‘ਨਾਨਕ’ ਸ਼ਬਦ ਦੇ ਵੱਖ-ਵੱਖ ਰੂਪ

ਪ੍ਰੋæ ਕਸ਼ਮੀਰਾ ਸਿੰਘ
‘ਨਾਨਕ’ ਸ਼ਬਦ ਸਿੱਖ ਗੁਰੂ ਸਾਹਿਬਾਨ ਵਲੋਂ ਲਿਖੀ ਬਾਣੀ ਦੀ ਮੋਹਰ ਹੈ। ਜਿਸ ਲਿਖਤ ਵਿਚ ਇਹ ਮੋਹਰ ਨਹੀਂ ਲੱਗੀ ਉਹ ਰਚਨਾ ‘ਨਾਨਕ’ ਜੋਤਿ ਰਚਿਤ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿਚ ‘ਨਾਨਕ’ ਸ਼ਬਦ ਦੇ ਵੱਖ-ਵੱਖ ਸੱਤ ਸਰੂਪ ਮਿਲਦੇ ਹਨ। ਅਜਿਹਾ ਗੁਰਬਾਣੀ ਵਿਚ ਵਰਤੀ ਵਿਆਕਰਣ ਦੇ ਅੱਠ ਕਾਰਕਾਂ (ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ, ਸਬੰਧ, ਅਧਿਕਰਣ ਅਤੇ ਸੰਬੋਧਨ) ਦੀ ਵਰਤੋਂ ਕਰਕੇ ਹੈ।
ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਕੰਮ ਕਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਨੇ ਸੰਨ 1922-23 ਵਿਚ ‘ਸ਼ਬਦਾਂਤਕ ਲਗਾਂ ਮਾਤਰਾਂ ਦੇ ਗੁੱਝੇ ਭੇਦ’ ਛੋਟੀ ਜਿਹੀ ਪੁਸਤਕ ਲਿਖੀ। ਲੇਖਕ ਨੇ ਸ਼ਬਦਾਂਤਕ ਲਗਾਂ ਨੂੰ ਅਤੇ ਸ਼ਬਦ-ਜੋੜਾਂ ਵਿਚੋਂ ਹੋਰ ਬਹੁਤ ਕੁਝ ਛੱਡ ਦੇਣ ਲਈ ਪੁਸਤਕ ਵਿਚ ਲਿਖ ਦਿੱਤਾ, ਜਿਵੇਂ ਗਾਵਹੁ ਨੂੰ ਗਾਵੋ ਬੋਲੋ, ਸੰਤਹੁ ਨੂੰ ਸੰਤੋ ਬੋਲੋ, ਪਿਆਰਿਹੁ ਨੂੰ ਪਿਆਰਿਓ, ਸਦਿਅਹੁ ਨੂੰ ਸਦਿਓ ਬੋਲੋ ਆਦਿਕ ਲਿਖ ਕੇ ਸ਼ਬਦ-ਜੋੜਾਂ ਦੇ ਸਰੂਪਾਂ ਨੂੰ ਬਦਲ ਦੇਣ ਦੀਆਂ ਗ਼ਲਤ ਲੀਹਾਂ ਪਾਈਆਂ ਤੇ ਸਿੱਖ ਮਿਸ਼ਨਰੀ ਕਾਲਜਾਂ ਨੇ ਵੀ ਬਿਨਾਂ ਘੋਖ ਕੀਤਿਆਂ ਇਸ ਨੂੰ ਅਪਨਾ ਲਿਆ।
ਪ੍ਰੋæ ਸਾਹਿਬ ਸਿੰਘ ਨੇ ਤੇਰਾਂ ਸਾਲਾਂ ਦਾ ਲੰਬਾ ਸਮਾਂ ਲਾ ਕੇ ‘ਗੁਰਬਾਣੀ ਵਿਆਕਰਣ’ ਨਾਂ ਦੀ ਪੁਸਤਕ ਸੰਨ 1932 ਵਿਚ ਲਿਖੀ ਜੋ ਸੰਨ 1939 ਵਿਚ ਪ੍ਰਕਾਸ਼ਤ ਹੋਈ। ਇਸ ਮਿਹਨਤ ਬਦਲੇ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਖਕ ਨੂੰ ਇੱਕ ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ। ਗੁਰਬਾਣੀ ਦੇ ਠੀਕ ਅਰਥ ਸਮਝਣ ਵਾਲੇ ਜਗਿਆਸੂਆਂ ਨੇ ਵੀ ਲੇਖਕ ਨੂੰ ਸ਼ਾਬਾਸ਼ ਦਿੱਤੀ। ਇਹ ਪੁਸਤਕ ਗੁਰਬਾਣੀ ਦੇ ਠੀਕ ਅਰਥ ਵਿਗਿਆਨਕ ਢੰਗ ਨਾਲ ਸਮਝਣ ਲਈ ਮੀਲ ਪੱਥਰ ਸਾਬਤ ਹੋਈ।
ਪੰਡਿਤ ਕਰਤਾਰ ਸਿੰਘ ਦਾਖਾ ਨੇ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਨਾਂ ਦੀ ਪੁਤਸਕ ਸਾਲ 1944-45 ਵਿਚ ਲਿਖੀ, ਭਾਈ ਰਣਧੀਰ ਸਿੰਘ ਨੇ ‘ਗੁਰਬਾਣੀ ਲਗਾਂ ਮਾਤਰਾਂ ਦੀ ਵਿਲੱਖਣਤਾ’ ਨਾਮੀ ਪੁਸਤਕ ਸਾਲ 1954 ਵਿਚ ਪ੍ਰਕਾਸ਼ਤ ਕਰਵਾਈ ਅਤੇ ਭਾਈ ਜੁਗਿੰਦਰ ਸਿੰਘ ਤਲਵਾੜਾ ਨੇ ‘ਸਰਲ ਗੁਰਬਾਣੀ ਵਿਆਕਰਣ’ (ਗੁਰਬਾਣੀ ਵਿਆਕਰਣ ਦੇ ਹਰ ਪਹਿਲੂ ਨੂੰ ਆਮ ਜੀਵਨ ਅਤੇ ਗੁਰਬਾਣੀ ਵਿਚੋਂ ਉਦਾਹਰਣਾਂ ਰਾਹੀਂ ਸਮਝਣ ਲਈ ਹੋਰ ਸੁਖੈਨ ਬਣਾਇਆ ਗਿਆ ਹੈ), ਦੋ ਭਾਗਾਂ ਵਿਚ ਲਿਖੀ ਜੋ ਸਾਲ 2004 ਵਿਚ ਸਿੰਘ ਬ੍ਰਦਰਜ਼ ਵਲੋਂ ਛਾਪੀ ਗਈ। ਸਭ ਤੋਂ ਵੱਧ ਪ੍ਰਭਾਵਸ਼ਾਲੀ ਕੰਮ ਪ੍ਰੋæ ਸਾਹਿਬ ਸਿੰਘ ਦੇ ਹਿੱਸੇ ਆਇਆ ਭਾਵੇਂ ਹੋਰਾਂ ਨੇ ਵੀ ਆਪੋ ਆਪਣਾ ਯੋਗਦਾਨ ਪਾਇਆ। ਪ੍ਰੋæ ਸਾਹਿਬ ਵਲੋਂ ਕੀਤਾ ਟੀਕਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅੱਜ ਸਿੱਖ ਜਗਤ ਨੂੰ ਠੀਕ ਸੇਧ ਦੇ ਰਿਹਾ ਹੈ। ਬਹੁਤੇ ਧਰਮ ਸਥਾਨਾਂ ‘ਤੇ ਲਿਖੇ ਹੁਕਮਨਾਮੇ ਦੇ ਅਰਥ ਇਸੇ ਦਰਪਣ ਵਿਚੋਂ ਹੀ ਹੁੰਦੇ ਹਨ।
ਗੁਰਬਾਣੀ ਵਿਆਕਰਣ ਅਨੁਸਾਰ ‘ਨਾਨਕ’ ਸ਼ਬਦ ਦੇ ਸਾਰੇ ਸਰੂਪਾਂ ਦੀ ਵਿਚਾਰ ਕਰਦੇ ਹਾਂ,
1æ ਲਿਖਤ ਵਿਚ ‘ਨਾਨਕ’
‘ਨਾਨਕ’ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਇਸ ਤਰ੍ਹਾਂ ਬਣਦੇ ਹਨ-
