ਐਸ਼ ਅਸ਼ੋਕ ਭੌਰਾ
ਅਮੀਰ ਘਰ ਵਿਚ ਜੰਮਿਆ ਸ਼ਾਇਰ ਗਰੀਬੀ ‘ਤੇ ਕਵਿਤਾ ਤਾਂ ਲਿਖ ਸਕਦਾ ਹੈ ਪਰ ਅਹਿਸਾਸ ਨਾ ਹੋਣ ਕਾਰਨ ਦਰਦ ਨਹੀਂ ਭਰ ਸਕੇਗਾ। ਜਿਸ ਨੇ ਤਾਜ ਮਹੱਲ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ, ਉਹਨੂੰ ਇਹ ਦੱਸਣ ਦੀ ਲੋੜ ਨਹੀਂ ਰਹਿੰਦੀ ਕਿ ਲੋਕ ਸੰਗਮਰਮਰ ਦੇ ਗੁਣ ਕਿਉਂ ਗਾਉਂਦੇ ਨੇ, ਜਾਂ ਵੱਡੇ ਲੋਕ ਤੇ ਬਾਦਸ਼ਾਹ ਪਤਨੀਆਂ ਨੂੰ ਖੁਸ਼ ਕਰਨ ਲਈ ਤੋਹਫ਼ੇ ਇੱਦਾਂ ਦੇ ਵੀ ਦੇ ਸਕਦੇ ਹਨ! ਉਹ ਇਹ ਗੱਲ ਝੱਟ ਕਹਿ ਦਿੰਦੇ ਹਨ ਕਿ ਪੰਜਾਬੀ ਜਿਥੇ ਵੀ ਗਏ ਹਨ, ਆਪਣਾ ਬਹੁਤ ਕੁਝ ਇਖਲਾਕੀ ਤੇ ਵਿਰਾਸਤੀ ਵੀ ਨਾਲ ਲੈ ਕੇ ਗਏ ਹਨ। ਉਧਰ, ਰਾਜਨੀਤਕ ਲੋਕਾਂ ਨੇ ਪੰਜਾਬ ਦੀਆਂ ਵੰਡੀਆਂ ਕਰ ਕੇ ਇਸ ਨੂੰ ਭਾਵੇਂ ਲਾਜਵੰਤੀ ਵਾਂਗ ‘ਕੱਠਾ ਕਰ ਦਿੱਤਾ, ਪਰ ਬਹੁਤ ਵੱਡਾ ਪੰਜਾਬ ਬਰਤਾਨੀਆ ਵਿਚ ਵੀ ਵਸਦਾ ਹੈ। ਪੰਜਾਬੀਆਂ ਨੇ ਉਥੇ ਵਪਾਰ ਹੀ ਨਹੀਂ ਕੀਤਾ, ਸਗੋਂ ਗਾਇਕਾਂ ਨੇ ਵੀ ਇਸ ਨੂੰ ਵਪਾਰ ਮੰਡੀ ਬਣਾ ਕੇ ਸਫ਼ਲਤਾ ਨਾਲ ਪੇਸ਼ ਕੀਤਾ ਹੈ। ਮੋਟੇ ਜਿਹੇ ਹਿਸਾਬ ਨਾਲ ਕਹਿ ਨਹੀਂ ਸਕਦੇ, ਕਿ ਗਾਇਕ ਏæਐਸ਼ ਕੰਗ (ਅਵਤਾਰ ਸਿੰਘ) ਦਾ ਸਾਰੇ ਦਾ ਸਾਰਾ ਪ੍ਰਬੰਧ ਇੰਗਲੈਂਡ ਨਾਲ ਨਹੀਂ! ‘ਤੂਤਕ ਤੂਤਕ ਤੂਤੀਆਂ’ ਵਾਲਾ ਮਲਕੀਤ ਵੀ ਵਲਾਇਤੀ ਪੰਜਾਬ ਤੋਂ ਹੈ, ਕੇæਐਸ਼ ਭੰਵਰਾ ਵੀ। ਰਾਮ ਕਿਸ਼ਨ ਹੋਰੀਂ ਵੀ, ਭੁਝੰਗੀ ਗਰੁਪ ਵੀ, ਤੇ ਲੁਭਾਏ ਹੋਰੀਂ ਵੀ। ਮਹਾਨ ਢੋਲੀ ਗੁਰਚਰਨ ਮੱਲ ਵੀ, ਸੰਗੀਤਕਾਰ ਬਲਦੇਵ ਮਸਤਾਨਾ ਵੀ, ਗਾਇਕ ਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਵੀ, ਪਲਵਿੰਦਰ ਧਾਮੀ ਵੀ, ਰੇਲ ਗੱਡੀ ਵਾਲਾ ਚੰਨੀ ਵੀ ਇੰਗਲੈਂਡ ਦੀ ਆਬੋ-ਹਵਾ ਦੀ ਮੁਕਾਮ ਤੱਕ ਪੁੱਜੀਆਂ ਸੁਰਾਂ ਹਨ। ਗੀਤਕਾਰ ਚੰਨ ਜੰਡਿਆਲਵੀ, ਪਿਆਰਾ ਸਿੰਘ ਕੁਲਾਮ ਵਾਲਾ, ਜੰਡੂ ਲਿੱਤਰਾਂਵਾਲਾ, ਸਾਰੇ ਦੇ ਸਾਰੇ ਇਸੇ ਧਰਤੀ ਨਾਲ ਜੁੜੇ ਹੋਏ ਹਨ। ਪੱਛਮੀ ਪ੍ਰਭਾਵ ਵਾਲਾ ਰੈਪ ਸਭ ਤੋਂ ਪਹਿਲਾਂ ਉਥੇ ਹੀ ਪੰਜਾਬੀ ਗਾਇਕਾਂ ਨੇ ਕਬੂਲਿਆਂ। ਕੀਨੀਆ, ਯੁਗਾਂਡਾ ਸਟਾਈਲ ਪੱਗਾਂ ਵਾਲੇ ਜੱਸੀ ਹੋਰੀਂ ਉਥੇ ਹੀ ਰਹਿੰਦੇ ਹਨ, ਤੇ ਪੰਜਾਬ ਦੇ ਲੋਕ ਸੰਗੀਤ ਇਤਿਹਾਸ ਵਾਂਗ ਉਥੇ ਢੋਲੀ ਵੀ ਹਨ, ਘੜਾ ਵਜਾਉਣ ਵਾਲੇ ਵੀ, ਮਹਾਨ ਤਬਲਾ ਵਾਦਕ ਵੀ, ਬੈਂਜੋ ਵਜਾਉਣ ਵਾਲੇ ਵੀ, ਤੂੰਬੀ ਵਾਲੇ ਵੀ, ਅਲਗੋਜ਼ਿਆਂ ਵਾਲੇ ਵੀ ਉਥੇ ਰਹਿੰਦੇ ਹਨ। ਟੇਪਾਂ, ਰੀਲ੍ਹਾਂ ਦੇ ਯੁੱਗ ਵਿਚ ਜਿਨ੍ਹਾਂ ਨੇ ‘ਮਿਊਜ਼ਿਕ ਕਾਰਨਰ’ ਦੇ ਨਾਂ ਹੇਠ ਸਾਊਥਾਲ ਦੇ ਬਰਾਡ ਵੇਅ ਜਾਂ ਬਰਮਿੰਘਮ ਦੇ ਸੋਹੋ ਰੋਡ ‘ਤੇ ਦੁਕਾਨਾਂ ਦੇਖੀਆਂ ਹਨ, ਉਨ੍ਹਾਂ ਨੂੰ ਇਹ ਥਾਂਵਾਂ ਲੁਧਿਆਣੇ ਦਾ ‘ਭਦੌੜ ਹਾਊਸ’ ਵੀ ਲੱਗਦੀਆਂ ਰਹੀਆਂ ਹਨ।
ਜੋਤਿਸ਼ ਦਾ ਕਾਰੋਬਾਰ ਇਸ ਕਰ ਕੇ ਬੰਦ ਨਹੀਂ ਹੋ ਸਕਦਾ, ਕਿਉਂਕਿ ਮਰਦੇ ਦਮ ਤੱਕ ਮਨੁੱਖ ਨੂੰ ਆਸ ਹੁੰਦੀ ਹੈ ਕਿ ਸ਼ਾਇਦ ਉਹ ਬਚ ਜਾਵੇਗਾ, ਤੇ ਚੰਗੇ ਭਵਿੱਖ ਤੇ ਜਿਉਂਦੇ ਰਹਿਣ ਦਾ ਗੁਰ ਦੱਸਣ ਵਾਲਿਆਂ ਦੇ ਲੋਕੀਂ ਗੋਡੇ ਘੁੱਟਣ ਦਾ ਕੰਮ ਕਰਦੇ ਹੀ ਰਹਿਣਗੇ। ਇਵੇਂ ਪੰਜਾਬੀ ਚਲੇ ਕਿਤੇ ਵੀ ਜਾਣ, ਗੀਤ-ਸੰਗੀਤ ਤੇ ਆਦਤਾਂ ਦੀ ਬੋਰੀ ਵੀ ਨਾਲ ਹੀ ਚੁੱਕੀ ਫ਼ਿਰਦੇ ਹਨ; ਪਰ ਆੜ੍ਹਤੀਆਂ ਵਾਂਗ ਸੰਗੀਤ ਦੀ ਪੱਕੀ ਮੰਡੀ ਪੰਜਾਬੀ ਗਾਇਕਾਂ ਲਈ ਕਿੱਦਾਂ ਬਣੀ ਤੇ ਇਸ ਮੰਡੀ ਵਿਚੋਂ ਮੈਂ ਕਿਵੇਂ ਗੁਜ਼ਰਿਆ, ਐਤਕੀਂ ਇਸ ਬਾਰੇ ਕੁਝ ਗੱਲਾਂ ਕਰਾਂਗੇ। ਜੱਸਲਾਂ ਦਾ ਦੇਵ ਯਾਨਿ ‘ਖਾਓ-ਪੀਓ ਐਸ਼ ਕਰੋ ਮਿੱਤਰੋ’ ਵਰਗੇ ਗੀਤ ਲਿਖਣ ਵਾਲਾ ਦੇਵ ਰਾਜ ਜੱਸਲ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਉਹਦੇ ਕਈ ਗੀਤਾਂ ਨੂੰ ਜੈਜੀ, ਬਲਵਿੰਦਰ ਸਫ਼ਰੀ, ਕੰਗ ਤੱਕ ਲੈ ਕੇ ਜਾਣ ਦੀ ਡੋਰ ਖਿੱਚਦਾ ਰਿਹਾ, ਪਰ ਉਹ ਇਹ ਚਾਹੁੰਦਾ ਸੀ ਕਿ ਮੈਂ ਗੀਤਕਾਰ ਬਣਾਂ। ਬਲਦੇਵ ਮਸਤਾਨੇ ਦੇ ਕਵੈਂਟਰੀ ਸਥਿਤ ਸਟੂਡੀਓ ਵਿਚ ਉਹ ਪਿਆਰ ਦੀ ਇਸ ਬੋਲੀ ਦਾ ਮੇਰੇ ਨਾਲ ਇਸ਼ਕ ਵੀ ਜਤਾਉਂਦਾ ਰਿਹਾ, ਪਰ ਇਸ ਗੱਲ ਦਾ ਦੁੱਖ ਸਾਰੀ ਉਮਰ ਰਹੇਗਾ ਕਿ ਚੰਗੇ ਗੀਤ ਦੇਣ ਵਾਲਾ ਸਾਡਾ ਇਹ ਮਿੱਤਰ ਭਰ ਜੋਬਨ ਵਿਚ ਸਦਾ ਲਈ ਜੁਦਾ ਹੋ ਗਿਆ।
