ਖਿਵਣ

ਬਲਜੀਤ ਬਾਸੀ
ਮੈਂ ਉਦੋਂ ਦਸਵੀਂ ਵਿਚ ਪੜ੍ਹਦਾ ਸਾਂ। ਇਕ ਦਿਨ ਪਿੰਡੋਂ ਜਲੰਧਰ ਗਿਆ ਇਕ ਅੰਗਰੇਜ਼ੀ ਦਾ ਕਾਵਿ-ਸੰਗ੍ਰਹਿ ਖਰੀਦ ਲਿਆਇਆ ਹਾਲਾਂ ਕਿ ਕਵਿਤਾ ਮੇਰੇ ਵਸ ਦਾ ਰੋਗ ਨਾ ਉਦੋਂ ਸੀ ਨਾ ਹੁਣ ਹੈ। ਇਸ ਸੰਗ੍ਰਹਿ ਵਿਚ ਕੁਝ ਜਾਪਾਨੀ ਹਾਇਕੂਆਂ ਦੇ ਅੰਗਰੇਜ਼ੀ ਅਨੁਵਾਦ ਸ਼ਾਮਿਲ ਕੀਤੇ ਗਏ ਸਨ। ਇਥੋਂ ਹੀ ਮੇਰਾ ਇਸ ਜਾਪਾਨੀ ਕਾਵਿ-ਰੂਪ ਨਾਲ ਪਹਿਲੀ ਵਾਰ ਪਰਿਚੈ ਹੋਇਆ। ਉਦੋਂ ਮੈਂ ਇਕ ਹਾਇਕੂ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਸੀ ਪਰ ਹੁਣ ਵਿਸਰ ਗਿਆ ਹੈ। ਹਾਇਕੂ ਦਾ ਭਾਵ ਕੁਝ ਇਸ ਪ੍ਰਕਾਰ ਸੀ ਭਾਵੇਂ ਤਕਨੀਕੀ ਤੌਰ ‘ਤੇ ਇਸ ਵਿਚ ਹਾਇਕੂ ਵਾਲੀ ਕੋਈ ਗੱਲ ਨਹੀਂ,
ਕਾਸ਼ ਮੈਂ ਤੇਰੇ ਨੇੜੇ ਹੁੰਦਾ ਏਨਾ
ਲੂਣ ਬਣਾਵਣ ਵਾਲੀ ਕੁੜੀ ਦੇ ਜਿਸਮ
ਨੇੜੇ ਜਿੰਨਾ ਲੂਣ ਹੈ ਹੁੰਦਾ।
ਉਦੋਂ ਮੈਂ ਪੰਜਾਬੀ ਵਿਚ ਕਦੇ ਹਾਇਕੂ ਦਾ ਜ਼ਿਕਰ ਨਹੀਂ ਸੀ ਸੁਣਿਆ। ਕੁਝ ਸਾਲਾਂ ਤੋਂ ਪੰਜਾਬੀ ਵਿਚ ਇਸ ਕਾਵਿ-ਰੂਪ ਦਾ ਜਿਵੇਂ ਹੜ੍ਹ ਹੀ ਆਇਆ ਹੋਇਆ ਹੈ। ਕੁਝ ਸਮਰਪਿਤ ਹਾਇਕੂਕਾਰਾਂ ਦੇ ਲਗਾਤਾਰ ਯਤਨਾਂ ਸਦਕਾ ਪੰਜਾਬੀ ਵਿਚ ਇਸ ਕਾਵਿ-ਰੂਪ ਦੀ ਖਾਸਾ ਪੈਂਠ ਬਣ ਗਈ ਹੈ। ਸੰਖੇਪ ਅਤੇ ਕਟਾਖਸ਼ੀ ਚਰਚਾ ਲਈ ਸਾਜ਼ਗਾਰ ਫੇਸਬੁਕ ਜਿਹੇ ਸੋਸ਼ਲ ਮੀਡੀਆ ਦੇ ਅੰਤਰਗਤ ਹਾਇਕੂ ਦਾ ਉਤਪਾਦਨ ਖੁੰਬਾਂ ਦੀ ਤਰ੍ਹਾਂ ਹੋ ਰਿਹਾ ਹੈ। ਪੰਜਾਬੀ ਵਿਚ ਚੋਖੀ ਮਿਆਰੀ ਹਾਇਕੂ ਲਿਖੀ ਜਾ ਰਹੀ ਹੈ ਤੇ ਇਸ ਨੇ ਖੂਬ ਪੈਰ ਜਮਾ ਲਏ ਹਨ। ਇਸ ਵਿਧਾ ਦੇ ਪਰੋਤਸਾਹਨ ਲਈ ਇਕ ਵਿਸ਼ੇਸ਼ ਵੈਬਸਾਈਟ ਵੀ ਚਲਾਈ ਜਾ ਰਹੀ। ਡਾæ ਸੁਖਪਾਲ ਦੇ ਸ਼ਬਦਾਂ ਵਿਚ “ਹਾਇਕੂ ਦਾ ਕਾਰਜ ਕਵਿਤਾ ਜਾਂ ਦ੍ਰਿਸ਼ ਦਾ ਬਿਆਨ ਕਰਨਾ ਨਹੀਂ, ਸਗੋਂ ਉਸ ਸੱਚ ਜਾਂ ਸਥਿਤੀ ਵੱਲ ਇਸ਼ਾਰਾ ਕਰਨਾ ਹੈ ਜਿਸ ਦੇ ਅੰਦਰ ਕਵਿਤਾ ਜਾਂ ਕਾਵਿਕਤਾ ਲੁਕੀ ਪਈ ਹੈ।”
ਸੋ ਹਾਇਕੂ ਕਵਿਤਾ ਨਾਲੋਂ ਕਵਿਤਾ ਦੀ ਸੰਭਾਵਨਾ ਵਧੇਰੇ ਹੈ। ਹਾਇਕੂ ਵਿਚ ਚਕਾਚੌਂਧ ਕਰਨ ਵਾਲਾ ਗੁਣ ਵਿਦਮਾਨ ਹੁੰਦਾ ਹੈ। ਤੇਜਵੰਤ ਗਿੱਲ ਅਨੁਸਾਰ “ਪੰਜਾਬੀ ਵਿਚ ਇਸ ਕਾਵਿ-ਰੂਪ ਦੀ ਜੋ ਰਚਨਾ ਹੋਵੇ ਉਸ ਵਿਚ ਲਿਸ਼ਕਣ, ਚਮਕਣ ਦਾ ਗੁਣ ਜ਼ਰੂਰ ਹੋਵੇ।” ਪੰਜਾਬੀ ਦੇ ਚੋਟੀ ਦੇ ਹਾਇਕੂਗੋ ਗੁਰਮੀਤ ਸੰਧੂ ਕੁਝ ਸਾਲਾਂ ਤੋਂ ਇਸ ਕਾਵਿ-ਰੂਪ ਪ੍ਰਤੀ ਚੋਖੇ ਸਰਗਰਮ ਹਨ। ਉਹ ਦੋ ਹਾਇਕੂ ਸੰਗ੍ਰਹਿ ਪ੍ਰਕਾਸ਼ਤ ਕਰ ਚੁੱਕੇ ਹਨ। “ਖਿਵਣ” ਨਾਮੀਂ ਉਨ੍ਹਾਂ ਦੇ ਪਹਿਲੇ ਸੰਗ੍ਰਹਿ ਦਾ ਨਾਂ ਹੀ ਹਾਇਕੂ ਦੇ ਪ੍ਰਮੁਖ ਗੁਣ ਦਾ ਸੂਚਕ ਹੈ। ਸਰਵਰਕ ‘ਤੇ ਹੀ ਛਪੀ ਇਕ ਹਾਇਕੂ ਪੇਸ਼ ਹੈ,
ਬੱਦਲ ਗਰਜਣ
ਕਾਲੀ ਭਿੱਜੀ ਰਾਤ
ਬਿਜਲੀ ਲਿਸ਼ਕਦੀ।
ਧਰਮ ਦੇ ਵਿਰੋਧਾਭਾਸ ਨੂੰ ਕਿੰਨੀ ਕੁਸਲਤਾ ਨਾਲ ਦਰਸਾਇਆ ਗਿਆ ਹੈ,
ਗਿਰਜੇ ਤੋਂ ਗੁਰਦਵਾਰਾ