(A) ਜੇ ‘ਨਾਨਕ’ ਸ਼ਬਦ ਦੇ ਅੱਗੇ ਸਬੰਧਕ ( ਦਾ, ਦੇ, ਦੀ, ਕਾ, ਕੇ, ਕੀ, ਆਦਿਕ) ਪ੍ਰਗਟ ਜਾਂ ਗੁਪਤ ਲੱਗਾ ਹੋਵੇ ਤਾਂ ਅਰਥ ਬਣਨਗੇ- ਨਾਨਕ ਦਾ, ਨਾਨਕ ਦੀ, ਨਾਨਕ ਕੇ ਆਦਿਕ; ਸਬੰਧਕ ‘ਨਾਨਕ’ ਸ਼ਬਦ ਨਾਲ ਜੁੜੇਗਾ। ਇਹ ‘ਨਾਨਕ’ ਸ਼ਬਦ ਦੀ ਸਬੰਧ ਕਾਰਕੀ ਵਰਤੋਂ ਹੈ।
(ਅ) ਜੇ ‘ਨਾਨਕ’ ਸ਼ਬਦ ਦੇ ਅੱਗੇ ਗੁਪਤ ਜਾਂ ਪ੍ਰਗਟ ਸਬੰਧਕ ਨਾ ਹੋਵੇ ਤਾਂ ਅਰਥ ਪ੍ਰਕਰਣ ਅਨੁਸਾਰ ਸੰਬੋਧਨ ਕਾਰਕ ਅਨੁਸਾਰ- ‘ਹੇ ਨਾਨਕ! (ਆਖ਼ææ)’ ਵਿਚ ਵੀ ਹੋ ਸਕਦੇ ਹਨ (ਨਾਨਕ ਦਾ, ਨਾਨਕ ਦੀ ਆਦਿਕ ਅਰਥ ਨਹੀਂ ਬਣਨਗੇ।) ‘ਨਾਨਕ’ ਸ਼ਬਦ ਦੀ ਵਰਤੋਂ 4446 ਵਾਰੀ ਹੋਈ ਹੈ। ਅਠਾਈ ਵਾਰੀ ਜਪੁਜੀ ਵਿਚ ਸੰਬੋਧਨ ਰੂਪ ਵਿਚ ਵਰਤਿਆ ਹੈ।
(e) ‘ਨਾਨਕ’ ਸ਼ਬਦ ਦੀ ਵਰਤੋਂ ਸੰਪਰਦਾਨ ਕਾਰਕ ਵਿਚ ਵੀ ਹੋਈ ਹੈ। ਜਿੱਥੇ ਸੰਬੋਧਨ ਕਾਰਕ ਨਾ ਹੋਵੇ, ਉਥੇ ਇਹ ਸੰਪਰਦਾਨ ਕਾਰਕ ਵਿਚ ਵੀ ਹੋ ਸਕਦਾ ਹੈ। ਜਿਵੇਂ ਕੋਈ ਮੰਗ ਕੀਤੀ ਗਈ ਹੋਵੇ ਕਿ ‘ਨਾਨਕ ਦੀਜੈ ਸਾਧ ਰਵਾਲਾ॥’ ਰਵਾਲਾ ਕਿਸ ਵਾਸਤੇ ਹੈ? ਉਤਰ- ਨਾਨਕ ਵਾਸਤੇ। ḔਨਾਨਕḔ ਸ਼ਬਦ ਸੰਪਰਦਾਨ ਕਾਰਕ ਵਿਚ ਹੁੰਦਾ ਹੈ ਜਿੱਥੇ ਕਿਰਿਆ ਦਾ ਕੰਮ ਨਾਂਵ ਦੇ ਵਾਚਕ ਸ਼ਬਦ ਵਾਸਤੇ ਕੀਤਾ ਗਿਆ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਅੰਗ 194 ਦੀ 19ਵੀਂ ਸਤਰ ਅਤੇ ਅੰਗ 262 ਦੀ ਪਹਿਲੀ ਸਤਰ ਉਤੇ ‘ਨਾਨਕ’ ਸ਼ਬਦ ਦੀ ਇਹ ਵਰਤੋਂ ਹੈ। ਇਸ ਕਾਰਕ ਦੀ ਪਛਾਣ- ‘ਨਾਨਕ ਦੀਜੈ ਨਾਮ ਦਾਨੁ’ ਵਾਕ ਅੰਸ਼ ਵਿਚ ਕੀ ਦੇਣਾ ਹੈ? ਪ੍ਰਸ਼ਨ ਦਾ ਉਤਰ ਹੈ- ‘ਦਾਨੁ’ ਜੋ ‘ਕਰਮ ਕਾਰਕ’ ਵਿਚ ਹੈ। ਕਿਸ ਨੂੰ ਨਾਮ ਦਾਨੁ ਦੇਣਾ ਹੈ? ਜਾਂ ਦਾਨੁ ਕਿਸ ਵਾਸਤੇ ਹੈ? ਦਾ ਉਤਰ ਹੈ- ‘ਨਾਨਕ ਨੂੰ’ ਜਾਂ ‘ਨਾਨਕ ਵਾਸਤੇ’ ਹੈ, ਸੋ ਨਾਨਕ ਸ਼ਬਦ ਸੰਪਰਦਾਨ ਕਾਰਕ ਵਿਚ ਹੈ। ਜਿਸ ਨੂੰ ਕੋਈ ਵਸਤੂ ਦਿੱਤੀ ਜਾਵੇ ਜਾਂ ਜਿਸ ਲਈ ਕੋਈ ਕੰਮ ਕੀਤਾ ਜਾਵੇ, ਉਸ ਨਾਂਵ ਦਾ ਵਾਚਕ ਸ਼ਬਦ ਸੰਪਰਦਾਨ ਕਾਰਕ ਵਿਚ ਹੁੰਦਾ ਹੈ। ਸੰਪਰਦਾਨ ਦਾ ਅਰਥ ਹੈ- ਦੇਣਾ। ਅਰਥਾਂ ਵਿਚ ‘ਨਾਨਕ’ ਸ਼ਬਦ ਨਾਲ ‘ਨੂੰ’ ਵਰਤਾਂਗੇ।