ਪੰਜਾਬ ਅੰਦਰ ਖੇਡਾਂ ਦੀ ਗੱਲ ਚੱਲੇ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜ਼ਿਕਰ ਹੋਵੇਗਾ ਹੀ; æææ ਤੇ ਗਿਆ ਭਾਵੇਂ ਕੋਈ ਲੰਡਨ ਨੂੰ ਚੋਰੀ-ਚੋਰੀ ਹੀ ਹੋਵੇ, ਪਰ ਜਿਸ ਨੇ ਉਥੇ ਕਿਤੇ ਗੁਸਲਖਾਨੇ ਵਿਚ ਜਾ ਕੇ ਵੀ ਗੀਤ ਗਾਏ ਹੋਣਗੇ, ਉਹ ਲੰਡਨ ਦੇ ਬੈਂਬਲੀ ਅਰੀਨਾ ਥੀਏਟਰ ਜਾਂ ਹਾਲ ਨੂੰ ਕਦੇ ਨਹੀਂ ਭੁੱਲ ਸਕਦਾ। ਦੁਨੀਆਂ ਭਰ ਦੀਆਂ ਜ਼ੁਬਾਨਾਂ ਵਿਚ ਗਾਉਣ ਵਾਲੇ ਵੱਡੇ ਗਾਇਕਾਂ ਲਈ ਇਹ ਉਹੀ ਥਾਂ ਹੈ ਜੋ ਘੋਲਾਂ ਲਈ ਭਲਵਾਨਾਂ ਦੀ ਅਖਾੜੇ ਵਿਚ ਹੁੰਦੀ ਹੈ। ਸਾਲ 1992 ਵਿਚ ਜੂਨ ਮਹੀਨੇ ਜਦੋਂ ਮੈਂ ਲੰਡਨ ਗਿਆ, ਤਾਂ ਇਹ ਥਾਂ ਦੇਖਣ ਲਈ ਉਸਲਵੱਟੇ ਲੈ ਰਿਹਾ ਸਾਂ। ਉਥੇ ਹੀ ਕਦੇ ਆਲਮ ਲੁਹਾਰ ਤੇ ਕੁਲਦੀਪ ਮਾਣਕ ਮਿਹਣੋ-ਮਿਹਣੀ ਹੋਏ ਸਨ। ਜਦੋਂ ਸਟੇਜ ਤੋਂ ਮਾਣਕ ਦੀ ਸਿਫ਼ਤ ਹੋਈ ਤਾਂ ਆਲਮ ਲੁਹਾਰ ਉਹਦੇ ਨਾਲ ਈਰਖਾ ਵੱਸ ਉਲਝ ਪਿਆ ਕਿæææ ‘ਕੀ ਹੈ ਥੋਡੇ ਗੀਤਾਂ ਵਿਚ? ਕਿਤੇ ਚੁਬਾਰੇ ਵਿਚੋਂ ਬਾਂਹ ਫੜਾ ਕੇ ਖਿੱਚੀ ਜਾਂਦੇ ਹੋ, ਕਿਤੇ ਕੱਟੇ-ਵੱਛੇ ਭਜਾਈ ਫ਼ਿਰਦੇ ਹੋ।’ ਅੱਗਿਉਂ ਮਾਣਕ ਵੀ ਬਠਿੰਡੇ ਵਾਲੇ ਸੁਭਾਅ ਵਿਚ ਪੈ ਗਿਆ ਕਿ ‘ਮੈਂ ਹੋਰ ਕਿਸੇ ਦਾ ਠੇਕਾ ਨਹੀਂ ਲਿਆ ਹੋਇਆ, ਤੂੰ ਮੇਰੇ ਨਾਲ ਆ ਸੰਗੀਤ ਤੇ ਹਾਰਮੋਨੀਅਮ ਦੇ ਜਿਹੜੇ ਰਸਤੇ ਵਿਚੋਂ ਆਉਣਾ।’ ਉਦੋਂ ਆਲਮ ਉਖੜ ਗਿਆ ਸੀ।
ਉਦੋਂ ਨੁਸਰਤ ਫ਼ਤਿਹ ਅਲੀ ਖਾਨ ਸਬੱਬੀਂ ਇੰਗਲੈਂਡ ਹੀ ਸੀ, ਤੇ ਉਹਦੇ ਨਾਲ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਉਥੇ ਹੀ ਹੋਈ ਸੀ। ਦੂਜੇ ਪਾਸੇ ਕਹਾਣੀ ਇਹ ਸੀ ਕਿ ਪੰਜਾਬੀ ਗਾਇਕਾਂ ਵਿਚੋਂ ਸਭ ਤੋਂ ਪਹਿਲਾ ਮਾਣ ਬੈਂਬਲੀ ਅਰੀਨਾ ਵਿਚ ਗਾ ਕੇ ਖੱਟਣ ਵਾਲਾ ਕੁਲਦੀਪ ਮਾਣਕ ਵੀ ਆਇਆ ਹੋਇਆ ਸੀ। ਇਹ ਗੱਲ ਹੁਣ ਮੈਂ ਢਿੱਡ ਵਿਚ ਨਹੀਂ ਘੁੱਟਾਂਗਾ ਕਿ ਕੁਲਦੀਪ ਮਾਣਕ ਦਾ ਮਿੱਤਰ ਤੇ ਪ੍ਰੋਮੋਟਰ ਬਿੱਕਰ ਕੰਗ ਉਹਨੂੰ ਉਥੇ ਲੈ ਕੇ ਗਿਆ ਸੀ, ਪਰ ਉਹ ਮੈਨੂੰ ਉਸ ਟੀਮ ਵਿਚੋਂ ਛੱਡ ਆਏ ਸਨ। ਅਸਲ ਵਿਚ ਕੰਗ ਨੇ ਮੇਰਾ ਖਰਚਾ ਬਚਾਉਣ ਲਈ ਮਾਣਕ ਨੂੰ ਵਿਸ਼ਵਾਸ ਵਿਚ ਲੈ ਕੇ ਮੈਨੂੰ ਬਾਹਰ ਕਰ ਦਿੱਤਾ ਸੀ। ਫ਼ਿਰ ਵੀ ਮੈਂ ਪਿੱਛੇ-ਪਿੱਛੇ ਪੈੜ ਵਿੰਹਦਾ ਲੰਡਨ ਪਹੁੰਚ ਗਿਆ ਸਾਂ।
ਨੁਸਰਤ ਦਾ ਸ਼ੋਅ ਬੈਂਬਲੀ ਅਰੀਨਾ ਵਿਚ ਮੂਹਰੇ ਬੈਠ ਕੇ ਜਦੋਂ ਵੇਖਿਆ ਤਾਂ ਅੰਦਰ ਗਿਆਨ ਦੀ ਜਿਹੜੀ ਬੱਤੀ ਜਗੀ, ਉਹ ਇਹ ਸੀ ਕਿ ਉਹਨੂੰ ਸੁਣਨ ਵਾਲਿਆਂ ਵਿਚ ਪਾਕਿਸਤਾਨੀ ਜਾਂ ਆਪਣੇ ਪੰਜਾਬੀ ਘੱਟ, ਗੋਰੇ ਵੱਧ ਗਿਣਤੀ ਵਿਚ ਸਨ। ਸੋਚਦਾ ਸਾਂ, ‘ਦਮਾ-ਦਮ ਮਸਤ ਕਲੰਦਰ’, ‘ਹੀਰੇ ਨੀ ਰਾਂਝਾ ਜੋਗੀ ਹੋ ਗਿਆ’ ਬਾਰੇ ਗੋਰਿਆਂ ਨੂੰ ਕੀ ਪਤਾ ਲੱਗਦਾ ਹੋਵੇਗਾ? ਇਹ ਕੀ ਕਰਨ ਆਏ ਹਨ? ਮੈਂ ਬਾਥਰੂਮ ਵਿਚ ਵੜੇ ਅੱਧਖੜ੍ਹ ਗੋਰੇ ਨੂੰ ਜਦੋਂ ਪੁੱਛਿਆ, ‘ਯੂ ਅੰਡਰਸਟੈਂਡ ਵ੍ਹਟ ਹੀ ਇਜ਼ ਸਿੰਗਿੰਗ?’ ਤਾਂ ਉਹ ਗੁੱਸੇ ਭਰੇ ਲਹਿਜੇ ਵਿਚ ਬੋਲਿਆ, ‘ਮਿਸਟਰ, ਵ੍ਹਟ ਆਰ ਯੂ ਡੂਇੰਗ ਹੀਅਰ, ਆਈ ਥਿੰਕ ਯੂ ਨਥਿੰਗ ਨੋ ਅਬਾਊਟ ਮਿਊਜ਼ਿਕ?’ ਫਿਰ ਮੈਂ ਇਹ ਸੋਚ ਕੇ ਚੁੱਪ ਹੋ ਗਿਆ ਸਾਂ ਕਿ ਚਲੋ, ਨਿਆਣੀ ਉਮਰ ਵਿਚ ਚੁਪੇੜਾਂ ਵੱਜਣੀਆਂ ਹੁੰਦੀਆਂ ਹਨ। ਉਥੇ ਹੀ ਮੈਨੂੰ ਕਿਸੇ ਅਣਜਾਣ ਨੇ ਕੰਨ ਵਿਚ ਦੱਸ ਦਿੱਤਾ ਸੀ ਕਿ ਇਹ ਜਿਹੜੇ ਗੋਰੇ ਆਏ ਹਨ, ਇਨ੍ਹਾਂ ਨੂੰ ਸ਼ਬਦਾਂ ਨਾਲ ਨਹੀਂ, ਸਗੋਂ ਗਲੇ ਦੀ ਮੁਰਕੀਆਂ, ਗਰਾਰੀਆਂ ਤੇ ਅਲਾਪ ਹੀ ਸਾਰੇ ਦਾ ਸਾਰਾ ਸੁਆਦ ਦੇਈ ਜਾ ਰਹੇ ਹਨ। ਪ੍ਰੋਗਰਾਮ ਤਾਂ ਬੈਂਬਲੀ ਅਰੀਨਾ ਵਿਚ ਦੇਖ ਲਿਆ, ਪਰ ਉਹ ਕੁਝ ਦੇਖਣ ਲਈ ਢਿੱਡ ਦੁਖਣ ਲੱਗ ਪਿਆ ਕਿ ਮਕਬਰੇ ਤਾਂ ਦੇਖ ਲਏ ਨੇ, ਹੁਣ ਹੱਜ ਵੀ ਕਰ ਲਿਆ ਜਾਵੇ। ਬੱਸ, ਫਿਰ ਨੁਸਰਤ ਨੂੰ ਲੰਡਨ ਦੇ ਪੰਜ ਤਾਰਾ ਹੋਟਲ ਵਿਚ ਮਿਲਣ ਦਾ ਸੁਭਾਗ ਪ੍ਰਾਪਤ ਹੋ ਗਿਆ।
ਹੁਣ ਮਾੜਾ-ਮੋਟਾ ਹੀ ਯਾਦ ਹੈ, ਨਾਂ ਸ਼ਾਇਦ ਮੁਹੰਮਦ ਜਾਫ਼ਰੀ ਸੀ। ਉਹ ਪਹਿਲਾਂ ਹੋਟਲ ਦੇ ਇੱਕੀ ਨੰਬਰ ਕਮਰੇ ਵਿਚ ਮਿਲਿਆ, ਤੇ ਫਿਰ ਅਸੀਂ ਛਿਆਸੀ ਨੰਬਰ ਕਮਰੇ ਵਿਚ ਨੁਸਰਤ ਕੋਲ ਸਾਹਮਣੇ ਜਾ ਬੈਠੇ। ਇਸ ਤੋਂ ਪਹਿਲਾਂ ਮੈਂ ਅਦਬੀ ਢੰਗ ਵਿਚ ਝੁਕ ਕੇ ਪੈਰੀਂ ਹੱਥ ਲਾਇਆ। ਮੇਰੇ ਸਵਾਲ ਤੋਂ ਪਹਿਲਾਂ ਹੀ ਇਸ ਮਹਾਨ ਹਸਤੀ ਦਾ ਸਵਾਲ ਦੇਖੋ, ‘ਜੁਆਨਾ! ਰਾਜ਼ੀ-ਬਾਜ਼ੀ ਆਂ? ਭਲਾ ਕੀ ਲਿਖਦਾ ਹੁੰਨੈ?’ ਝੱਟ ਦੇਣੀ ਕੰਨ ਵਿਚ ਉਂਗਲੀ ਇਸ ਕਰ ਕੇ ਫੇਰੀ, ਕਿ ਸੁਣਿਆ ਤਾਂ ਸੀ, ਪਰ ਅੱਖਾਂ ਨਾਲ ਵੇਖਿਆ ਤੇ ਸੱਚੀਂ ਸੁਣਿਆ ਅੱਜ ਸੀ ਕਿ ਪੰਜਾਬੀ ਜ਼ੁਬਾਨ ਨੂੰ ਅਸਲੀ ਪਿਆਰ ਲਹਿੰਦੇ ਪੰਜਾਬ ਵਾਲੇ ਹੀ ਕਰਦੇ ਹਨ, ਤੇ ਨੁਸਰਤ ਮਹਾਨ ਕਿਉਂ ਹੈ?
