ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦਾ ਪਹਿਲਾ ਉਭਾਰ

ਭਗਤ ਸਿੰਘ ਬਾਰੇ ਵੱਖ-ਵੱਖ ਧਿਰਾਂ ਦੇ ਵੱਖ-ਵੱਖ ਵਿਚਾਰ ਹਨ, ਪਰ ਇਹ ਤੱਥ ਸਰਬ ਪ੍ਰਵਾਨਤ ਹੈ ਕਿ ਭਗਤ ਸਿੰਘ ਪੰਜਾਬ ਦਾ ਅਜਿਹਾ ਚਿੰਤਕ ਅਤੇ ਵਿਦਵਾਨ ਸੀ ਜਿਹੜਾ ਆਪਣੇ ਵੇਲਿਆਂ ਵਿਚ ਆਪਣੇ ਇਤਿਹਾਸ ਅਤੇ ਵਰਤਮਾਨ ਨੂੰ ਸਮਝ ਕੇ ਆਜ਼ਾਦੀ ਦੀ ਲੜਾਈ ਵਿਚ ਵੱਡੀ ਪੱਧਰ ‘ਤੇ ਦਖਲ ਦੇ ਰਿਹਾ ਸੀ। ਪੰਜਾਬ ਦੇ ਹਿੱਸੇ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਉਸ ਨੇ ਪੰਜਾਬ ਦੀ ਹਰ ਲਹਿਰ ਬਾਰੇ ਲਿਖਣ ਦਾ ਯਤਨ ਕੀਤਾ। ਜਦੋਂ ਉਹ ਜੇਲ੍ਹ ਵਿਚ ਸੀ, ਉਸ ਵੇਲੇ ਵੀ ਉਸ ਦੇ ਲੇਖ ‘ਪੀਪਲ’ (ਲਾਹੌਰ) ਅਤੇ ‘ਬੰਦੇ ਮਾਤ੍ਰਮ’ (ਲਾਹੌਰ) ਵਿਚ ਛਪਦੇ ਰਹੇ। ਭਗਤ ਸਿੰਘ ਦੇ 107ਵੇਂ ਜਨਮ ਦਿਨ ਮੌਕੇ ਅਸੀਂ ਉਸ ਦਾ ਲਿਖਿਆ ਲੇਖ ‘ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦਾ ਪਹਿਲਾ ਉਭਾਰ’ ਛਾਪ ਰਹੇ ਹਾਂ ਜਿਸ ਵਿਚ ਪੰਜਾਬ ਦੀਆਂ ਲਹਿਰਾਂ ਦੇ ਪਿਛੋਕੜ ਬਾਰੇ ਚਰਚਾ ਕੀਤੀ ਹੈ। *ਇਹ ਲੇਖ 1931 ਵਿਚ ਲਾਹੌਰ ਦੇ ਰੋਜ਼ਾਨਾ ਅਖ਼ਬਾਰ ‘ਪੀਪਲ’ ਵਿਚ ਲੜੀਵਾਰ ਛਪਿਆ ਸੀ। ਇਹ ਲੇਖ ਭਗਤ ਸਿੰਘ ਨੇ ਉਰਦੂ ਵਿਚ ਲਿਖਿਆ ਸੀ, ਇਥੇ ਇਸ ਲੇਖ ਦਾ ਪੰਜਾਬੀ ਅਨੁਵਾਦ ਦਿੱਤਾ ਜਾ ਰਿਹਾ ਹੈ। -ਸੰਪਾਦਕ

ਸ਼ਹੀਦ ਭਗਤ ਸਿੰਘ*
ਪੰਜਾਬ ਦੇ ਸਾਬਕਾ ਗਵਰਨਰ ਸਰ ਮਾਈਕਲ ਓਡਵਾਇਰ ਨੇ ਆਪਣੀ ਪੁਸਤਕ Ḕਇੰਡੀਆ ਐਜ਼ ਆਈ ਨਿਊ ਇਟḔ (ਭਾਰਤ ਜਿਵੇਂ ਮੈਂ ਜਾਣਿਆ) ਵਿਚ ਕੌੜੀ ਤੇ ਝੂਠੀ, ਪਰ ਨਾਲ ਹੀ ਅਤਿਅੰਤ ਮਹੱਤਵਪੂਰਨ ਸੱਚਾਈ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਰਾਜਨੀਤਕ ਹਲਚਲਾਂ ਵਿਚ ਸਭ ਤੋਂ ਪਿੱਛੇ ਹੈ। ਪੰਜਾਬ ਦੇ ਰਾਜਨੀਤਕ ਅੰਦੋਲਨਾਂ ਦਾ ਜਿਨ੍ਹਾਂ ਨੂੰ ਥੋੜ੍ਹਾ-ਬਹੁਤ ਗਿਆਨ ਹੈ, ਉਹ ਇਸ ਸੱਚਾਈ ਨੂੰ ਭਲੀ ਪ੍ਰਕਾਰ ਸਮਝ ਸਕਦੇ ਹਨ।
ਅੱਜ ਤੱਕ ਦਾ ਇਤਿਹਾਸ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਇਸ ਸੂਬੇ ਨੇ ਹੀ ਕੀਤੀਆਂ ਹਨ। ਇਸ ਲਈ ਬੜੀਆਂ ਮੁਸੀਬਤਾਂ ਇਸ ਸੂਬੇ ਦੀ ਜਨਤਾ ਨੂੰ ਸਹਿਣੀਆਂ ਪਈਆਂ। ਰਾਜਨੀਤਕ, ਧਾਰਮਿਕ ਆਦਿ ਅੰਦੋਲਨਾਂ ਵਿਚ ਪੰਜਾਬ ਭਾਰਤ ਦੇ ਦੂਸਰੇ ਸੂਬਿਆਂ ਨਾਲੋਂ ਅੱਗੇ ਰਿਹਾ ਹੈ ਅਤੇ ਦੇਸ਼ ਲਈ ਜਾਨ ਤੇ ਮਾਲ ਦੀ ਕੁਰਬਾਨੀ ਸਭ ਤੋਂ ਵੱਧ ਇਸੇ ਸੂਬੇ ਦੇ ਲੋਕਾਂ ਨੇ ਕੀਤੀ ਹੈ, ਫਿਰ ਵੀ ਸਾਨੂੰ ਸਿਰ ਝੁਕਾ ਕੇ ਇਹ ਮੰਨਣਾ ਪੈਂਦਾ ਹੈ ਕਿ ਰਾਜਨੀਤਕ ਖੇਤਰ ਵਿਚ ਪੰਜਾਬ ਸਭ ਤੋਂ ਪਿੱਛੇ ਹੈ।
ਇਸ ਦਾ ਕਾਰਨ ਸਿਰਫ ਇਹ ਹੈ ਕਿ ਰਾਜਨੀਤਕ ਅੰਦੋਲਨ ਇਥੋਂ ਦੀ ਜਨਤਾ ਦੇ ਵਿਅਕਤੀਗਤ ਜੀਵਨ ਦਾ ਜ਼ਰੂਰੀ ਅੰਗ ਬਣ ਸਕਿਆ। ਸਾਹਿਤਕ ਖੇਤਰ ਵਿਚ ਵੀ ਇਸ ਸੂਬੇ ਨੇ ਕੋਈ ਵਰਣਨਯੋਗ ਥਾਂ ਹਾਸਲ ਨਹੀਂ ਕੀਤੀ। ਬੁੱਧੀਜੀਵੀ ਵਰਗ ਲਈ ਉਸ ਸਮੇਂ ਤਕ (ਓਡਵਾਇਰ ਦੀ ਪੁਸਤਕ ਲਿਖਣ ਤਕ) ਦੇਸ਼ ਦੀ ਆਜ਼ਾਦੀ ਦਾ ਸਵਾਲ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਨਹੀਂ ਬਣਿਆ ਸੀ। ਇਸੇ ਲਈ ਆਮ ਕਰ ਕੇ ਕਿਹਾ ਜਾਂਦਾ ਹੈ ਕਿ ਇਹ ਸੂਬਾ ਬਹੁਤ ਪਿੱਛੇ ਹੈ। ਭਾਰਤ ਵਿਚ ਹੋਰ ਵੀ ਬਹੁਤ ਸਾਰੇ ਸੂਬੇ ਹਨ ਜੋ ਪੰਜਾਬ ਤੋਂ ਬਹੁਤ ਪਿੱਛੇ ਹਨ, ਪਰ ਦੁੱਖ ਦੀ ਗੱਲ ਹੈ ਕਿ ਇਹ ਬਦਕਿਸਮਤ ਸੂਬਾ ਅਜਿਹੇ ਦੂਸ਼ਣ ਸਹਿ ਕੇ ਵੀ ਪਿੱਛੇ ਹੀ ਹੈ।
ਪੰਜਾਬ ਦੀ ਆਪਣੀ ਕੋਈ ਵਿਸ਼ੇਸ਼ ਭਾਸ਼ਾ ਨਹੀਂ। ਭਾਸ਼ਾ ਨਾ ਹੋਣ ਕਾਰਨ ਸਾਹਿਤਕ ਖੇਤਰ ਵਿਚ ਵੀ ਕੋਈ ਤਰੱਕੀ ਨਹੀਂ ਹੋ ਸਕੀ। ਪੜ੍ਹੇ-ਲਿਖੇ ਲੋਕਾਂ ਨੂੰ ਪੱਛਮੀ ਸਾਹਿਤ Ḕਤੇ ਹੀ ਨਿਰਭਰ ਰਹਿਣਾ ਪਿਆ। ਇਸ ਦਾ ਦੁੱਖਦਾਈ ਸਿੱਟਾ ਇਹ ਹੋਇਆ ਕਿ ਪੰਜਾਬ ਦਾ ਪੜ੍ਹਿਆ-ਲਿਖਿਆ ਵਰਗ ਆਪਣੇ ਸੂਬੇ ਦੀਆਂ ਰਾਜਨੀਤਕ ਹਲਚਲਾਂ ਤੋਂ ਅਲੱਗ ਜਿਹਾ ਰਿਹਾ ਹੈ। ਇਸੇ ਕਰ ਕੇ ਪੰਜਾਬ ਵਿਚ ਅਜਿਹੇ ਵਰਕਰ ਗਿਣੇ-ਚੁਣੇ ਹੀ ਹਨ ਜੋ ਆਪਣਾ ਪੂਰਾ ਜੀਵਨ ਰਾਜਨੀਤੀ ਨੂੰ ਦੇ ਸਕਦੇ ਹਨ। ਇਸੇ ਆਧਾਰ Ḕਤੇ ਇਸ ਸੂਬੇ Ḕਤੇ ਅਜਿਹੇ ਦੋਸ਼ ਲਾਏ ਜਾਂਦੇ ਹਨ। ਆਪਣੇ ਸੂਬੇ ਦੀ ਇਸ ਘਾਟ ਵੱਲ ਸੂਬੇ ਦੇ ਨੇਤਾਵਾਂ ਅਤੇ ਪੁਰਸ਼ ਸਮਾਜ ਦਾ ਧਿਆਨ ਖਿੱਚਣਾ ਹੀ ਇਸ ਲੇਖ ਦਾ ਉਦੇਸ਼ ਹੈ।
ਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿਚ ਹੋਏ ਕੂਕਾ ਵਿਦਰੋਹ ਤੋਂ ਲੈ ਕੇ ਅੱਜ ਤੱਕ ਜੋ ਅੰਦੋਲਨ ਚੱਲੇ ਅਤੇ ਜਿਸ ਪ੍ਰਕਾਰ ਜਨਤਾ ਵਿਚ ਇਹ ਸੂਝ ਆਈ ਕਿ ਉਹ ਸੁਤੰਤਰਤਾ ਦੀ ਬਲੀ ਵੇਦੀ Ḕਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ ਅਤੇ ਜਿਨ੍ਹਾਂ ਵਿਅਕਤੀਆਂ ਨੇ ਪ੍ਰਾਣਾਂ ਦਾ ਬਲੀਦਾਨ ਦਿੱਤਾ, ਉਨ੍ਹਾਂ ਦਾ ਜੀਵਨ ਚਰਿੱਤਰ ਤੇ ਇਤਿਹਾਸ ਹਰ ਇਸਤਰੀ ਪੁਰਖ ਦੇ ਹੌਸਲੇ ਨੂੰ ਬੁਲੰਦ ਕਰੇਗਾ ਅਤੇ ਉਹ ਹੋਣ ਵਾਲੇ ਅੰਦੋਲਨਾਂ ਨੂੰ ਵੀ ਅਧਿਐਨ ਤੇ ਅਨੁਭਾਵਾਂ ਦੀ ਰੌਸ਼ਨੀ ਵਿਚ ਚੰਗੀ ਤਰ੍ਹਾਂ ਚਲਾ ਸਕਣਗੇ। ਇਸ ਇਤਿਹਾਸ ਨੂੰ ਲਿਖਣ ਤੋਂ ਮੇਰਾ ਇਹ ਉਦੇਸ਼ ਬਿਲਕੁਲ ਨਹੀਂ ਹੈ ਕਿ ਭਵਿੱਖ ਵਿਚ ਵੀ ਠੀਕ ਇਸੇ ਪ੍ਰਕਾਰ ਦੇ ਅੰਦੋਲਨ ਹੀ ਸਫ਼ਲ ਹੋ ਸਕਣਗੇ। ਮੇਰਾ ਉਦੇਸ਼ ਤਾਂ ਸਿਰਫ਼ ਇਹ ਹੈ ਕਿ ਜਨਤਾ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਜੀਵਨ ਭਰ ਦੇਸ਼ ਦੇ ਹੀ ਕੰਮ ਵਿਚ ਲੱਗੇ ਰਹਿਣ ਦੀਆਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਪ੍ਰੇਰਨਾ ਹਾਸਲ ਕਰੇ ਅਤੇ ਉਨ੍ਹਾਂ ਦਾ ਪਾਲਣ ਕਰਨ। ਵਕਤ ਆਉਣ Ḕਤੇ ਕਿਸ ਢੰਗ ਨਾਲ ਕੰਮ ਕਰਨਾ ਹੈ, ਇਸ ਦਾ ਫੈਸਲਾ ਕੰਮ ਕਰਨ ਵਾਲੇ ਦੇਸ਼ ਦੀ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਖੁਦ ਕਰ ਸਕਦੇ ਹਨ।
ਪੰਜਾਬ ਵਿਚ ਰਾਜਸੀ ਹਲਚਲਾਂ ਕਿਸ ਤਰ੍ਹਾਂ ਸ਼ੁਰੂ ਹੋਈਆਂ?
ਸੰਨ 1907 ਤੋਂ ਪਹਿਲਾਂ ਪੰਜਾਬ ਵਿਚ ਬਿਲਕੁਲ ਹੀ ਖਾਮੋਸ਼ੀ ਸੀ। ਵਿਦਰੋਹ (ਕੂਕਾ ਵਿਦਰੋਹ) ਦੇ ਬਾਅਦ ਕੋਈ ਅਜਿਹਾ ਰਾਜਸੀ ਅੰਦੋਲਨ ਨਹੀਂ ਉਠਿਆ ਜੋ ਹਾਕਮਾਂ ਦੀ ਨੀਂਦ ਹਰਾਮ ਕਰ ਸਕਦਾ। ਸੰਨ 1908 ਵਿਚ ਪੰਜਾਬ ਵਿਚ ਪਹਿਲੀ ਵਾਰ ਕਾਂਗਰਸ ਦਾ ਅਜਲਾਸ ਹੋਇਆ ਪਰ ਉਸ ਸਮੇਂ ਕਾਂਗਰਸ ਦੇ ਕੰਮ ਦਾ ਆਧਾਰ ਹਾਕਮਾਂ ਪ੍ਰਤੀ ਵਫਾਦਾਰੀ ਪ੍ਰਗਟ ਕਰਨਾ ਸੀ। ਇਸ ਲਈ ਰਾਜਨੀਤਕ ਖੇਤਰ ਵਿਚ ਉਸ ਦਾ ਕੋਈ ਵਰਣਨਯੋਗ ਅਸਰ ਨਹੀਂ ਪਿਆ। 1905-1906 ਵਿਚ ਬੰਗਾਲ ਦੀ ਵੰਡ ਵਿਰੁਧ ਜੋ ਸ਼ਕਤੀਸ਼ਾਲੀ ਅੰਦੋਲਨ ਉਠ ਖੜ੍ਹਾ ਹੋਇਆ ਸੀ ਤੇ ਸਵਦੇਸ਼ੀ ਦੀ ਵਰਤੋਂ ਤੇ ਵਿਦੇਸ਼ੀ ਮਾਲ ਦੀ ਬਾਈਕਾਟ ਦੀ ਜੋ ਹਲਚਲ ਸ਼ੁਰੂ ਹੋਈ ਸੀ, ਉਸ ਦਾ ਪੰਜਾਬ ਦੀ ਉਦਯੋਗਿਕ ਜੀਵਨ ਅਤੇ ਆਮ ਜਨਤਾ Ḕਤੇ ਬੜਾ ਭਾਰੀ ਅਸਰ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਇਥੇ (ਪੰਜਾਬ) ਦਾ ਸਵਦੇਸ਼ੀ ਵਸਤਾਂ ਕਰ ਕੇ ਖੰਡ ਤਿਆਰ ਕਰਨ ਦਾ ਖਿਆਲ ਪੈਦਾ ਹੋਇਆ ਅਤੇ ਵੇਖਦਿਆਂ ਹੀ ਵੇਖਦਿਆਂ ਇਕ-ਦੋ ਮਿੱਲਾਂ ਵੀ ਖੁੱਲ੍ਹ ਗਈਆਂ। ਸੂਬੇ ਦੇ ਰਾਜਨੀਤਕ ਜੀਵਨ ਤੇ ਇਸ ਦਾ ਭਾਵੇਂ ਕੋਈ ਜ਼ਿਆਦਾ ਅਸਰ ਨਾ ਪਿਆ, ਪਰ ਸਰਕਾਰ ਨੇ ਇਸ ਉਦਯੋਗ ਨੂੰ ਤਬਾਹ ਕਰਨ ਲਈ ਗੰਨੇ ਦੀ ਫਸਲ Ḕਤੇ ਮਾਮਲਾ ਤਿੰਨ ਗੁਣਾਂ ਕਰ ਦਿੱਤਾ। ਜਿਥੇ ਪਹਿਲਾਂ ਇਕ ਵਿੱਘੇ ਦਾ ਮਾਮਲਾ ਢਾਈ ਰੁਪਏ ਸੀ, ਉਹ ਹੁਣ ਸਾਢੇ ਸੱਤ ਰੁਪਏ ਦੇਣੇ ਪੈਂਦੇ ਸਨ। ਇਸ ਨਾਲ ਕਿਸਾਨਾਂ Ḕਤੇ ਭਾਰੀ ਭਾਰ ਆ ਪਿਆ।
ਨਵਾਂ ਕਾਲੋਨੀ ਐਕਟ
ਦੂਸਰੇ ਪਾਸੇ ਲਾਇਲਪੁਰ ਆਦਿ ਵਿਚ ਸਰਕਾਰ ਨੇ ਨਵੀਂ ਨਹਿਰ ਖੁਦਵਾ ਕੇ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਆਦਿ ਦੇ ਨਿਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਲਾਲਚ ਦੇ ਕੇ ਇਸ ਖੇਤਰ ਵਿਚ ਬੁਲਾ ਲਿਆ ਸੀ। ਇਹ ਲੋਕ ਆਪਣੀ ਪੁਰਾਣੀ ਜ਼ਮੀਨ ਤੇ ਜਾਇਦਾਦ ਛੱਡ ਕੇ ਆਏ ਅਤੇ ਕਈ ਸਾਲ ਤੱਕ ਆਪਣਾ ਖੂਨ-ਪਸੀਨਾ ਇਕ ਕਰ ਕੇ ਇਨ੍ਹਾਂ ਲੋਕਾਂ ਨੇ ਜੰਗਲਾਂ ਨੂੰ ਗੁਲਜ਼ਾਰ ਬਣਾ ਦਿੱਤਾ। ਲੇਕਿਨ ਅਜੇ ਉਨ੍ਹਾਂ ਸਾਹ ਵੀ ਨਹੀਂ ਸੀ ਲਿਆ ਕਿ ਨਵਾਂ ਕਾਲੋਨੀ ਐਕਟ ਉਨ੍ਹਾਂ ਦੇ ਸਿਰ Ḕਤੇ ਆ ਖੜ੍ਹਾ ਹੋਇਆ। ਇਹ ਐਕਟ ਕੀ ਸੀ? ਕਾਸ਼ਤਕਾਰਾਂ ਦੀ ਹੋਂਦ ਹੀ ਮਿਟਾ ਦੇਣ ਦਾ ਤਰੀਕਾ ਸੀ। ਇਸ ਐਕਟ ਅਨੁਸਾਰ ਹਰ ਵਿਅਕਤੀ ਦੀ ਨਿੱਜੀ ਜਾਇਦਾਦ ਦਾ ਮਾਲਕ ਸਿਰਫ਼ ਵੱਡਾ ਪੁੱਤਰ ਹੀ ਹੋ ਸਕਦਾ ਸੀ। ਛੋਟੇ ਪੁੱਤਰਾਂ ਲਈ ਕੋਈ ਹਿੱਸਾ ਨਹੀਂ ਰੱਖਿਆ ਗਿਆ ਸੀ। ਵੱਡੇ ਪੁੱਤਰ ਦੇ ਮਰਨ Ḕਤੇ ਵੀ ਉਹ ਜ਼ਮੀਨ ਜਾਂ ਹੋਰ ਜਾਇਦਾਦ ਛੋਟੇ ਲੜਕੇ ਨੂੰ ਨਹੀਂ ਮਿਲ ਸਕਦੀ ਸੀ, ਬਲਕਿ ਉਸ Ḕਤੇ ਵੀ ਸਰਕਾਰ ਦਾ ਅਧਿਕਾਰ ਹੋ ਜਾਂਦਾ ਸੀ।
ਕੋਈ ਆਦਮੀ ਆਪਣੀ ਜ਼ਮੀਨ Ḕਤੇ ਖੜ੍ਹੇ ਦਰਖ਼ਤਾਂ ਨੂੰ ਨਹੀਂ ਕੱਟ ਸਕਦਾ ਸੀ। ਉਨ੍ਹਾਂ ਤੋਂ ਉਹ ਦਾਤਣ ਵੀ ਨਹੀਂ ਕੱਟ ਸਕਦਾ ਸੀ। ਜੋ ਜ਼ਮੀਨਾਂ ਉਨ੍ਹਾਂ ਨੂੰ ਮਿਲੀਆਂ ਸਨ, ਉਨ੍ਹਾਂ Ḕਤੇ ਉਹ ਸਿਰਫ ਖੇਤੀ ਹੀ ਕਰ ਸਕਦੇ ਹਨ। ਕਿਸੇ ਪ੍ਰਕਾਰ ਦਾ ਮਕਾਨ ਜਾਂ ਝੌਂਪੜੀ, ਇਥੋਂ ਤੱਕ ਕਿ ਪਸ਼ੂਆਂ ਨੂੰ ਪੱਠੇ ਪਾਉਣ ਲਈ ਖੁਰਲੀ ਤੱਕ ਨਹੀਂ ਬਣਾ ਸਕਦੇ ਸਨ। ਕਾਨੂੰਨ ਦੀ ਥੋੜ੍ਹੀ ਜਿਹੀ ਵੀ ਉਲੰਘਣਾ ਕਰਨ Ḕਤੇ 24 ਘੰਟੇ ਦਾ ਨੋਟਿਸ ਦੇ ਕੇ ਅਖੌਤੀ ਅਪਰਾਧੀ ਦੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਸੀ। ਕਿਹਾ ਜਾਂਦਾ ਹੈ ਕਿ ਐਸਾ ਕਾਨੂੰਨ ਬਣਾ ਕੇ ਸਰਕਾਰ ਚਾਹੁੰਦੀ ਸੀ ਕਿ ਥੋੜ੍ਹੇ ਜਿਹੇ ਵਿਦੇਸ਼ੀਆਂ ਨੂੰ ਕੁੱਲ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇ ਤੇ ਜ਼ਮੀਨ ਦੇ ਹਿੰਦੋਸਤਾਨੀ ਕਾਸ਼ਤਕਾਰ ਉਨ੍ਹਾਂ ਦੇ ਰਹਿਮ Ḕਤੇ ਰਹਿਣ। ਇਸ ਤੋਂ ਇਲਾਵਾ ਸਰਕਾਰ ਇਹ ਵੀ ਚਾਹੁੰਦੀ ਸੀ ਕਿ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਵੱਡੇ-ਵੱਡੇ ਜ਼ਿਮੀਂਦਾਰ ਹੋਣ ਅਤੇ ਬਾਕੀ ਬਹੁਤ ਗਰੀਬ ਕਾਸ਼ਤਕਾਰ ਹੋਣ। ਇਸ ਪ੍ਰਕਾਰ ਜਨਤਾ ਦੋ ਵਰਗਾਂ ਵਿਚ ਵੰਡੀ ਜਾਵੇ। ਮਾਲਦਾਰ ਕਦੀ ਵੀ ਕਿਸੇ ਵੀ ਹਾਲਤ ਵਿਚ ਸਰਕਾਰ ਵਿਰੋਧੀਆਂ ਦਾ ਸਾਥ ਦੇਣ ਦਾ ਹੌਸਲਾ ਨਹੀਂ ਕਰ ਸਕਣਗੇ ਅਤੇ ਗਰੀਬ ਕਾਸ਼ਤਕਾਰਾਂ ਜੋ ਦਿਨ-ਰਾਤ ਮਿਹਨਤ ਕਰ ਕੇ ਵੀ ਪੇਟ ਨਹੀਂ ਭਰ ਸਕਣਗੇ, ਨੂੰ ਇਸ ਦਾ ਮੌਕਾ ਨਹੀਂ ਮਿਲੇਗਾ। ਇਸ ਪ੍ਰਕਾਰ ਸਰਕਾਰ ਖੁੱਲ੍ਹੇ ਹੱਥੀਂ ਜੋ ਚਾਹੇਗੀ, ਕਰੇਗੀ।
ਅਸ਼ਾਂਤੀ ਦੇ ਬੀਜ
ਉਨ੍ਹੀਂ ਦਿਨੀਂ ਯੂæਪੀæ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਕਿਸਾਨਾਂ ਦੀ ਹਾਲਤ ਐਸੀ ਸੀ, ਪਰ ਪੰਜਾਬ ਦੇ ਲੋਕ ਜਲਦੀ ਹੀ ਸੰਭਲ ਗਏ। ਸਰਕਾਰ ਦੀ ਇਸ ਚਾਲ ਵਿਰੁਧ ਉਨ੍ਹਾਂ ਜ਼ਬਰਦਸਤ ਅੰਦੋਲਨ ਸ਼ੁਰੂ ਕਰ ਦਿੱਤਾ। ਰਾਵਲਪਿੰਡੀ ਵੱਲ ਵੀ ਇਨ੍ਹੀਂ ਦਿਨੀਂ ਨਵਾਂ ਬੰਦੋਬਸਤ ਖਤਮ ਹੋਇਆ ਸੀ ਅਤੇ ਲਗਾਨ ਵਧਾਇਆ ਗਿਆ ਸੀ। ਇਸ ਪ੍ਰਕਾਰ ਸੰਨ 1907 ਦੇ ਸ਼ੁਰੂ ਵਿਚ ਹੀ ਅਸ਼ਾਂਤੀ ਦੇ ਕੁਝ ਕਾਰਨ ਹਾਜ਼ਰ ਸਨ। ਇਸ ਸਾਲ ਦੇ ਸ਼ੁਰੂ ਵਿਚ ਹੀ ਪੰਜਾਬ ਦੇ ਗਵਰਨਰ ਸਰ ਐਬਿਟਸਨ ਨੇ ਕਿਹਾ ਸੀ ਕਿ ਇਸ ਸਮੇਂ ਭਾਵੇਂ ਪ੍ਰਗਟ ਰੂਪ ਵਿਚ ਤਾਂ ਸ਼ਾਂਤੀ ਹੈ ਪਰ ਜਨਤਾ ਦੇ ਦਿਲ ਵਿਚ ਅਸੰਤੋਸ਼ ਪੈਦਾ ਹੁੰਦਾ ਜਾ ਰਿਹਾ ਹੈ।
ਇਨ੍ਹੀਂ ਦਿਨੀਂ ਦੇਸ਼ ਭਰ ਵਿਚ ਖਾਮੋਸ਼ੀ ਛਾਈ ਹੋਈ ਸੀ। ਜਨਤਾ Ḕਠਹਿਰੋ ਤੇ ਦੇਖੋ’ ਦੀ ਹਾਲਤ ਵਿਚ ਸੀ। ਇਹ ਖਾਮੋਸ਼ੀ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਸੀ। ਖਾਸ ਕਰ ਕੇ ਪੰਜਾਬ ਵਿਚ ਤਾਂ ਐਸੀ ਹਾਲਤ ਸੀ ਕਿ ਅਸ਼ਾਂਤੀ ਦਾ ਪੈਦਾ ਹੋ ਜਾਣਾ ਬਿਲਕੁਲ ਉਚਿਤ ਅਤੇ ਜ਼ਰੂਰੀ ਹੀ ਸੀ।
