ਤਰੱਕੀ ਦੇ ਨਵੇਂ ਮਰਹਲੇ

ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਨੇ ਆਪਣੇ ਪਿੰਡ ਨੰਗਲ ਸ਼ਾਮਾ ਨਾਲ ਕੀਤੀਆਂ ਗੱਲਾਂ ਹਨ। ਇਹ ਅਸਲ ਵਿਚ ਨੰਗਲ ਸ਼ਾਮਾ ਦੀਆਂ ਗੱਲਾਂ ਵੀ ਨਹੀਂ, ਇਹ ਤਾਂ ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ, ਪਰ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ‘ਤਰੱਕੀ ਦੇ ਮਰਹਲੇ’ ਵਿਚ ਉਹਨੇ ਆਪਣੇ ਪਿੰਡ ਦੇ ਉਨ੍ਹਾਂ ਬੰਦਿਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਆਪਣੇ ਕੰਮ-ਕਾਰ ਅਤੇ ਦੂਰ-ਦ੍ਰਿਸ਼ਟੀ ਦੇ ਸਿਰ ਉਤੇ ਚੰਗੇ ਖਾਂਦੇ-ਪੀਂਦੇ ਪਰਿਵਾਰ ਹੋ ਨਿਬੜੇ। -ਸੰਪਾਦਕ

ਦਲਬੀਰ ਸਿੰਘ
ਅਰਜਨ ਸਿੰਘ ਲੁਹਾਰ ਦੇ ਖਰਾਸ ਨਾਲ ਜਿਹੜਾ ਤੌੜ ਖਾਲੀ ਹੁੰਦਾ ਸੀ, ਉਹ ਹੁਣ ਖਾਲੀ ਨਹੀਂ। ਇਸ ਦੀ ਥਾਂ ਬਹੁਤ ਵੱਡੀ ਕੋਠੀ ਬਣ ਗਈ ਹੈ। ਇਹ ਠੇਕੇਦਾਰ ਬਿੱਕਰ ਸਿੰਘ ਦੇ ਵੱਡੇ ਪੁੱਤਰ ਦਲਜੀਤ ਸਿੰਘ ਠੇਕੇਦਾਰ ਦੀ ਕੋਠੀ ਹੈ। ਦੋ ਮੰਜ਼ਲੀ ਕੋਠੀ ਜਿਹੜੀ ਚੰਡੀਗੜ੍ਹ ਦੀਆਂ ਕਈ ਸਾਧਾਰਨ ਕੋਠੀਆਂ ਨੂੰ ਵੀ ਮਾਤ ਪਾ ਸਕਦੀ ਹੈ। ਉਂਜ ਇਸ ਕੋਠੀ ਦੀ ਵੱਖੀ ‘ਤੇ, ਪਰ ਰਸਤੇ ਦੇ ਪਰਲੇ ਪਾਸੇ ਇਸ ਤੋਂ ਵੀ ਵੱਡੀ ਇਕ ਹੋਰ ਕੋਠੀ ਹੈ। ਇਹ ਕੋਠੀ ਬਿੱਕਰ ਸਿੰਘ ਦੇ ਛੋਟੇ ਭਾਈ ਗੁਰਦੇਵ ਸਿੰਘ ਦੇ ਪੁੱਤਰ ਕੰਵਲਜੀਤ ਸਿੰਘ ਲਾਲੀ ਦੀ ਹੈ ਜਿਹੜਾ ਕਾਂਗਰਸ ਵਲੋਂ ਐਮæਐਲ਼ਏæ ਚੁਣਿਆ ਗਿਆ ਸੀ ਅਤੇ ਫਿਰ ਮੰਤਰੀ ਵੀ ਬਣਿਆ।