ਆਪਣੀਆਂ ਲਿਖਤਾਂ ਦੇ ਰਾਹਾਂ ਵਿਚ ਆਉਂਦੀਆਂ ਮੁਲਾਕਾਤਾਂ ਵਿਚ ਉਦੋਂ ਲੱਤਾਂ ਤੇ ਹੱਥ ਇਸ ਕਰ ਕੇ ‘ਕੱਠੇ ਕੰਬੇ ਸਨ, ਕਿ ਮਹਾਨ ਸੁਰਾਂ ਨਾਲ ਬੇਸੁਰਿਆਂ ਦਾ ਮੇਲ ਉਖਾੜ ਹੀ ਦਿੰਦਾ ਹੈ। ਵੱਡਾ ਢਿੱਡ ਹੋਣ ਕਰ ਕੇ ਉਹਦੇ ਘੁੱਟਣ ਨਾਲ ਮੈਂ ਗਲ ਨਾਲ ਜਾਂ ਦਿਲ ਦੇ ਨੇੜੇ ਤਾਂ ਭਾਵੇਂ ਨਾ ਵੀ ਹੋ ਸਕਿਆ ਹੋਵਾਂ, ਪਰ ਪੰਜਾਬੀ ਗਾਇਕੀ ਦੇ ਉਸ ਇਤਿਹਾਸ ਦੇ ਨੇੜੇ ਜ਼ਰੂਰ ਚਲੇ ਗਿਆ ਸਾਂ ਜਿਥੇ ਅੱਖਰ ਬੋਲਿਆ ਕਰਨਗੇ, ‘ਅਸੀਂ ਵੀ ਨੁਸਰਤ ਨੂੰ ਜਾਣਦੇ ਹਾਂ, ਮਿਲੇ ਸਾਂ, ਘੁੱਟ ਕੇ ਮਿਲੇ ਸਾਂ।’
ਨੁਸਰਤ ਨੇ ਸੁਰਿੰਦਰ ਕੌਰ ਦਾ ਹਾਲ ਪੁੱਛਿਆ, ਯਮਲੇ ਜੱਟ ਦੀ ਗੱਲ ਕੀਤੀ, ਮਾਣਕ ਦੀ ਤਾਰੀਫ਼ ਕੀਤੀ, ਸ਼ਿਵ ਤੇ ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਦੇ ਬੋਲ ਕਹੇ; ਤੇ ਜਿਹੜੀ ਗੱਲ ਹੋਰ ਉਹਨੇ ਸਿਰ ਸਿੱਧਾ ਕਰ ਕੇ ਕਹੀ ਸੀ ਕਿ ‘ਬਰਮਿੰਘਮ ਵਾਲੇ ਚੌਹਾਨ ਦੇ ਆਖੇ ਲੱਗ ਕੇ ਅਸ਼ੋਕ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਕਾਰ ਲੈਣ ਵਾਲੇ ਭਗਤ ਰਵਿਦਾਸ ਜੀ ਨੂੰ ਗਾਇਆ ਹੈ ਹੁਣ।’ ਜੁਆਬ ਉਹਦਾ ਭਾਵੇਂ ਖਾਸ ਨਾ ਵੀ ਹੋਵੇ ਪਰ ਇਹ ਗੱਲ ਜ਼ਰੂਰ ਕਹਾਂਗਾ ਕਿ ਸੰਗੀਤ ਵਿਚ ਧਰਮ/ਮਜ਼ਹਬ ਅੱਗੇ ਨਹੀਂ, ਪਿੱਛੇ ਹੋ ਕੇ ਤੁਰਦੇ ਆਏ ਹਨ।
ਉਦੋਂ ਮੈਨੂੰ ਹੋਟਲ ਦੀਆਂ ਪੌੜੀਆਂ ਉਤਰਦਿਆਂ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਮਹਾਨ ਸੁਰ ਦੇ ਮੁੜ ਕਦੀ ਇੰਨੇ ਨੇੜਿਓਂ ਦੀਦਾਰ ਨਹੀਂ ਹੋਣਗੇ, ਪਰ ਇਸ ਗੱਲ ਦੀ ਲੋਅ ਜ਼ਰੂਰ ਹੋ ਗਈ ਸੀ ਕਿ ਵਾਹਗਾ ਬਾਰਡਰ ਭਾਵੇਂ ਸੌ ਵਾਰੀ ਨਾ ਖੁੱਲ੍ਹੇ, ਪਰ ਕਈ ਕਿਤਾਬਾਂ ਦੋਵੇਂ ਮੁਲਕ ‘ਕੱਠੇ ਬੈਠ ਕੇ ਲਿਖ ਰਹੇ ਹਨ। ਸਾਢੇ ਬਾਰਾਂ ਹਜ਼ਾਰ ਦੀ ਸਮਰੱਥਾ ਵਾਲੇ ਜਿਸ ਬੈਂਬਲੀ ਅਰੀਨਾ ਵਿਚ ਨੁਸਰਤ ਗਾ ਰਿਹਾ ਸੀ, ਉਥੇ ਇਸ ਤੋਂ ਪਹਿਲਾਂ ਸਾਡਾ ਕੁਲਦੀਪ ਮਾਣਕ ‘ਸਾਹਿਬਾਂ ਬਣੀ ਭਰਾਵਾਂ ਦੀ’ ਗਾ ਚੁੱਕਾ ਸੀ ਅਤੇ ਇਹ ਵੀ ਕਹਿ ਚੁੱਕਾ ਸੀ ਕਿ ਮਿਰਜ਼ਾ ਸਾਹਿਬਾਂ ਦੀਆਂ ਕਬਰਾਂ ਅਸੀਂ ਚੜ੍ਹਦੇ ਪਾਸੇ ਨਹੀਂ, ਲਹਿੰਦੇ ਪਾਸੇ ਉਧਰ ਉਥੇ ਹੀ ਛੱਡ ਆਏ ਹਾਂ!
