ਵਿਦਿਆ ਬਾਲਨ ਦਾ ਵਿਆਹ

ਅੱਜ ਦੀ ਚਰਚਿਤ ਅਦਾਕਾਰਾ ਵਿਦਿਆ ਬਾਲਨ 14 ਦਸੰਬਰ ਨੂੰ ਸਿਧਾਰਥ ਰਾਏ ਕਪੂਰ ਨਾਲ ਵਿਆਹ ਕਰਵਾ ਰਹੀ ਹੈ। ਵਿਦਿਆ (34 ਸਾਲ) ਸਿਧਾਰਥ (38 ਸਾਲ) ਨੂੰ 2010 ‘ਚ ਫਿਲਮ ‘ਨੋ ਵਨ ਕਿਲਡ ਜੈਸਿਕਾ’ ਦੀ ਸ਼ੂਟਿੰਗ ਦੌਰਾਨ ਮਿਲੀ ਸੀ। ਉਨ੍ਹਾਂ ਦੇ ਪਿਆਰ ਬਾਰੇ ਗੱਲਾਂ ਤਾਂ ਚਿਰ ਪਹਿਲਾਂ ਸ਼ੁਰੂ ਹੋ ਗਈਆਂ ਸਨ ਪਰ ਉਨ੍ਹਾਂ ਇਸ ਬਾਰੇ ਕਦੇ ਰਾਜ ਨਹੀਂ ਸੀ ਖੋਲ੍ਹਿਆ। ਅੱਜ-ਕੱਲ੍ਹ ਵਿਦਿਆ ਆਪਣੇ ਵਿਆਹ ਲਈ ਖਰੀਦੋ-ਫਰੋਖ਼ਤ ਵਿਚ ਰੁੱਝੀ ਹੋਈ ਹੈ। ਉਸ ਦੇ ਵਿਆਹ ‘ਤੇ ਵਾਹਵਾਹ ਪੰਜਾਬੀ ਰੰਗ ਦੇਖਣ ਨੂੰ ਮਿਲੇਗਾ। ਵਿਦਿਆ ਬਾਲਨ ਨੇ ਏਕਤਾ ਕਪੂਰ ਦੇ ਸੀਰੀਅਲ ‘ਹਮ ਪਾਂਚ’ ਵਿਚ ਰਾਧਿਕਾ ਦਾ ਕਿਰਦਾਰ ਨਿਭਾਅ ਕੇ ਵਾਹ-ਵਾਹ ਖੱਟੀ ਤਾਂ ਇਸ ਸਮੇਂ ਸੀਰੀਅਲਾਂ ਦੇ ਬਹੁਤ ਸੱਦੇ ਆਏ ਪਰ ਉਸ ਨੇ ਮਨ੍ਹਾ ਕਰ ਦਿੱਤੇ ਕਿਉਂਕਿ ਉਹ ਫਿਲਮਾਂ ਵਿਚ ਕੈਰੀਅਰ ਬਣਾਉਣਾ ਚਾਹੁੰਦੀ ਸੀ। 2003 ਵਿਚ ਵਿਦਿਆ ਨੇ ਬੰਗਾਲੀ ਫਿਲਮ ‘ਭਾਲੋ ਠੇਕੋ’ ਕੀਤੀ ਜਿਸ ਤੋਂ ਬਾਅਦ ਫਿਲਮ ‘ਪਰੀਨੀਤਾ’ ਲਈ ਕਈ ਐਵਾਰਡ ਵੀ ਮਿਲੇ। ਇਸੇ ਸਮੇਂ ਉਸ ਨੇ ਦੱਖਣ ਦੀਆਂ ਤਿੰਨ ਫਿਲਮਾਂ ਕੀਤੀਆਂ ਜਿਨ੍ਹਾਂ ਵਿਚੋਂ ਦੋ ਫਿਲਮਾਂ ਬੰਦ ਹੋ ਗਈਆਂ ਜਿਸ ਲਈ ਵਿਦਿਆ ਨੂੰ ‘ਅਨ ਲੱਕੀ’ ਵੀ ਕੁਝ ਅਖ਼ਬਾਰਾਂ ਵਿਚ ਕਿਹਾ ਗਿਆ ਪਰ 2006 ਵਿਚ ਆਈ ਫਿਲਮ ‘ਲਗੇ ਰਹੋ ਮੁੰਨਾ ਭਾਈ’ ਨੇ ‘ਅਨ ਲੱਕੀ’ ਕਹਿਣ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ। ਇਸ ਤਰ੍ਹਾਂ ਉਸ ਨੇ ਆਪਣੀ ਮਿਹਨਤ ਨਾਲ ਤਕਦੀਰ ਦੀਆਂ ਲਕੀਰਾਂ ਬਦਲ ਦਿੱਤੀਆਂ। ‘ਗੁਰੂ’, ‘ਸਲਾਮ-ਏ-ਇਸ਼ਕ’, ‘ਏਕਲਵਿਆ-ਦਾ ਰਾਇਲ ਗਾਰਡ’, ‘ਹੇ ਬੇਬੀ’, ‘ਭੂਲ ਭੁਲੱਈਆ’, ‘ਓਮ ਸ਼ਾਂਤੀ ਓਮ’, ‘ਹੱਲਾ ਬੋਲ’, ‘ਕਿਸਮਤ ਕੁਨੈਕਸ਼ਨ’, ‘ਪਾ’, ‘ਇਸ਼ਕੀਆ’, ‘ਨੋ ਵੰਨ ਕਿਲਡ ਜੈਸਿਕਾ’, ‘ਥੈਂਕ ਯੂ’, ‘ਦਮ ਮਾਰੋ ਦਮ’, ‘ਦਾ ਡਰਟੀ ਪਿਕਚਰ’, ‘ਕਹਾਨੀ’ ਤੇ ‘ਫੇਰਾਰੀ ਕੀ ਸਵਾਰੀ’ ਉਸ ਦੀਆਂ ਅਹਿਮ ਫਿਲਮਾਂ ਹਨ। ‘ਦਾ ਡਰਟੀ ਪਿਕਚਰ’ ਨੇ ਹਰ ਥਾਂ ‘ਤੇ ਤਹਿਲਕਾ ਮਚਾਇਆ। ਵਿਦਿਆ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਉਹ ਅਜਿਹਾ ਅਭਿਨੈ ਵੀ ਕਰ ਸਕਦੀ ਹੈ। ਇਸ ਵੇਲੇ ਵਿਦਿਆ ਬਾਲਨ ਕਈ ਕਮਰਸ਼ੀਅਲ ਐਡ, ਦੱਖਣ ਦੀ ਇਕ ਫਿਲਮ, ਇਕ ਬੰਗਾਲੀ ਫਿਲਮ ਤੇ ਹਿੰਦੀ ਫਿਲਮ ‘ਘਨ ਚੱਕਰ’, ‘ਸ਼ਾਦੀ ਕੇ ਸਾਈਡ ਅਫੈਕਟ’ ਵੀ ਕਰ ਰਹੀ ਹੈ। ਵਿਦਿਆ ਫਿਲਮੀ ਦੁਨੀਆ ਦੇ ਨਾਲ-ਨਾਲ ਸਮਾਜ ਭਲਾਈ ਕੰਮਾਂ ਵਿਚ ਵੀ ਲੱਗੀ ਹੈ ਜਿਸ ਲਈ ਔਰਤਾਂ, ਬੱਚੇ ਤੇ ਜਾਨਵਰਾਂ ਦੀ ਭਲਾਈ ਦੀਆਂ ਕਈ ਸੰਸਥਾਵਾਂ ਲਈ ਅਨੇਕਾਂ ਸ਼ੋਅ ਕਰ ਚੁੱਕੀ ਹੈ। ਵਿਦਿਆ ਦਾ ਕਹਿਣਾ ਹੈ ਕਿ ਸਮਾਜ ਦੇ ਕੰਮ ਕਰਕੇ ਦਿਲੋਂ ਖੁਸ਼ੀ ਮਿਲਦੀ ਹੈ।’ਇਸ਼ਕੀਆ’ ਤੇ ‘ਡਰਟੀ ਪਿਕਚਰ’ ਵਰਗੀਆਂ ਬੇਹੱਦ ਬੋਲਡ ਫਿਲਮਾਂ ਵਿਚ ਕੰਮ ਕਰ ਚੁੱਕੀ ਵਿੱਦਿਆ ਬਾਲਨ ਆਪਣੀ ਨਿਜੀ ਜ਼ਿੰਦਗੀ ਵਿਚ ਖੁਦ ਨੂੰ ਗੁੱਡ ਗਰਲ ਮੰਨਦੀ ਹੈ। ਫਿਲਮਾਂ ਅਤੇ ਆਪਣੀ ਜ਼ਿੰਦਗੀ ਵਿਚ ਉਹ ਗੁੱਡ ਗਰਲ ਦੇ ਅਕਸ ਨੂੰ ਕਾਇਮ ਰੱਖਦੀ  ਹੈ।