(ਸ) ‘ਨਾਨਕ’ ਸ਼ਬਦ ਦੀ ਵਰਤੋਂ ਕਰਮ ਕਾਰਕ ਵਿਚ ਵੀ ਹੋਈ ਹੈ। Ḕਨਾਨਕ ਕਉ ਪ੍ਰਭ ਰਾਖਿ ਲੇਹੁḔ ਵਾਕ-ਅੰਸ਼ ਵਿਚ ‘ਨਾਨਕ ਕਉ’ ਦਾ ਅਰਥ ਹੈ ‘ਨਾਨਕ ਨੂੰ।’ ਕਿਸ ਨੂੰ ਰੱਖਣਾ ਹੈ? ਨਾਨਕ ਨੂੰ। ਸੋ ‘ਨਾਨਕ’ ਸ਼ਬਦ ਕਰਮ ਕਾਰਕ ਵਿਚ ਹੈ। ਰੱਖਣ ਦਾ ਸਿੱਧਾ ਅਸਰ ‘ਨਾਨਕ’ ਸ਼ਬਦ ਉਤੇ ਹੈ। ḔਕਉḔ ਦਾ ਅਰਥ ਹੈ- ਨੂੰ। ‘ਨਾਨਕ’ ਸ਼ਬਦ ਦਾ ਕੱਕਾ (ਕ) ਮੁਕਤਾ ਬੋਲਣ ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
2æ ਲਿਖਤ ਵਿਚ ‘ਨਾਨਕਹ’
ਇਹ ਸ਼ਬਦ ਸੰਬੋਧਨ ਕਾਰਕ ਵਿਚ ਵਰਤਿਆ ਹੈ। ਅਰਥ ਹੈ- ਹੇ ਨਾਨਕ! (ਆਖ਼ææ)। ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇੱਕ ਵਾਰੀ ਅੰਗ 1354 ਦੀ ਦੂਜੀ ਸਤਰ ਉਤੇ ਹੈ। ਅੰਤਿਕ ਹਾਹਾ (ਹ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
3æ ਲਿਖਤ ਵਿਚ ‘ਨਾਨਕਾ’
ਇਹ ਸ਼ਬਦ ਸੰਬੋਧਨ ਕਾਰਕ ਵਿਚ ਹੈ। ਅਰਥ ਹੈ- ਹੇ ਨਾਨਕ! (ਆਖ਼ææ)। ਇਹ 127 ਵਾਰੀ ਵਰਤਿਆ ਗਿਆ ਹੈ। ਸ਼ਬਦਾਂਤਕ ਕੰਨਾਂ (ਾ) ਬੋਲਣ ‘ਤੇ ਸਰੂਪ ਸਪੱਸ਼ਟ ਹੋਵੇਗਾ।
4æ ਲਿਖਤ ਵਿਚ ‘ਨਾਨਕਿ’
(A) ਜਦੋਂ ਕਿਸ ਪ੍ਰਸ਼ਨ ਦਾ ਉਤਰ ‘ਨਾਨਕ ਨੇ’ ਹੋਵੇ ਤਾਂ ਸਰੂਪ ‘ਨਾਨਕਿ’ (ਕਰਤਾ ਕਾਰਕ) ਹੁੰਦਾ ਹੈ। ਕਿਸ ਨੇ ਸੱਚਾ ਰਾਜ ਚਲਾਇਆ? ਉਤਰ- ਨਾਨਕਿ, ਭਾਵ ਨਾਨਕ ਨੇ। ਭਾਈ ਲਹਣੇ ਦੇ ਸਿਰ ਉਤੇ ਕਿਸ ਨੇ ਗੁਰਿਆਈ ਦਾ ਛਤਰ ਧਰਿਆ? ਉਤਰ- ਨਾਨਕਿ, ਭਾਵ ਨਾਨਕ ਨੇ। ਅੰਤਿਕ ਸਿਹਾਰੀ ( ਿ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