ਪੰਜਾਬ ਵਿਚਲਾ ਭਾਨਾ ਢੋਲੀ ਵੀ ਮਿੱਤਰ ਰਿਹਾ ਹੈ ਤੇ ਜਿਨ੍ਹਾਂ ਨੇ ਵਲਾਇਤ ਵਿਚ ਧੁਨਾਂ ਤੇ ਤਾਲ ‘ਕੱਠੇ ਉਠਦੇ ਦੇਖੇ ਹਨ, ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਬਰਮਿੰਘਮ ਰਹਿੰਦੇ ਗੁਰਚਰਨ ਮੱਲ ਢੋਲ ਦੇ ਤਿੰਨੇ ਤਾਲ ਸਿਰਜਣ ਵਿਚ ਹੀ ਮਾਹਿਰ ਨਹੀਂ, ਸਗੋਂ ਵਿਦੇਸ਼ਾਂ ਦੀ ਧਰਤੀ ‘ਤੇ ਉਸ ਨੇ ਇਸ ਸਾਜ਼ ਨੂੰ ਮਾਣ ਵੀ ਬੜਾ ਵੱਡਾ ਲੈ ਕੇ ਦਿੱਤਾ ਹੈ। ਗੁਰਦਾਸ ਮਾਨ ਦੇ ਰੋਟੀ ਵਾਲੇ ਗੀਤ ਵਿਚ ਮੂਧੇ ਕਰ ਕੇ ਵਿਖਾਏ ਢੋਲ ਸਹੀ ਲਫ਼ਜ਼ਾਂ ਵਿਚ ਫਿਲਮਾਂਕਣ ਹੈ। ਉਹ ਵੱਜ ਨਹੀਂ ਰਹੇ ਪਰ ਗੁਰਚਰਨ ਮੱਲ ਨੇ ਇਕੱਠੇ ਸੋਲਾਂ ਢੋਲਾਂ ਦਾ ਵਾਦਨ ਕਈ ਵਾਰ ਆਪਣੀ ਟੀਮ ਨਾਲ ਕਰ ਕੇ ਵਿਖਾਇਆ ਹੈ। ਸਾਲ 2000 ਵਿਚ ਫ਼ਖ਼ਰ ਜ਼ਮਾਨ ਦੀ ਲੰਡਨ ਵਿਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ‘ਤੇ ਹਰਭਜਨ ਹਲਵਾਰਵੀ ਨਾਲ ਮੈਂ ਵੀ ਗਿਆ। ਉਦੋਂ ਉਹ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਸੀ। ਇਸ ਕਾਨਫਰੰਸ ਦੌਰਾਨ ਦੋ ਦਿਨ ਤਾਂ ਚਲੋ ਸਾਹਿਤਕਾਰਾਂ ਨਾਲ ਗੁਜ਼ਾਰ ਲਏ, ਪਰ ਕੁਝ ਖਾਸ ਇਹ ਹੋਇਆ ਸੀ ਕਿ ਕਵੈਂਟਰੀ ਇਕ ਮੇਲੇ ‘ਤੇ ਰਾਤ ਵੇਲੇ ਇਕੱਤਰ ਹੋਏ ਤਾਂ ਸਾਡੇ ਵਾਲੇ ਮਕਸਦ ਵਿਚ ਹੀ ਪਏ ਗੀਤਕਾਰ ਇੰਦਰਜੀਤ ਹਸਨਪੁਰੀ ਨੇ ਬਿਨਾਂ ਸਾਜ਼ਾਂ ਤੋਂ ਗਾ ਕੇ, ਝੂਠ ਨਹੀਂ, ਮੇਲੇ ਦਾ ਪਹਿਲਾ ਭਾਗ ਲੁੱਟ ਲਿਆ ਸੀ। ਗੀਤ ਦੇ ਬੋਲ ਚੇਤੇ ਵਿਚ ਹਾਲੇ ਵੀ ਖੌਰੂ ਪਾ ਰਹੇ ਹਨ,
ਪੀਲਾ ਸੂਟ ਪਾ ਕੇ ਤੂੰ ਸਰੋਂ ਦਾ ਫੁੱਲ ਲੱਗਦੀ
ਲਾਲ ਪਾ ਕੇ ਲੱਗਦੀ ਗੁਲਾਬ ਨੀ ਪੰਜਾਬਣੇæææ
ਤੇਰਾ ਨਹੀਂਓ ਜੱਗ ‘ਤੇ ਜਵਾਬ ਨੀ ਮਜਾਜਣੇ।
ਮੰਨੋ ਕਿ ਮੇਲੇ ਵਿਚ ਹਰ ਹੱਥ ਨੇ ਤਾਲੀ ਵਜਾਈ ਤੇ ਹਰ ਉਹ ਲੱਕ ਮਟਕਿਆ ਜੋ ਤੰਦਰੁਸਤ ਸੀ। ਅਗਲੇ ਦਿਨ ਉਥੇ ਹੀ ਬਲਦੇਵ ਮਸਤਾਨੇ ਦੇ ਰਿਕਾਰਡਿੰਗ ਸਟੂਡੀਓ ਵਿਚ ਕਵੀ ਦਰਬਾਰ ਸੀ ਤੇ ਮੇਰੇ ਨਾਲ ਆਜ਼ਾਦ ਜਲੰਧਰੀ ਦਾ ਸਨਮਾਨ। ਆਜ਼ਾਦ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ, ਪਰ ਅਮਰਜੀਤ ਚੰਦਨ ਦੇ ਦੇਰ ਬਾਅਦ ਦਰਸ਼ਨ ਹੋਏ ਸਨ। ਸਾਡਾ ਨਿੱਘਾ ਮਿੱਤਰ ਦੇਵ ਰਾਜ ਜੱਸਲ ਘੁੱਟ ਕੇ ਮਿਲਿਆ, ਤੇ ਮੇਰੇ ਗੁਆਂਢੀ ਪਿੰਡ ਤੋਂ ਦਵਿੰਦਰ ਨੌਰਾ ਵੀ। ਗਾਇਕ ਕੰਗ ਨੂੰ ਪਹਿਲੀ ਵਾਰ ਕਿਸੇ ਕਵੀ ਦਰਬਾਰ ਵਿਚ ਵੇਖਿਆ ਸੀ। ‘ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ’, ‘ਜ਼ਿੰਦਗੀ ਮੁੱਕਦੀ ਜਾਂਦੀ ਆ’, ‘ਗਿੱਧਿਆਂ ਦੀ ਰਾਣੀ’ ਤੇ ‘ਬਾਰੀ ਵਿਚ ਖਲੋ ਕੇ ਅੱਖ ਮਾਰੀ’ ਵਰਗੇ ਗੀਤ ਲਿਖਣ ਵਾਲਾ ਹਰਬੰਸ ਜੰਡੂ ਉਦੋਂ ਤੋਂ ਮੇਰਾ ਪਿਆਰਾ ਮਿੱਤਰ ਬਣਿਆ। ਅਗਲੇ ਦਿਨ ਕੰਗ ਦੇ ਘਰ ਵਾਲਸਲ ਸ਼ਹਿਰ ਗਿਆ ਤਾਂ ਪਤਾ ਲੱਗਾ ਕਿ ਜਿਹੜਾ ਨਾਂ ਗੁਰੂ ਗੋਰਖ ਨਾਥ ਦੇ ਗੁਰੂ ਦਾ ਸੀ, ਉਹ ਏæਐਸ਼ ਕੰਗ ਦੇ ਵੱਡੇ ਪੁੱਤਰ ਦਾ ਸੀ, ਯਾਨਿ ਮਛੰਦਰ। ਕੰਗ ਨੂੰ ਤਾਂ ਖੈਰ ਕੁਲਥਮ ਵੀ ਮਿਲਿਆ ਸਾਂ, ਢਾਹਾਂ ਕਲੇਰਾਂ ਵੀ ਪਰ ਬੀਬਾ ਤੇ ਨਿਮਰਤਾ ਵਾਲਾ ਇਹ ਗਾਇਕ ਮਛੰਦਰ ਨਾਂ ਰੱਖ ਕੇ ਇੰਨਾ ਸਿਧਰਾ ਵੀ ਨਹੀਂ ਲੱਗ ਰਿਹਾ ਸੀ। ‘ਰਾਇਲ ਸਲੂਟ’ ਦਾਰੂ ਉਦੋਂ ਮੈਂ ਕੰਗ ਦੇ ਘਰ ਪਹਿਲੀ ਵਾਰ ਪੀਤੀ ਸੀ।
ਅੱਜ ਕੱਲ੍ਹ ਜਿਹੜੀ ਗੱਲ ਆਮ ਲੋਕਾਂ ਲਈ ਆਮ ਹੈ, ਉਹ ਸਾਲ 2000 ਵਿਚ ਨਾ ਸਿਰਫ਼ ਮੇਰੇ ਲਈ, ਸਗੋਂ ਗਾਇਕ ਮਲਕੀਤ ਲਈ ਵੀ ਖਾਸ ਸੀ। ਬਰਮਿੰਘਮ ਦੇ ਲਹਿੰਦੇ ਪਾਸੇ ਛੋਟੇ ਜਿਹੇ ਕਸਬੇ ਵਿਚ ਮਲਕੀਤ ਨੂੰ ਮਿਲਣ ਗਿਆ। ਉਹਦੀ ਬੀਅਰ ਬਾਰ ਦੀ ਤਾਰੀਫ਼ ਤਾਂ ਚੱਲੋ ਕਰਨੀ ਬਣਦੀ ਸੀ, ਪਰ ਜਿਹੜੀ ਘਟਨਾ ਉਸ ਦਿਨ ਘਟੀ, ਉਹ ਸੁਣੋ: ਉਹਨੇ ਰਿਮੋਟ ਨਾਲ ਗਰਾਜ ਦਾ ਦਰਵਾਜ਼ਾ ਖੋਲ੍ਹਿਆ, ਨਵੀਂ ਕਾਰ ਵਿਚ ਬਿਠਾਇਆ। ਗੇਟ ਵੀ ਰਿਮੋਟ ਨਾਲ ਹੀ ਖੁੱਲ੍ਹਿਆ, ਤੇ ਮੇਨ ਸੜਕ ‘ਤੇ ਚੜ੍ਹਨ ਤੋਂ ਪਹਿਲਾਂ ਉਸ ਨੇ ਗੱਡੀ ਦੀ ਟੇਪ ਰਿਕਾਰਡ ਵਾਲੀ ਥਾਂ ਹੇਠਾਂ ਕੁਝ ਬਟਨ ਦੱਬੇ ਤੇ ਬੋਲਿਆæææ ‘ਭੌਰੇ ਵੀਰ, ਹੁਣ ਔਰਤ ਬੋਲੇਗੀ। ਜਿਹੜਾ ਐਡਰੈਸ ਮੈਂ ਭਰਿਆ, ਉਹ ਸੱਜੇ ਮੁੜ ਖੱਬੇ ਮੁੜ, ਸ਼ਾਰਟਕੱਟ ਜਾਣਾ ਕਿ ਘੁੰਮ ਕੇ, ਕਿੰਨੇ ਕਿਲੋਮੀਟਰ ‘ਤੇ ਹੈ, ਸਭ ਦੱਸੀ ਜਾਵੇਗੀ ਤੇ ਉਸ ਘਰ ਆਪਣੇ ਆਪ ਲੈ ਜਾਵੇਗੀ।’ ਇਕ ਵਾਰ ਉਹਨੇ ਗਲਤ ਮੋੜਿਆ ਤਾਂ ਉਹ ਬੋਲੀ, ‘ਮੇਕ ਯੂ ਟਰਨ।’ ਮਲਕੀਤ ਹੁੱਬ ਕੇ ਕਹਿਣ ਲੱਗਾ, ‘ਵੇਖ ਲੈ, ਇਹਨੂੰ ਪਤਾ ਕਿ ਅਸੀਂ ਗਲਤ ਹੋ ਗਏ ਹਾਂ।’ ਰੱਬ ਦੀ ਸਹੁੰ, ਉਦੋਂ ਮੇਰੇ ਲਈ ਹੀ ਨਹੀਂ, ਬਹੁਤਿਆਂ ਲਈ ਇਹ ਸਭ ਕੁਝ ਨਵਾਂ ਹੀ ਸੀ ਜਿਸ ਨੂੰ ਕੱਲ੍ਹ ਹਰ ਬੰਦਾ ‘ਨੈਵੀਗੇਸ਼ਨ’ ਦੇ ਨਾਂ ਹੇਠ ਆਪਣੀ ਗੱਡੀ ਵਿਚ ਇਹ ਬੀਬੀ ਬਿਠਾਈ ਬੈਠਾ ਹੈ।
