ਪੰਜਾਬ ਅਤੇ ਝੀਤਾਂ ਵਿਚੋਂ ਦਿਸਦੀ ਸੰਕਟ ਦੀ ਮਾਰ-ਰੋਲ ਆਫ ਔਨਰ

ਦਲਜੀਤ ਅਮੀ
ਫੋਨ: 91-97811-21873
ਹਰ ਦੌਰ ਦਾ ਸੰਕਟ ਸਿਆਸੀ-ਸਮਾਜਕ ਮੰਚ ਤੋਂ ਹੁੰਦਾ ਹੋਇਆ ਘਰਾਂ ਅਤੇ ਅਦਾਰਿਆਂ ਵਿਚ ਸੰਨ੍ਹ ਲਗਾਉਂਦਾ ਹੈ। ਸੰਕਟ ਦੀ ਮਾਰ ਤੋਂ ਬਚਣ ਲਈ ਘਰਾਂ ਅਤੇ ਅਦਾਰਿਆਂ ਦੇ ਬੂਹੇ ਬੰਦ ਕੀਤੇ ਜਾਂਦੇ ਹਨ। ਦਰਵਾਜ਼ਿਆਂ ਅਤੇ ਖਿੜਕੀਆਂ ਦੀਆਂ ਝੀਤਾਂ ਵਿਚੋਂ ਬੰਦੇ, ਬੀਬੀਆਂ ਅਤੇ ਬੱਚੇ ਸੰਕਟ ਦੇ ਗਵਾਹ ਬਣਦੇ ਹਨ। ਸੰਕਟ ਰੂਪੀ ਊਠ, ਇਨ੍ਹਾਂ ਝੀਤਾਂ ਵਿਚੋਂ ਬੂਹੇ-ਬਾਰੀਆਂ ਦੀਆਂ ਕੁੰਡੀਆਂ, ਪੱਲਿਆਂ ਅਤੇ ਚੁਗਾਠਾਂ ਨੂੰ ਬੇਮਾਅਨੇ ਕਰਦਾ ਹੈ। ਇਨ੍ਹਾਂ ਹਾਲਾਤ ਵਿਚ ਕੋਈ ਪਰਦਾ ਕਿਸੇ ਲੱਗ-ਲਿਹਾਜ ਅਤੇ ਨੰਗ-ਕੱਜ ਨੂੰ ਢਕਣ ਦਾ ਸਬੱਬ ਨਹੀਂ ਬਣਦਾ। ਅਮਨਦੀਪ ਸੰਧੂ ਦਾ ਦੂਜਾ ਨਾਵਲ ‘ਰੋਲ ਆਫ਼ ਔਨਰ’ 1980ਵਿਆਂ ਦੇ ਪੰਜਾਬ ਨੂੰ ਝੀਤਾਂ ਵਿਚੋਂ ਦੇਖਦਾ ਹੈ ਅਤੇ ਸਰਕਾਰੀ ਟਾਪੂ ਵਿਚ ਉਸਰਦੇ ਮਾਪਿਆਂ ਦੇ ਸੁਫ਼ਨਿਆਂ ਦੇ ਬੇਕਿਰਕ ਕਤਲ ਦੀ ਗਵਾਹੀ ਪੇਸ਼ ਕਰਦਾ ਹੈ।
ਸਰਕਾਰ ਨੇ ਗ਼ਰੀਬ ਤਬਕੇ ਦੇ ਵਿਦਿਆਰਥੀਆਂ ਨੂੰ ਫ਼ੌਜੀ ਅਫ਼ਸਰ ਬਣਾਉਣ ਦਾ ਕਾਰਖ਼ਾਨਾ ਲਗਾਇਆ ਹੈ। ਇਸ ਕਾਰਖ਼ਾਨੇ ਵਿਚ ਹਰ ਇਤਫ਼ਰਕੇ ਨੂੰ ਮਿਟਾਉਣ ਲਈ ਅਨੁਸ਼ਾਸਨ ਅਤੇ ਰਗੜੇ ਦੀ ਬੋਲ-ਚਾਲ ਸਿਖਾਈ ਜਾਂਦੀ ਹੈ। ਅੱਠ ਸਾਲਾਂ ਦੀ ਸਿਖਲਾਈ ਤੋਂ ਬਾਅਦ ਫ਼ੌਜ ਲਈ ਪੁਖ਼ਤਾ ਪੁਰਜ਼ਾ ਤਿਆਰ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਇਸੇ ਤਵੱਕੋ ਨਾਲ ਮਾਪਿਆਂ ਦੇ ਸੁਫ਼ਨੇ ਅਤੇ ਅਦਾਰੇ ਦੀ ਕਾਮਯਾਬੀ ਜੁੜੀ ਹੋਈ ਹੈ। ਇਸ ਕਾਰਖ਼ਾਨੇ ਦੀਆਂ ਮਜ਼ਬੂਤ ਕੰਧਾਂ ਟਾਪੂ ਅਤੇ ਸਮਾਜ ਨੂੰ ਇੱਕ-ਦੂਜੇ ਤੋਂ ਨਿਰਲੇਪ ਰੱਖ ਕੇ ਆਪਣੀ ਹੋਂਦ ਦਰਸਾਉਂਦੀਆਂ ਹਨ। ਕਾਮਯਾਬੀ ਦਾ ਰਾਹ ਪੱਧਰਾ ਕਰਨ ਲਈ ਕੀਤਾ ਗਿਆ ਨਿਖੇੜਾ ਹੀ ਸਰਾਪ ਬਣ ਜਾਂਦਾ ਹੈ।
ਸਾਲਾਨਾ ਛੁੱਟੀਆਂ ਕੱਟ ਕੇ ਪਰਤੇ ਵਿਦਿਆਰਥੀ, ਘਰਾਂ ਤੋਂ ਆਈਆਂ ਚਿੱਠੀਆਂ, ਹੋਸਟਲ ਵਿਚ ਚੋਰੀ-ਚੋਰੀ ਪਹੁੰਚਿਆ ਰੇਡੀਓ ਅਤੇ ਕੰਧਾਂ ਟੱਪ ਕੇ ਮਾਰੇ ਛਾਪੇ; ਪੁਰਾਣੇ ਰਿਆਸਤੀ ਮਹਿਲ ਅਤੇ ਤਤਕਾਲੀ ਸਰਕਾਰੀ ਟਾਪੂ ਦੀ ਮਜ਼ਬੂਤੀ ਨੂੰ ਫ਼ਨਾਹ ਕਰ ਦਿੰਦੇ ਹਨ। ਸੰਕਟ ਸਰਗਰਮ ਸਰਕਾਰੀ ਅਤੇ ਗ਼ੈਰ-ਸਰਕਾਰੀ ਧਿਰਾਂ ਦੇ ਸਿਰਾਂ ਤੋਂ ਉਚਾ ਹੋ ਜਾਂਦਾ ਹੈ। ਨਿਰਪੱਖ ਅਤੇ ਨਿਰਲੇਪ ਰਹਿਣ ਦੀ ਵਿੱਥ ਨਹੀਂ ਬਚਦੀ।
ਇਨ੍ਹਾਂ ਹਾਲਾਤ ਵਿਚ ਕਾਰਖ਼ਾਨਿਆਂ ਵਰਗੇ ਅਦਾਰੇ ਆਪਣੇ ਅੱਧ-ਘੜ ਪੁਰਜ਼ਿਆਂ ਨੂੰ ਸੇਧ ਦੇਣ ਤੋਂ ਮੁਨਕਰ ਹੋ ਜਾਂਦੇ ਹਨ। ਮੂੰਹਜ਼ੋਰ ਪੁਰਜ਼ਿਆਂ ਨੂੰ ਬੇਮੁਹਾਰ ਕਰ ਦਿੱਤਾ ਜਾਂਦਾ ਹੈ। ਫ਼ੌਜ ਵਿਚ ਭਰਤੀ ਹੋਣ ਦੇ ਸੁਫ਼ਨੇ ਅਪਰੇਸ਼ਨ ਬਲੂ ਸਟਾਰ ਦੇ ਹਵਾਲੇ ਨਾਲ ਤੈਅ ਹੋ ਰਹੀਆਂ ਵਫ਼ਾਦਾਰੀਆਂ ਦੀ ਪਾਲਾਬੰਦੀ ਨੂੰ ਮੁਖ਼ਾਤਬ ਹੁੰਦੇ ਹਨ। ਫ਼ੌਜ ਲਈ ਸ਼ੱਕੀ ਵਫ਼ਾਦਾਰੀਆਂ ਵਾਲੇ ਪੁਰਜ਼ੇ ਬੇਮਾਅਨੇ ਹਨ ਅਤੇ ਰੋਜ਼ਗਾਰ ਦੀ ਕਿਸੇ ਹੋਰ ਮਸ਼ੀਨ ਨਾਲ ਇਨ੍ਹਾਂ ਪੁਰਜ਼ਿਆਂ ਦਾ ਕੋਈ ਮੇਲ ਨਹੀਂ। ਜਦੋਂ ਅਦਾਰਾ ਸੇਧ ਨਹੀਂ ਦਿੰਦਾ ਤਾਂ ਕਾਰਖ਼ਾਨੇ ਨੂੰ ਤਸ਼ੱਦਦਖ਼ਾਨਾ ਬਣਨ ਵਿਚ ਸਮਾਂ ਨਹੀਂ ਲੱਗਦਾ। ਦੋਸਤੀਆਂ ਅਤੇ ਵਫ਼ਾਦਾਰੀਆਂ ਦਾ ਇਮਤਿਹਾਨ ਮੱਸ-ਫੁੱਟ ਮੁੰਡਿਆਂ ਨੂੰ ਬੁੱਚੜਪਣਾ ਸਿਖਾਉਂਦਾ ਹੈ। ਉਹ ਆਪਣੇ-ਆਪ ਅਤੇ ਆਪਣੇ ਨਾਲ ਦਿਆਂ ਨੂੰ ਬੁੱਚੜ ਬਿਰਤੀ ਦੇ ਹਵਾਲੇ ਕਰ ਦਿੰਦੇ ਹਨ। ਬੁੱਚੜ ਬਿਰਤੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਾ ਮਿਲਗੋਭਾ ਹੋ ਜਾਂਦਾ ਹੈ। ਪਨਾਹ ਲੈਣ ਆਇਆ ਬੰਦਾ ਦੂਜਿਆਂ ਦੀ ਹੋਣੀ ਦਾ ਮਾਲਕ ਹੋ ਜਾਂਦਾ ਹੈ ਅਤੇ ਹਰ ਬਾਸ਼ਿੰਦਾ ਪਨਾਹਗ਼ੀਰ ਜਾਪਣ ਲੱਗਦਾ ਹੈ।
ਸੈਨਿਕ ਸਕੂਲ ਵਿਚ ਗੁਜ਼ਾਰੇ ਸੰਨ 1984 ਬਾਰੇ ਅਮਨਦੀਪ ਸੰਧੂ ਨੇ ਪੱਚੀ ਸਾਲ ਬਾਅਦ ਲਿਖਿਆ ਹੈ। ਮਨੁੱਖੀ ਮਨ ਵਿਚ ਪਈਆਂ ਗੁੰਝਲਾਂ ਨੂੰ ਕਾਗ਼ਜ਼ ਉਤੇ ਕਹਾਣੀ ਵਜੋਂ ਦਰਜ ਹੋਣ ਵਿਚ ਚੱਪਾ ਸਦੀ ਲੱਗੀ ਹੈ। ਇਹ ਲਿਖਤ ਉਸ ਦੌਰ ਵਿਚ ਜਵਾਨ ਹੋਈ ਪੀੜ੍ਹੀ ਦੀਆਂ ਘੁੰਮਣਘੇਰੀਆਂ ਨੂੰ ਸਮਝਣ ਦਾ ਉਪਰਾਲਾ ਕਰਦੀ ਹੈ। ਅਪਰੇਸ਼ਨ ਬਲੂ ਸਟਾਰ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖਾਂ ਦਾ ਕਤਲੇਆਮ ਹੁਣ ਤੱਕ ਸਰਗਰਮ ਧਿਰਾਂ, ਸ਼ਖ਼ਸੀਅਤਾਂ ਅਤੇ ਘਟਨਾਵਾਂ ਦੇ ਹਵਾਲੇ ਨਾਲ ਹੀ ਲਿਖਿਆ ਗਿਆ ਹੈ। ਉਸ ਦੌਰ ਦਾ ਸਮਾਜਕ ਸਦਮੇ ਵਾਲਾ ਪੱਖ ਤਕਰੀਬਨ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਹ ਪੱਖ ਹੁਣ ਤੱਕ ਵਿਦਵਾਨਾਂ, ਲੇਖਕਾਂ ਅਤੇ ਪੱਤਰਕਾਰਾਂ ਦੇ ਘੇਰੇ ਤੋਂ ਬਾਹਰ ਰਿਹਾ ਹੈ। ਇਸੇ ਕਾਰਨ ਮੁੜ-ਵਸੇਬੇ, ਮੁੜ-ਬਹਾਲੀ, ਮੁਆਵਜ਼ੇ ਅਤੇ ਇਨਸਾਫ਼ ਵਰਗੀਆਂ ਧਾਰਨਾਵਾਂ ਵਿਚ ਇਸ ਪੱਖ ਨੂੰ ਥਾਂ ਨਹੀਂ ਮਿਲੀ। ਅਮਨਦੀਪ ਸੰਧੂ ਦੀ ਲਿਖਤ ਅਠਾਰਾਂ ਸਾਲ ਦੀ ਉਮਰ ਵਿਚ ਉਜੜੇ ਨੌਜਵਾਨ ਦੀ ਮੁੜ-ਵਸੇਬੇ ਲਈ ਕੀਤੀ ਪੱਚੀ ਸਾਲਾਂ ਦੀ ਜਦੋਜਹਿਦ ਦੀ ਕਹਾਣੀ ਹੈ। ਇਨ੍ਹਾਂ ਪੱਚੀ ਸਾਲਾਂ ਦੌਰਾਨ ਦਿੱਲੀ ਦਾ ਕਤਲੇਆਮ ਬੁੰਬਈ, ਗੁਜਰਾਤ ਅਤੇ ਉੜੀਸਾ ਤੋਂ ਹੁੰਦਾ ਹੋਇਆ ਅਤਿਵਾਦ ਖ਼ਿਲਾਫ਼ ਆਲਮੀ ਜੰਗ ਦਾ ਹਿੱਸਾ ਬਣਦਾ ਹੈ। ਇੱਕ ਮਹਾਂਨਗਰ ਤੋਂ ਦੂਜੇ ਤੱਕ ਮਹਾਂਨਗਰ ਦਾ ਬੇਰੋਜ਼ਗਾਰੀ, ਬੇਗ਼ਾਨਗੀ ਅਤੇ ਬੇਲਾਗ਼ਤਾ ਭਰਿਆ ਸਫ਼ਰ ਲੇਖਕ ਨੂੰ ਆਪਣੀ ਨਿਗੂਣੀ ਜਿਹੀ ਗਵਾਹੀ ਦੀ ਅਹਿਮੀਅਤ ਸਮਝਾਉਂਦਾ ਹੈ। ਇਨ੍ਹਾਂ ਪੱਚੀ ਸਾਲਾਂ ਵਿਚ ਗਵਾਹੀ ਦੇ ਮਾਅਨੇ ਬਦਲਦੇ ਹਨ ਅਤੇ ਲੇਖਕ ਅੰਦਰ ਦਰਦਮੰਦੀ ਦਾ ਅਹਿਸਾਸ ਗੂੜ੍ਹਾ ਹੁੰਦਾ ਹੈ। ਮੁਕਾਮੀ ਉਜਾੜੇ ਦੀ ਮਾਰ ਵਿਚ ਆਇਆ ਮੁੰਡਾ ਆਪਣੀ ਪਛਾਣ ਦੀਆਂ ਤੰਦਾਂ ਵਿਚ ਉਲਝਦਾ ਜਾਂਦਾ ਹੈ ਅਤੇ ਆਖ਼ਰ ਜ਼ਿੰਮੇਵਾਰੀ ਆਲਮੀ ਸ਼ਹਿਰੀ ਵਜੋਂ ਮੁੜ-ਬਹਾਲੀ ਦੇ ਰਾਹ ਪੈਂਦਾ ਜਾਪਦਾ ਹੈ।
‘ਰੋਲ ਆਫ਼ ਔਨਰ’ ਅਮਨਦੀਪ ਸੰਧੂ ਦਾ ਸਵੈ-ਜੀਵਨੀ-ਨੁਮਾ ਨਾਵਲ ਹੈ। ਉਸ ਦਾ ਪਲੇਠਾ ਨਾਵਲ ‘ਸੇਪੀਆ ਲੀਵਜ਼’ ਵੀ ਇਸੇ ਤਰ੍ਹਾਂ ਦੀ ਲਿਖਤ ਸੀ। ਉਹ ਪੰਜਾਬੀ ਮਾਪਿਆਂ ਦੇ ਘਰ ਉੜੀਸਾ ਦੇ ਸ਼ਹਿਰ ਰਿਓੜਕੇਲਾ ਵਿਚ ਪਲਿਆ। ਪੰਜਾਬ ਦੇ ਸੈਨਿਕ ਸਕੂਲ ਵਿਚ ਅੱਠ ਸਾਲ ਪੜ੍ਹਨ ਤੋਂ ਬਾਅਦ ਚੰਡੀਗੜ੍ਹ, ਹੈਦਰਾਬਾਦ, ਬੰਗਲੌਰ ਅਤੇ ਦਿੱਲੀ ਵਰਗੇ ਸ਼ਹਿਰਾਂ ਵਿਚ ਪੜ੍ਹਾਈ-ਲਿਖਾਈ ਅਤੇ ਰੋਜ਼ਗਾਰ ਦਾ ਹੀਲਾ-ਵਸੀਲਾ ਕਰਦਾ ਰਿਹਾ। ਉਸ ਦਾ ਇਹ ਸਾਰਾ ਤਜਰਬਾ ‘ਰੋਲ ਆਫ਼ ਔਨਰ’ ਦਾ ਹਿੱਸਾ ਬਣਦਾ ਹੈ। ਲੇਖਕ ਦੇ ਬੌਧਿਕ ਸਫ਼ਰ ਅਤੇ ਕਾਲਪਨਿਕ ਉਡਾਰੀਆਂ ਵਿਚ ਬੇਚੈਨੀ ਵਿਘਨ ਪਾਉਂਦੀ ਹੈ। ਬੇਚੈਨੀ ਨੂੰ ਮੁਖ਼ਾਤਬ ਹੋਇਆ ਲੇਖਕ ਆਪਣੀ ਪਛਾਣ ਦੇ ਕਈ ਪੱਖਾਂ ਨੂੰ ਕਬੂਲ ਕਰਨ ਦਾ ਜੇਰਾ ਕਰਦਾ ਹੈ।
ਨਾਵਲ ਦਾ ਮੁੱਖ ਕਿਰਦਾਰ ਅੱਪੂ ਹਮਜਿਨਸੀ ਰਿਸ਼ਤਿਆਂ ਅਤੇ ਲਿੰਗ-ਗ਼ਲਬੇ ਦਾ ਨਿਖੇੜਾ ਬਹੁਤ ਬਰੀਕੀ ਨਾਲ ਕਰਦਾ ਹੈ। ਇਸੇ ਬਾਰੀਕੀ ਨਾਲ ਉਹ ਸਰਕਾਰ, ਅਦਾਰਿਆਂ ਅਤੇ ਸਮਾਜ ਦੇ ਮਰਦਾਵੇਂ ਖ਼ਾਸੇ ਦੀ ਸ਼ਨਾਖ਼ਤ ਕਰਦਾ ਹੈ। ਇਸੇ ਤਰ੍ਹਾਂ ਦੀ ਸੂਖ਼ਮਤਾ ਉਸ ਦੀ ਬਾਹਰਮੁਖੀ ਖੋਜ ਅਤੇ ਅੰਦਰਮੁਖੀ ਭਾਲ ਵਿਚੋਂ ਝਲਕਦੀ ਹੈ। ਅੱਪੂ ਇਕੱਲਤਾ ਦੀ ਲਪੇਟ ਵਿਚ ਨਸ਼ਿਆਂ ਦਾ ਸਹਾਰਾ ਲੈਂਦਾ ਹੈ ਅਤੇ ਉਸੇ ਵੇਲੇ ਦੁਨੀਆਂ ਦੇ ਬਿਹਰਤੀਨ ਸੰਗੀਤ ਨਾਲ ਸਾਂਝ ਪਾਉਂਦਾ ਹੈ। ਇੱਕ ਪਾਸੇ ਮਰਜ਼ ਦੀ ਨਿਸ਼ਾਨਦੇਹੀ ਹੁੰਦੀ ਹੈ ਅਤੇ ਦੂਜੇ ਪਾਸੇ ਇਲਾਜ ਦਾ ਆਹਰ ਹੁੰਦਾ ਹੈ। ਚੁੱਪ ਅਤੇ ਮਨੁੱਖੀ ਸਾਥ ਦਾ ਨਿੱਘ ਕਿਰਦਾਰਾਂ ਦਾ ਖ਼ਾਸਾ ਬਣ ਜਾਂਦਾ ਹੈ ਜਿਨ੍ਹਾਂ ਨੂੰ ਨਸ਼ਾ ਅਤੇ ਸੰਗੀਤ ਬੰਨ੍ਹੀ ਰੱਖਦੇ ਹਨ। ਆਪਣੇ-ਆਪ ਨੂੰ ਸੰਭਾਲਣ ਵਿਚ ਲੱਗੇ ਬੰਦੇ ਨੂੰ ਸਮਝ ਆਉਂਦੀ ਹੈ ਕਿ ਖ਼ਤਰਨਾਕ ਸਮਿਆਂ ਵਿਚੋਂ ਨਿਕਲੇ ਮਨੁੱਖ ਦੀ ਬੇਚੈਨੀ ਜੇ ਜਗਿਆਸਾ ਨੇ ਘਟਾਉਣੀ ਹੈ ਤਾਂ ਮਨੋਰੋਗ ਮਾਹਰਾਂ ਦੀ ਲੋੜ ਵੀ ਪੈਣੀ ਹੈ।