1906 ਦਾ ਕਾਂਗਰਸ ਅਜਲਾਸ
1906 ਵਿਚ ਕਾਂਗਰਸ ਦਾ ਸਾਲਾਨਾ ਅਜਲਾਸ ਕਲਕੱਤੇ ਵਿਚ ਹੋਇਆ। ਦਾਦਾ ਭਾਈ ਨਾਰੋਜੀ ਇਸ ਦੇ ਪ੍ਰਧਾਨ ਸਨ। ਇਸ ਅਜਲਾਸ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਨ ਵਿਚ ‘ਸਵਰਾਜ’ ਸ਼ਬਦ ਦੀ ਵਰਤੋਂ ਕੀਤੀ। ਬ੍ਰਿਟਿਸ਼ ਪਾਰਲੀਮੈਂਟ ਦੇ ਆਪਣੇ ਨਿੱਜੀ ਅਨੁਭਵਾਂ ਦੇ ਆਧਾਰ ‘ਤੇ ਖੁਦ ਦਾਦਾ ਭਾਈ ਨੇ ਕਿਹਾ ਸੀ ਕਿ ਜੇ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਅੰਦਰ ਤਾਕਤ ਪੈਦਾ ਕਰਨੀ ਹੋਵੇਗੀ। ਸਾਨੂੰ ਆਪਣੇ ਭਾਰ ਖੜ੍ਹਾ ਹੋਣਾ ਪਵੇਗਾ। ਪੱਥਰਾਂ ਵਾਂਗ ਗੱਡੀ ਨਜ਼ਰ ਨਾਲ ਵੇਖਦੇ ਰਹਿਣ ਨਾਲ ਹੀ ਕੰਮ ਨਹੀਂ ਚੱਲੇਗਾ।
ਲਾਲਾ ਲਾਜਪਤ ਰਾਏ
ਠੀਕ ਇਹੀ ਗੱਲ ਇਕ ਸਾਲ ਪਹਿਲਾਂ ਬਨਾਰਸ ਦੇ ਕਾਂਗਰਸ ਅਜਲਾਸ ਵਿਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੇ ਕਹੀ ਸੀ। ਲਾਲਾ ਜੀ ਕਾਂਗਰਸ ਦੇ ਪ੍ਰਧਾਨ ਸਵਰਗੀ ਗੋਖਲੇ ਨਾਲ ਇਕ ਡੈਪੂਟੇਸ਼ਨ ਵਿਚ ਇੰਗਲੈਂਡ ਭੇਜੇ ਗਏ ਸਨ। ਉਥੋਂ ਵਾਪਸ ਆ ਕੇ ਉਨ੍ਹਾਂ ਬਹੁਤ ਗਰਮ ਭਾਸ਼ਨ ਦਿੱਤਾ ਸੀ।
ਲੋਕਮਾਨਿਆ ਤਿਲਕ
1906 ਦੇ ਕਾਂਗਰਸ ਅਜਲਾਸ ਵਿਚ ਲੋਕਮਾਨਿਆ ਤਿਲਕ ਦਾ ਬੋਲ-ਬਾਲਾ ਸੀ। ਨੌਜਵਾਨ ਧੜਾ ਉਨ੍ਹਾਂ ਦੀਆਂ ਖਰੀਆਂ ਤੇ ਸਪਸ਼ਟ ਗੱਲਾਂ ਕਾਰਨ ਉਨ੍ਹਾਂ ਦਾ ਭਗਤ ਬਣ ਗਿਆ ਸੀ। ਉਨ੍ਹਾਂ ਦੀ ਨਿੱਡਰਤਾ, ਕੁਝ ਕਰ ਗੁਜ਼ਰਨ ਦੀ ਭਾਵਨਾ ਅਤੇ ਵੱਡੇ ਤੋਂ ਵੱਡੇ ਕਸ਼ਟ ਸਹਿਣ ਲਈ ਹਮੇਸ਼ਾ ਤਿਆਰ ਰਹਿਣ ਕਾਰਨ ਨੌਜਵਾਨ ਉਨ੍ਹਾਂ ਵੱਲ ਖਿੱਚੇ ਆ ਰਹੇ ਸਨ। ਕਾਂਗਰਸ ਅਜਲਾਸ ਤੋਂ ਇਲਾਵਾ ਕਾਂਗਰਸ ਦੇ ਪੰਡਾਲ ਤੋਂ ਬਾਹਰ ਵੀ ਲੋਕਮਾਨਿਆ ਦੇ ਅਨੇਕ ਭਾਸ਼ਨ ਇਸ ਮੌਕੇ Ḕਤੇ ਹੋਏ ਸਨ।
ਸ਼ ਕਿਸ਼ਨ ਸਿੰਘ ਅਤੇ ਸ਼ ਅਜੀਤ ਸਿੰਘ
ਜੋ ਨੌਜਵਾਨ ਲੋਕਮਾਨਿਆ ਵੱਲ ਖਾਸ ਤੌਰ Ḕਤੇ ਖਿੱਚੇ ਗਏ ਸਨ, ਉਨ੍ਹਾਂ ਵਿਚ ਕੁਝ ਪੰਜਾਬੀ ਨੌਜਵਾਨ ਵੀ ਸਨ। ਅਜਿਹੇ ਦੋ ਪੰਜਾਬੀ ਨੌਜਵਾਨ, ਲੋਕਮਾਨਿਆ ਨੂੰ ਮਿਲੇ। ਇਨ੍ਹਾਂ ਦਾ ਉਤਸ਼ਾਹ ਅਤੇ ਹੌਸਲਾ ਵੇਖ ਕੇ ਲੋਕਮਾਨਿਆ ਨੂੰ ਬਹੁਤ ਖੁਸ਼ੀ ਹੋਈ ਅਤੇ ਪੰਜਾਬ ਵਿਚ ਰਾਜਨੀਤਕ ਅੰਦੋਲਨ ਨੂੰ ਤਾਕਤਵਰ ਬਣਾਉਣ ਦੀ ਸਲਾਹ ਦੇ ਕੇ ਲੋਕਮਾਨਿਆ ਨੇ ਉਨ੍ਹਾਂ ਦੋਹਾਂ ਨੌਜਵਾਨਾਂ ਨੂੰ ਵਿਦਾ ਕਰ ਦਿੱਤਾ। ਇਹ ਦੋਵੇਂ ਨੌਜਵਾਨ ਮੇਰੇ ਪੂਜਨੀਕ ਪਿਤਾ ਸ਼ ਕਿਸ਼ਨ ਸਿੰਘ ਅਤੇ ਮੇਰੇ ਆਦਰਯੋਗ ਚਾਚਾ ਸ਼ ਅਜੀਤ ਸਿੰਘ ਸਨ।
‘ਭਾਰਤ ਮਾਤਾ’ ਅਖ਼ਬਾਰ ਅਤੇ ਮਹਿਤਾ ਨੰਦ ਕਿਸ਼ੋਰ
ਸ਼ ਕਿਸ਼ਨ ਸਿੰਘ ਅਤੇ ਸ਼ ਅਜੀਤ ਸਿੰਘ ਨੇ ਵਾਪਸ ਲਾਹੌਰ ਆ ਕੇ ‘ਭਾਰਤ ਮਾਤਾ’ ਨਾਂ ਦਾ ਮਾਸਕ ਪੱਤਰ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਨਯੋਗ ਮਹਿਤਾ ਨੰਦ ਕਿਸ਼ੋਰ ਨੂੰ ਨਾਲ ਲੈ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕੋਲ ਨਾ ਧਨ ਸੀ ਅਤੇ ਨਾ ਹੀ ਧਨੀ ਵਰਗ ਨਾਲ ਕੋਈ ਸਬੰਧ ਹੀ ਸੀ। ਕਿਸੇ ਫ਼ਿਰਕੇ ਦੇ ਨੇਤਾ ਜਾਂ ਮਹੰਤ ਵੀ ਨਹੀਂ ਸਨ। ਸੋ, ਪ੍ਰਚਾਰ ਦੇ ਕੰਮ ਲਈ ਜ਼ਰੂਰੀ ਸਭ ਸਾਧਨ ਖੁਦ ਹੀ ਇਕੱਠੇ ਕਰਨੇ ਪੈਂਦੇ। ਇਕ ਦਿਨ ਘੰਟੀ ਵਜਾ ਕੇ ਬਾਜ਼ਾਰ ਵਿਚ ਕੁਝ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਇਸ ਵਿਸ਼ੇ Ḕਤੇ ਭਾਸ਼ਨ ਦੇਣ ਲੱਗੇ ਕਿ ਵਿਦੇਸ਼ੀਆਂ ਨੇ ਭਾਰਤੀ ਉਦਯੋਗ ਤੇ ਵਪਾਰ ਨੂੰ ਕਿਸ ਪ੍ਰਕਾਰ ਤਬਾਹ ਕੀਤਾ ਹੈ। ਉਥੇ ਇਹ ਵੀ ਐਲਾਨ ਕਰ ਦਿੱਤਾ ਕਿ ਆਉਂਦੇ ਐਤਵਾਰ ਨੂੰ ਮਹੱਤਵਪੂਰਨ ਸਭਾ ‘ਭਾਰਤ ਮਾਤਾ’ ਦੇ ਦਫਤਰ ਦੇ ਕੋਲ, ਜੋ ਲਾਹੌਰੀ ਤੇ ਸ਼ਾਲਾਮਾਰੀ ਦਰਵਾਜ਼ੇ ਦੇ ਵਿਚਕਾਰ ਸਥਿਤ ਹੈ, ਹੋਵੇਗੀ। ਪਹਿਲੀ ਸਭਾ ਪਾਪੜ ਮੰਡੀ ਵਿਚ, ਦੂਜੀ ਲਾਹੌਰੀ ਮੰਡੀ ਵਿਚ ਹੋਈ। ਤੀਸਰੀ ਸਭਾ ਵਿਚ ਭਾਸ਼ਨਾਂ ਤੋਂ ਪਹਿਲਾਂ ਇਕ ਪੰਜਾਬੀ ਨੌਜਵਾਨ ਨੇ ਬੜੇ ਹੀ ਟੁੰਬਵੇਂ (ਅੰਦਾਜ਼ ਵਿਚ) ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰੀ ਹੋਈ ਨਜ਼ਮ ਪੜ੍ਹੀ ਜਿਸ ਦੀ ਸਰੋਤਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ। ਇਹ ਨੌਜਵਾਨ ਤੇ ਹੋਰ ਵੀ ਇਸੇ ਦਲ ਵਿਚ ਸ਼ਾਮਲ ਹੋ ਗਏ। ਇਹ ਨੌਜਵਾਨ ਪੰਜਾਬ ਦੇ ਪ੍ਰਸਿੱਧ ਰਾਸ਼ਟਰੀ ਕਵੀ ਲਾਲਾ ਲਾਲ ਚੰਦ ‘ਫਲਕ’ ਸਨ ਜੋ ਅੱਜ ਤੱਕ ਆਪਣੀਆਂ ਉਤਸ਼ਾਹਪੂਰਨ ਕਵਿਤਾਵਾਂ ਨਾਲ ਦੇਸ਼ ਨੂੰ ਜਗਾਉਂਦੇ ਰਹੇ ਹਨ। ਇਸੇ ਹਫਤੇ ਲਾਲਾ ਪਿੰਡੀ ਦਾਸ ਜੀ ਅਤੇ ਡਾਕਟਰ ਈਸ਼ਵਰੀ ਪ੍ਰਸਾਦ ਜੀ ਆਦਿ ਕੁਝ ਹੋਰ ਸੱਜਣਾਂ ਦੇ ਵੀ ਇਸ ਦਲ ਵਿਚ ਆਉਣ ‘ਤੇ ‘ਅੰਜੁਮਨ ਮੁਹਿਬਨੇ ਵਤਨ’ ਦੇ ਨਾਂ ਦੀ ਸੰਸਥਾ ਬਣਾਈ ਗਈ ਜੋ ਬਾਅਦ ਵਿਚ ‘ਭਾਰਤ ਮਾਤਾ ਸੁਸਾਇਟੀ’ ਦੇ ਨਾਂ ਨਾਲ ਪ੍ਰਸਿੱਧ ਹੋਈ।
ਆਉਂਦੇ ਸ਼ਨਿੱਚਰਵਾਰ ਫ਼ਿਰ ਆਮ ਸਭਾ ਹੋਣ ਵਾਲੀ ਸੀ। ਉਸੇ ਦਿਨ ਲਾਹੌਰ ਵਿਚ ਸ੍ਰੀਮਤੀ ਐਨੀ ਬੀਸੰਟ ਦੇ ਭਾਸ਼ਨ ਦਾ ਵੀ ਪ੍ਰਬੰਧ ਸੀ। ਕੁਝ ਮਿੱਤਰਾਂ ਨੇ ਸਲਾਹ ਦਿੱਤੀ ਕਿ ਇਸ ਮੌਕੇ ‘ਭਾਰਤ ਮਾਤਾ ਸੁਸਾਇਟੀ’ ਭੰਗ ਕਰ ਦਿੱਤੀ ਜਾਵੇ, ਪਰ ਇਸ ਸਲਾਹ ਨੂੰ ਸਵੀਕਾਰ ਨਾ ਕੀਤਾ ਅਤੇ ਨਾ ਹੀ ਆਪਣੀ ਸਭਾ ਨੂੰ ਹੀ ਮੁਲਤਵੀ ਕਰਨਾ ਮੁਨਾਸਬ ਸਮਝਿਆ ਗਿਆ। ਆਖਰ ਸਭਾ ਹੋਈ ਤਾਂ ਹਾਜ਼ਰੀ ਕਾਫੀ ਸੀ। ਇਸ ਸਭਾ ਵਿਚ ਇਹ ਐਲਾਨ ਕਰ ਦਿੱਤਾ ਗਿਆ ਕਿ ਹਰ ਐਤਵਾਰ ਨੂੰ ਸਭਾ ਹੋਇਆ ਕਰੇਗੀ ਅਤੇ ਇਸ ਸੰਸਥਾ ਦੇ ਪ੍ਰਧਾਨ ਸਭ ਅਜੀਤ ਸਿੰਘ ਅਤੇ ਸੈਕਟਰੀ ਮਹਿਤਾ ਨੰਦ ਕਿਸ਼ੋਰ ਚੁਣੇ ਗਏ।
ਜੱਟਾਂ ਦੀ ਸਭਾ
ਇਕ-ਦੋ ਮਹੀਨੇ ਇਸੇ ਤਰ੍ਹਾਂ ਪ੍ਰਚਾਰ ਹੁੰਦਾ ਰਿਹਾ। ਇਕ ਦਿਨ ਲਾਹੌਰ ਅਤੇ ਅੰਮ੍ਰਿਤਸਰ ਖੇਤਰ ਦੇ ਜੱਟ ਕਾਸ਼ਤਕਾਰਾਂ ਨੇ ਲਗਾਨ ਵਧਾਉਣ ਵਿਰੁਧ ਸਭਾ ਕਰਨ ਦਾ ਫੈਸਲਾ ਕੀਤਾ। ਅਜਮੇਰੀ ਦਰਵਾਜ਼ੇ ਦੇ ਬਾਹਰ ਰਤਨ ਚੰਦ ਦੀ ਸਰਾਂ ਵਿਚ ਸਭਾ ਕੀਤੀ ਗਈ, ਪਰ ਜਦ ਜੱਟ ਇਕੱਠੇ ਹੋ ਗਏ ਤਾਂ ਡੀæਸੀæ ਨੇ ਰਤਨ ਚੰਦ ਦੇ ਲੜਕੇ ਨੂੰ ਬੁਲਾ ਕੇ ਜਾਇਦਾਦ ਜ਼ਬਤ ਕਰ ਲੈਣ ਦੀ ਧਮਕੀ ਦਿੱਤੀ। ਇਸ ਤਰ੍ਹਾਂ ਰਤਨ ਚੰਦ ਦੇ ਲੜਕੇ ਨੇ ਉਥੇ ਇਕੱਠੇ ਹੋਏ ਕਿਸਾਨਾਂ ਨੂੰ ਆਪਣੀ ਸਰਾਂ ਤੋਂ ਬਾਹਰ ਕੱਢ ਦਿੱਤਾ। ਤਦ ਕਿਸਾਨਾਂ ਨੇ ਸ਼ਹਿਰ ਦੇ ਨੇਤਾ ਮੰਨੇ ਜਾਣ ਵਾਲੇ ਸੱਜਣਾਂ ਨਾਲ ਸਬੰਧ ਸਥਾਪਤ ਕੀਤਾ, ਪਰ ਉਥੋਂ ਵੀ ਉਨ੍ਹਾਂ ਨੂੰ ਸਾਫ਼ ਜਵਾਬ ਮਿਲ ਗਿਆ। ਹਰ ਤਰਫ਼ ਤੋਂ ਮਾਯੂਸ ਹੋ ਕੇ ਵਿਚਾਰੇ ਕਮੇਟੀ ਬਾਗ਼ ਵਿਚ ਜਾ ਬੈਠੇ। ਇੰਨੇ ਵਿਚ ਭਾਰਤ ਮਾਤਾ ਸੁਸਾਇਟੀ ਦੇ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲੀ ਅਤੇ ਇਨ੍ਹਾਂ ਲੋਕਾਂ ਨੂੰ ਆਪਣੀ ਥਾਂ Ḕਤੇ ਲੈ ਗਏ। ਸੁਸਾਇਟੀ ਕੋਲ ਇਕ ਕਮਰੇ ਤੋਂ ਬਿਨਾਂ ਖੁੱਲ੍ਹਾ ਮੈਦਾਨ ਵੀ ਸੀ। ਇਸ ਮੈਦਾਨ ਵਿਚ ਦਰੀਆਂ ਵਿਛਾ ਕੇ ਸ਼ਮਿਆਨਾ ਲਗਵਾ ਦਿੱਤਾ ਗਿਆ ਅਤੇ ਇਕ ਪਾਸੇ ਉਨ੍ਹਾਂ ਕਿਸਾਨਾਂ ਦੇ ਭੋਜਨ ਲਈ ਲੰਗਰ ਦਾ ਪ੍ਰਬੰਧ ਕਰ ਦਿੱਤਾ ਗਿਆ। ਕਿਸਾਨਾਂ ਦਾ ਉਤਸ਼ਾਹ ਇਸ ਨਾਲ ਵਧ ਗਿਆ ਅਤੇ ਫ਼ਿਰ ਪੂਰਾ ਇਕ ਹਫ਼ਤਾ ਉਥੇ ਹਰ ਰੋਜ਼ ਸਭਾਵਾਂ ਹੋਈਆਂ ਜਿਨ੍ਹਾਂ ਵਿਚ ਨਿਡਰ ਭਾਸ਼ਨ ਦਿੱਤੇ ਗਏ। ਇਸ ਸਭਾ ਵਿਚ ਆਮ ਕਿਸਾਨਾਂ ਦਾ ਉਤਸ਼ਾਹ ਵੇਖ ਕੇ ਭਾਰਤ ਮਾਤਾ ਸੁਸਾਇਟੀ ਦੇ ਮੈਂਬਰਾਂ ਦੇ ਹੌਸਲੇ ਹੋਰ ਵੀ ਵਧ ਗਏ।
ਇਸ ਤੋਂ ਬਾਅਦ ਪਿੰਡਾਂ ਦੇ ਦੌਰਿਆਂ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਲਗਾਨ-ਬੰਦੀ ਲਈ ਤਿਆਰ ਕੀਤਾ ਜਾ ਸਕੇ। ਇਹ ਸਰਕਾਰ ਦੇ ਵਿਰੁਧ ਯੁੱਧ ਦਾ ਐਲਾਨ ਸੀ ਅਤੇ ਜਨਤਾ ਵਿਚ ਜੋਸ਼ ਇੰਨਾ ਸੀ ਕਿ ਸੰਘਰਸ਼ ਵਿਚ ਉਹ ਆਪਣਾ ਸਭ ਕੁਝ ਦਾਅ Ḕਤੇ ਲਗਾ ਦੇਣ ਲਈ ਹਮੇਸ਼ਾ ਤਿਆਰ ਸੀ।
