ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਬੇਵਕੂਫ, ਬਦਰੂਹ, ਬਦਦਿਮਾਗ, ਕਮ-ਅਕਲ ਤੀਵੀਂ। ਦੁਪਹਿਰ ਹੋ ਰਹੀ ਹੈ, ਭੁੱਖ ਨਾਲ ਜਾਨ ਨਿਕਲ ਰਹੀ ਹੈ। ਹਾਲੀ ਰੋਟੀ ਲੈ ਕੇ ਨਹੀਂ ਆਈ। ਚਰਵਾਹਾ ਰੋਣ ਹਾਕਾ ਹੋਇਆ ਬੈਠਾ ਸੀ। ਇਸ ਤਰ੍ਹਾਂ ਤਾਂ ਕਦੀ ਨਹੀਂ ਹੋਇਆ। ਕਿਤੇ ਬਿਮਾਰ ਤਾਂ ਨਹੀਂ ਹੋ ਗਈ। ਜੰਗਲ ਦਾ ਰਾਹ ਹੈ, ਜਾਨਵਰ ਹਨ, ਖਤਰਾ ਹੀ ਖਤਰਾ ਹੈ। ਮਨ ਕਹਾਣੀਆਂ ਪਾਉਣ ਲੱਗਾ। ਜਾਵਾਂ? ਪਤਾ ਕਰ ਆਵਾਂ? ਬੋਲੇ ਚਰਵਾਹੇ ਦਾ ਮਨ ਸ਼ੰਕਾਵਾਂ ਨਾਲ ਭਰਿਆ ਪਿਆ ਸੀ।
ਉਠਿਆ, ਰੁਕਿਆ। ਜੰਗਲ ਦਾ ਮਾਮਲਾ ਹੈ। ਸ਼ੇਰ ਹਨ, ਬਘਿਆੜ ਹਨ, ਇੱਜੜ ਹੈ; ਖਾ ਜਾਣਗੇ। ਕੋਲੋਂ ਬੱਕਰੀ ਨੇ ਮੈਂ-ਮੈਂ ਕੀਤੀ। ਭੇਡ ਨੇ ਤਰਲਾ ਕੀਤਾ- ਸਾਨੂੰ ਕਿਸ ਦੇ ਆਸਰੇ ਛੱਡ ਚੱਲਿਆ ਏਂ। ਆਸੇ-ਪਾਸੇ ਦੇਖਿਆ। ਥੋੜ੍ਹੀ ਦੂਰ ਲੱਕੜਹਾਰਾ ਪਸੀਨੇ-ਪਸੀਨੇ ਹੋਇਆ, ਲੱਕੜਾਂ ਕੱਟ ਰਿਹਾ ਸੀ। ਉਹ ਵੀ ਕੰਨਾਂ ਤੋਂ ਬੋਲਾ ਸੀ।
“ਜਨਾਬ, ਘਰਵਾਲੀ ਰੋਟੀ ਲੈ ਕੇ ਨਹੀਂ ਆਈ। ਪਤਾ ਨਹੀਂ ਕੀ ਭਾਣਾ ਵਰਤ ਗਿਆ। ਮਿਹਰਬਾਨੀ ਕਰ ਕੇ ਮੇਰੇ ਇੱਜੜ ਦਾ ਧਿਆਨ ਰੱਖਿਓæææ ਮੈਂ ਪਿੰਡ ਜਾ ਕੇ ਜਲਦੀ ਪਰਤ ਆਵਾਂਗਾ।” ਚਰਵਾਹੇ ਨੇ ਬੇਨਤੀ ਕੀਤੀ।
“ਤੈਨੂੰ ਇੱਜੜ ਦੀ ਪਈ ਹੈ, ਮੈਂ ਅੱਗੇ ਹੀ ਸਤਿਆ ਪਿਆ ਹਾਂ। ਜਾਹ ਦਫ਼ਾ ਹੋ ਜਾ।” ਹੱਥ ਦਾ ਇਸ਼ਾਰਾ ਕਰਦਾ ਲੱਕੜਹਾਰਾ ਬੋਲਿਆ।
