ਪ੍ਰਬੰਧਕਾਂ ਨੂੰ ਮਹਿੰਗੀ ਪਈ ਸਰਕਾਰੀ ਪ੍ਰਾਹੁਣਚਾਰੀ

ਬਠਿੰਡਾ: ਪੰਜਾਬ ਸਰਕਾਰ ਨੇ ਬਠਿੰਡਾ ਵਿਚ ਕੀਤੇ ਸੂਬਾ ਪੱਧਰੀ ਸਮਾਗਮਾਂ ਦੇ ਖਰਚੇ ਦੀ ਅਦਾਇਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ ਇਹ ਸਾਰੀ ਚੱਟੀ ਪ੍ਰਬੰਧਕਾਂ ਸਿਰ ਪੈ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਇਨ੍ਹਾਂ ਸੂਬਾ ਪੱਧਰੀ ਸਮਾਗਮਾਂ ਦੇ ਪ੍ਰਬੰਧ ਤੇ ਖ਼ਾਤਿਰਦਾਰੀ ‘ਤੇ 18æ72 ਲੱਖ ਰੁਪਏ ਖਰਚ ਆਏ ਹਨ ਜਿਨ੍ਹਾਂ ਵਿਚੋਂ ਇਕੱਲੀ ਹਾਈ ਟੀ ਦਾ ਖਰਚਾ ਹੀ 6æ53 ਲੱਖ ਰੁਪਏ ਹੈ। ਵੀæਆਈæਪੀæ ਬਰੈਕਫਾਸਟ ਤੇ ਡਿਨਰ ਦਾ ਖਰਚਾ 5æ71 ਲੱਖ ਰੁਪਏ ਆਇਆ ਹੈ। ਚਾਹ, ਬਰੈਕਫਾਸਟ ਤੇ ਡਿਨਰ ਦਾ ਕੁੱਲ ਖਰਚਾ 12æ24 ਲੱਖ ਰੁਪਏ ਬਣਿਆ ਹੈ।
ਬਠਿੰਡਾ ਦੇ ਸੈਪਲ ਹੋਟਲ ਨੂੰ ਪ੍ਰਾਹੁਣਚਾਰੀ ਦਾ ਜ਼ਿੰਮਾ ਸੌਂਪਿਆ ਗਿਆ ਸੀ। ਦੱਸਣਯੋਗ ਹੈ ਕਿ ਬਠਿੰਡਾ ਦੇ ਅਦਾਲਤੀ ਕੰਪਲੈਕਸ ਵਿਚ 18 ਜਨਵਰੀ 2014 ਨੂੰ ਵਿਕਲਪੀ ਝਗੜਾ ਨਿਵਾਰਨ ਕੇਂਦਰ (ਏæਡੀæਆਰæ ਸੈਂਟਰ) ਦਾ ਉਦਘਾਟਨ ਹੋਇਆ ਸੀ ਤੇ ਸਰਕਾਰ ਨੇ ਇਨ੍ਹਾਂ ਸਮਾਰੋਹਾਂ ਨੂੰ ਸਰਕਾਰੀ ਸਮਾਰੋਹ ਐਲਾਨਿਆ ਸੀ। ਉਪਰੋਕਤ ਸਾਰਾ ਖਰਚਾ ਇਸ ਮੌਕੇ ਹੋਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਇਲਾਵਾ ਕਈ ਜੱਜ ਇਨ੍ਹਾਂ ਸਮਾਰੋਹਾਂ ਵਿਚ ਪੁੱਜੇ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਮਹਿਮਾਨ ਸਨ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਹ ਸਮਾਗਮ ਕਰਾਏ ਗਏ ਸਨ। ਇਨ੍ਹਾਂ ਸਮਾਗਮਾਂ ਉਤੇ ਆਏ ਖਰਚੇ ਦੇ ਬਿੱਲ ਪਹਿਲਾਂ ਤਾਂ ਸਰਕਾਰੀ ਦਫ਼ਤਰਾਂ ਦੇ ਗੇੜ ਵਿਚ ਹੀ ਉਲਝੇ ਰਹੇ ਤੇ ਹੁਣ ਜਦੋਂ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ (ਦੱਖਣੀ) ਨੇ ਸਮਾਗਮਾਂ ਦੇ ਭਾਰੀ ਬਿੱਲ ਦੇਖੇ ਤਾਂ ਉਨ੍ਹਾਂ ਬਿੱਲ ਇਸ ਆਧਾਰ ‘ਤੇ ਵਾਪਸ ਕਰ ਦਿੱਤੇ ਕਿ ਪਹਿਲਾਂ ਇਹ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੈਰੀਫਾਈ ਕੀਤੇ ਜਾਣ। ਪ੍ਰਾਪਤ ਵੇਰਵਿਆਂ ਅਨੁਸਾਰ ਸਮਾਗਮਾਂ ਦੇ ਮਹਿਮਾਨ ਸਮਾਰੋਹਾਂ ਤੋਂ ਇਕ ਦਿਨ ਪਹਿਲਾਂ ਹੀ ਬਠਿੰਡਾ ਆ ਗਏ ਸਨ, ਜਿਨ੍ਹਾਂ ਦੇ ਸਵਾਗਤ ਵਿਚ ਡਿਊਨਜ਼ ਕਲੱਬ ਵਿਚ ਗਾਇਕ ਲਖਵਿੰਦਰ ਵਡਾਲੀ ਨੇ ਮਹਿਮਾਨਾਂ ਦਾ ਮਨੋਰੰਜਨ ਕੀਤਾ। ਇਕੱਲੇ ਵਡਾਲੀ ਦਾ ਖਰਚ 50 ਹਜ਼ਾਰ ਰੁਪਏ ਸੀ।
ਸੂਚਨਾ ਅਧਿਕਾਰ ਐਕਟ ਤਹਿਤ ਮਿਲੇ ਵੇਰਵਿਆਂ ਅਨੁਸਾਰ ਸੈਪਲ ਹੋਟਲ ਦੇ ਬਿੱਲ (ਨੰਬਰ 5041) ਅਨੁਸਾਰ 75 ਮਹਿਮਾਨਾਂ ਨੂੰ 900 ਰੁਪਏ ਵਾਲੀ, 400 ਮਹਿਮਾਨਾਂ ਨੂੰ 450 ਰੁਪਏ ਵਾਲੀ ਤੇ 400 ਹੋਰ ਮਹਿਮਾਨਾਂ ਨੂੰ 600 ਰੁਪਏ ਵਾਲੀ ਹਾਈ ਟੀ ਵਰਤਾਈ ਗਈ ਜਿਸ ਦਾ ਸਮੇਤ ਟੈਕਸ ਬਿੱਲ 5æ98 ਲੱਖ ਰੁਪਏ ਬਣਿਆ। ਇਵੇਂ ਹੀ ਬਿੱਲ (ਨੰਬਰ 5033 ਤੇ 5034) ਅਨੁਸਾਰ 50 ਮਹਿਮਾਨਾਂ ਨੂੰ 900 ਰੁਪਏ ਵਾਲੀ ਚਾਹ ਦੇ ਖਰਚੇ ਦਾ ਬਿੱਲ ਦਿੱਤਾ ਗਿਆ ਹੈ। ਇੰਜ ਹੀ ਬਰੈਕਫਾਸਟ ਤੇ ਡਿਨਰ ਦੇ ਬਿੱਲ ਹਨ। ਸੈਪਲ ਹੋਟਲ ਦੇ ਮਾਲਕ ਸ੍ਰੀ ਕਾਤੀਆ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਖਾਣਿਆਂ ਤੇ ਚਾਹ ਸਨੈਕਸ ਦੀ ਜੋ ਸੂਚੀ ਤਿਆਰ ਕਰਕੇ ਦਿੱਤੀ ਗਈ ਸੀ, ਉਸ ਅਨੁਸਾਰ ਸਭ ਕੁਝ ਵਰਤਾਇਆ ਗਿਆ ਸੀ। ਹਾਈ ਟੀ ਲਈ ਸਨੈਕਸ ਦੀ ਸੂਚੀ ਕਾਫ਼ੀ ਲੰਮੀ ਸੀ। ਡਿਨਰ ਵਿਚ ਨਾਨ ਵੈੱਜ ਵੀ ਸ਼ਾਮਲ ਸੀ। ਉਨ੍ਹਾਂ ਨੂੰ ਸਰਕਾਰ ਨੇ ਹਾਲੇ ਤੱਕ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ।