ਕਰਾਸ ਲਾਹ ਕੇ ਖੰਡਾ
ਰੱਬ ਦਾ ਘਰ ਬਦਲਿਆ।
ਹਾਇਕੂ ਖਿਵਣ ਦੀ ਹੀ ਤਰ੍ਹਾਂ ਚੌਂਕਾ ਦੇਣ ਵਾਲੀ, ਘਾਤਕ ਅਤੇ ਥੋੜ੍ਹ-ਚਿਰੀ ਕਾਵਿ-ਸਿਰਜਣਾ ਹੈ। ਚਲੋ ਅੱਜ ਨਿਰੁਕਤੀ ਦੇ ਦ੍ਰਿਸ਼ਟੀਕੋਣ ਤੋਂ ਖਿਵਣ ਸ਼ਬਦ ਦੀ ਲਿਸ਼ਕ ਮਾਣੀਏ। ਜਿਵੇਂ ਪਹਿਲਾਂ ਇਸ਼ਾਰਾ ਹੋ ਚੁੱਕਾ ਹੈ, ਖਿਵਣ ਦਾ ਅਰਥ ਹੁੰਦਾ ਹੈ, ਲਿਸ਼ਕਣਾ, ਚਮਕਣਾ ਖਾਸ ਤੌਰ ‘ਤੇ ਬਿਜਲੀ ਦਾ। ਸੱਤੇ ਬਲਵੰਡ ਦੀ ਵਾਰ ਵਿਚ ਇਹ ਸ਼ਬਦ ਆਇਆ ਹੈ, “ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥” ਅਰਥਾਤ ਤਖਤ ਉਤੇ ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ। ਖਿਵਣ ਦਾ ਹੀ ਇਕ ਹੋਰ ਰੂਪਾਂਤਰ ਖਿਮਣ ਜਾਂ ਖਮਣ ਵੀ ਹੈ, “ਖਿਮੀ ਦਾਮਿਨੀ ਜਾਨੁ ਭਾਦੋਂ ਮਝਾਰੰ॥” -ਚੰਡੀ ਦੀ ਵਾਰ। ਗੁਲਾਮ ਫਰੀਦ ਨੇ ਇਸ ਸ਼ਬਦ ਦੀ ਇਸ ਪ੍ਰਕਾਰ ਵਰਤੋਂ ਕੀਤੀ ਹੈ,
ਰੋਹੀ ਮੇਘ ਮਲ੍ਹਾਹੜਾ ਖਮਦੀਆਂ ਖਮਨੀਆਂ ਅਜਕਲ।
ਦਿਲੜੀ ਸਿਦਕੀ ਦੇਸ ਡੂੰ ਅੱਖੜੀਂ ਹੰਝਣੂੰ ਬਲਬਲ।
ਖਿਵਣ ਸ਼ਬਦ ਸੰਸਕ੍ਰਿਤ ਧਾਤੂ Ḕਕਸ਼ਿਪḔ ਦਾ ਵਿਉਤਪਤ ਰੂਪ ਹੈ। ਕਸ਼ਿਪ ਧਾਤੂ ਵਿਚ ਸੁੱਟਣ, ਘੱਤਣ, ਮਾਰਨ, ਭੇਜਣ, ਪੈਣ ਦੇ ਭਾਵ ਹਨ। ਬਿਜਲੀ ਦੀ ਲਿਸ਼ਕੋਰ ਅਸਲ ਵਿਚ ਮਾਰੀ ਜਾਂ ਸੁੱਟੀ ਹੀ ਜਾਂਦੀ ਹੈ। ਸੰਸਕ੍ਰਿਤ ਦਾ ਇਕ ਹੋਰ ਧਾਤੂ ḔਤੜḔ ਹੈ ਜਿਸ ਵਿਚ ਮਾਰਨ ਦਾ ਭਾਵ ਹੈ। ਇਸ ਧਾਤੂ ਤੋਂ ਹੀ ਤੜਿਤ ਸ਼ਬਦ ਬਣਿਆ ਹੈ ਜਿਸ ਵਿਚ ਬਿਜਲੀ ਅਤੇ ਲਿਸ਼ਕ ਦੇ ਭਾਵ ਹਨ। “ਕਰਕੀ ਤੜਿਤ ਨਰਨ ਧ੍ਰਿਤਿ ਧਰਖੀ॥ ਅੰਗਰੇਜ਼ੀ ਵਿਚ ਸਟਰਕਿe ਲਗਿਹਟਨਨਿਗ ਉਕਤੀ ਵਿਚ ਵੀ ਸਟਰਕਿe ਸ਼ਬਦ ਮਾਰਨ ਦਾ ਅਰਥਾਵਾਂ ਹੈ। Ḕਕਸ਼ਿਪḔ ਧਾਤੂ ਤੋਂ ਆਮ ਤੌਰ ‘ਤੇ ਪੰਜਾਬੀ ਵਿਚ ਖਿਪ ਜਿਹੇ ਘਟਕ ਨਾਲ ਸ਼ਬਦ ਬਣਦੇ ਹਨ। ਖਿਪ ਸ਼ਬਦ ਦਾ ਹੀ ਅਰਥ ਸੁੱਟਿਆ ਹੋਇਆ ਹੈ, “ਰਿਪਖਿਪ ਬਹੁਰ ਉਚਾਰ॥” ਅਸਲ ਵਿਚ ਸੰਸਕ੍ਰਿਤ ਵਿਚ ਕਸ਼ਿਪ ਦਾ ਅਰਥ ਨਜ਼ਰ ਸੁਟਣਾ, ਝਾਤੀ ਮਾਰਨਾ ਅਤੇ ਹਥਿਆਰ ਮਾਰਨਾ ਵੀ ਹੁੰਦਾ ਹੈ।
ਸੰਸਕ੍ਰਿਤ ਵਿਚ ਕਸ਼ਿਪ ਤੋਂ ਬਣੇ ਕਸ਼ੇਪ ਨੇ ਪੰਜਾਬੀ ਵਿਚ ਆ ਕੇ ਖੇਪ ਦਾ ਰੂਪ ਧਾਰਨ ਕੀਤਾ। ਖੇਪ ਦਾ ਸ਼ਾਬਦਿਕ ਅਰਥ ਇਕ ਵਾਰੀ ਦੀ ਸੋਟ ਹੈ ਅਰਥਾਤ ਇਕ ਵਾਰੀ ਵਿਚ ਜਿੰਨਾ ਕੋਈ ਪਦਾਰਥ ਕਾਸੇ ਵਿਚ ਪਾਇਆ ਜਾ ਸਕੇ; ਇਕ ਵਾਰੀ ਵਿਚ ਜਿੰਨੀ ਕੋਈ ਵਸਤੂ ਲਿਜਾਈ ਜਾਵੇ, ਇਕ ਵਾਰੀ ਦਾ ਬੋਝ। ਇਸ ਤੋਂ ਵਿਕਸਿਤ ਹੋ ਕੇ ਅਰਥ ਬਣਿਆ ਲੱਦਿਆ ਮਾਲ, ਲੱਦ। ਲੱਦਿਆ ਮਾਲ ਵੇਚਣ ਲਈ ਹੀ ਹੁੰਦਾ ਹੈ ਇਸ ਲਈ ਇਸ ਦਾ ਹੋਰ ਵਿਕਸਿਤ ਅਰਥ ਸੌਦਾ, ਵਣਜ-ਵਪਾਰ ਵੀ ਹੋ ਜਾਂਦਾ ਹੈ, “ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ॥” -ਗੁਰੂ ਅਰਜਨ ਦੇਵ। “ਕਹੁਤ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ॥” ਅਰਥਾਤ ਮਾਲ ਜਾਂ ਸੌਦਾ ਟਿਕਾਣੇ ‘ਤੇ ਪਹੁੰਚ ਗਿਆ ਹੈ। “ਸੰਤਹੁ ਬਨਜਿਆ ਨਾਮੁ ਗੋਬਿੰਦ ਕਾ ਐਸੀ ਖੇਪ ਹਮਾਰੀ॥” ਭਾਵ ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ, ਮੈਂ ਵੀ ਏਹੀ ਸੌਦਾ ਲੱਦਿਆ ਹੈ।
ਖੇਪ ਭਰਨੀ ਜਾਂ ਲੱਦਣੀ ਦਾ ਮਤਲਬ ਹੈ ਮਾਲ ਲੱਦਣਾ। ਅੱਜ ਕਲ੍ਹ ਪੰਜਾਬੀ ਪੱਤਰਕਾਰੀ ਵਿਚ ਖੇਪ ਸ਼ਬਦ ਬਹੁਤ ਪ੍ਰਚਲਿਤ ਹੋ ਗਿਆ ਹੈ ਜਿਵੇਂ, “ਚੰਡੀਗੜ੍ਹ- ਨਸ਼ੇ ਦੀ ਖੇਪ ਸਣੇ ਚਾਰ ਤਸਕਰ ਗ੍ਰਿਫਤਾਰ।” ਉੜੀਆ ਵਿਚ ਖੇਪ ਦਾ ਅਰਥ ਬੇੜੀ ਦਾ ਫੇਰਾ ਵੀ ਹੈ ਤੇ ਮਰਾਠੀ ਵਿਚ ਨਿਰਾ ਫੇਰਾ। ਖੇਪ ਸ਼ਬਦ ਦੇ ਅੱਗੇ ḔਸੰḔ ਅਗੇਤਰ ਲੱਗ ਕੇ ḔਸੰਖੇਪḔ ਸ਼ਬਦ ਬਣ ਗਿਆ ਹੈ ਜਿਸ ਦਾ ਅਰਥ ਛੋਟਾ ਰੂਪ ਹੁੰਦਾ ਹੈ। ਇਸ ਸ਼ਬਦ ਦਾ ਸੰਸਕ੍ਰਿਤ ਰੂਪ ਹੈ ਸੰਕਸ਼ੇਪ ਜੋ ਅੱਗੋਂ ਸੰਕਸ਼ਿਪ ਤੋਂ ਬਣਿਆ ਹੈ। ਸੰਕਸ਼ਿਪ ਦਾ ਅਰਥ ਹੈ- ਇਕੱਠਾ ਸੁੱਟਣਾ। ਇਕੱਠਾ ਸੁੱਟਣ ਤੋਂ ਮੁਰਾਦ ਹੈ- ਬਹੁਤ ਸਾਰੇ ਅੰਸ਼ਾਂ ਨੂੰ ਤੁੱਥਮੁਥ ਕਰ ਦੇਣਾ। ਦਖਲਅੰਦਾਜ਼ੀ, ਦਖਲ, ਵਿਚ ਪੈਣ ਦੇ ਅਰਥਾਂ ਵਾਲਾ ਹਿੰਦੀ ਦਾ ਸ਼ਬਦ ਹਸਤਖੇਪ ਵੀ ਹੁਣ ਸਾਹਿਤਕ ਪੰਜਾਬੀ ਵਿਚ ਕਾਫੀ ਵਰਤਿਆ ਜਾਣ ਲੱਗਾ ਹੈ। ਇਹ ਸ਼ਬਦ ਬਣਿਆ ਹੈ ਹਸਤ (ਹੱਥ)+ਕਸ਼ੇਪ(ਖੇਪ) ਤੋਂ। ਸਪਸ਼ਟ ਹੈ, ਇਥੇ ਕਿਸੇ ਕੰਮ ਵਿਚ ਆਪਣੇ ਹੱਥ ਪਾਉਣ ਜਾਂ ਸੁੱਟਣ ਦਾ ਭਾਵ ਹੈ। ਕਿਸੇ ਦਾ ਬਿਆਨ ਦੇਖੋ, “ਸਿੱਖ ਧਰਮ ਵਿਚ ਹੁਣ ਭਾਜਪਾ ਤੇ ਆਰæ ਐਸ਼ ਐਸ਼ ਦਾ ਹਸਤਖੇਪ ਦਿਨੋਂ ਦਿਨ ਵਧਦਾ ਜਾ ਰਿਹਾ ਹੈæææ।”