(ਅ) ਜਦੋਂ ਕਿਸੇ ਥਾਂ ਅਰਥ ਹੋਵੇ ‘ਨਾਨਕ ਵਿਚ’ ਤਾਂ ਵੀ ਸਰੂਪ ‘ਨਾਨਕਿ’ ਹੁੰਦਾ ਹੈ। ਉਦੋਂ ਇਹ ਸਰੂਪ ਅਧਿਕਰਣ ਕਾਰਕ ਵਿਚ ਹੁੰਦਾ ਹੈ।
ਇਹ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚ ਅੰਗ 82 (10ਵੀਂ ਸਤਰ) ਉਤੇ ਹੈ। ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ॥ ਕਿਸ ਦੇ ਅੰਦਰ ਕਮਲ ਖਿੜਿਆ? ਗੁਰੂ ਨਾਨਕ ਅੰਦਰ। ਇਥੇ ‘ਨਾਨਕਿ’ ਸ਼ਬਦ ਦੇ ਅਰਥ ਨਾਲ ‘ਅੰਦਰ’ ਜਾਂ ‘ਵਿਚ’ ਸ਼ਬਦ ਜੁੜੇਗਾ। ਸਿਹਾਰੀ ( ਿ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
(e) ਜੇ ਕਿਸੇ ਥਾਂ ਅਰਥ ਹੋਣ ਕਿ ਕੋਈ ਵਸਤੂ ‘ਨਾਨਕ ਰਾਹੀਂ’ ਜਾਂ ‘ਨਾਨਕ ਦੁਅਰਾ’ ਪ੍ਰਾਪਤ ਹੋਈ ਹੈ, ਉਥੇ ਵੀ ਸਰੂਪ ‘ਨਾਨਕਿ’ (ਕਰਣ ਕਾਰਕ) ਹੀ ਹੋਵੇਗਾ। ਜਿਵੇਂ ਗੁਰ ਪ੍ਰਸਾਦਿ- ਗੁਰੂ ਜੀ ਦੀ ਕਿਰਪਾ ਦੁਆਰਾ। ਗੁਰੂ ਗ੍ਰੰਥ ਸਾਹਿਬ ਦੇ ਅੰਗ 1117 ਦੀ 5ਵੀਂ ਸਤਰ ਉਤੇ ਇਹ ਵਰਤੋਂ ਹੈ (æææਨਾਨਕਿ ਹਰਿ ਭਗਤਿ ਲਹੀ॥ ਅਰਥ- ਨਾਨਕ ਦੁਆਰਾ ਹਰੀ ਦੀ ਭਗਤੀ ਮਿਲੀ ਹੈ।) ‘ਨਾਨਕਿ’ ਸ਼ਬਦ 23 ਵਾਰ ਵਰਤਿਆ ਗਿਆ ਹੈ।
5æ ਲਿਖਤ ਵਿਚ ‘ਨਾਨਕੁ’
ਇਹ ਸ਼ਬਦ ਕਰਤਾ ਕਾਰਕ ਵਿਚ ਹੁੰਦਾ ਹੈ। ਇਹ ਸ਼ਬਦ ਪੁਲਿੰਗ ਇੱਕ-ਵਚਨ ਹੈ। ਅਰਥ ਹੋਣਗੇ- ਨਾਨਕ। ਜਿਵੇਂ ਕੌਣ ਆਇਆ ਹੈ? ਉਤਰ- ਨਾਨਕ। ਇਹ ਸ਼ਬਦ 531 ਵਾਰੀ ਵਰਤਿਆ ਗਿਆ ਹੈ। ḔਜਪੁਜੀḔ ਵਿਚ ਦੋ ਵਾਰੀ ਕਰਤਾ ਕਾਰਕ ਵਿਚ ਵਰਤੋਂ ਹੈ (ਗੁਰੂ ਗ੍ਰੰਥ ਸਾਹਿਬ ਦੇ ਅੰਗ 4 (5ਵੀਂ ਸਤਰ) ਅਤੇ ਅੰਗ 6 (12ਵੀਂ ਸਤਰ) Ḕਨਾਨਕੁ ਨੀਚੁ’ ਅਤੇ ‘ਨਾਨਕੁ ਕਿਆ ਵੀਚਾਰੇ’ ਵਿਚ)। ਲੱਗਾ ਔਂਕੜ ( ੁ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
