ਨਾਨੀ ਆਖਦੀ ਹੁੰਦੀ ਸੀ…

‘ਪੰਜਾਬ ਟਾਈਮਜ਼’ ਦੇ 6 ਸਤੰਬਰ ਵਾਲੇ ਅੰਕ ਵਿਚ ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਦਾ ਲੇਖ ‘ਬਾਬੇ ਦਾਦੇ ਰੱਬ ਰਜਾ ਦੇæææ’ ਛਾਪਿਆ ਗਿਆ ਸੀ। ਇਹ ਖੂਬਸੂਰਤ ਲੇਖ ਅਸਲ ਵਿਚ ਬੁੱਢਿਆਂ-ਬਾਬਿਆਂ ਦੀਆਂ ਉਹ ਬਾਤਾਂ ਸਨ ਜਿਹੜੀਆਂ ਸਿੱਧੀਆਂ ਉਨ੍ਹਾਂ ਦੇ ਦਿਲ ਵਿਚੋਂ ਪਿਘਲ-ਪਿਘਲ ਕੇ ਨਿਕਲਦੀਆਂ ਜਾਪਦੀਆਂ ਹਨ। ਇਸ ਲੇਖ ਵਿਚ ਕਿਉਂਕਿ ਬੀਬੀਆਂ ਦੀ ਚਰਚਾ ਨਦਾਰਦ ਸੀ, ਇਸ ਲਈ ਅਸੀਂ ਬੀਬੀਆਂ ਨੂੰ ਇਸ ਲੇਖ ਦਾ ਦੂਜਾ ਪੱਖ, ਭਾਵ ਔਰਤਾਂ ਵਾਲਾ ਪੱਖ ਲਿਖ ਭੇਜਣ ਦਾ ਸੱਦਾ ਦਿੱਤਾ ਸੀ। ਇਸ ਸਿਲਸਿਲੇ ਵਿਚ ਸਾਨੂੰ ਸ਼ਾਇਰਾ ਦੇਵਿੰਦਰ ਕੌਰ ਗੁਰਾਇਆ ਦਾ ਲੇਖ ‘ਨਾਨੀ ਆਖਦੀ ਹੁੰਦੀ ਸੀæææ’ ਮਿਲਿਆ ਹੈ। ਪਾਠਕਾਂ ਨੂੰ ਇਹ ਦੋਵੇਂ ਲੇਖ ਕਿਹੋ ਜਿਹੇ ਲੱਗੇ, ਸਾਨੂੰ ਤੁਹਾਡੇ ਖਤਾਂ ਦਾ ਇੰਤਜ਼ਾਰ ਰਹੇਗਾ, ਖਾਸਕਰ ਉਨ੍ਹਾਂ ਬਜ਼ੁਰਗ ਬਾਬਿਆਂ ਤੇ ਬੀਬੀਆਂ ਦਾ ਜੋ ਅਜਿਹੇ ਹਾਲਾਤ ਵਿਚੋਂ ਲੰਘ ਰਹੇ ਹਨ। ਆਓ ਬੀਬੀਓ ਤੇ ਬਾਬਿਓ, ਹੁਣ ਸੱਚ ਸੁਣਾਉਣ ਦਾ ਵੇਲਾ ਹੈ। -ਸੰਪਾਦਕ

ਦੇਵਿੰਦਰ ਕੌਰ ਗੁਰਾਇਆ
ਫੋਨ: 571-315-9543
ਪ੍ਰੋæ ਬ੍ਰਿਜਿੰਦਰ ਸਿੰਘ ਸੰਧੂ ਦਾ ਲੇਖ ‘ਬਾਬੇ ਦਾਦੇ ਰੱਬ ਰਜਾ ਦੇæææ’ ਪੜ੍ਹਿਆ। ਉਨ੍ਹਾਂ ਨੇ ਬਾਬਿਆਂ ਦੀਆਂ ਮਨੋ-ਭਾਵਨਾਵਾਂ ਨੂੰ ਬੜੇ ਸਹਿਜ ਢੰਗ ਨਾਲ ਬਿਆਨ ਕੀਤਾ ਹੈ। ਬਹੁਤ ਚੰਗਾ ਲੱਗਾ ਪੜ੍ਹ ਕੇ। ਮੈਂ ਇਸ ਲੇਖ ਨੂੰ ਅਧੂਰਾ ਤਾਂ ਨਹੀਂ ਕਹਾਂਗੀ, ਪਰ ਆਪਣੇ-ਆਪ ਵਿਚ ਇਹ ਲੇਖ ਇਕਪਾਸੜ ਜ਼ਰੂਰ ਹੈ। ਤੁਹਾਡੀ ਲਿਖੀ ਸੰਪਾਦਕੀ ਟਿੱਪਣੀ ਮੁਤਾਬਕ, ਮੈਂ ਆਪਣੇ ਇਸ ਲੇਖ ਵਿਚ ਇਸ ਲੇਖ ਦਾ ਦੂਜਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੀ। ਇਥੇ ਮੇਰਾ ਭਾਵ ਦਾਦੀਆਂ-ਨਾਨੀਆਂ-ਬੀਬੀਆਂ ਦੇ ਪੱਖ ਤੋਂ ਹੈ।
ਮੇਰੀ ਨਾਨੀ ਆਖਦੀ ਹੁੰਦੀ ਸੀ- ਪਿਉ ਤਾਂ ਮਤਰੇਏ ਹੁੰਦੇ ਨੇ, ਤੇ ਦਾਦੇ ਦਾਦੇ-ਮਗੌਣੇ; ਮਾਂਵਾਂ ਠੰਢੀਆਂ ਛਾਂਵਾਂ ਹੁੰਦੀਆਂ ਤੇ ਦਾਦੀਆਂ ਦਰਾਂ ਦੀਆਂ ਦੁਆਵਾਂ।
ਉਂਜ, ਪਹਿਲਾਂ ਹੀ ਸਾਫ ਕਰ ਦਿਆਂ ਕਿ ਮੈਂ ਮਰਦ ਜਾਤ ਦੇ ਵਿਰੁਧ ਨਹੀਂ ਹਾਂ, ਪਰ ਜ਼ਿਆਦਾ ਗੱਲ ਔਰਤ ਦੇ ਦੁਖਾਂਤ ਦੀ ਕਰਨਾ ਜਾਂ ਨਾ-ਬਰਾਬਰੀ ਦੀ ਕਰਨਾ ਆਪਣਾ ਫਰਜ਼ ਸਮਝਦੀ ਹਾਂ। ਮਰਦ ਤਾਂ ਆਖਰ ਮਰਦ ਹੁੰਦੇ ਹਨ; ਚਾਹੇ ਉਹ ਬਾਬੇ/ਦਾਦੇ ਹੋਣ ਜਾਂ ਪਿਉ ਭਰਾ, ਪਤੀ ਜਾਂ ਪੁੱਤਰ। ਔਰਤ ਨੂੰ ਆਪਣੇ ਨਾਲੋਂ ਇਕ ਕਦਮ ਪਿੱਛੇ ਦੇਖ ਕੇ ਇਨ੍ਹਾਂ ਦੇ ਦਿਲ ਨੂੰ ਸਕੂਨ ਰਹਿੰਦਾ ਹੈ ਕਿ ਮਰਦਾਨਗੀ ਸਹੀ ਸਲਾਮਤ ਹੈ। ਇਥੇ ਮੈਂ ਕਿਸੇ ਇਕੱਲੇਕਾਰੇ ਮਰਦ ਦੀ ਗੱਲ ਨਹੀਂ ਕਰ ਰਹੀ। ਇਹ ਤਾਂ ਸਦੀਆਂ ਤੋਂ ਤੁਰੀ ਆਉਂਦੀ ਮਰਦ ਪ੍ਰਧਾਨ ਸਮਾਜਾਂ ਦੀ ਪਰੰਪਰਾ ਦੀ ਗੱਲ ਹੈ। ਇਹ ਸੋਚ ਉਸ ਨੂੰ ਵਿਰਸੇ ਵਿਚ ਮਿਲੀ ਹੈ, ਪਰ ਅੱਜ ਯੁੱਗ ਬਦਲ ਗਿਆ ਹੈ, ਕਦਰਾਂ-ਕੀਮਤਾਂ ਬਦਲ ਗਈਆਂ ਹਨ। ਅੱਜ ਦੀ ਔਰਤ ਆਪਣੀ ਲਿਆਕਤ ਦੇ ਬਲਬੂਤੇ ਸਮਾਜ ਵਿਚ ਆਪਣੀ ਪਛਾਣ ਬਣਾ ਰਹੀ ਹੈ। ਅੱਜ ਪਤੀ-ਬ੍ਰਤਾ ਨਾਰੀ ਨਹੀਂ, ਅਕਲ-ਬ੍ਰਤ ਔਰਤ ਦਾ ਯੁੱਗ ਹੈ। ਇਹ ਸਭ ਉਨਤ ਮੁਲਕਾਂ ਦੀ ਦੇਣ ਹੈ। ਵਿਕਾਸਸ਼ੀਲ ਤੇ ਪਛੜੇ ਮੁਲਕਾਂ ਦੇ ਲੋਕ ਇਨ੍ਹਾਂ ਮੁਲਕਾਂ ਵੱਲ ਦੌੜ ਰਹੇ ਹਨ। ਜਿੱਥੇ ਇਨਸਾਨੀਅਤ ਤੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਨੂੰ ਪਾਸੇ ਰੱਖ ਕੇ ਨਫੇ-ਨੁਕਸਾਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।
ਹੁਣ ਬੜੀ ਸਾਧਾਰਨ ਜਿਹੀ ਗੱਲ ਹੈ, ਬੱਚੇ ਦਾਦੀ ਮਾਂ ਨੂੰ ਕੋਲ ਰੱਖਣਾ ਪਸੰਦ ਕਰਦੇ ਹਨ। ਸਵਾਲ ਇਹ ਨਹੀਂ ਕਿ ਉਨ੍ਹਾਂ ਨੂੰ ਦਾਦੇ ਨਾਲ ਮੋਹ ਨਹੀਂ ਹੈ? ਮੋਹ ਹੈ, ਫਿਰ ਵੀ ਉਨ੍ਹਾਂ ਦੀਆਂ ਪਦਾਰਥਵਾਦੀ ਰੁਚੀਆਂ ਦਾਦੀ ਦੀ ਚੋਣ ਕਰਦੀਆਂ ਹਨ, ਕਿਉਂਕਿ ਦਾਦੀ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਪਿਉ ਵਿਚਕਾਰ ਕੜੀ ਦਾ ਕੰਮ ਕਰਦੀ ਹੈ। ਬੱਚਿਆਂ ਦੀ ਕਿਸੇ ਵੀ ਗੱਲ ਜਾਂ ਲੋੜ ਨੂੰ ਆਪਣੇ ਨੂੰਹ-ਪੁੱਤ ਤੱਕ ਪੁੱਜਦਾ ਕਰਨਾ ਦਾਦੀ ਮਾਂ ਲਈ ਜਿੰਨਾ ਆਸਾਨ ਹੈ, ਉਨਾ ਦਾਦੇ ਲਈ ਨਹੀਂ ਹੁੰਦਾ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਔਰਤ ਮਰਦ ਤੋਂ ਜ਼ਿਆਦਾ ਸਹਿਜ ਤੇ ਸੰਵੇਦਨਸ਼ੀਲ ਹੁੰਦੀ ਹੈ, ਕੋਮਲ ਹੁੰਦੀ ਹੈ। ਫਿਰ ਬੱਚੇ ਵੀ ਤਾਂ ਫੁੱਲਾਂ ਵਰਗੇ ਹੀ ਹੁੰਦੇ ਹਨ, ਬੱਚੇ ਸਹਿਜਤਾ ਨੂੰ ਪਸੰਦ ਕਰਦੇ ਹਨ।
ਜ਼ਰੂਰੀ ਨਹੀਂ ਕਿ ਵੱਡੀ ਉਮਰ ਵਿਚ ਮਰਦ ਹੀ ਕਮਜ਼ੋਰ ਹੁੰਦੇ ਹਨ, ਸਗੋਂ ਔਰਤ ਨੇ ਤਾਂ ਬੜੀਆਂ ਮੁਸ਼ਕਿਲਾਂ ਨਾਲ ਘਰ ਪਰਿਵਾਰ ਵਿਚੋਂ ਵੱਖ-ਵੱਖ ਰਿਸ਼ਤਿਆਂ ਤੇ ਰਿਸ਼ਤਿਆਂ ਦੇ ਦੁੱਖ-ਸੁੱਖ ਹੰਢਾਏ ਹੁੰਦੇ ਹਨ। ਹਾਂ, ਉਹ ਧੀਰਜਵਾਨ ਬਹੁਤ ਹੋ ਜਾਂਦੀ ਹੈ। ਥੋੜ੍ਹਾ ਜਿਹਾ ਸੁੱਖ ਵੀ ਉਸ ਨੂੰ ਸਵਰਗ ਲੱਗਦਾ ਹੈ, ਪਰ ਮਰਦ ਜਿਸ ਨੇ ਸਾਰੀ ਉਮਰ ਲੰਬੜਦਾਰੀ ਤੇ ਸਰਪੰਚੀ ਹੰਢਾਈ ਹੋਵੇ, ਇਸ ਉਮਰ ਵਿਚ ਆ ਕੇ ਉਨ੍ਹਾਂ ਨੂੰ ਆਪਣਾ ਆਪ ਵਾਧੂ ਤੇ ਬੇਲੋੜਾ ਮਹਿਸੂਸ ਹੋਣ ਲੱਗਦਾ ਹੈ। ਉਂਜ, ਗੱਲ ਇਹ ਨਹੀਂ ਹੁੰਦੀ, ਗੱਲ ਸਿਰਫ ਸੋਚਣ ਦੀ ਹੈ। ਜਦੋਂ ਨਵਾਂ ਰਾਜਾ ਤਖਤ ‘ਤੇ ਬੈਠੇਗਾ, ਤਾਂ ਪੁਰਾਣੇ ਨੂੰ ਤਖਤ ਛੱਡਣਾ ਹੀ ਪਏਗਾ। ਬੱਸ ਜਦੋਂ ਤਖਤ ਡੋਲਦਾ ਹੈ, ਤਾਂ ਮਨ ਵੀ ਡੋਲ ਜਾਂਦਾ ਹੈ, ਪਰ ਔਰਤ ਦਾ ਮਨ ਸਹਿੰਦੜ ਹੁੰਦਾ ਹੈ। ਉਹ ਜ਼ਿੰਦਗੀ ਨੂੰ ਸਮਝੌਤੇ ਦੀ ਤਰ੍ਹਾਂ ਬਤੀਤ ਕਰਦੀ ਹੈ। (ਇਹ ਗੱਲ ਵੀ ਅੱਜ ਤੋਂ ਪਹਿਲਾਂ ਦੀ ਦਾਦੀ ਲਈ ਹੈ। ਅੱਜ ਪੜ੍ਹੀ-ਲਿਖੀ ਔਰਤ ਸਮਝੌਤਾ ਨਹੀਂ, ਡੀਲ ਕਰਦੀ ਹੈ।) ਔਰਤ ਨੂੰ ਹਾਲਾਤ ਅਨੁਸਾਰ ਢਲਣ ਅਤੇ ਹਾਲਾਤ ਨੂੰ ਆਪਣੇ ਅਨੁਸਾਰ ਢਾਲਣਾ ਆਉਂਦਾ ਹੈ। ਇਸ ਮਾਮਲੇ ਵਿਚ ਮਰਦ ਦੀ ਤਬੀਅਤ ਕਾਹਲੀ ਤੋਂ ਕੰਮ ਲੈਂਦੀ ਹੈ। ਮਰਦ ਦੀ ਫਿਤਰਤ ਬਹੁਤਾ ਸੋਚਣਾ ਜਾਂ ਰੋਣਾ-ਕਲਪਣਾ ਨਹੀਂ ਹੁੰਦਾ। ਇਹ ਵੀ ਔਰਤ ਦੇ ਹਿੱਸੇ ਹੀ ਆਇਆ ਹੈ। ਉਹ ਟੁੱਟੀ-ਭੱਜੀ ਵੀ ਸਾਬਤ-ਸਬੂਤ ਰਹਿੰਦੀ ਹੈ, ਕਿਉਂਕਿ ਉਹ ਜੱਗ ਜਨਣੀ ਹੈ।
ਵੱਡੀ ਉਮਰ ਦੇ ਬਜ਼ੁਰਗ ਤੋਂ ਕਮਾਈ ਦੀ ਆਸ ਕਰਨਾ ਬੜੀ ਮਾੜੀ ਸੋਚ ਹੈ। ਚੰਗੀਆਂ ਕਦਰਾਂ-ਕੀਮਤਾਂ ਵਾਲੇ ਬੱਚੇ ਮਾਲੀ ਪੱਖ ਤੋਂ ਕਮਜ਼ੋਰ ਹੁੰਦਿਆਂ ਵੀ ਐਸਾ ਨਹੀਂ ਸੋਚਣਗੇ। ਹਾਂ, ਬੁਰੀਆਂ ਆਦਤਾਂ ਤੇ ਨਸ਼ਿਆਂ ਵਿਚ ਗਲਤਾਨ ਔਲਾਦ ਲੱਖਪਤੀ ਹੁੰਦਿਆਂ ਵੀ ਬਜ਼ੁਰਗ ਨੂੰ ਰੋਟੀ ਨਹੀਂ ਦੇ ਸਕਦੀ।
ਪ੍ਰੋæ ਸਾਹਿਬ ਦੀਆਂ ਲਿਖੀਆਂ ਇਹ ਸਤਰਾਂ ਬਹੁਤ ਖੂਬ ਨੇ,