ਠੇਕੇਦਾਰਾਂ ਦਾ ਇਹ ਪਰਿਵਾਰ ਸਾਡੇ ਪਿੰਡ ਦਾ ਪਹਿਲਾ ਪਰਿਵਾਰ ਹੈ ਜਿਹੜਾ ਸਿੱਧੇ ਤੌਰ ‘ਤੇ ਸਿਆਸਤ ਵਿਚ ਦਾਖ਼ਲ ਹੋਇਆ। ਕੰਵਲਜੀਤ ਸਿੰਘ ਲਾਲੀ ਪਿੰਡ ਦਾ ਸਰਪੰਚ ਤੋਂ ਹੁੰਦੇ ਹੋਏ 1998 ਵਿਚ ਕਾਂਗਰਸ ਦੀ ਟਿਕਟ ‘ਤੇ ਆਦਮਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸਿਰਫ਼ ਛੇ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ। ਇਸ ਤੋਂ ਪਹਿਲਾਂ ਉਹ ਲੰਮੇ ਸਮੇਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਸੀ। ਇਸ ਦੇ ਤਾਏ ਦੇ ਪੁੱਤ-ਭਰਾ ਦਲਜੀਤ ਸਿੰਘ ਲਾਲੀ ਦਾ ਕਾਂਗਰਸ ਨਾਲ ਸਬੰਧ ਹੈ, ਇਸ ਦੀ ਪਤਨੀ ਪੰਜਾਬ ਕਾਂਗਰਸ ਦੀ ਪ੍ਰਧਾਨ ਰਹਿ ਚੁੱਕੇ ਸੰਤੋਖ ਸਿੰਘ ਰੰਧਾਵਾ ਦੀ ਬੇਟੀ ਹੈ।
ਸਾਡਾ ਪਿੰਡ ਸ਼ੁਰੂ ਤੋਂ ਹੀ ਕਾਂਗਰਸ ਪੱਖੀ ਰਿਹਾ ਹੈ। ਪਹਿਲਾਂ-ਪਹਿਲ ਰਾਮਗੜ੍ਹੀਆਂ ਦੇ ਗੁਰਬਚਨ ਸਿੰਘ ਹੁਰੀਂ ਕਾਂਗਰਸੀ ਬਣੇ ਸਨ। ਉਹ ਤਾਂ ਕੱਪੜੇ ਵੀ ਖੱਦਰ ਦੇ ਪਾਉਂਦੇ ਸਨ, ਪਰ ਆਮ ਲੋਕੀਂ ਕਦੇ ਵੀ ਕੱਟੜ ਕਾਂਗਰਸੀ ਜਾਂ ਕੱਟੜ ਅਕਾਲੀ ਨਹੀਂ ਸਨ। ਕੋਈ ਵੀ ਕਿਸੇ ਕਿਸਮ ਦੀ ਫਿਰਕਾਪ੍ਰਸਤੀ ਦਾ ਸ਼ਿਕਾਰ ਨਹੀਂ ਹੋਇਆ।
80ਵਿਆਂ ਦੇ ਦਹਾਕੇ ਵਿਚ ਚੱਲੀ ਦਹਿਸ਼ਤਗਰਦੀ ਦੀ ਲਹਿਰ ਵਿਚ ਪਿੰਡ ਦੇ ਕਿਸੇ ਨੌਜਵਾਨ ਦਾ ਨਾਂ ਖਾਲਿਸਤਾਨੀਆਂ ਵਿਚ ਬੋਲਦਾ ਸੀ, ਪਰ ਉਹ ਵੀ ਬਹੁਤਾ ਮਸ਼ਹੂਰ ਨਹੀਂ ਸੀ। ਇਸ ਨੌਜਵਾਨ ਬਾਰੇ ਵੀ ਮਗਰੋਂ ਪਤਾ ਲੱਗਾ ਕਿ ਉਹ ਸਿਰਫ਼ ਜੋਸ਼ ਕਾਰਨ ਹੀ ਇਸ ਲਹਿਰ ਵਿਚ ਸ਼ਾਮਲ ਹੋਇਆ ਸੀ, ਕਿਸੇ ਗੰਭੀਰ ਐਕਸ਼ਨ ਵਿਚ ਸ਼ਾਮਲ ਨਹੀਂ ਸੀ। ਰਿਹਾਈ ਮਗਰੋਂ ਉਹ ਇੰਗਲੈਂਡ ਚਲੇ ਗਿਆ ਸੀ ਜਿਥੇ ਉਹ ਹੁਣ ਸਣੇ ਪਰਿਵਾਰ ਰਹਿ ਰਿਹਾ ਹੈ।