ਸੂਫ਼ੀ ਅੰਬਾ ਪ੍ਰਸ਼ਾਦ
ਠੀਕ ਇਨ੍ਹੀਂ ਦਿਨੀਂ ਹੀ ਭਾਰਤ ਮਾਤਾ ਸੁਸਾਇਟੀ ਵਿਚ ਉਚ ਕੋਟੀ ਦੇ ਦੇਸ਼ ਭਗਤ, ਰਾਜਨੀਤਕ ਅਤੇ ਲੇਖਕ ਸ਼ਾਮਲ ਹੋਏ। ਆਪ ਜੀ ਦਾ ਨਾਂ ਸੀ ਸੂਫ਼ੀ ਅੰਬਾ ਪ੍ਰਸ਼ਾਦ। ਸੂਫ਼ੀ ਜੀ ਦਾ ਜਨਮ ਸੰਨ 1858 ਵਿਚ ਮੁਰਾਦਾਬਾਦ ਵਿਚ ਹੋਇਆ ਸੀ। ਉਹ ਉਰਦੂ ਦੇ ਪ੍ਰਭਾਵਸ਼ਾਲੀ ਲੇਖਕ ਹਿੰਦੂ ਮੁਸਲਿਮ ਏਕਤਾ ਦੇ ਪ੍ਰਬਲ ਸਮਰਥਕ ਅਤੇ ਸੁਤੰਤਰਤਾ ਦੇ ਨਿਡਰ ਪੁਜਾਰੀ ਸਨ। ਆਪ ਨੇ ਹਫ਼ਤਾਵਾਰ ਅਖਬਾਰ ਕੱਢਿਆ। ਇਸ ਤੋਂ ਸਾਲ ਬਾਅਦ ਹੀ ਰਾਜ ਵਿਦਰੋਹ ਦੇ ਅਪਰਾਧ ਵਿਚ ਸਵਾ ਦੋ ਸਾਲ ਕੈਦ ਦੀ ਸਜ਼ਾ ਮਿਲੀ। ਇਹ ਸਜ਼ਾ ਕੱਟ ਕੇ ਆਏ ਤਾਂ ਅੰਦਰੋ-ਅੰਦਰ ਆਪ ਦੇ ਖਿਲਾਫ਼ ਦੂਜਾ ਮੁਕੱਦਮਾ ਖੜ੍ਹਾ ਕਰ ਦਿੱਤਾ ਗਿਆ। ਇਸ ਵਾਰ ਆਪ ਜੀ ਨੂੰ 6 ਸਾਲ ਕੈਦ ਦੀ ਸਜ਼ਾ ਮਿਲੀ। ਉਨ੍ਹੀਂਂ ਦਿਨੀਂ ਰਾਜ ਵਿਦਰੋਹ ਵਿਚ ਸਜ਼ਾ ਪਾਏ ਹੋਏ ਕੈਦੀਆਂ ਨੂੰ ਬਹੁਤ ਖ਼ਤਰਨਾਕ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਜੇਲ੍ਹ ਵਿਚ ਵਰਤਾਓ ਵੀ ਬਹੁਤ ਬੁਰਾ ਹੁੰਦਾ ਸੀ। 1906 ਵਿਚ ਆਪ ਜੇਲ੍ਹ ਵਿਚੋਂ ਰਿਹਾਅ ਹੋਏ ਅਤੇ ਪੰਜਾਬ ਵਿਚ ਇਹ ਰਾਜਨੀਤਕ ਜਾਗ੍ਰਿਤੀ ਦੇਖ ਕੇ ਪੰਜਾਬ ਚਲੇ ਆਏ। ਇਥੇ ਆ ਕੇ ਆਪ ‘ਹਿੰਦੋਸਤਾਨ’ ਸਪਤਾਹਿਕ ਦੇ ਸਹਾਇਕ ਸੰਪਾਦਕ ਬਣਾਏ ਗਏ। ਗਰਮਾ-ਗਰਮ ਲੇਖਾਂ ਅਤੇ ਸੰਪਾਦਕੀਆਂ ਵਿਚ ਆਪ ਜੀ ਦਾ ਨਾਂ ਦਿੱਤਾ ਜਾਣ Ḕਤੇ ਅਖਬਾਰ ਦੇ ਮਾਲਕਾਂ ਨੂੰ ਬੜੀ ਘਬਰਾਹਟ ਰਹਿੰਦੀ ਸੀ। ਇਸ ‘ਤੇ ਆਪ ਜੀ ਨੂੰ ਉਸ ਅਖ਼ਬਾਰ ਵਿਚੋਂ ਅਸਤੀਫ਼ਾ ਦੇਣਾ ਪਿਆ। ਸਭ ਤੋਂ ਪਹਿਲਾਂ ਆਪ ਜੱਟਾਂ ਦੀ ਸਭਾ ਵਿਚ ਆਏ ਸਨ ਅਤੇ ਫਿਰ ਉਥੇ ਹੀ ਰਹਿ ਗਏ। ਬਾਅਦ ਵਿਚ ਸ਼ ਅਜੀਤ ਸਿੰਘ ਜੀ ਨਾਲ ਆਪ ਜੀ ਦੀ ਐਸੀ ਡੂੰਘੀ ਮਿੱਤਰਤਾ ਹੋ ਗਈ ਕਿ ਇਕ-ਦੂਜੇ ਤੋਂ ਅਲੱਗ ਹੋਣਾ ਲਗਭਗ ਅਸੰਭਵ ਹੋ ਗਿਆ।
ਇਨ੍ਹੀਂ ਦਿਨੀਂ ਹੀ ਲਾਇਲਪੁਰ ਵਿਚ ਬਹੁਤ ਵੱਡਾ ਮੇਲਾ ਹੋਣ ਵਾਲਾ ਸੀ। ਇਹ ਮੇਲਾ ‘ਪਸ਼ੂ ਮੰਡੀ’ ਦੇ ਨਾਂ ਨਾਲ ਪ੍ਰਸਿੱਧ ਸੀ। ਇਸ ਮੇਲੇ ਵਿਚ ਹਜ਼ਾਰਾਂ ਲੋਕੀਂ ਪਸ਼ੂ ਖਰੀਦਣ ਅਤੇ ਵੇਚਣ ਲਈ ਇਕੱਠੇ ਹੁੰਦੇ ਸਨ। ਇਸ ਸਾਲ ਰੋਜ਼ਾਨਾ ‘ਜ਼ਿਮੀਂਦਾਰ’ ਦੇ ਮਾਲਕ ਮੀਆਂ ਸਿਰਾਜੁਦੀਨ ਅਤੇ ਇਕ-ਦੋ ਹੋਰ ਸੱਜਣਾਂ ਨੇ ਸਭਾ ਕਰਨ ਦਾ ਨਿਸ਼ਚਾ ਕੀਤਾ। ਇਸ ਵਿਚ ਨਵੇਂ ਕਾਲੋਨੀ ਐਕਟ ਵਿਰੁਧ ਮਤੇ ਪਾਸ ਕਰਨੇ ਸਨ। ਇਸ ਸਭਾ ਵਿਚ ਭਾਸ਼ਨ ਦੇਣ ਲਈ ਲਾਲਾ ਜੀ ਨੂੰ ਖਾਸ ਰੂਪ ਵਿਚ ਬੁਲਾਇਆ ਗਿਆ ਸੀ। ਭਾਰਤ ਮਾਤਾ ਸੁਸਾਇਟੀ ਦੇ ਮੈਂਬਰ ਗਰਮ ਦਲੀਏ ਸਨ, ਵਿਧਾਨਕ ਰੂਪ ਨਾਲ ਅੰਦੋਲਨ ਚਲਾਉਣ ਦਾ ਵਿਚਾਰ ਰੱਖਣ ਵਾਲੇ ਸੱਜਣ ਥੋੜ੍ਹਾ ਘਬਰਾ ਗਏ। ਭਾਰਤ ਮਾਤਾ ਸੁਸਾਇਟੀ ਵੱਲੋਂ ਦੋ ਕਾਰਜ-ਕਰਤਾ ਉਥੇ ਇਸ ਉਦੇਸ਼ ਲਈ ਭੇਜੇ ਗਏ ਕਿ ਉਹ ਉਥੇ ਪਹੁੰਚ ਕੇ ਆਪਣੇ ਅਨੁਕੂਲ ਹਾਲਤ ਬਣਾ ਲੈਣ ਜਿਸ ਨਾਲ ਸ਼ ਅਜੀਤ ਸਿੰਘ ਜੀ ਆਪਣੇ ਦੂਸਰੇ ਸਾਥੀਆਂ ਨਾਲ ਪਹੁੰਚ ਕੇ ਸਫ਼ਲਤਾ ਨਾਲ ਆਪਣਾ ਪ੍ਰਚਾਰ ਕਰ ਸਕਣ।
ਜ਼ਿਮੀਂਦਾਰ ਸਭਾ ਵੱਲੋਂ ਜੋ ਪੰਡਾਲ ਲੱਗਾ ਸੀ, ਉਸ ਵਿਚ ਹੀ ਇਕ ਦਿਨ ਭਾਸ਼ਨ ਦੇ ਕੇ ਭਾਰਤ ਮਾਤਾ ਸੁਸਾਇਟੀ ਤੇ ਕਾਰਜ-ਕਰਤਾ ਨੇ ਆਮ ਲੋਕਾਂ ਦਾ ਵਿਸ਼ਵਾਸ ਪ੍ਰਾਪਤ ਕਰ ਲਿਆ। ਉਧਰ ਜਿਸ ਦਿਨ ਲਾਲਾ ਜੀ ਲਾਹੌਰ ਤੋਂ ਰਵਾਨਾ ਹੋਏ, ਉਸੇ ਦਿਨ ਸ਼ ਅਜੀਤ ਸਿੰਘ ਨੇ ਵੀ ਉਥੋਂ ਚਾਲੇ ਪਾ ਦਿੱਤੇ। ਲਾਲਾ ਜੀ ਨੇ ਸਰਦਾਰ ਤੋਂ ਪੁੱਛਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ? ਆਪਣੇ ਪ੍ਰੋਗਰਾਮ ਦੀ ਸੂਚਨਾ ਵੀ ਲਾਲਾ ਜੀ ਨੇ ਦਿੱਤੀ ਕਿ ਸਰਕਾਰ ਨੇ ਕਾਲੋਨੀ ਐਕਟ ਵਿਚ ਜੋ ਥੋੜ੍ਹਾ ਜਿਹਾ ਪਰਿਵਰਤਨ ਕਰ ਦਿਤਾ ਹੈ। ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਬਾਕੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਾਂਗੇ।
