ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪ੍ਰਚੱਲਤ ਲੋਕ ਭਾਖਿਆ ਅਨੁਸਾਰ ਬਿੱਲੀ ਨੂੰ ਸ਼ੇਰ ਦੀ ਮਾਸੀ ਕਿਹਾ ਜਾਂਦਾ ਹੈ। ਮਾਸੀ ਭਾਣਜੇ ਦੀ ਇਸ ਜੋੜੀ ਵਿਚਕਾਰ ਹੋਈ ਉਸਤਾਦੀ-ਸ਼ਾਗਿਰਦੀ ਬਾਬਤ ਵੀ ਰੌਚਕ ਕਹਾਣੀ ਸੁਣੀ-ਸੁਣਾਈ ਜਾਂਦੀ ਹੈ। ਅਖੇ, ਇਕ ਵਾਰ ਬਿੱਲੀ, ਸ਼ੇਰ ਨੂੰ ਚੁਸਤੀ-ਫ਼ੁਰਤੀ ਦੇ ਦਾਅ-ਪੇਚ ਸਿਖਾ ਰਹੀ ਸੀ। ਸ਼ਿਕਾਰ ਨਜ਼ਰੀਂ ਪੈਣ ‘ਤੇ ਛਹਿ ਜਾਣਾ, ਫ਼ਿਰ ਇਕ ਦਮ ਹਮਲਾਵਰ ਹੋ ਕੇ ਉਸ ਨੂੰ ਦਬੋਚਣਾ, ਇਸ ਸਭ ਕਾਸੇ ਦੀ ਟਰੇਨਿੰਗ ਦਿੱਤੀ ਜਾ ਰਹੀ ਸੀ। ਜਦ ਉਸ ਨੇ ਇਨ੍ਹਾਂ ਗੁਣਾਂ ਵਿਚ ਸ਼ੇਰ ਨੂੰ ਨਿਪੁੰਨ ਕਰ ਦਿੱਤਾ, ਤਦ ਪੈਂਦੀ ਸੱਟੇ ਸ਼ੇਰ ਦਹਾੜਦਾ ਹੋਇਆ ਬਿੱਲੀ ਨੂੰ ਹੀ ਖਾਣ ਪੈ ਗਿਆ। ਚਾਬੀ ਦਿੱਤੇ ਖਿਡਾਉਣੇ ਵਾਂਗ ਬਿੱਲੀ ਬੜੀ ਫ਼ੁਰਤੀ ਨਾਲ ਲਾਗੇ ਦੇ ਦਰਖ਼ਤ ਉਪਰ ਜਾ ਚੜ੍ਹੀ। ਟਾਹਣ ‘ਤੇ ਬੈਠੀ ਮੁੱਛਾਂ ਸੰਵਾਰਦੀ ਬਿੱਲੀ ਵੱਲ ਦੇਖ ਕੇ ਸ਼ੇਰ ਛਿੱਥਾ ਜਿਹਾ ਹੁੰਦਿਆਂ ਕਹਿੰਦਾ, “ਮਾਸੀ, ਸ਼ਿਕਾਰ ਮਗਰ ਛੜੱਪਾ ਮਾਰ ਕੇ ਦਰਖਤ ਉਪਰ ਚੜ੍ਹਨ ਵਾਲਾ ਦਾਅ ਤੂੰ ਮੈਨੂੰ ਕਿਉਂ ਨਹੀਂ ਸਿਖਾਇਆ?”