ਖੇਪ ਦਾ ਇਕ ਅਰਥ ਬੇੜੀ ਦਾ ਲੱਦ ਹੈ ਤਾਂ ਬੇੜੀ ਨਾਲ ਸਬੰਧਤ ਇਕ ਹੋਰ ਅਹਿਮ ਸ਼ਬਦ ਵੀ ਇਸੇ ਧਾਤੂ ਤੋਂ ਆ ਰਿਹਾ ਹੈ ਤੇ ਉਹ ਹੈ ਖੇਵ/ਖਿਉ। ਇਸ ਦਾ ਮਤਲਬ ਬੇੜੀ ਚਲਾਉਣ ਲਈ ਚੱਪੂ ਮਾਰਨਾ ਹੈ, “ਤਾਰਿ ਲੈ ਬਾਪ ਬੀਠੁਲਾ ਅਨਿਲ ਬੇੜਾ ਹਉ ਖੇਵਿ ਨ ਸਾਕਉ॥” -ਭਗਤ ਨਾਮਦੇਵ। ਅਰਥਾਤ ਹੇ ਬੀਠਲ ਪਿਤਾ ਮੈਨੂੰ ਪਾਰ ਲੰਘਾ ਦੇ, ਮੇਰੀ ਬੇੜੀ ਝਖੜ ਵਿਚ ਫਸ ਗਈ ਹੈ ਮੈਂ ਇਸ ਨੂੰ ਚੱਪੂ ਮਾਰ ਕੇ ਚਲਾ ਨਹੀਂ ਸਕਦਾ। ਇਸ ਸ਼ਬਦ ਵਿਚ ਵਕਤ ਗੁਜ਼ਾਰਨ ਦਾ ਭਾਵ ਵੀ ਹੈ, ਮਾਨੋ ਵਕਤ ਨੂੰ ਸੁੱਟਿਆ ਜਾਂ ਚੱਪੂ ਵਾਂਗ ਮਾਰਿਆ ਜਾਂਦਾ ਹੈ, “ਕਿੰਨ ਹੀ ਤੰਤ ਮੰਤੁ ਬਹੁ ਖੇਵਾ” ਅਤੇ “ਝੂਠੇ ਰੰਗਿ ਖੁਆਰੁ ਕਹਾਂ ਲਗੁ ਖੇਵੀਐ॥” -ਗੁਰੂ ਅਰਜਨ ਦੇਵ। ਅਰਥਾਤ ਕੋਈ ਮਨੁਖ ਤੰਤਰ-ਮੰਤਰ ਦੀ ਦੁਕਾਨ ਚਲਾ ਕੇ ਝੱਟ ਲੰਘਾਉਂਦਾ ਹੈ।
ਖੇਵ ਤੋਂ ਅੱਗੇ ਖੇਵਟ ਸ਼ਬਦ ਬਣਿਆ ਜਿਸ ਦਾ ਅਰਥ ਬੇੜੀ ਚਲਾਉਣ ਵਾਲਾ ਅਰਥਾਤ ਮਲਾਹ ਹੈ। ਫਰੀਦ ਜੀ ਦੇ ਸਲੋਕ ਵਿਚ ਇਹ ਸ਼ਬਦ ਆਉਂਦਾ ਹੈ, “ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥” ਇਥੇ ਖੇਵਟ ਸ਼ਬਦ ਦਾ ਆਗੂ ਵਜੋਂ ਲਖਣਾਤਮਕ ਪ੍ਰਯੋਗ ਹੋਇਆ ਹੈ। ਜ਼ਮੀਨ ਅਸਮਾਨ ਨੂੰ ਪੁੱਛਦੀ ਹੈ ਕਿ ਆਪਣੇ ਆਪ ਨੂੰ ਆਗੂ ਕਹਾਉਂਦੇ ਕਿਥੇ ਚਲੇ ਗਏ ਹਨ। ਖੇਵਟ ਦਾ ਅਰਥ ਸੁੱਟਣ ਵਾਲਾ ਵੀ ਹੈ, “ਅੰਕੁਸ ਗਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ॥” -ਭਗਤ ਕਬੀਰ, ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ। ਇਥੇ ਇਹ ਦੱਸ ਦੇਣਾ ਯੋਗ ਸਮਝਦਾ ਹਾਂ ਕਿ ਮਸਤ, ਮਤਵਾਲਾ ਦੇ ਅਰਥਾਂ ਵਾਲਾ ਖੀਵਾ ਸ਼ਬਦ ਚਰਚਿਤ ਧਾਤੂ ਨਾਲ ਸਬੰਧਤ ਨਹੀਂ, ਇਸ ਬਾਰੇ ਫਿਰ ਕਦੇ ਲਿਖਿਆ ਜਾਵੇਗਾ।
ਮੋਨੀਅਰ ਵਿਲੀਅਮਜ਼ ਅਨੁਸਾਰ ਉਪਰੋਕਤ ਸ਼ਬਦ ਭਾਰੋਪੀ ਖਾਸੇ ਵਾਲੇ ਹਨ। ਇਸ ਪ੍ਰਕਾਰ ਅੰਗਰੇਜ਼ੀ ਸ਼ਬਦ ਦਸਿਸਪਿਅਟe (ਖਿੰਡਾਉਣਾ) ਖਿਵਣ ਦਾ ਸੁਜਾਤੀ ਬਣਦਾ ਹੈ। ਇਹ ਸ਼ਬਦ ਲਾਤੀਨੀ ਦਸਿਸਪਿਅਰe ਤੋਂ ਬਣਿਆ ਹੈ ਜਿਸ ਦਾ ਅਰਥ ਖਿੰਡਾਉਣਾ, ਫੈਲਾਉਣਾ ਆਦਿ ਹੈ। ਇਸ ਵਿਚ ਦਸਿ ਤਾਂ ਅਗੇਤਰ ਹੈ ਜਿਸ ਦਾ ਅਰਥ ਪਰੇ ਹੁੰਦਾ ਹੈ ਜਦ ਕਿ ਸੁਪਅਰe ਦਾ ਅਰਥ ਸੁੱਟਣਾ, ਖਿੰਡਾਉਣਾ ਹੈ। ਇਸ ਦਾ ਭਾਰੋਪੀ ਮੂਲ ḔਸੱeਪḔ ਹੈ ਜਿਸ ਦਾ ਅਰਥ ਸੁੱਟਣਾ, ਮਾਰਨਾ ਆਦਿ ਹੈ। ਇਸ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਦੇ ਹਨ।

Be the first to comment

Leave a Reply

Your email address will not be published.