ਸਰਦਾਰ ਜੀ ਨੇ ਉਤਰ ਵਿਚ ਕਿਹਾ ਕਿ ਪ੍ਰੋਗਰਾਮ ਤਾਂ ਇਹ ਹੈ ਕਿ ਜਨਤਾ ਨੂੰ ਲਗਾਨਬੰਦੀ ਲਈ ਤਿਆਰ ਕੀਤਾ ਜਾਵੇ। ਨਾਲ ਹੀ ਸਾਡੇ ਪ੍ਰੋਗਰਾਮ ਵਿਚ ਸਰਕਾਰ ਨੂੰ ਧੰਨਵਾਦ ਕਰਨ ਦੀ ਤਾਂ ਕੋਈ ਥਾਂ ਮਿਲ ਹੀ ਨਹੀਂ ਸਕਦੀ।
ਲਾਲਾ ਜੀ ਅਤੇ ਸ਼ ਅਜੀਤ ਲਾਇਲਪੁਰੀ ਪਹੁੰਚੇ। ਲਾਲਾ ਜੀ ਦਾ ਵਿਸ਼ਾਲ ਜਲੂਸ ਕੱਢਿਆ ਗਿਆ ਜਿਸ ਕਰ ਕੇ ਲਾਲਾ ਜੀ ਲਗਭਗ ਦੋ ਘੰਟੇ ਵਿਚ ਪੰਡਾਲ ਪੁੱਜੇ। ਸਾਡੇ ਲੋਕ ਅਜਿਹੇ ਵੀ ਹਨ ਜੋ ਜਲੂਸ ਵਿਚ ਸ਼ਾਮਲ ਨਾ ਹੋ ਕੇ ਸਿੱਧੇ ਪੰਡਾਲ ਵਿਚ ਹੀ ਪਹੁੰਚ ਗਏ ਸਨ ਅਤੇ ਉਥੇ ਭਾਸ਼ਨ ਸ਼ੁਰੂ ਹੋ ਗਏ ਸਨ। ਇਕ-ਦੋ ਛੋਟੇ-ਛੋਟੇ ਭਾਸ਼ਨਾਂ ਬਾਅਦ ਸ਼ ਅਜੀਤ ਸਿੰਘ ਜੀ ਨੇ ਭਾਸ਼ਨ ਦਿੱਤਾ। ਆਪ ਬਹੁਤ ਪ੍ਰਭਾਵਸ਼ਾਲੀ ਬੁਲਾਰੇ ਹਨ। ਆਪ ਜੀ ਦੀ ਨਿਡਰ ਭਾਸ਼ਨ ਸ਼ੈਲੀ ਨੇ ਜਨਤਾ ਨੂੰ ਆਪਣਾ ਭਗਤ ਬਣਾ ਦਿੱਤਾ ਅਤੇ ਸਰੋਤੇ ਬੜੇ ਜੋਸ਼ ਵਿਚ ਆ ਚੁੱਕੇ ਸਨ।
ਲਾਇਲਪੁਰ ਦੇ ਡੀæਸੀæ ਵੀ ਇਥੇ ਹਾਜ਼ਰ ਸਨ। ਕਾਰਵਾਈ ਵੇਖ ਕੇ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਇਹ ਸਭਾ, ਸਾਜ਼ਿਸ਼ ਸੀ। ਲਾਲਾ ਲਾਜਪਤ ਰਾਏ ਸਭ ਦੇ ਗੁਰੂ ਹਨ ਅਤੇ ਨੌਜਵਾਨ ਸ਼ ਅਜੀਤ ਸਿੰਘ ਜੀ ਉਨ੍ਹਾਂ ਦੇ ਚੇਲੇ ਹਨ। ਸਰਕਾਰ ਦਾ ਇਹ ਵਿਚਾਰ ਬਹੁਤ ਦਿਨਾਂ ਤੱਕ ਬਣਿਆ ਰਿਹਾ। ਹੋ ਸਕਦਾ ਹੈ ਲਾਲਾ ਜੀ ਅਤੇ ਸ਼ ਅਜੀਤ ਸਿੰਘ ਨੂੰ ਨਜ਼ਰਬੰਦ ਕਰਨ ਦਾ ਇਹੀ ਕਾਰਨ ਸੀ।
ਲਾਲਾ ਜੀ ਦੇ ਭਾਸ਼ਨ ਦੇ ਬਾਅਦ ਸ੍ਰੀ ਬਾਂਕੇ ਦਿਆਲ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਨਜ਼ਮ ਪੜ੍ਹੀ ਜੋ ਬਾਅਦ ਵਿਚ ਬਹੁਤ ਪ੍ਰਚਲਿਤ ਹੋ ਗਈ। ਇਹ ਨਜ਼ਮ ‘ਪਗੜੀ ਸੰਭਾਲ ਉਏ ਜੱਟਾ’ ਸੀ।
ਲਾਲਾ ਬਾਂਕੇ ਦਿਆਲ ਪੁਲਿਸ ਵਿਚ ਸਬ ਇੰਸਪੈਕਟਰ ਸਨ ਅਤੇ ਸਰਕਾਰੀ ਨੌਕਰੀ ਛੱਡ ਕੇ ਇਸ ਅੰਦੋਲਨ ਵਿਚ ਸ਼ਾਮਲ ਹੋ ਗਏ ਸਨ। ਇਸ ਦਿਨ ਨਜ਼ਮ ਪੜ੍ਹ ਕੇ ਜਦ ਮੰਚ ਤੋਂ ਉਤਰੇ ਤਾਂ ਭਾਰਤ ਮਾਤਾ ਦਲ ਦੇ ਕਾਰਜ-ਕਾਰਿੰਦਿਆਂ ਨੇ ਉਨ੍ਹਾਂ ਨੂੰ ਗਲ਼ ਨਾਲ ਲਾ ਲਿਆ।
ਲਾਹੌਰ ਵਿਚ ਹੋਏ ਦੰਗੇ ਦੇ ਬਾਅਦ, ਮਿਉਂਸਪਲ ਬੋਰਡ ਨੇ ਪ੍ਰਸਤਾਵ ਪਾਸ ਕੀਤਾ ਕਿ ਸ਼ਹਿਰ ਵਿਚ ਸਭ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਜਾਵੇ ਕਿ ਉਹ ਵਿਦਿਆਰਥੀਆਂ ਨੂੰ ਰਾਜਨੀਤਕ ਅੰਦੋਲਨਾਂ ਵਿਚ ਹਿੱਸਾ ਲੈਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਹੋਸਟਲਾਂ ਤੋਂ ਬਾਹਰ ਨਾ ਜਾਣ ਦੇਣ। ਜੋ ਵਿਦਿਆਰਥੀ ਉਨ੍ਹਾਂ ਦੀ ਆਗਿਆ ਦਾ ਪਾਲਣ ਨਾ ਕਰਨ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਪ੍ਰਸਤਾਵ ਦੇ ਸਬੰਧ ਵਿਚ ਲੋਕਮਾਨਿਆ ਤਿਲਕ ਨੇ ਆਪਣੇ ਮਰਾਠੀ ਪੱਤਰ ‘ਕੇਸਰੀ’ ਵਿਚ ਜ਼ਬਰਦਸਤ ਲੇਖ ਲਿਖਿਆ ਸੀ। ਲੋਕਮਾਨਿਆ ਨੇ ਲਿਖਿਆ ਸੀ ਕਿ ਇਨ੍ਹਾਂ ਦੰਗਿਆਂ ਤੋਂ ਕਿਸ ਨੂੰ ਦੁਖ ਅਤੇ ਖੇਦ ਨਹੀਂ ਹੋਵੇਗਾ? ਕੌਣ ਚਾਹੁੰਦਾ ਹੈ ਕਿ ਨੌਜਵਾਨ ਥੋੜ੍ਹੇ ਹੌਸਲੇ ਤੋਂ ਕੰਮ ਨਾ ਲੈਣ? ਪਰ ਮਿਉਂਸਪਲ ਬੋਰਡ ਦੇ ਇਸ ਫੈਸਲੇ ਦਾ ਕੀ ਭਾਵ ਹੈ? 50 ਸਾਲ ਬਾਅਦ ਅੱਜ ਦੇਸ਼ ਦੇ ਨੌਜਵਾਨਾਂ ਵਿਚ ਥੋੜ੍ਹੀ ਜਿਹੀ ਜਾਗ੍ਰਿਤੀ ਨਜ਼ਰ ਆਈ ਹੈ। ਉਸ ਸਾਧਾਰਨ ਜਿਹੇ ਦੰਗੇ ਦੇ ਕਾਰਨ ਨਸ਼ਟ ਕਰਨ ਦਾ ਪ੍ਰਸਤਾਵ ਕਿਉਂ ਕੀਤਾ ਜਾਵੇ? ਅੱਜ ਨੌਜਵਾਨਾਂ ਵਿਚ ਦੇਸ਼ ਭਗਤੀ ਦੀਆਂ ਭਾਵਨਾਵਾਂ ਉਮਡ ਰਹੀਆਂ ਹਨ ਅਤੇ ਉਹ ਸਵੈਧੀਨਤਾ-ਬੇਚੈਨ ਹਨ ਤਾਂ ਉਨ੍ਹਾਂ ਨੂੰ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਹੈ ਕਿ ਉਹ ਇਸ ਪ੍ਰਕਾਰ ਆਪਣੀ ਸ਼ਕਤੀ ਦਾ ਨਾਸ਼ ਨਾ ਕਰਨ।
ਜਨਤਾ ਜੋਸ਼ ਵਿਚ ਆ ਕੇ ਜਦ ਕੁਝ ਕਰ ਗੁਜ਼ਰਦੀ ਸੀ ਤਾਂ ਗਰਮ ਦਲ ਦੀ ਇਹ ਨੀਤੀ ਹੁੰਦੀ ਸੀ। ਗਰਮ ਦਲ ਦੇ ਨੇਤਾ ਜਾਣਦੇ ਸਨ ਕਿ ਜਦ ਜਨਤਾ ਵਿਚ ਜਾਗ੍ਰਿਤੀ ਹੁੰਦੀ ਹੈ ਤਾਂ ਉਸ ਦੇ ਨਾਲ ਜੋਸ਼ ਅਤੇ ਬੇਚੈਨੀ ਹੋਣਾ ਜ਼ਰੂਰੀ ਹੀ ਹੈ। ਉਹ ਇਹ ਵੀ ਜਾਣਦੇ ਸਨ ਕਿ ਫੂਕਾਂ ਮਾਰ-ਮਾਰ ਕੇ ਪੈਰ ਰੱਖਣ ਵਾਲੇ ਭੱਦਰ ਪੁਰਸ਼ ਸੁਤੰਤਰਤਾ ਸੰਗਰਾਮ ਵਿਚ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ। ਰਾਸ਼ਟਰ ਦੇ ਨਿਰਮਾਤਾ ਤਾਂ ਨੌਜਵਾਨ ਹੀ ਹੋਇਆ ਕਰਦੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ, “ਸੁਧਾਰ ਬੁੱਢੇ ਆਦਮੀ ਨਹੀਂ ਕਰ ਸਕਦੇ। ਉਹ ਤਾਂ ਬਹੁਤ ਬੁੱਧੀਮਾਨ ਅਤੇ ਸਮਝਦਾਰ ਹੁੰਦੇ ਹਨ। ਸੁਧਾਰ ਤਾਂ ਹੁੰਦੇ ਹਨ ਨੌਜਵਾਨਾਂ ਦੀ ਮਿਹਨਤ, ਹੌਸਲੇ, ਬਲੀਦਾਨ ਅਤੇ ਇਰਾਦੇ ਨਾਲ ਜਿਨ੍ਹਾਂ ਨੂੰ ਭੈਅ-ਭੀਤ ਹੋਣਾ ਆਉਂਦਾ ਹੀ ਨਹੀਂ ਹੈ, ਤੇ ਜੋ ਵਿਚਾਰ ਘੱਟ ਅਤੇ ਅਨੁਭਵ ਜ਼ਿਆਦਾ ਕਰਦੇ ਹਨ।”
ਐਸਾ ਪ੍ਰਤੀਤ ਹੁੰਦਾ ਹੈ ਕਿ ਉਸ ਸਮੇਂ ਇਸ ਪ੍ਰਾਂਤ (ਪੰਜਾਬ) ਦੇ ਯੁਵਕ ਇਨ੍ਹਾਂ ਭਾਵਨਾਵਾਂ ਤੋਂ ਪ੍ਰਭਾਵਤ ਹੋ ਕੇ ਹੀ ਸੁਤੰਤਰਤਾ ਸੰਘਰਸ਼ ਵਿਚ ਕੁੱਦ ਪੈਂਦੇ ਸਨ। ਤਿੰਨ ਮਹੀਨੇ ਪਹਿਲਾਂ ਜਿੱਥੇ ਬਿਲਕੁਲ ਖਾਮੋਸ਼ੀ ਸੀ, ਉਥੇ ਹੁਣ ‘ਸਵਦੇਸ਼ੀ’ ਅਤੇ ‘ਸਵਰਾਜ’ ਦਾ ਅੰਦੋਲਨ ਇੰਨਾ ਬਲਵਾਨ ਹੋ ਗਿਆ ਕਿ ਨੌਕਰਸ਼ਾਹੀ ਘਬਰਾ ਉਠੀ। ਉਧਰ ਲਾਇਲਪੁਰ ਆਦਿ ਜ਼ਿਲ੍ਹਿਆਂ ਵਿਚ ਨਵੇਂ ਕਾਲੋਨੀ ਐਕਟ ਵਿਰੁਧ ਅੰਦੋਲਨ ਚੱਲ ਰਿਹਾ ਸੀ। ਉਥੇ ਕਿਸਾਨਾਂ ਦੀ ਹਮਦਰਦੀ ਵਿਚ ਰੇਲਵੇ ਦੇ ਮਜ਼ਦੂਰਾਂ ਨੇ ਵੀ ਹੜਤਾਲ ਕੀਤੀ ਅਤੇ ਉਨ੍ਹਾਂ ਦੀ ਸਹਾਇਤਾ ਲਈ ਧਨ ਵੀ ਇਕੱਠਾ ਕੀਤਾ ਜਾਣ ਲੱਗਾ। ਇਸ ਦਾ ਸਿੱਟਾ ਇਹ ਹੋਇਆ ਕਿ ਅਪਰੈਲ ਦੇ ਅਖੀਰ ਤੱਕ ਪੰਜਾਬ ਸਰਕਰ ਘਬਰਾ ਗਈ। ਪੰਜਾਬ ਦੇ ਉਸ ਸਮੇਂ ਦੇ ਗਵਰਨਰ ਨੇ ਭਾਰਤ ਸਰਕਾਰ ਨੂੰ ਆਪਣੇ ਪੱਤਰ ਵਿਚ ਇਹ ਪੂਰੀ ਹਾਲਤ ਦੱਸਦੇ ਹੋਏ ਲਿਖਿਆ ਸੀ- ਸੂਬੇ ਦੇ ਉਤਰੀ ਜ਼ਿਲ੍ਹਿਆਂ ਵਿਚ ਸਿਰਫ਼ ਪੜ੍ਹੇ-ਲਿਖੇ ਤਬਕੇ ਅਤੇ ਉਨ੍ਹਾਂ ਵਿਚ ਵੀ ਖਾਸ ਕਰ ਕੇ ਵਕੀਲ ਅਤੇ ਵਿਦਿਆਰਥੀ ਸਮਾਜ ਤੱਕ ਹੀ ਨਵੇਂ ਵਿਚਾਰ ਸੀਮਤ ਹਨ, ਪਰ “ਸੂਬੇ ਦੇ ਕੇਂਦਰ ਵਧਦੇ ਹੀ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਅਸੰਤੋਸ਼ ਅਤੇ ਅਸ਼ਾਂਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।” ਇਸੇ ਪੱਤਰ ਵਿਚ ਅੱਗੇ ਚੱਲ ਕੇ ਲਿਖਿਆ ਸੀ, “ਇਨ੍ਹਾਂ ਲੋਕਾਂ ਨੇ (ਅੰਦੋਲਨ ਦੇ ਨੇਤਾਵਾਂ) ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਵਿਚ ਵੀ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਫ਼ਿਰੋਜ਼ਪੁਰ ਵਿਚ ਉਨ੍ਹਾਂ ਨੂੰ ਖਾਸ ਰੂਪ ਵਿਚ ਸਫ਼ਲਤਾ ਮਿਲੀ ਹੈ। ਰਾਵਲਪਿੰਡੀ ਅਤੇ ਲਾਇਲਪੁਰ ਵੱਲ ਵੀ ਬੇਚੈਨੀ ਫੈਲਾਉਣ ਵਿਚ ਕਾਮਯਾਬ ਹੋ ਰਹੇ ਹਨ। ਲਾਹੌਰ ਦਾ ਤਾਂ ਕਹਿਣਾ ਹੀ ਕੀ ਹੈ।” ਪੱਤਰ ਦੇ ਅਖੀਰ ਵਿਚ ਕਿਹਾ ਗਿਆ ਹੈ, “ਕੁਝ ਨੇਤਾ ਅੰਗਰੇਜ਼ ਨੂੰ ਦੇਸ਼ ਵਿਚੋਂ ਕੱਢ ਦੇਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਘੱਟ ਤੋਂ ਘੱਟ ਉਹ ਸਾਨੂੰ ਹਕੂਮਤ ਤੋਂ ਹਟਾ ਦੇਣ ਦੀ ਕੋਸ਼ਿਸ਼ ਵਿਚ ਜ਼ਰੂਰ ਹਨæææ ਉਹ ਤਾਂ ਤਾਕਤ ਨਾਲ ਵੀ ਅਜਿਹਾ ਕਰਨਾ ਚਾਹੁੰਦੇ ਹਨ। ਜਨਤਾ ਅਤੇ ਸ਼ਾਸਕ ਵਿਚਕਾਰ ਸਹਿਯੋਗ ਦੁਆਰਾ ਇਸ ਪ੍ਰਕਾਰ ਦਾ ਵਾਤਾਵਰਨ ਪੈਦਾ ਕਰਨ ਲਈ ਗੈਰ-ਜ਼ਿੰਮੇਵਾਰ ਢੰਗ ਨਾਲ ਘਿਰਣਾ ਤੇ ਅੰਗਰੇਜ਼ ਵੱਲ ਦੁਸ਼ਮਣੀ ਪੈਦਾ ਕਰ ਦੇਣਾ ਚਾਹੁੰਦੇ ਹਨ। ਵਰਤਮਾਨ ਹਾਲਤ ਬਹੁਤ ਹੀ ਨਾਜ਼ੁਕ ਹੈ ਅਤੇ ਜਲਦੀ ਹੀ ਸਾਨੂੰ ਕੁਝ ਨਾ ਕੁਝ ਪ੍ਰਬੰਧ ਕਰਨਾ ਚਾਹੀਦਾ ਹੈ।”
***

Be the first to comment

Leave a Reply

Your email address will not be published.