“ਭਾਣਜਿਆ!ææææ”, ਖਚਰੀ ਹਾਸੀ ਹੱਸਦਿਆਂ ਬਿੱਲੀ ਬੋਲੀ, “ਬੱਚੂ, ਜੇ ਇਹ ਦਾਅ ਵੀ ਤੈਨੂੰ ਦੱਸਿਆ ਹੁੰਦਾ, ਤਦ ਅੱਜ ਮੇਰੀ ਜਾਨ ਨਹੀਂ ਸੀ ਬਚਣੀ।”
ਸਾਡੇ ਲੋਕਯਾਨ ਦੀ ਇਸ ਕਥਾ ਵਾਲੀ ਬਿੱਲੀ ਨੇ ਚਲਾਕੀ ਨਾਲ ਸਿਰਫ ਖੁਦ ਨੂੰ ਹੀ ਬਚਾਇਆ ਸੀ, ਪਰ ਮਹਾਨ ਲੇਖਕ ਤਾਲਸਟਾਏ ਨੇ ਐਸੀ ਸੁਘੜ ਸਿਆਣੀ ਬਿੱਲੀ ਦੀ ਕਹਾਣੀ ਲਿਖੀ ਜਿਸ ਨੇ ਸ਼ੇਰ ਪਾਸੋਂ ਸਿਰਫ਼ ਆਪਣੀ ਹੀ ਜਾਨ ਨਹੀਂ ਬਚਾਈ, ਸਗੋਂ ਜੰਗਲ ਦੇ ਹੋਰ ਅਨੇਕਾਂ ਜਾਨਵਰਾਂ ਨੂੰ ਵੀ ਉਸ ਤੋਂ ਭੈਅ-ਮੁਕਤ ਕਰਾਇਆ ਸੀ। ਜੰਗਲ ਵਿਚ ਕਿਵੇਂ ਇਕ ਬੁੱਢਾ ਮੱਕਾਰ ਤੇ ਢੌਂਗੀ ਸ਼ੇਰ, ਬੜੀ ਜੁਗਤ ਨਾਲ ਬਿਨਾਂ ਕੋਈ ਤਰੱਦਦ ਕੀਤਿਆਂ ਜਾਨਵਰਾਂ ਨੂੰ ਆਪਣੀ ਅਹਾਰ ਪੂਰਤੀ ਲਈ ਵਰਤਣ ਲੱਗਿਆ, ਤੇ ਕਿਵੇਂ ਬਿੱਲੀ ਨੇ ਉਹਦਾ ਪਾਜ ਉਘਾੜ ਕੇ ਕਿੰਜ ਉਸ ਨੂੰ ਠੁੱਠ ਵਿਖਾਇਆ! ਸੰਘਣੇ ਜੰਗਲ ਵਿਚ ਹੋਈ ਬੀਤੀ ਇਸ ਦਿਲਚਸਪ ਤੇ ਵਿਅੰਗਮਈ ਕਹਾਣੀ ਦੀ ਲੜੀ ਛੋਹਣ ਤੋਂ ਪਹਿਲਾਂ, ਆਪਾਂ ਪੰਜਾਬ ਦੇ ਸਿਆਸੀ ਜੰਗਲ ਵਲ ਵੀ ਗੇੜਾ ਮਾਰ ਲਈਏ, ਕਿਉਂਕਿ ਉਥੇ ਵੀ ਲਗਭਗ ‘ਜੰਗਲ ਰਾਜ’ ਜੈਸਾ ਹੀ ਮਾਹੌਲ ਬਣਿਆ ਹੋਇਆ ਹੈ।
ਤਾਲਸਟਾਏ ਦੀ ਕਹਾਣੀ ਵਾਂਗ ਕੋਈ ਸਿਆਸੀ ਆਗੂ ਫਰੇਬ ਦੀ ਸਿਆਸਤ ਦੇ ਸਿਰ ‘ਤੇ ਸ਼ੇਰ ਬਣਿਆ ਹੋਇਆ, ਕਈ ਜਾਨਵਰਾਂ ਵਾਂਗ ਉਸ ਦਾ ਸ਼ਿਕਾਰ ਬਣ ਰਹੇ ਹਨ। ਪੰਜ ਦਰਿਆਵਾਂ ਦੀ ਉਸ ਧਰਤੀ ‘ਤੇ ਛਾਏ ਹੋਏ ਜੰਗਲੀਪੁਣੇ ਉਤੇ ਐਨ ਢੁਕਵਾਂ, ਸ਼ਾਇਰ ਗੁਰਦੀਪ ਦਾ ਇਕ ਸ਼ਿਅਰ ਵੀ ਹੈ,
ਜੰਗਲ ਤੇ ਸ਼ਹਿਰ ਦੀ ਹੱਦ ‘ਤੇ