‘ਪਾਓ ਭੰਗੜੇ ਕਰੋ ਚਿੱਤ ਰਾਜ਼ੀ ਸੜਦਿਆਂ ਨੂੰ ਸੜਨ ਦਿਓ’ ਗਾਉਣ ਵਾਲਾ ਬਲਵਿੰਦਰ ਸਫ਼ਰੀ ਮੈਂ ਰੱਜ ਕੇ ਉਥੇ ਹੀ ਵੇਖਿਆ। ‘ਰੇਲ ਗੱਡੀ’ ਤੇ ਮਲਕੀਤ ਦਾ ਗੀਤ ‘ਜਦੋਂ ਵੱਜਿਆ ਪੰਜਾਬੀਆਂ ਦਾ ਬੁਗਚੂ’ ਲਿਖਣ ਵਾਲੇ ਬੱਲ ਸਿੱਧੂ ਨੂੰ ਅਸੀਂ ਕਵੈਂਟਰੀ ਮਿਲਣ ਗਏ ਤਾਂ ਮਲਕੀਤ ਨੇ ਦੱਸਿਆ, ‘ਇਹ ਡਾਕਟਰ ਐ’। ਅਮਰੀਕਾ ਵਿਚ ਆ ਕੇ ਤਾਂ ਹੁਣ ਪਤਾ ਲੱਗਾ, ਪਰ ਪਹਿਲਾਂ ਉਦੋਂ ਜਾਣਿਆ ਸੀ ਕਿ ਡਾਕਟਰ ਸੱਚੀਂ ਅਮੀਰ ਵੀ ਬੜੇ ਹੁੰਦੇ ਨੇ।
ਮਲਕੀਤ ਨਾਲ ਮੈਂ ਘੁੱਟ ਕੇ ਇਸ ਲਈ ਮਿਲਦਾ ਰਹਿੰਦਾ ਹਾਂ, ਕਿਉਂਕਿ ਉਹਦੇ ਨਾਲ ਹੀ ਮੈਂ ਨਾ ਸਿਰਫ ਸੇæਕਸਪੀਅਰ ਦਾ ਸ਼ਹਿਰ ਸਟਰੈਟਫਰਡ ਦੇਖਿਆ, ਸਗੋਂ ਰਾਇਲ ਸੇæਕਸਪੀਅਰ ਥੀਏਟਰ ਵਿਚ ਅਸੀਂ ਦੋ ਨਾਟਕ ਵੀ ‘ਕੱਠਿਆਂ ਨੇ ਵੇਖੇ। ਇਹ ਕਹਿਣਾ ਮੈਨੂੰ ਚੰਗਾ ਹੀ ਲਗਦਾ ਹੈ ਕਿ ਅੱਖਾਂ ਘੁੱਟ ਕੇ ਹੱਸਣ ਵਾਲਾ ਮਲਕੀਤ ‘ਕੱਲਾ ਗਾਇਕ ਹੀ ਨਹੀਂ, ਬੰਦਾ ਵੀ ਚੰਗਾ, ਤੇ ਹੁਣ ਤੱਕ ਉਹਨੇ ਮੇਰੇ ਨਾਲ ਤੋੜ ਹੀ ਚੜ੍ਹਾਈ ਹੈ।
ਇਸੇ ਵਰ੍ਹੇ ਦੀ ਇਕ ਹੋਰ ਦਿਲਚਸਪ ਚੂੜੀ ਵੀ ਚੜ੍ਹਾ ਹੀ ਦਿੰਨੇ ਹਾਂ। ਰਾਣੀ ਪ੍ਰੋਮੋਟਰ ਨਾਲ ਸੁਰਿੰਦਰ ਸ਼ਿੰਦਾ, ਰਣਜੀਤ ਮਣੀ, ਬਬੀਤਾ ਪਾਲੀ ਆਦਿ ਕਈ ਗਾਇਕ ਆਏ ਹੋਏ ਸਨ। ਬੈਡਫਰਡ ਵਿਚ ਮੇਰੇ ਲਈ ਸਨਮਾਨ ਸਮਾਗਮ ਰੱਖਿਆ ਗਿਆ। ਬਹੁਤ ਲੋਕ ਆਏ। ਸਟੇਜ ‘ਤੇ ਜਿਹੜੇ ਪੌਂਡ ਗਾਇਕਾਂ ਨੂੰ ਬਣੇ, ਉਹ ਸੁਰਿੰਦਰ ਸ਼ਿੰਦੇ ਨੇ ਚੁੱਕ ਕੇ ਮੇਰੇ ਕੋਟ ਦੀ ਜੇਬ ਵਿਚ ਪਾ ਦਿੱਤੇ। ਸੀਗੇ ਤਾਂ ਇਹ ਤੇਰਾ ਕੁ ਸੌ ਪੌਂਡ ਹੀ, ਪਰ ਰਾਣੀ ਇਸ ਕਰ ਕੇ ਰੁੱਸੀ ਰਹੀ ਕਿ ‘ਮੁਫ਼ਤ ਵਿਚ ਰਾਹ ਵੀ ਮੇਰੇ ਗਾਇਕਾਂ ਨੇ ਹੀ ਦਿੱਤਾ, ਪਰ ਪੈਸੇ ਮੇਰੇ ਪਰਸ ਦੀ ਥਾਂ ਅਸ਼ੋਕ ਦੀ ਜੇਬ ਵਿਚ ਕਿਉਂ ਪਏ?’
ਨਵੇਂ ਮਾਹੌਲ ਨੇ ਪੁਰਾਣੇ ਗਾਇਕਾਂ ਦੀ ਮੱਤ ਮਾਰ ਦਿੱਤੀ ਹੈ। ਪੈਰ ਤਾਂ ਹੁਣ ਕਈਆਂ ਦੇ ਉਥੋਂ ਵਾਲਿਆਂ ਦੇ ਵੀ ਨਹੀਂ ਲਗਦੇ, ਪਰ ਪੰਜਾਬ ਤੋਂ ਹਾਲੇ ਵੀ ਤੁਰੀ ਆਉਂਦੇ ਨੇ। ਇਨ੍ਹਾਂ ਵਿਚੋਂ ਬਹੁਤਿਆਂ ਨੇ ਪੰਜਾਬ ਪਰਤ ਕੇ ਇਹੀ ਲਿਖਣਾ/ਲਿਖਵਾਉਣਾ ਹੁੰਦਾ ਖ਼ਬਰਾਂ ਵਿਚ ਕਿ ਸਫ਼ਲਤਾ ਦੇ ਝੰਡੇ ਗੱਡ ਕੇ ਵਤਨ ਵਾਪਸੀ, ਪਰ ਇਨ੍ਹਾਂ ਵਿਚੋਂ ਕਈ ਵਿਚਾਰੇ ਤਾਂ ਚਿੱਟਾ ਮੁਰਗਾ ਖਾ ਕੇ ਅਤੇ ਬਲੇਕ ਲੈਵਲ ਪੀ ਕੇ ਹੀ ਪਰਤ ਆਉਂਦੇ ਹਨ।
ਊਂ ਵੀ ਵਲਾਇਤ ਹੁਣ ਉਹ ਨਹੀਂ ਰਹੀ; ਪਰ ਪੌਂਡ ਨੇ ਕਿਉਂਕਿ ਰੁਪੱਈਏ ਦੀ ਮੱਤ ਮਾਰੀ ਰੱਖੀ ਹੈ, ਇਸ ਲਈ ਵਲਾਇਤੀ ਸੁਰਮਾ ਪਾਉਣ ਨੂੰ ਹਰ ਕੋਈ ਕਾਹਲਾ ਰਹਿੰਦਾ ਹੈ।
Leave a Reply