ਕਾਂਗਰਸ ਦੀ ਰਵਾਇਤ ਮੁੱਖ ਤੌਰ ‘ਤੇ ਧਰਮ ਨਿਰਪੱਖਤਾ ਦੀ ਹੈ, ਤੇ ਸਾਡੇ ਪਿੰਡ ਦੇ ਲੋਕ ਮੋਟੇ ਤੌਰ ‘ਤੇ ਧਰਮ ਨਿਰਪੱਖ ਹਨ। ਉਹ ਧਰਮ ਨੂੰ ਮੰਨਦੇ ਹਨ, ਪਰ ਇਸ ਨੂੰ ਜਨੂੰਨ ਦੀ ਹੱਦ ਤਕ ਨਹੀਂ ਲਿਜਾਂਦੇ। ਕਾਮਰੇਡ ਜਾਂ ਕਮਿਊਨਿਸਟ ਪਾਰਟੀ ਦਾ ਬਾਕਾਇਦਾ ਮੈਂਬਰ ਮੈਂ ਹੀ ਪਹਿਲੀ ਵਾਰੀ ਬਣਿਆ ਸਾਂ, ਹਾਲਾਂਕਿ ਸੁਥਰੇ ਤੇ ਸੁਲਝੇ ਹੋਏ ਵਿਚਾਰਾਂ ਕਾਰਨ ਮੇਰੇ ਪਿਤਾ ਜੀ ਨੂੰ ਪਿੰਡ ਦੇ ਲੋਕ ‘ਕਾਮਰੇਡ’ ਕਹਿ ਕੇ ਬੁਲਾਉਂਦੇ ਹੁੰਦੇ ਸਨ। ਰੇਲਵੇ ਦੀ ਸਰਕਾਰੀ ਨੌਕਰੀ ਵਿਚ ਹੋਣ ਕਾਰਨ ਉਹ ਸਿੱਧਾ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇ। ਉਂਜ ਉਹ ਇੰਦਰਾ ਗਾਂਧੀ ਦੇ ਖਿਲਾਫ਼ ਹਲਕੀ-ਹਲਕੀ ਟਿੱਚਰਬਾਜ਼ੀ ਕਰਦੇ ਹੋਏ ਵੀ ਮੋਟੇ ਤੌਰ ‘ਤੇ ਕਾਂਗਰਸ ਪਾਰਟੀ ਵਾਂਗ ਧਰਮ ਨਿਰਪੱਖਤਾ ਦੇ ਹਾਮੀ ਸਨ।
ਠੇਕੇਦਾਰ ਬਿੱਕਰ ਸਿੰਘ ਅਤੇ ਗੁਰਦੇਵ ਸਿੰਘ ਨੇ ਹੁਣ ਪਿੰਡ ਦੇ ਬਾਹਰਵਾਰ ਇਹ ਕੋਠੀਆਂ ਪਾ ਲਈਆਂ ਹਨ। ਇਨ੍ਹਾਂ ਦਾ ਪਿਤਾ ਮੈਂ ਨਹੀਂ ਦੇਖਿਆ, ਪਰ ਪਿੰਡ ਦੇ ਐਨ ਕੇਂਦਰ ਵਿਚ ਸਾਡੇ ਦੋਹਾਂ ਪਰਿਵਾਰਾਂ ਦੇ ਘਰ ਨਾਲ-ਨਾਲ ਹੁੰਦੇ ਸਨ। ਇਸ ਕਾਰਨ ਇਨ੍ਹਾਂ ਨਾਲ ਕਾਫ਼ੀ ਪਰਿਵਾਰਕ ਸਾਂਝ ਰਹੀ ਹੈ। ਮੇਰੇ ਪਿਤਾ ਅਤੇ ਚਾਚੇ-ਤਾਇਆਂ ਦੀ ਬਿੱਕਰ ਸਿੰਘ ਤੇ ਗੁਰਦੇਵ ਸਿੰਘ ਨਾਲ ਬਹੁਤ ਸਾਂਝ ਸੀ। ਦੱਸਦੇ ਹਨ ਕਿ ਇਨ੍ਹਾਂ ਦਾ ਪਿਤਾ ਗੱਡਾ ਵਾਹੁੰਦਾ ਸੀ। ਇਨ੍ਹਾਂ ਦਾ ਪਿੰਡ ਅੰਦਰਲਾ ਕੱਚਾ ਘਰ ਤਾਂ ਮੇਰੀ ਸੁਰਤ ਤੋਂ ਪਹਿਲਾਂ ਹੀ ਚੁਬਾਰੇ ਵਾਲਾ ਬਣ ਗਿਆ ਸੀ, ਪਰ ਬਾਹਰਲੀਆਂ ਕੋਠੀਆਂ ਮੇਰੇ ਪਿੰਡ ਛੱਡ ਜਾਣ ਮਗਰੋਂ ਬਣੀਆਂ ਹਨ। ਪੈਸਾ ਲਾਉਣ ਵਿਚ ਦੋਵਾਂ ਨੇ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਤੋਂ ਪਹਿਲਾਂ ਠੇਕੇਦਾਰ ਹਰੀ ਸਿੰਘ ਦੇ ਪੁੱਤਰ ਸ਼ਾਮ ਸਿੰਘ ਨੇ ਵੱਡਾ ਦੋ ਮੰਜ਼ਲਾ ਮਕਾਨ ਉਸਾਰਿਆ ਸੀ ਜਿਹੜਾ ਕਿਸੇ ਸਮੇਂ ਪਿੰਡ ਦਾ ਸਭ ਤੋਂ ਵਧੀਆ ਮਕਾਨ ਮੰਨਿਆ ਜਾਂਦਾ ਸੀ। ਇਹ ਉਹੀ ਸ਼ਾਮ ਸਿੰਘ ਸੀ ਜਿਸ ਦੇ ਸੜਕ ਉਤਲੇ ਟਿਊਬਵੈਲ ਦਾ ਜ਼ਿਕਰ ਆ ਚੁੱਕਾ ਹੈ, ਪਰ ਇਨ੍ਹਾਂ ਦੋਵਾਂ ਭਰਾਵਾਂ ਦੀਆਂ ਕੋਠੀਆਂ ਦੇ ਮੁਕਾਬਲੇ ਸ਼ਾਮ ਸਿੰਘ ਦੀ ਕੋਠੀ ਕੁਝ ਵੀ ਨਹੀਂ ਸੀ।
ਪਹਿਲਾਂ-ਪਹਿਲ ਠੇਕੇਦਾਰੀ ਦੇ ਮਾਮਲੇ ਵਿਚ ਝੰਡੀ ਹਰੀ ਸਿੰਘ ਅਤੇ ਉਸ ਦੇ ਪੁੱਤਰਾਂ ਸ਼ਾਮ ਸਿੰਘ ਤੇ ਮਹਿੰਦਰ ਸਿੰਘ ਦੀ ਹੀ ਹੁੰਦੀ ਸੀ। ਫਿਰ ਹੌਲੀ-ਹੌਲੀ ਬਿੱਕਰ ਸਿੰਘ ਅਤੇ ਗੁਰਦੇਵ ਸਿੰਘ ਦਾ ਕੰਮ-ਕਾਰ ਵਧਦਾ ਗਿਆ। ਬਜ਼ੁਰਗ ਦੱਸਦੇ ਸਨ ਕਿ ਪਹਿਲਾ ਭੱਠਾ ਹਰੀ ਸਿੰਘ ਨੇ ਹੀ ਇਨ੍ਹਾਂ ਨੂੰ ਦਿੱਤਾ ਸੀ। ਫਿਰ ਇਨ੍ਹਾਂ ਭਰਾਵਾਂ ਨੇ ਹਿੰਮਤ ਕਰ ਕੇ ਟਰੱਕ ਪਾ ਲਿਆ ਤੇ ਧੰਨੋਵਾਲੀ ਪਿੰਡ ਦੇ ਸਾਹਮਣੇ ਵਾਲੀ ਟਰੱਕ ਯੂਨੀਅਨ ਦੇ ਮੈਂਬਰ ਬਣ ਗਏ। ਹੌਲੀ-ਹੌਲੀ ਇਹ ਪਰਿਵਾਰ ਤਰੱਕੀ ਕਰਦੇ ਰਹੇ। ਇਸ ਵੇਲੇ ਪਿੰਡ ਦੇ ਸਭ ਤੋਂ ਅਮੀਰ ਪਰਿਵਾਰਾਂ ਵਿਚੋਂ ਹਨ। ਪਿੰਡ ਵਿਚਲੀ ਜ਼ਮੀਨ ਕਈ ਗੁਣਾ ਵਧ ਗਈ ਹੈ। ਕਿਸੇ ਵੇਲੇ ਆਮ ਚਰਚਾ ਹੁੰਦੀ ਸੀ ਕਿ ਪਿੰਡ ਵਿਚ ਜਿਹੜੀ ਜ਼ਮੀਨ ਵਿਕਰੀ ਲਈ ਹੁੰਦੀ ਹੈ, ਉਹ ਬਿੱਕਰ ਸਿੰਘ ਹੁਰੀਂ ਖ਼ਰੀਦ ਲੈਂਦੇ ਹਨ।