ਦਫ਼ਾ ਹੋ ਜਾ ਨੂੰ ḔਹਾਂḔ ਦੀ ਸਵੀਕ੍ਰਿਤੀ ਸਮਝ, ਚਰਵਾਹਾ ਪਿੰਡ ਨੂੰ ਹੋ ਤੁਰਿਆ।
ਵਾਪਸ ਆਇਆ, ਭੇਡ-ਬੱਕਰੀਆਂ ਦੀ ਗਿਣਤੀ ਕੀਤੀ। ਸਭ ਠੀਕ। ਤਸੱਲੀ ਹੋਈ। ਸੋਚਿਆ, ਕਿਉਂ ਨਾ ਲੱਕੜਹਾਰੇ ਦਾ ਸ਼ੁਕਰੀਆ ਕਰ ਆਵਾਂ ਜਿਸ ਨੇ ਇੱਜੜ ਦੀ ਰਖਵਾਲੀ ਕੀਤੀ। ਤੁਰਿਆ, ਫਿਰ ਮੁੜਿਆ। ਖਾਲੀ ਹੱਥ ਜਾਣਾ ਚੰਗਾ ਨਹੀਂ, ਕੋਈ ਭੇਟ ਲੈ ਜਾਵਾਂ। ਬਿਮਾਰ ਤੇ ਲੰਗੜੀ ਭੇਡ ਵੱਲ ਧਿਆਨ ਗਿਆ। ਇਹ ਦੇ ਦਿੰਦਾ ਹਾਂ, ਮੇਰੇ ਤਾਂ ਕੰਮ ਦੀ ਨਹੀਂ। ਮਨ ਬੜਾ ਸ਼ੈਤਾਨ ਹੈ, ਦੰਭੀ ਹੈ। ਦੇਣ ਵੇਲੇ ਵੀ ਆਪਣੇ ਲੋਭ ਦੀ ਸੋਚਦਾ ਹੈ। ਲੰਗੜੀ ਭੇਡ ਦੇ ਗਲ ਰੱਸਾ ਪਾ, ਖਿੱਚਦਾ ਹੋਇਆ ਲੱਕੜਹਾਰੇ ਕੋਲ ਜਾ ਪਹੁੰਚਿਆ।
“ਜਨਾਬ, ਤੁਹਾਡਾ ਧੰਨਵਾਦ। ਤੁਸੀਂ ਮੇਰੇ ਇੱਜੜ ਦਾ ਧਿਆਨ ਰੱਖਿਆ। ਕ੍ਰਿਪਾ ਕਰ ਕੇ ਮੇਰੀ ਇਹ ਤੁਛ ਭੇਟ ਸਵੀਕਾਰ ਕਰੋ, ਧੰਨਵਾਦੀ ਹੋਵਾਂਗਾ।” ਉਸ ਨੇ ਲੰਗੜੀ ਭੇਡ ਵੱਲ ਇਸ਼ਾਰਾ ਕੀਤਾ।
“ਭਾਈ ਸਾਹਿਬ, ਮੈਂ ਤਾਂ ਤੇਰੇ ਇੱਜੜ ਵੱਲ ਦੇਖਿਆ ਤੱਕ ਨਹੀਂ, ਮੈਂ ਟੰਗ ਕਿਵੇਂ ਤੋੜ ਸਕਦਾ ਹਾਂ। ਤੂੰ ਝੂਠਾ ਦੋਸ਼ ਲਾ ਰਿਹਾ ਏਂ।” ਲੱਕੜਹਾਰਾ ਗੁੱਸੇ ਵਿਚ ਬੋਲਿਆ।
ਵਿਵਾਦ ਵਧ ਗਿਆ। ਇਕ ਦੇ ਰਿਹਾ ਹੈ, ਦੂਜਾ ਇਨਕਾਰੀ ਹੈ। ਕਿਹਾ ਕੁਝ ਹੋਰ ਜਾ ਰਿਹਾ ਹੈ, ਸਮਝਿਆ ਕੁਝ ਹੋਰ ਜਾ ਰਿਹਾ ਹੈ। ਬੋਲਾ ਹੋਣਾ ਦੂਜੇ ਤੋਂ ਟੁੱਟ ਜਾਣਾ ਹੈ। ਬੜੀ ਵੱਡੀ ਸਮੱਸਿਆ ਖੜ੍ਹੀ ਹੋ ਗਈ।
ਦੂਰੋਂ ਇਕ ਹੋਰ ਬੋਲਾ ਬੰਦਾ ਘੋੜਾ ਦੁੜਾਈ ਉਨ੍ਹਾਂ ਵੱਲ ਆ ਰਿਹਾ ਸੀ। ਇਹ ਸੋਚ ਕੇ, ਕਿ ਘੋੜੇ ਵਾਲੇ ਕੋਲੋਂ ਫੈਸਲਾ ਕਰਵਾ ਲੈਂਦੇ ਹਾਂ, ਦੋਹਾਂ ਨੇ ਘੋੜੇ ਦੀਆਂ ਲਗਾਮਾਂ ਖਿੱਚ ਲਈਆਂ। ਘੋੜੇ ਵਾਲੇ ਦਾ ਤ੍ਰਾਹ ਨਿਕਲ ਗਿਆ।
“ਜਨਾਬ ਮੈਂ ਇਸ ਨੂੰ ਲੰਗੜੀ ਭੇਡ ਭੇਟ ਕਰ ਰਿਹਾ ਹਾਂ। ਇਹ ਲੈਂਦਾ ਹੀ ਨਹੀਂ।” ਚਰਵਾਹਾ ਬੋਲਿਆ।
“ਜਨਾਬ ਜਦੋਂ ਮੈਂ ਇਸ ਦੇ ਇੱਜੜ ਕੋਲ ਗਿਆ ਹੀ ਨਹੀਂ, ਮੈਂ ਭੇਡ ਦੀ ਟੰਗ ਕਿਵੇਂ ਤੋੜ ਸਕਦਾ ਹਾਂ। ਇਹ ਮੇਰੇ ‘ਤੇ ਝੂਠਾ ਇਲਜ਼ਾਮ ਲਾ ਰਿਹਾ ਹੈ।” ਲੱਕੜਹਾਰੇ ਨੇ ਤਰਲਾ ਕੀਤਾ।
ਘੋੜੇ ਵਾਲਾ ਸ਼ਖ਼ਸ ਚੋਰ ਸੀ, ਘੋੜਾ ਚੋਰੀ ਕਰ ਕੇ ਲਿਆਇਆ ਸੀ। ਉਸ ਨੇ ਸਮਝਿਆ ਕਿ ਘੋੜਾ ਇਨ੍ਹਾਂ ਦੋਹਾਂ ਦਾ ਹੈ। ਸੋਚਿਆ, ਅੱਜ ਫੜਿਆ ਗਿਆ ਹਾਂ।
“ਜਨਾਬ ਤੁਸੀਂ ਇਹ ਆਪਣਾ ਘੋੜਾ ਲੈ ਲਓ, ਮੈਂ ਸਹੁੰ ਖਾਂਦਾ ਹਾਂ ਕਿ ਅੱਗੇ ਤੋਂ ਚੋਰੀ ਨਹੀਂ ਕਰਾਂਗਾ। ਮੈਨੂੰ ਜਾਣ ਦਿਓ।”
ਤਿੰਨੇ ਬੋਲੇ ਹਨ, ਕੋਈ ਕਿਸੇ ਦੀ ਸਮਝ ਨਹੀਂ ਰਿਹਾ, ਵਿਵਾਦ ਚੱਲ ਰਿਹਾ ਹੈ।
ਸਰੀਰ ਦਾ ਕੋਈ ਅੰਗ ਜੇ ਰੋਗੀ ਹੋ ਜਾਵੇ ਤਾਂ ਪੀੜਾ ਸਮੁੱਚੇ ਸਰੀਰ ਨੂੰ ਝੱਲਣੀ ਪੈਂਦੀ ਹੈ। ਜੇ ਆਤਮਾ ਹੀ ਰੋਗੀ (ਬੋਲੀ) ਹੋ ਜਾਵੇ ਤਾਂ ਫਿਰ ਕੀ ਹੋਵੇਗਾ, ਸੋਚਿਆ ਹੈ ਕਦੀ?