ਪਹਿਰਾ ਨਹੀਂ ਕੋਈ।
ਸ਼ਹਿਰ ਅੰਦਰ ਜੇ ਵਧ ਆਇਆ ਹੈ ਜੰਗਲ,
ਕੋਈ ਅਨਹੋਣੀ ਨਹੀਂ ਹੋਈ।
ਅੱਗੇ ਵਰਣਨ ਕੀਤੀ ਜਾ ਰਹੀ ਰੂਸੀ ਕਹਾਣੀ ਪੂਰੇ ਲੁਤਫ ਨਾਲ ਪੜ੍ਹਨ ਲਈ ਪੰਜਾਬ ਦੇ ਸਿਆਸੀ ਤੇ ਰਾਜਸੀ ਪਿੜ ਦਾ ਜ਼ਿਕਰ ਕਰ ਰਿਹਾ ਹਾਂ, ਕਿਉਂ ਜੋ ਉਸ ਕਹਾਣੀ ਦੇ ਕੁਝ-ਕੁਝ ਨਕਸ਼ ਪੰਜਾਬ ਦੇ ਮੌਜੂਦਾ ਹੁਕਮਰਾਨਾਂ ਦੀ ਸਿਆਸੀ ਕਾਰਜਸ਼ੈਲੀ ਨਾਲ ਮਿਲਦੇ-ਜੁਲਦੇ ਹਨ। ਪੰਜਵੀਂ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ। ਨਿੱਤ ਦਿਨ ਦੀ ਭੱਜ-ਦੌੜ ਕਰਦਿਆਂ ਭਾਵੇਂ ਉਹ ਗੱਭਰੂਆਂ ਨੂੰ ਵੀ ਮਾਤ ਪਾਉਂਦੇ ਹਨ, ਪਰ ਜੇ ਗੁਰਬਾਣੀ ਦੇ ਇਕ ਸ਼ਬਦ ਦੇ ਖਾਕੇ ਅਨੁਸਾਰ ਦੇਖੀਏ ਤਾਂ ਉਨ੍ਹਾਂ ਦੀ ਉਮਰ ‘ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ’ ਦੀ ਹੱਦ ਪਾਰ ਕਰ ਚੁੱਕੀ ਹੈ।
ਆਪਣੇ ਜੁੱਗਾਂ ਜਿੱਡੇ ਲੰਮੇ ਸਿਆਸੀ ਜੀਵਨ ਵਿਚ ਉਨ੍ਹਾਂ ਨੇ ਅਨੇਕਾਂ ਧੁਰੰਧਰ ਸ਼ਖ਼ਸੀਅਤਾਂ ਨੂੰ ਧੋਬੀ ਪਟਕੇ ਮਾਰੇ, ਪਰ ਖੁਦ ਉਹ ਸ਼ਾਇਦ ਹੀ ਕਦੇ ਕਿਸੇ ਦੀ ਅਜਿਹੀ ਮਾਰ ਹੇਠ ਆਏ ਹੋਣ। ਵਿਰੋਧੀ ਨੂੰ ਟਿਕਾਣੇ ਲਾਉਣ ਦਾ ਉਨ੍ਹਾਂ ਦਾ ਸਟਾਈਲ ਇੰਨਾ ਅਜੀਬ ਹੈ ਕਿ ਉਨ੍ਹਾਂ ਦੇ ਨਿਸ਼ਾਨੇ ਹੇਠ ਆਏ ਸ਼ਿਕਾਰ ਨੂੰ ਕੋਈ ਖ਼ਬਰ ਨਹੀਂ ਹੁੰਦੀ ਕਿ ਉਹਦੇ ਉਤੇ ਗੁਲੇਲਾ ਖਿੱਚਿਆ ਜਾ ਚੁੱਕਿਆ ਹੈ। ਇਹ ਜ਼ਰੂਰੀ ਨਹੀਂ ਕਿ ਉਹ ਦੁਸ਼ਮਣ ਨੂੰ ਦਾੜ੍ਹ ਹੇਠ ਆਏ ਨੂੰ ਚਿੱਥਣ, ਸਗੋਂ ਉਨ੍ਹਾਂ ਦੀਆਂ ਮਿੱਠੀਆਂ ਗੋਲੀਆਂ ਵੀ ਸਲਫ਼ਾਸ ਹੋ ਨਿਬੜਦੀਆਂ ਹਨ। ਉਨ੍ਹਾਂ ਦੀ ਇਸ ਅਨੋਖੀ ਰਾਜਨੀਤੀ (ਅਸਲ ਵਿਚ ਕੁਟਲ ਨੀਤੀ) ਦਾ ਲੋਹਾ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਹਨ।
ਮੈਨੂੰ ਸ੍ਰੀ ਬਾਦਲ ਬਾਰੇ ਸ਼੍ਰੋਮਣੀ ਕਮੇਟੀ ਦੇ ਇਕ ਬਜ਼ੁਰਗ ਆਗੂ ਦੀ ਕਹੀ ਗੱਲ ਯਾਦ ਆਉਂਦੀ ਹੈ। ਉਹ ਕਹਿੰਦੇ ਹੁੰਦੇ ਸਨ ਕਿ ਬਾਦਲ ਜੇ ਕਿਸੇ ਦਾ ਨਾਂ ਲੈ ਕੇ ਆਖਣ, ਕਿ ਮੈਂ ਤਾਂ ਫ਼ਲਾਣਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ, ਤਦ ਸਮਝੋ ਕਿ ਉਹ, ਉਸ ਦਾ ਸਤਿਕਾਰ ਨਹੀਂ ਸਗੋਂ ‘ਅੰਤਿਮ ਸੰਸਕਾਰ’ ਕਰਨ ਦੀ ਤਿਆਰੀ ਕਰ ਰਹੇ ਨੇ! ਫਿਰ ਸਮਝੋ ਕਿ ਉਸ ਫ਼ਲਾਣਾ ਸਿੰਘ ਦਾ ‘ਕੀਰਤਨ ਸੋਹਿਲਾ’ ਪੜ੍ਹਿਆ ਜਾਣ ਵਾਲਾ ਹੈ। ਪੁਰਾਣੀਆਂ ਪਨ੍ਹੀਣੀਆਂ ਨਾ ਵੀ ਪੁਣੀਏ, ਆਪਣੇ ਸਮਿਆਂ ਵੱਲ ਹੀ ਝਾਤ ਮਾਰ ਕੇ ਦੇਖੀਏ ਕਿ ਬਾਦਲ ਨੇ ਕਿਸੇ ਨੂੰ ਖੂੰਜੇ ਲਾਇਆ, ਕਿਸੇ ਨੂੰ ਚਿੱਥ ਸੁਟਿਆ, ਕਿਸੇ ਨੂੰ ਰਗੜਾ ਫ਼ੇਰਿਆ, ਕਿਸੇ ਨੂੰ ਅਹੁਦਿਆਂ ਦੀ ‘ਡੋਜ਼’ ਨਾਲ ਸੁਲਾ ਦਿੱਤਾ, ਕਿਸੇ ਨੂੰ ਉਸ ਦਾ ‘ਸ਼ਰੀਕ’ ਤਕੜਾ ਕਰ ਕੇ ਬੇਵੱਸ ਬਣਾਇਆ ਅਤੇ ਕਿਸੇ ਨੂੰ ਜੂਸ ਦਾ ਗਲਾਸ ਪਿਲਾ ਕੇ ਹੀ ‘ਕਾਣਾ’ ਕਰ ਦਿੱਤਾ।
ਇਥੇ ਮੈਂ ਬਾਦਲ ਦੀ ਵੱਡੀ ਉਮਰ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ‘ਸ਼ਿਕਾਰ’ ਬਣ ਚੁੱਕਿਆ ਦੀ ਗਿਣਤੀ-ਮਿਣਤੀ ਦੇ ਚੱਕਰ ਵਿਚ ਨਹੀਂ ਪੈਣਾ; ਇਹ ਕੰਮ ਤਾਂ ਇਤਿਹਾਸ ਨੇ ਕਰਨਾ ਹੈ ਜੋ ਫੈਸਲਾ ਕਰਨ ਲੱਗਿਆਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਮਸਲਨ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਬੇਸ਼ੱਕ ਧਿਆਨ ਸਿੰਘ ਡੋਗਰਾ ਪ੍ਰਧਾਨ ਮੰਤਰੀ ਹੁੰਦਾ ਸੀ, ਪਰ ਸਿੱਖ ਇਤਿਹਾਸ ਨੇ ਉਸ ਨੂੰ ਕੌਮਘਾਤੀ ਦਾ ਲਕਬ ਦਿੱਤਾ ਹੋਇਆ ਹੈ। ਹੁਣ ਕਿਸੇ ਹੋਰ ਭੇਣੇ ਵਿਚ ਪੈਣ ਦੀ ਬਜਾਏ ਆਪਾਂ ਤਾਲਸਟਾਏ ਦੀ ਕਹਾਣੀ ਨਾਲ ਗੱਲ ਮੁਕਾਈਏæææ
ਕਹਿੰਦੇ, ਜੰਗਲ ਵਿਚ ਇਕ ਸ਼ੇਰ ਕਾਫੀ ਬੁੱਢਾ ਹੋ ਗਿਆ। ਸ਼ਿਕਾਰ ਮਾਰਨ ਵਿਚ ਅਸਮਰੱਥ ਰਹਿਣ ਕਰ ਕੇ ਉਹ ਨੂੰ ਕਈ-ਕਈ ਡੰਗ ਭੁੱਖਾ ਰਹਿਣਾ ਪੈਂਦਾ। ਇਕ ਸ਼ਾਮ ਭੁੱਖਣ-ਭਾਣੇ ਬੈਠੇ ਨੂੰ ਤਰਕੀਬ ਸੁੱਝੀ। ਉਸ ਨੇ ਆਪਣੇ ਇਕ ਬਘਿਆੜ ਮਿੱਤਰ ਰਾਹੀਂ ਜੰਗਲ ਦੇ ਸਾਰੇ ਜਾਨਵਰਾਂ ਨੂੰ ਸੂਚਿਤ ਕਰ ਦਿੱਤਾ ਕਿ ਉਹ ਸਖ਼ਤ ਬਿਮਾਰ ਹੋ ਗਿਆ ਹੈ, ਪਤਾ ਨਹੀਂ ਕਿੰਨੇ ਦਿਨਾਂ ਦਾ ਪ੍ਰਾਹੁਣਾ ਹੈ, ਬੱਸ ਹੁਣ ਉਹਨੇ ਆਪਣੀ ਗੁਫ਼ਾ ਵਿਚ ਲੰਮਾ ਪੈ ਜਾਣਾ ਹੈ, ਤੁਸੀਂ ਸਾਰੇ ਵਾਰੋ-ਵਾਰੀ ਉਹਦੀ ਖਬਰਸਾਰ ਲਈ ਆਈ ਜਾਇਓ।
ਲਓ ਜੀ, ਹੋ ਗਿਆ ਮਿਜਾਜ਼-ਪੁਰਸ਼ੀ ਦਾ ਸਿਲਸਿਲਾ ਸ਼ੁਰੂ। ਜੰਗਲ ਦੇ ਸਮੂਹ ਜੀਆ-ਜੰਤ ਨੂੰ ਆਪਣੇ ਬਜ਼ੁਰਗ ਬਾਦਸ਼ਾਹ ਉਤੇ ਪੂਰਨ ਭਰੋਸਾ ਆ ਗਿਆ। ਵਾਰੀਆਂ ਸ਼ੁਰੂ ਹੋ ਗਈਆਂ। ਪਹਿਲੇ ਦਿਨ ਹਿਰਨ, ਸ਼ੇਰ ਦੀ ਖਬਰ ਲੈਣ ਲਈ ਉਸ ਦੀ ਗੁਫਾ ਵਿਚ ਗਿਆ। ਸ਼ਾਮ ਪੈ ਗਈ, ਕਾਫ਼ੀ ਹਨੇਰਾ ਹੋ ਗਿਆ, ਪਰ ਹਿਰਨ ਵਾਪਸ ਘਰ ਨਾ ਪਹੁੰਚਿਆ। ਦੂਜੇ ਦਿਨ ਗਧੇ ਦੀ ਵਾਰੀ ਆ ਗਈ। ਉਹਦੀ ਘਰਵਾਲੀ ਵੀ ਉਡੀਕ-ਉਡੀਕ ਥੱਕ ਗਈ, ਪਰ ਗਧਾ ਵਾਪਸ ਮੁੜ ਕੇ ਨਾ ਆਇਆ।