ਮੁਝ ਮੇ ਕਿਆ ਦੇਖਾ ਜੋ,
ਉਲਫ਼ਤ ਕਾ ਦਮ ਭਰਨੇ ਲਗੀ।
æææਦੇਖੋ! ਔਰਤ ਤਾਂ ਹਰ ਉਮਰ ਵਿਚ ਉਲਫ਼ਤ ਦਾ ਦਮ ਭਰਦੀ ਹੈ। ਫਿਰ ਇਸ ਉਮਰ ਤੱਕ ਆ ਕੇ ਤਾਂ ਬੰਦਾ ਇਕ-ਦੂਜੇ ਦੀ ਆਦਤ ਬਣ ਜਾਂਦਾ ਹੈ। ਦੁੱਖ-ਸੁੱਖ ਦਾ ਭਾਈਵਾਲ। ਸਾਂਭ-ਸੰਭਾਲ ਵਿਚ ਸਹਾਈ ਹੁੰਦਾ ਹੈ, ਜਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਉਮਰ ਵਿਚ ਮਰਦ ਨੂੰ ਆਪਣੀਆਂ ਮਨ-ਮਾਨੀਆਂ ਯਾਦ ਆਉਂਦੀਆਂ ਨੇ, ਤੇ ਉਹ ਤਰਸ ਖਾ ਕੇ ਸੋਚਦਾ ਹੈæææ ਵਿਚਾਰੀ! ਅਜੇ ਵੀ ਦਮ ਭਰਦੀ ਹੈ, ਮੇਰੀ ਇੱਜ਼ਤ ਕਰਦੀ ਹੈ।
ਗੱਲ ਕੁੱਤਿਆਂ ਨੂੰ ਸੈਰ ਕਰਾਉਣ ਵਾਲੀ ਵੀ ਮਾੜੀ ਨਹੀਂ। ਇਹ ਵੀ ਰੁਝੇਵਾਂ ਹੀ ਹੈ। ਕੁੱਤਿਆਂ ਨੂੰ ਸੈਰ ਦਾਦੀਆਂ ਵੀ ਕਰਾਉਂਦੀਆਂ ਨੇ। ਵਿਹਲੇ ਰਹਿਣ ਨੂੰ ਦਿਨ-ਕਟੀ ਤੇ ਕੁੱਤਿਆਂ ਦੀ ਸੈਰ ਨੂੰ ਵਿਅੰਗ ਦੱਸਣ ਵਾਲੀ ਸੋਚ ਸਾਰਥਿਕ ਨਹੀਂ ਹੁੰਦੀ। ਵੱਡੀ ਉਮਰ ਵਿਚ ਕਰਨ ਲਈ ਕੋਈ ਆਹਰ ਹੋਵੇ, ਇਹ ਤਾਂ ਸਗੋਂ ਚੰਗੀ ਗੱਲ ਹੈ। ਬੱਚੇ, ਜਾਨਵਰ ਤੇ ਫੁੱਲ-ਬੂਟੇ ਸਭ ਤੋਂ ਚੰਗੇ ਆਹਰ ਹਨ। ਇਹ ਤਿੰਨੇ ਚੀਜ਼ਾਂ ਬੜੀਆਂ ਮਾਸੂਮ ਹੁੰਦੀਆਂ ਹਨ। ਬਜ਼ੁਰਗ ਵੀ ਬੱਚਿਆਂ ਵਰਗੇ ਹੀ ਮਾਸੂਮ ਹੁੰਦੇ ਹਨ।
ਹਾਂ! ਦਾਦੀਆਂ ਜਾਂ ਮਾਂਵਾਂ ਨੂੰ ਹਮੇਸ਼ਾ ਇੱਜ਼ਤ-ਮਾਣ ਨਾਲ ਗੱਲ ਕਰਨੀ ਚਾਹੀਦੀ ਹੈ, ਤੇ ਬਜ਼ੁਰਗਾਂ ਨੂੰ ਵੀ ਇਸ ਅਵਸਥਾ ਵਿਚ ਘਰ ਬੈਠ ਕੇ ਇਕੱਠਿਆਂ ਵਕਤ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦਾਦੀ ਨੂੰ ਅੱਕ ਕੇ ਮਾੜੇ ਸ਼ਬਦਾਂ ਦਾ ਸਹਾਰਾ ਨਾ ਲੈਣਾ ਪਵੇ। ਵੱਡਿਆਂ ਦੀ ਬੋਲ-ਬਾਣੀ ਦਾ ਬੱਚਿਆਂ ‘ਤੇ ਸਿੱਧਾ ਅਸਰ ਹੁੰਦਾ ਹੈ। ਉਹ ਤੁਹਾਡੇ ਵੱਲ ਦੇਖੇ ਬਿਨਾਂ ਖੇਡ ਵਿਚ ਲੱਗੇ ਹੋਏ ਵੀ ਤੁਹਾਡੀ ਗੱਲਬਾਤ ਦੀ ਕਾਪੀ ਕਰੀ ਜਾਂਦੇ ਹਨ। ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ ਦੇ ਲੇਖ ਵਿਚੋਂ ਪੜ੍ਹੀਆਂ ਇਹ ਸਤਰਾਂ ਬੜੀਆਂ ਸਾਰਥਿਕ ਤੇ ਸੱਚੀਆਂ ਹਨ: ਕਦੀ-ਕਦੀ ਕਿਸੇ ਨਾਲ/ਹਲਕਾ ਜਿਹਾ ਤਕਰਾਰ ਹੋਵੇ।æææ ਹਲਕੀ-ਹਲਕੀ ਨੋਕ-ਝੋਕ ਗਿਲੇ-ਸ਼ਿਕਵੇ ਜ਼ਿੰਦਗੀ ਵਿਚ ਨਵੀਨਤਾ ਭਰਦੇ ਹਨ। ਇਹ ਜਿਉਣ ਜੋਗੀ ਬਣ ਜਾਂਦੀ ਹੈ।
ਮੇਰੀ ਨਾਨੀ ਆਖਦੀ ਹੁੰਦੀ ਸੀ- ਜਦੋਂ ਧੀਆਂ-ਪੁੱਤ ਔਖੇ (ਦੁਖੀ) ਹੁੰਦੇ ਨੇ, ਕੋਹਾਂ ਦੂਰ ਬੈਠੀ ਮਾਂ (ਦਾਦੀ) ਦੀਆਂ ਆਂਦਰਾਂ ਤੜਫ ਉਠਦੀਆਂ ਨੇ। ਇਹ ਰਿਸ਼ਤਾ ਆਂਦਰਾਂ ਦਾ ਜੁ ਹੋਇਆ। ਜਿਗਰ ਤੇ ਖੂਨ ਦਾ ਰਿਸ਼ਤਾ। ਹੱਡ ਤੇ ਮਾਸ ਦਾ ਰਿਸ਼ਤਾ। ਜੇ ਗੁਰਦੁਆਰੇ ਗਿਆਂ ਰੱਬ ਨੂੰ ਪਾਇਆ ਜਾ ਸਕਦਾ ਹੈ, ਤਾਂ ਜਿਸ ਦੇ ਘਰ ਰੱਬ ਵਰਗੀਆਂ ਬਜ਼ੁਰਗ ਰੂਹਾਂ ਹਨ, ਉਹ ਘਰ ਬੈਠਾ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ। ਬੰਦੇ ਤੇ ਰੱਬ ਵਿਚਕਾਰ ਅੰਤਰ ਇੰਨਾ ਕੁ ਹੀ ਹੈ ਕਿ ਬੰਦਾ ਦਿਸਦਾ ਹੈ, ‘ਉਹ’ ਦਿਸਦਾ ਨਹੀਂ। ਹਮੇਸ਼ਾ ਇੱਜ਼ਤ-ਮਾਣ ਦੇਣ ਤੇ ਲੈਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਹਰ ਰਿਸ਼ਤਾ ਅਨਮੋਲ ਹੈ, ਇਹਦੀ ਬਣਦੀ ਥਾਂ ‘ਤੇ ਇਹਨੂੰ ਰਹਿਣ ਦਿਓ।

Be the first to comment

Leave a Reply

Your email address will not be published.