਲ ਰੱਖਿਆ ਜਾਂਦਾ ਹੈ ਕਿ ਸਟੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵੇਂ ਹੋਣ।” ਚੰਡੀਗੜ੍ਹ ਦੇ ਸੈਕਟਰ 8 ਸੀæ ਵਿਚ ਸਥਿਤ ਗੁਰਦੁਆਰੇ ਵਿਚ ਵੀ ਹਾਲ ਦੇ ਅਖੀਰ ਵਿਚ ਬੈਂਚ ਰੱਖੇ ਗਏ ਹਨ।
ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਚ ਇਕ ਕਦਮ ਹੋਰ ਵਧਾਇਆ ਗਿਆ ਹੈ। ਜਦੋਂ ਗੁਰਦੁਆਰੇ ਦੀ ਇਮਾਰਤ ਬਣਾਈ ਜਾ ਰਹੀ ਸੀ, ਤਾਂ ਹਾਲ ਦਾ ਪਿਛਲਾ ਹਿੱਸਾ ਦੋ ਫੁੱਟ ਨੀਵਾਂ ਰੱਖਿਆ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਦੱਸਿਆ ਕਿ 60-70 ਸ਼ਰਧਾਲੂ ਅਜਿਹੇ ਹਨ ਜੋ ਭੁੰਜੇ ਨਹੀਂ ਬੈਠ ਸਕਦੇ। ਇਸ ਤਰ੍ਹਾਂ ਕਰਨ ਨਾਲ ਹੁਣ ਮਰਿਆਦਾ ਵੀ ਕਾਇਮ ਰਹਿੰਦੀ ਹੈ ਅਤੇ ਸ਼ਰਧਾਲੂਆਂ ਨੂੰ ਵੀ ਸੌਖ ਰਹਿੰਦੀ ਹੈ। ਇਸੇ ਤਰ੍ਹਾਂ ਗੁਰਦੁਆਰਾ ਨਾਨਕ ਮਿਸ਼ਨ ਵਿਚ ਕੁਰਸੀਆਂ ਇਸ ਢੰਗ ਨਾਲ ਰੱਖੀਆਂ ਗਈਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਾ ਆਉਣ।
ਯੂæਕੇæ ਵਿਚ ਗਰੇਵਸੈਂਡ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢੇਸੀ ਨੇ ਦੱਸਿਆ ਕਿ ਹੋਰ ਦੇਸ਼ਾਂ ਦੇ ਗੁਰਦੁਆਰਿਆਂ ਵਿਚ ਵੀ ਬਿਮਾਰ ਸ਼ਰਧਾਲੂਆਂ ਲਈ ਅਜਿਹੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਨਾਨਕ ਦਰਬਾਰ ਵਿਚ ਵੀ ਹਾਲ ਦੇ ਪਿੱਛੇ ਦੋ ਕਮਰੇ ਬਣਾਏ ਗਏ ਹਨ ਜਿਥੇ ਕੁਰਸੀਆਂ ਲਾਈਆਂ ਗਈਆਂ ਹਨ। ਲੋੜਵੰਦਾਂ ਲਈ ਵ੍ਹੀਲਚੇਅਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਇਸ ਹੁਕਮਨਾਮੇ ਨੂੰ ਲੈ ਕੇ ਕੌਮ ਵਿਚ ਵਿਵਾਦ ਪੈਦਾ ਹੋ ਗਿਆ ਸੀ ਅਤੇ ਕੁਰਸੀਆਂ ਤੇ ਬੈਂਚਾਂ ਵਾਲੇ ਕਈ ਨਵੇਂ ਗੁਰਦੁਆਰੇ ਹੋਂਦ ਵਿਚ ਆ ਗਏ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਵੀ ਇਸ ਬਾਰੇ ਕਹਿਣਾ ਹੈ ਕਿ ਭੁੰਜੇ ਨਾ ਬੈਠ ਸਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਰਹੀ ਹੈ। ਅਜਿਹੇ ਸ਼ਰਧਾਲੂਆਂ ਨੂੰ ਕੁਰਸੀ ਜਾਂ ਸਟੂਲ ਮੁਹੱਈਆ ਕਰਵਾਉਣਾ ਕੋਈ ਹੈਂਕੜ ਵਾਲੀ ਗੱਲ ਨਹੀਂ ਹੈ। ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਿੰਘ ਸਭਾ (ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ) ਵਿਚ ਵੀ ਹਾਲ ਦੀ ਪਿਛਲੀ ਦੀਵਾਰ ਨਾਲ ਸਟੂਲ ਰੱਖੇ ਗਏ ਹਨ।
ਉੱਘੇ ਸਿੱਖ ਲਿਖਾਰੀ ਅਤੇ ਸਾਬਕਾ ਆਈæਏæਐਸ਼ ਅਫਸਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸ਼ਰਧਾਲੂ ਗੁਰੂ ਘਰਾਂ ਵਿਚ ਸ਼ਰਧਾ ਨਾਲ ਅਤੇ ਨਿਮਾਣੇ ਬਣ ਕੇ ਆਉਂਦੇ ਹਨ, ਇਨ੍ਹਾਂ ਵਿਚੋਂ ਕੁਝ ਕੁ ਕੁਰਸੀ ਜਾਂ ਸਟੂਲ ਦੀ ਸੱਚਮੁੱਚ ਲੋੜ ਹੁੰਦੀ ਹੈ। ਜੇ ਕੋਈ ਸ਼ਰਧਾਲੂ ਅਜਿਹਾ ਕਰਦਾ ਹੈ ਤਾਂ ਇਹ ਕੋਈ ਵਿਵਾਦ ਵਾਲਾ ਮਸਲਾ ਨਹੀਂ ਹੈ। ਉਂਜ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਲੋੜਵੰਦਾਂ ਦੀ ਆੜ ਵਿਚ ਇਸ ਦੀ ਦੁਰਵਰਤੋਂ ਨਾ ਹੋਣ ਲੱਗ ਪਵੇ।

Be the first to comment

Leave a Reply

Your email address will not be published.