ਕਿਸੇ ਦੀ ਦੌਲਤ ਦੀ ਥਾਹ ਪਾਉਣੀ ਸੌਖੀ ਨਹੀਂ ਹੁੰਦੀ। ਪਤਾ ਨਹੀਂ, ਹੁਣ ਬਿੱਕਰ ਸਿੰਘ ਦੇ ਪੁੱਤਰ ਦਲਜੀਤ ਸਿੰਘ ਤੇ ਗੁਰਦੇਵ ਸਿੰਘ ਦੇ ਪੁੱਤਰ ਕੰਵਲਜੀਤ ਸਿੰਘ ਲਾਲੀ ਕੋਲ ਕਿੰਨੇ-ਕਿੰਨੇ ਭੱਠੇ ਹਨ, ਤੇ ਉਨ੍ਹਾਂ ਦੇ ਕਿੰਨੇ-ਕਿੰਨੇ ਟਰੱਕ ਚਲਦੇ ਹਨ। ਜਦੋਂ ਰੁਜ਼ਗਾਰ ਖਾਤਰ ਮੈਂ ਪਿੰਡ ਛੱਡ ਆਇਆ ਸਾਂ, ਉਸ ਵੇਲੇ ਮੇਰੇ ਅੰਦਾਜ਼ੇ ਮੁਤਾਬਕ ਇਨ੍ਹਾਂ ਦੇ ਵੀਹ ਟਰੱਕ ਸਨ। ਹੁਣ ਤਾਂ ਵਧੇਰੇ ਹੀ ਹੋਣਗੇ। ਕਹਿੰਦੇ ਹਨ, ਪੈਸੇ ਨੂੰ ਪੈਸਾ ਖਿੱਚਦਾ ਹੈ; ਪਹਿਲਾ ਲੱਖ ਹੀ ਬਣਾਉਣਾ ਔਖਾ ਹੁੰਦਾ ਹੈ, ਫਿਰ ਤਾਂ ਲੱਖਾਂ ਦੇ ਲੱਖ ਬਣਦੇ ਹੀ ਰਹਿੰਦੇ ਹਨ।
ਮੈਂ ਬੇਟੀ ਨੂੰ ਦੱਸਦਾ ਹਾਂ ਕਿ ਬਿੱਕਰ ਸਿੰਘ ਦੀ ਵੱਡੀ ਧੀ ਮਨਜੀਤ ਅਤੇ ਮੇਰੀ ਵੱਡੀ ਭੈਣ ਹਰਮੇਸ਼ ਦਾ ਸਹੇਲਪੁਣਾ ਹੁੰਦਾ ਸੀ, ਹਾਲਾਂਕਿ ਕਲਾਸਾਂ ਵਿਚ ਮੇਰੀ ਭੈਣ ਇਕ ਸਾਲ ਅੱਗੇ ਸੀ। ਮਨਜੀਤ ਮੇਰੀ ਹਮਜਮਾਤਣ ਸੀ, ਤੇ ਉਸ ਦਾ ਛੋਟਾ ਭਾਈ ਦਲਜੀਤ ਮੈਥੋਂ ਇਕ ਸਾਲ ਪਿੱਛੇ ਹੁੰਦਾ ਸੀ। ਗੁਰਦੇਵ ਸਿੰਘ ਦਾ ਪੁੱਤਰ ਕੰਵਲਜੀਤ ਤਾਂ ਮੈਥੋਂ ਕਈ ਸਾਲ ਛੋਟਾ ਸੀ। ਸਾਡੇ ਮਕਾਨ ਦੀ ਛੱਤ ‘ਤੇ ਖੜ੍ਹਿਆਂ ਉਨ੍ਹਾਂ ਦੇ ਚੁਬਾਰੇ ਵਿਚੋਂ ਇਕ-ਦੂਜੇ ਨਾਲ ਹੱਥ ਮਿਲਾਏ ਜਾ ਸਕਦੇ ਸਨ। ਬਹੁਤੀ ਵਾਰੀ ਇਕ-ਦੂਜੇ ਪਾਸੇ ਕਿਤਾਬਾਂ ਕਾਪੀਆਂ ਅਤੇ ਪੜ੍ਹਾਈ ਲਿਖਾਈ ਦੀ ਹੋਰ ਸਮੱਗਰੀ ਇਸੇ ਰਸਤੇ ਮੰਗੀ-ਵਟਾਈ ਜਾਂਦੀ ਸੀ।