_______________________________
ਐਸ਼ ‘ਬੇਮਿਸਾਲ’
ਪਿਛਲੇ ਕੁਝ ਸਮੇਂ ਤੋਂ ਕਿਆਸ ਲਾਏ ਜਾ ਰਹੇ ਸਨ ਕਿ ਇਕ ਪਿਆਰੀ ਜਿਹੀ ਧੀ ਨੂੰ ਜਨਮ ਦੇਣ ਤੋਂ ਬਾਅਦ ਫਿਲਮਾਂ ਤੋਂ ਦੂਰ ਰਹਿ ਰਹੀ ਐਸ਼ਵਰਿਆ ਹੁਣ ਨਿਰਦੇਸ਼ਕ ਮਣੀਰਤਨਮ ਦੀ ਫਿਲਮ ਨਾਲ ਆਪਣੀ ਫਿਲਮੀ ਪਾਰੀ ਸ਼ੁਰੂ ਕਰੇਗੀ ਪਰ ਹੁਣ ਚਰਚਾ ਹੈ ਕਿ ਐਸ਼ਵਰਿਆ ਮਣੀਰਤਨਮ ਨਾਲ ਨਹੀਂ ਸਗੋਂ ਕਰਨ ਜੌਹਰ ਦੀ ਫਿਲਮ ਨਾਲ ਵਾਪਸੀ ਕਰੇਗੀ। ਐਸ਼ਵਰਿਆ ਦੀ ਆਖਰੀ ਫਿਲਮ ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ‘ਗੁਜ਼ਾਰਿਸ਼’ ਸੀ। ਫਿਲਹਾਲ ਹੁਣ ਕਰਨ ਜੌਹਰ ਰਿਸ਼ੀਕੇਸ਼ ਮੁਖਰਜੀ ਦੀ ਹਿੱਟ ਫਿਲਮ ‘ਬੇਮਿਸਾਲ’ ਦਾ ਰੀਮੇਕ ਬਣਾਉਣਾ ਚਾਹੁੰਦਾ ਹੈ ਜਿਸ ਵਿਚ ਉਹ ਬਤੌਰ ਹੀਰੋਇਨ ਐਸ਼ਵਰਿਆ ਨੂੰ ਹੀ ਲੈਣ ਦਾ ਚਾਹਵਾਨ ਹੈ। ਉਂਜ ਅਜੇ ਇਹ ਤੈਅ ਨਹੀਂ ਹੈ ਕਿ ਕਰਨ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰੇਗਾ ਜਾਂ ਇਸ ਦੇ ਨਿਰਦੇਸ਼ਨ ਦੀ ਕਮਾਨ ਕਿਸੇ ਹੋਰ ਨੂੰ ਸੌਂਪੇਗਾ ਪਰ ਇਸ ਫਿਲਮ ਨੂੰ ਬਣਾਉਣ ਲਈ ਉਹ ਤਿਆਰ ਹੈ।

Be the first to comment

Leave a Reply

Your email address will not be published.