ਮਿਲੇ ਵੇਰਵਿਆਂ ਅਨੁਸਾਰ ਸਮਾਰੋਹਾਂ ‘ਤੇ ਤਕਰੀਬਨ ਇਕ ਲੱਖ ਰੁਪਏ ਦੇ ਫੁੱਲਾਂ ਦਾ ਖਰਚ ਆਇਆ ਹੈ ਜਿਸ ਵਿਚ ਫੁੱਲਾਂ ਦੀ ਡੈਕੋਰੇਸ਼ਨ ਵੀ ਸ਼ਾਮਲ ਹੈ। ਇੰਜ ਹੀ ਪਠਾਨਕੋਟ ਦੀ ਸੀਲਵੰਤੀ ਸਾਲਜ਼ ਇੰਡਸਟਰੀ ਤੋਂ 14,275 ਰੁਪਏ ਦੇ ਪੰਜ ਸ਼ਾਲ ਮਹਿਮਾਨਾਂ ਨੂੰ ਦੇਣ ਵਾਸਤੇ ਖ਼ਰੀਦੇ ਗਏ ਹਨ। ਗੁਰੂ ਨਾਨਕ ਟੈਂਟ ਹਾਊਸ, ਬਠਿੰਡਾ ਵੱਲੋਂ 3æ68 ਲੱਖ ਰੁਪਏ ਦਾ ਬਿੱਲ ਦਿੱਤਾ ਗਿਆ ਹੈ ਜਿਸ ਵਿਚ 26 ਹਜ਼ਾਰ ਰੁਪਏ ਇਕੱਲੇ ਜੈਨਰੇਟਰ ਸੈੱਟ ਦਾ ਕਿਰਾਇਆ ਸ਼ਾਮਲ ਹੈ।
ਬਾਰ ਐਸੋਸੀਏਸ਼ਨ ਬਠਿੰਡਾ ਦੇ ਤਤਕਾਲੀ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਇਹ ਸਰਕਾਰੀ ਸਮਾਗਮ ਸਨ ਜਿਸ ਕਰਕੇ ਪ੍ਰਸ਼ਾਸਨ ਨੇ ਹੀ ਸਾਰੇ ਇੰਤਜ਼ਾਮ ਕੀਤੇ ਸਨ ਤੇ ਖਰਚਾ ਵੀ ਉਨ੍ਹਾਂ ਨੇ ਹੀ ਕੀਤਾ ਹੈ। ਦੂਜੇ ਪਾਸੇ ਲਾਅਰਜ਼ ਫਾਰ ਜਸਟਿਸ ਐਂਡ ਡੈਮੋਕਰੈਟਿਕ ਰਾਈਟਸ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਐਨæਕੇæਜੀਤ ਨੇ ਇਸ ਖਰਚ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਆਖਿਆ ਕਿ ਸਰਕਾਰੀ ਖ਼ਜ਼ਾਨੇ ਦੀ ਖੁੱਲ੍ਹ ਕੇ ਸਮਾਗਮਾਂ ਵਿਚ ਦੁਰਵਰਤੋਂ ਹੋਈ ਹੈ ਤੇ ਕੋਈ ਵੀ ਅਦਾਇਗੀ ਕਰਨ ਤੋਂ ਪਹਿਲਾਂ ਸਾਰੇ ਖਰਚ ਦੀ ਉੱਚ ਪੱਧਰੀ ਜਾਂਚ ਕਰਾਈ ਜਾਣੀ ਚਾਹੀਦੀ ਹੈ।

Be the first to comment

Leave a Reply

Your email address will not be published.