ਜੋ ਸ਼ਕਤੀਆਂ ਤੁਹਾਡੇ ਅੰਦਰ ਹਨ, ਜੇ ਉਨ੍ਹਾਂ ਦਾ ਵਿਨਾਸ਼ ਕਰ ਲਵੋ, ਤਾਂ ਇਹ ਨਰਕ ਦਾ ਰਾਹ ਹੈ। ਜੋ ਸ਼ਕਤੀਆਂ ਤੁਹਾਡੇ ਅੰਦਰ ਹਨ, ਜੇ ਉਨ੍ਹਾਂ ਦੀ ਸਿਰਜਣਾ ਕਰ ਲਵੋ, ਇਹ ਸਵਰਗ ਦਾ ਰਾਹ ਹੈ। ਅਸੀਂ ਬਾਹਰ ਦੇ ਰਾਹ ‘ਤੇ ਜਿੰਨਾ ਵੀ ਦੌੜਾਂਗੇ, ਜੇ ਉਸ ਦਾ ਦਸਵਾਂ ਹਿੱਸਾ ਵੀ ਅੰਦਰ ਦੇ ਰਾਹ ‘ਤੇ ਲੈ ਜਾਈਏ ਤਾਂ ਅਸੀਂ ਆਪਣੇ ਕੋਲ ਪਹੁੰਚ ਸਕਦੇ ਹਾਂ। ਜਿਹੜਾ ਆਪਣੇ ਤੱਕ ਨਹੀਂ ਪਹੁੰਚਿਆ, ਉਹ ਕਿਤੇ ਨਹੀਂ ਪਹੁੰਚਿਆ। ਜਿੰਨੀ ਅੰਦਰ ਅਸ਼ਾਂਤੀ ਹੈ, ਉਨੀ ਬਾਹਰ ਭਟਕਣਾ ਹੋਵੇਗੀ। ਆਪਣਾ ਨਰਕ ਸਵਰਗ ਅਸੀਂ ਆਪ ਲੈ ਕੇ ਚੱਲਦੇ ਹਾਂ। ਅੰਦਰ ਦਾ ਵਾਰਤਾਲਾਪ ਜਿਹੜਾ ਤੋੜੇਗਾ, ਉਹ ਹੀ ਸੁਣਨ ਵਿਚ ਸਮਰੱਥ ਹੋਵੇਗਾ। ਸੁਣਨ ਦੀ ਕਲਾ ਆ ਗਈ ਤਾਂ ਤੁਸੀਂ ਹਵਾਵਾਂ ਦੇ ਬੋਲ ਵੀ ਸੁਣ ਸਕੋਗੇ।
ੴ ਦੇ ਨਾਦ ਦੀ ਧੁਨ ਸੁਣਾਈ ਦੇਵੇਗੀ। ੴ ਸਤਿਨਾਮ ਜਿਸ ਦੇ ਮਨ ਵਿਚ ਵਸ ਗਿਆ, ਸਮਝੋ ਉਹ ਪਾ ਗਿਆ, ਭੈਅ ਤੋਂ ਮੁਕਤ ਹੋ ਗਿਆ। ਭੈਅ ਆਪਣੇ ਤੋਂ ਹੈ, ਆਪਣੇ ਅੰਦਰ ਤੋਂ। ਸਾਰੇ ਧਰਮ ਭੈਅ ਸਿਖਾਉਂਦੇ ਹਨ, ਪ੍ਰੇਮ ਨਹੀਂ। ਡਰੇ ਹੋਏ ਆਦਮੀ ਹੀ ਧਾਰਮਿਕ ਸਥਾਨਾਂ ਵੱਲ ਜਾਂਦੇ ਹਨ; ਪ੍ਰੇਮ ਨਾਲ, ਸ਼ੁੱਧ ਹਿਰਦੇ ਨਾਲ ਕੋਈ ਨਹੀਂ ਜਾਂਦਾ।
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ
ਹਿਰਦਾ ਸੁਧੁ ਨ ਹੋਈ॥
ਅਨਦਿਨੁ ਕਰਮ ਕਰਹਿ ਬੁਹਤੇਰੇ
ਸੁਪਨੈ ਸੁਖੁ ਨ ਹੋਈ॥
Leave a Reply