ਇਹ ਗੱਲ ਬਹੁਤੀ ਮਹੱਤਵ ਵਾਲੀ ਤਾਂ ਨਹੀਂ, ਫਿਰ ਵੀ ਦੱਸਣ ਵਿਚ ਕੀ ਹਰਜ ਹੈ ਕਿ ਜਦੋਂ ਦਲਜੀਤ ਸਿੰਘ ਦੇ ਵਿਆਹ ਲਈ ਰਿਸ਼ਤੇ ਆ ਰਹੇ ਸਨ, ਤਾਂ ਆਖਰਕਾਰ ਦੋਂਹ ਰਿਸ਼ਤਿਆਂ ਵਿਚੋਂ ਚੋਣ ਕਰਨੀ ਪੈਣੀ ਸੀ। ਦਲਜੀਤ ਦੇ ਪਿਤਾ, ਤਾਇਆ ਬਿੱਕਰ ਸਿੰਘ ਨੇ ਪਤਾ ਨਹੀਂ ਕਿਉਂ ਮੇਰੇ ਨਾਲ ਸਲਾਹ ਕਰਨੀ ਜ਼ਰੂਰੀ ਸਮਝੀ ਸੀ। ਇਕ ਰਿਸ਼ਤਾ ਵੱਡੇ ਸਨਅਤਕਾਰਾਂ ਦਾ ਸੀ ਤੇ ਦੂਜਾ ਸਿਆਸਤਦਾਨ ਸੰਤੋਖ ਸਿੰਘ ਰੰਧਾਵਾ ਦੀ ਧੀ ਦਾ। ਉਨ੍ਹਾਂ ਪੁੱਛਿਆ ਕਿ ਇਨ੍ਹਾਂ ਵਿਚੋਂ ਕਿਹੜਾ ਚੁਣੀਏ? ਮੈਂ ਆਪਣੀ ਸਿਆਣਪ ਮੁਤਾਬਕ ਕਹਿ ਦਿਤਾ ਕਿ ਸਿਆਸਤਦਾਨ ਦਾ ਤਾਂ ਪਤਾ ਨਹੀਂ ਅੱਜ ਮੰਤਰੀ ਹੈ, ਤੇ ਕੱਲ੍ਹ ਨਹੀਂ, ਇਸ ਲਈ ਰਿਸ਼ਤਾ ਸਨਅਤਕਾਰ ਦੀ ਧੀ ਦਾ ਲੈ ਲਿਆ ਜਾਵੇ, ਪਰ ਉਨ੍ਹਾਂ ਨੇ ਸਿਆਸਤਦਾਨ ਰੰਧਾਵਾ ਨਾਲ ਕੁੜਮਚਾਰੀ ਪਾ ਲਈ। ਖਬਰੇ ਇਸ ਕੁੜਮਾਚਾਰੀ ਦਾ ਹੀ ਸਿੱਟਾ ਸੀ ਕਿ ਕੰਵਲਜੀਤ ਸਿੰਘ ਲਾਲੀ ਪਹਿਲਾਂ ਪਿੰਡ ਦਾ ਸਰਪੰਚ ਬਣਿਆ, ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ, ਪੰਜਾਬ ਵਿਧਾਨ ਸਭਾ ਦਾ ਮੈਂਬਰ ਅਤੇ ਫਿਰ ਮੰਤਰੀ। ਦੂਜੇ ਪਾਸੇ ਦਲਜੀਤ ਸਿੰਘ ਨੇ ਭੱਠਿਆਂ ਅਤੇ ਟਰੱਕਾਂ ਰਾਹੀਂ ਕਮਾਈ ਕਰ ਕੇ ਬੇਪਨਾਹ ਉੱਨਤੀ ਕੀਤੀ।
ਇਕ ਦਿਲਚਸਪ ਘਟਨਾ ਦਾ ਜ਼ਿਕਰ ਜ਼ਰੂਰੀ ਹੈ। ਇਹ ਗੱਲ ਮੈਂ ਆਪਣੀ ਬੇਟੀ ਨੂੰ ਨਹੀਂ ਦੱਸੀ, ਕਿਉਂਕਿ ਦੱਸ ਨਹੀਂ ਸਾਂ ਸਕਦਾ। ਸਾਡੇ ਪਿੰਡ ਦੀ ਸਾਡੀ ਹਮਉਮਰ ਕੁੜੀ ਕਈ ਦਿਨ ਤੱਕ ਮੈਨੂੰ ਸੈਨਤਾਂ ਮਾਰਦੀ ਰਹੀ। ਮੈਂ ਇਸ ਮਾਮਲੇ ਵਿਚ ਬਹੁਤ ਡਰੂ ਬੰਦਾ ਸਾਂ, ਕਿਉਂਕਿ ਬੇਇਜ਼ਤੀ ਤੋਂ ਬਹੁਤ ਡਰਦਾ ਸਾਂ। ਉਂਜ ਵੀ ਉਨ੍ਹੀਂ ਦਿਨੀਂ ਮੈਂ ਪਿੰਡ ਦੇ ਗੁਰਦੁਆਰੇ ਦੇ ਭਾਈ ਗਿਆਨੀ ਹੀਰਾ ਸਿੰਘ ਦੀ ਸੰਗਤ ਕਾਰਨ ਅਖੰਡ ਪਾਠੀ ਬਣ ਚੁੱਕਾ ਸਾਂ। ਇਸ ਕਾਰਨ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਮੇਰੀ ਸੀ। ਕੁਝ ਦਿਨਾਂ ਦੀਆਂ ਸੈਨਤਾਂ ਬਾਅਦ ਇਕ ਦਿਨ ਮੈਂ ਉਸ ਕੁੜੀ ਦੇ ਘਰ ਚਲਾ ਗਿਆ ਜਦੋਂ ਉਹ ਇਕੱਲੀ ਸੀ। ਅੱਲੜ ਅਤੇ ਅੱਥਰੀ ਜਵਾਨੀ ਦੇ ਦਿਨਾਂ ਵਿਚ ਜਿਵੇਂ ਹੁੰਦਾ ਸੀ, ਮੈਂ ਉਸ ਨੂੰ ਬੁੱਕਲ ਵਿਚ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ‘ਘਰ ਦੱਸ ਦੇਣ’ ਦਾ ਡਰਾਵਾ ਦੇ ਦਿੱਤਾ ਸੀ।
ਫਿਰ ਉਸ ਕੁੜੀ ਦਾ ਵਿਆਹ ਧਰਿਆ ਗਿਆ। ਘਰ ਵਿਚ ਵਿਆਹ ਦੀ ਤਿਆਰੀ ਚੱਲ ਰਹੀ ਸੀ। ਇਕ ਦਿਨ ਉਸ ਨੇ ਫਿਰ ਸੈਨਤ ਨਾਲ ਮੈਨੂੰ ਘਰੇ ਬੁਲਾ ਲਿਆ, ਉਸ ਦਿਨ ਕੁਝ ਖੁੱਲ੍ਹਾਂ ਵੀ ਲੈਣ ਦਿੱਤੀਆਂ। ਫਿਰ ਕਿਹਾ ਸੀ- ‘ਹੁਣ ਮੇਰਾ ਵੀ ਕੰਮ ਕਰ ਦੇ। ਦਲਜੀਤ ਨੂੰ ਕਹੀਂ, ਸਾਡੀ ਬੱਸ ਇੰਨੀ ਹੀ ਨਿਭਣੀ ਸੀ। ਮੈਨੂੰ ਮੁਆਫ਼ ਕਰ ਦੇਵੇ।’ ਉਸ ਦੇ ਇਨ੍ਹਾਂ ਬੋਲਾਂ ਨੇ ਮੇਰ ਔਸਾਣ ਮਾਰ ਦਿੱਤੇ। ਮੈਨੂੰ ਆਪਣੇ ਆਪ ‘ਤੇ ਗਿਲਾਨੀ ਆਈ। ਵਿਚਾਰੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਕਿੰਨੀ ਉਤਾਵਲੀ ਸੀ। ਮਿਲਣੀ ਨਹੀਂ, ਤਾਂ ਸੁਨੇਹਾ ਹੀ ਸਹੀ, ਤੇ ਮੈਂ ਉਸ ਦੀ ਇਸ ਵਿਚ ਮਦਦ ਕਰਾਂ, ਇਸ ਦੇ ਲਈ ਉਹ ਕੀ ਕੁਝ ਕਰਨ ਲਈ ਨਹੀਂ ਸੀ ਰਾਜ਼ੀ?