ਆਪੋ ਆਪਣੀ ਵਾਰੀ ਅਨੁਸਾਰ ਸਾਰੇ ਜਾਨਵਰ ਬੁੱਢੇ ਸ਼ੇਰ ਦੀ ਖਬਰ ਨੂੰ ਤਾਂ ਜਾਂਦੇ ਰਹੇ, ਪਰ ਉਹ ਇਸ ਗੱਲੋਂ ਚਿੰਤਤ ਹੋਏ ਕਿ ਖ਼ਬਰਸਾਰ ਲੈਣ ਜਾਣ ਵਾਲੇ ਆਖਰ ਚਲੇ ਕਿਥੇ ਜਾਂਦੇ ਨੇ? ਮੁੜ ਕੇ ਉਨ੍ਹਾਂ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ ਲੱਭਦਾ। ਉਨ੍ਹਾਂ ਨੂੰ ਕਿਹੜੀ ਧਰਤੀ ਨਿਗਲ ਲੈਂਦੀ ਹੈ? ਇਸ ਖਤਰਨਾਕ ਵਰਤਾਰੇ ਦਾ ਕੋਈ ਥਹੁ ਪਤਾ ਲੱਭਣ ਲਈ, ਜੰਗਲ ਦੇ ਸਾਰੇ ਜਾਨਵਰਾਂ ਨੇ ਹੰਗਾਮੀ ਮੀਟਿੰਗ ਕੀਤੀ। ਸਾਰੇ ਅਧਿਕਾਰ ਕਿਸੇ ਇਕ ਦੇ ਬੋਝੇ ਵਿਚ ਪਾਉਣ ਦੀ ਥਾਂ ਉਨ੍ਹਾਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਬਿੱਲੀ ਸ਼ੇਰ ਦੀ ਮਾਸੀ ਸਦਾਉਂਦੀ ਹੈ, ਨਾਲੇ ਇਹ ਸਿਆਣੀ ਤੇ ਚੁਸਤ ਚਲਾਕ ਵੀ ਹੈ। ਸਮੁੱਚੇ ਮਾਮਲੇ ਦੀ ਤਹਿਕੀਕਾਤ ਕਰਨ ਦੀ ਜ਼ਿੰਮੇਵਾਰੀ ਇਸ ਨੂੰ ਸੌਂਪ ਦਿਓ। ਬਿੱਲੀ ਨੇ ਹੌਸਲਾ ਜਿਹਾ ਧਾਰ ਕੇ ਜੰਗਲੀ ਭਾਈਚਾਰੇ ਨਾਲ ਵਾਅਦਾ ਕੀਤਾ ਕਿ ਉਹ ਕੱਲ੍ਹ ਸ਼ਾਮ ਸ਼ੇਰ ਕੋਲ ਜਾਣ ਵਾਲਿਆਂ ਦੀ ਹੋਣੀ ਦਾ ਪਤਾ ਲਗਾ ਲਵੇਗੀ। ਉਸ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਕੱਲ੍ਹ ਨੂੰ ਸ਼ੇਰ ਕੋਲ ਹੋਰ ਕੋਈ ਨਾ ਜਾਵੇ, ਉਹ ਖੁਦ ਹੀ ਜਾਵੇਗੀ।