6æ ਲਿਖਤ ਵਿਚ ‘ਨਾਨਕੈ’
ਕੇਵਲ ਇੱਕ ਵਾਰੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ 421 ਦੀ 18ਵੀਂ ਸਤਰ ਉਤੇ ਸੰਪਰਦਾਨ ਕਾਰਕ ਵਿਚ ਵਰਤਿਆ ਗਿਆ ਹੈ। ਅਰਥ ‘ਨਾਨਕੈ’ ਸ਼ਬਦ ਦਾ ਹੈ- ‘ਨਾਨਕ ਨੂੰ।’ ਇਸ ਨੁਕਤੇ ਨਾਲ ‘ਰਾਮਦਾਸੈ ਹੋਈ ਸਹਾਇ’ ਦਾ ਅਰਥ- ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ ਬਣੇਗਾ। ‘ਨਾਨਕੈ’ ਸ਼ਬਦ ਦਾ ਅਰਥ ਕਦੀ ਵੀ ‘ਹੇ ਨਾਨਕ!’ ਨਹੀਂ ਹੁੰਦਾ ਤੇ ਇਸੇ ਤਰ੍ਹਾਂ ‘ਰਾਮਦਾਸੈ’ ਸ਼ਬਦ ਦਾ ਅਰਥ ਵੀ ਕਦੀ ‘ਹੇ ਗੁਰੂ ਰਾਮ ਦਾਸ ਜੀ!’ ਨਹੀਂ ਬਣੇਗਾ; ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ। ਮੰਨਣ ਵਾਲਾ ਗੁਰਮੁਖ ਤੇ ਨਾ ਮੰਨਣ ਵਾਲਾ ਮਨਮੁਖ। ਲੱਗੀਆਂ ਦੁਲਾਵਾਂ ( ੈ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।
7æ ਲਿਖਤ ਵਿਚ ‘ਨਾਨਕੋ’
ਇਹ ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਅੰਗ 1297 ਦੀ 7ਵੀਂ ਸਤਰ ਉਤੇ ਦਰਜ ਹੈ। ਇਹ ਸ਼ਬਦ ਅਪਾਦਾਨ ਕਾਰਕ ਵਿਚ ਨਹੀਂ ਹੈ ਭਾਵੇਂ ਇਸ ਦਾ ਚਿੰਨ੍ਹ ਹੋੜਾ ਲੱਗਾ ਹੋਇਆ ਹੈ ਕਿਉਂਕਿ ਅਰਥ ‘ਨਾਨਕ ਤੋਂ’ ਨਹੀਂ ਹਨ। ਇਹ ਸ਼ਬਦ ‘ਜਨੁ ਨਾਨਕੁ’ ਨੂੰ ‘ਜਨੁ ਨਾਨਕੋ’ ਰੂਪ ਵਿਚ ਲਿਖਣ ‘ਤੇ ਬਣਿਆ ਹੈ। ਇਹ ਤੱਥ ਅਰਥਾਂ ਤੋਂ ਸਪੱਸ਼ਟ ਹੈ। ਇਥੇ ਇਹ ਸ਼ਬਦ ਕਰਤਾ ਕਾਰਕ ਰੂਪ ਵਿਚ ਹੈ। ‘ਜਨੁ ਨਾਨਕੋ’ ਦਾ ਅਰਥ ਹੈ- ਦਾਸ ਨਾਨਕ। ਕੌਣ ਪ੍ਰਭੂ ਦੀ ਸ਼ਰਣ ਵਿਚ ਹੈ? ਉਤਰ- ਦਾਸ ਨਾਨਕ ਹੈ। ਲੱਗਾ ਹੋੜਾ ( ੋ) ਬੋਲਣ ‘ਤੇ ਸ਼ਬਦ-ਸਰੂਪ ਸਪੱਸ਼ਟ ਹੋਵੇਗਾ।

Be the first to comment

Leave a Reply

Your email address will not be published.