ਮੈਂ ਇਸ ਨੂੰ ਕਹਾਣੀ ਦਾ ਸੁੱਚਾ ਪਲਾਟ ਸਮਝਦਾ ਸਾਂ ਅਤੇ ਮੇਰੀ ਇੱਛਾ ਸੀ ਕਿ ਇਸ ਉਤੇ ਕਹਾਣੀ ਲਿਖਾਂ, ਪਰ ਮੈਂ ਕਹਾਣੀਕਾਰ ਨਹੀਂ ਬਣ ਸਕਿਆ। ਫਿਰ ਵੀ ਇਹ ਗੱਲ ਮੇਰੇ ਚੇਤੇ ਵਿਚ ਪਈ ਰਹੀ। ਇਹੀ ਗੱਲ ਕਈ ਸਾਲ ਮਗਰੋਂ ਚੰਡੀਗੜ੍ਹ ਵਿਚ ਪਰਤਾਪ ਕਾਮਰੇਡ ਦੀ ਦੁਕਾਨ ‘ਤੇ ਸੁਣਾਈ ਤਾਂ ਗੁਲ ਚੌਹਾਨ ਨੂੰ ਇਸ ਦਾ ਪਲਾਟ ਪਸੰਦ ਆ ਗਿਆ। ਇਸ ਨੂੰ ਆਧਾਰ ਬਣਾ ਕੇ ਉਸ ਨੇ ਕਹਾਣੀ ਲਿਖੀ ਸੀ। ਚੰਗੀ ਕਹਾਣੀ ਸੀ, ਪਰ ਮੈਨੂੰ ਲੱਗਦਾ ਰਿਹਾ ਕਿ ਜੇ ਮੈਂ ਲਿਖਦਾ, ਤਾਂ ਗੱਲ ਹੋਰ ਹੋਣੀ ਸੀ।
ਖੈਰ! ਪਤਾ ਲੱਗਾ ਸੀ ਕਿ ਤਾਇਆ ਬਿੱਕਰ ਸਿੰਘ ਦੇ ਘਰੋਂ ਤਾਈ ਨੰਜੋ ਜਿਸ ਨੂੰ ਅਸੀਂ ਮਾਸੀ ਕਹਿੰਦੇ ਸਾਂ, ਨੂੰ ਅਧਰੰਗ ਦਾ ਦੌਰਾ ਪਿਆ ਸੀ। ਚਾਚਾ ਗੁਰਦੇਵ ਸਿੰਘ ਵੀ ਅਧਰੰਗ ਦੇ ਦੌਰੇ ਕਾਰਨ ਮੰਜੇ ‘ਤੇ ਪਿਆ ਸੀ, ਹਾਲਤ ਉਸ ਦੀ ਕਾਫੀ ਖਰਾਬ ਸੀ। ਮਗਰੋਂ ਇਹ ਉਦਾਸ ਖਬਰਾਂ ਆ ਗਈਆਂ ਕਿ ਦੋਵੇਂ ਹੀ ਵਾਰੀ-ਵਾਰੀ ਇਸ ਜਹਾਨ ਤੋਂ ਚਲੇ ਗਏ ਸਨ। ਪੁਰਾਣੀ ਪੀੜ੍ਹੀ ਖਤਮ ਹੋ ਰਹੀ ਸੀ।
ਠੇਕੇਦਾਰਾਂ ਦੀਆਂ ਗੱਲਾਂ ਵਿਚੋਂ ਹੀ ਇਕ ਹੋਰ ਗੱਲ ਚੇਤੇ ਆ ਗਈ। ਕਈ ਸਾਲ ਪਹਿਲਾਂ ਗੁਰਦੇਵ ਸਿੰਘ ਦਾ ਇਕ ਪੁੱਤਰ ਪਿੰਡ ਦੇ ਹੀ ਚਾਰ ਮੁੰਡਿਆਂ ਨਾਲ ਰਲ ਕੇ ਘਰੋਂ ਪੈਸੇ ਚੋਰੀ ਕਰ ਕੇ ਨੱਸ ਗਿਆ। ਉਨ੍ਹਾਂ ਮੁੰਡਿਆਂ ਨੇ ਹੁਸ਼ਿਆਰਪੁਰ ਦੇ ਪਾਰ ਜਾ ਕੇ ਪਹਾੜੀ ਇਲਾਕੇ ਵਿਚ ਉਸ ਪਾਸੋਂ ਪੈਸੇ ਖੋਹ ਲਏ, ਤੇ ਪੱਥਰ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਰੌਲਾ ਪੈਣਾ ਹੀ ਸੀ, ਪਿਆ। ਇਨ੍ਹਾਂ ਮੁੰਡਿਆਂ ਵਿਚੋਂ ਤਿੰਨ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ, ਉਨ੍ਹਾਂ ਦਾ ਹਾਲੇ ਤਕ ਕੋਈ ਖੁਰਾ ਖੋਜ ਨਹੀਂ ਲੱਭਾ। ਇਹ ਸਭ ਕਿਵੇਂ ਹੋਇਆ ਤੇ ਕਿਸ ਨੇ ਕੀਤਾ? ਇਹ ਵੀ ਕਿਸੇ ਨੂੰ ਨਹੀਂ ਪਤਾ। ਲੋਕ ਉਂਗਲਾਂ ਤਾਂ ਬਥੇਰੀਆਂ ਕਰਦੇ ਰਹੇ, ਪਰ ਖੁੱਲ੍ਹ ਕੇ ਕੁਝ ਕਹਿਣ ਦੀ ਹਿੰਮਤ ਕਿਸੇ ਦੀ ਨਹੀਂ ਸੀ ਪਈ।
(ਚਲਦਾ)

Be the first to comment

Leave a Reply

Your email address will not be published.