ਦੂਜੇ ਦਿਨ ਬਿੱਲੀ ਜਾਣ ਬੁੱਝ ਕੇ ਸ਼ੇਰ ਕੋਲ ਕਾਫ਼ੀ ਲੇਟ ਪਹੁੰਚੀ। ਜਾਂਦਿਆਂ ਹੀ ਉਸ ਨੇ ਸ਼ੇਰ ਦੀ ਗੁਫ਼ਾ ਦਾ ਆਲਾ-ਦੁਆਲਾ ਬੜੇ ਗਹੁ ਨਾਲ ਤੱਕਿਆ। ਮਲਕ-ਮਲਕ ਪੈਰ ਧਰਦੀ ਉਹ ਗੁਫ਼ਾ ਦੇ ਮੁੱਖ ਦੁਆਰ ਦੀ ਧਰਤੀ ਸੁੰਘਣ ਲੱਗ ਪਈ। ਵੱਖ-ਵੱਖ ਜਾਨਵਰਾਂ ਦੀਆਂ ਪੈੜਾਂ ਦੇ ਨਿਸ਼ਾਨ ਦੇਖ ਕੇ ਉਸ ਨੇ ਇਕ ਦਮ ਕੰਨ ਛੰਡਕੇ। ਫ਼ੁਰਤੀ ਨਾਲ ਪਿਛਲ ਖੁਰੀ ਮੁੜਦੀ ਉਹ ਗੁਫਾ ਦੇ ਬਾਹਰ ਆ ਕੇ ਬਹਿ ਗਈ। ਅੰਦਰੋਂ ਸ਼ੇਰ ਨੇ ਬਿੜਕ ਸੁਣ ਕੇ ਪੁੱਛਿਆ, “ਕੌਣ ਹੈ ਬਈ?” ਬੜੀ ਨਿਮਰਤਾ ਨਾਲ ਬਿੱਲੀ ਕਹਿੰਦੀ, “ਮੈਂ ਤਾਂ ਭਾਣਜਿਆ, ਤੇਰੀ ਖ਼ਬਰ ਨੂੰ ਆਈ ਹਾਂ।”
“ਬਾਹਰੋਂ ਹੀ ਗੱਲਾਂ ਮਾਰੀ ਜਾਨੀ ਐਂ, ਅੰਦਰ ਆ ਕੇ ਮੇਰਾ ਹਾਲ-ਚਾਲ ਪੁੱਛ ਤਾਂ?” ਸ਼ੇਰ ਗੁੱਸੇ ਹੁੰਦਾ ਬੋਲਿਆ। “ਅੰਦਰ ਮੈਂ ਇਸ ਕਰ ਕੇ ਨਹੀਂ ਆ ਰਹੀ, ਕਿਉਂਕਿ ਤੇਰੀ ਰਾਜ਼ੀ-ਖੁਸ਼ੀ ਪੁੱਛਣ ਆਏ ਸਾਰੇ ਜਾਨਵਰਾਂ ਦੀਆਂ ਪੈੜਾਂ ਗੁਫ਼ਾ ਦੇ ਅੰਦਰ ਵੱਲ ਤਾਂ ਜਾਂਦੀਆਂ ਹਨ, ਪਰ ਬਾਹਰ ਆਉਂਦਿਆਂ ਦੀ ਇਕ ਵੀ ਪੈੜ ਨਹੀਂ।”
ਕਪਟ, ਪਖੰਡ ਜਾਂ ਢੌਂਗ ਭਾਵੇਂ ਜੰਗਲ ਦੇ ਬਾਦਸ਼ਾਹ ਦਾ ਹੀ ਕਿਉਂ ਨਾ ਹੋਵੇ, ਬਿੱਲੀ ਜਿਹੇ ਨਿੱਕੜੇ ਜਾਨਵਰ ਦੀ ਸੂਝ ਸਿਆਣਪ ਵੀ ਉਸ ਦਾ ਪਰਦਾਫਾਸ਼ ਕਰ ਸਕਦੀ ਹੈ। ਲਿੰਕਨ ਦਾ ਨੀਤੀ ਵਾਕ ਹੈ- ਕੁਝ ਚਿਰ ਲਈ ਕੁਝ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ, ਹਮੇਸ਼ਾ ਲਈ ਵੀ ਕੁਝ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ, ਪਰ ਹਮੇਸ਼ਾ ਲਈ ਸਾਰਿਆਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।
Leave a Reply