ਅਮਨਦੀਪ ਦੀ ਲਿਖਤ ਗੁੰਝਲਦਾਰ ਸਮੇਂ ਅਤੇ ਸ਼ਖ਼ਸੀਅਤ ਨੂੰ ਪਰਤ-ਦਰ-ਪਰਤ ਖੋਲ੍ਹਦੀ ਹੈ। ਲੇਖਕ ਕਈ ਵਾਰ ਨਿਰਦਈ ਹੋਣ ਦੀ ਹੱਦ ਤੱਕ ਕੋਰਾ ਹੋ ਜਾਂਦਾ ਹੈ। ਇਸ ਦੌਰਾਨ ਇਹ ਧਾਰਨਾ ਸਹਿਜ ਹੀ ਉਭਰ ਆਉਂਦੀ ਹੈ ਕਿ ਪੰਜਾਬ ਨੇ ਉਨ੍ਹਾਂ ਸਮਿਆਂ ਦੇ ਸੱਚ ਨੂੰ ਹਾਲੇ ਬਹੁਤ ਸਾਰੀਆਂ ਕਰੂਰ ਕਹਾਣੀਆਂ ਦੇ ਹਵਾਲੇ ਨਾਲ ਸਮਝਣਾ ਹੈ। ਨਾਵਲ ਵਿਚ ਅੱਪੂ ਵਾਰ-ਵਾਰ ਚੇਤਾ ਕਰਵਾਉਂਦਾ ਹੈ ਕਿ ਇਹ ਕਹਾਣੀ ਉਸ ਦਾ ਪੱਖ ਹੈ ਅਤੇ ਬਾਕੀਆਂ ਦੇ ਪੱਖ ਹੋਰ ਹੋ ਸਕਦੇ ਹਨ। ਬਾਕੀਆਂ ਦੇ ਪੱਖ ਹੋਰ ਹੋਣ ਨਾਲ ਅਮਨਦੀਪ ਦੀ ਲਿਖਤ ਦੀ ਅਹਿਮੀਅਤ ਵਧ ਜਾਂਦੀ ਹੈ। ਹੁਣ ਤਵੱਕੋ ਕੀਤੀ ਜਾ ਸਕਦੀ ਹੈ ਕਿ ਬਾਕੀਆਂ ਦੀਆਂ ਕਹਾਣੀਆਂ ਵੀ ਕਾਗ਼ਜ਼ ਉਤੇ ਦਰਜ ਹੋਣਗੀਆਂ ਅਤੇ ਉਨ੍ਹਾਂ ਦੀ ਮੁੜ-ਬਹਾਲੀ ਦਾ ਤਰੱਦਦ ਵੀ ਇਤਿਹਾਸ ਵਿਚ ਆਪਣੀ ਥਾਂ ਹਾਸਲ ਕਰੇਗਾ। ਅੱਪੂ ਪੱਚੀ ਸਾਲਾਂ ਬਾਅਦ ਆਪਣੀ ਡਾਇਰੀ ਦੇ ਪਿਸ਼ਾਬ ਨਾਲ ਭਿੱਜੇ, ਪਾਟੇ ਹੋਏ ਪੰਨੇ ਖੋਲ੍ਹਦਾ ਹੈ।
ਇਨ੍ਹਾਂ ਪੰਨਿਆਂ ਵਿਚ ਦਰਜ ਸ਼ਬਦਾਂ ਦੀ ਆਪਣੀ ਅਹਿਮੀਅਤ ਹੈ ਪਰ ਪੱਚੀ ਸਾਲ ਸੜੇਹਾਂਦ ਮਾਰਦੇ ਪੰਨਿਆਂ ਨੂੰ ਸਾਂਭਣਾ ਅਤੇ ਇਨ੍ਹਾਂ ਤੋਂ ਖ਼ੌਫ਼ਜ਼ਦਾ ਰਹਿਣਾ ਤਸ਼ੱਦਦ ਦੀ ਇੰਤਹਾ ਹੈ। ਡਰਿਆ ਹੋਇਆ ਬੰਦਾ ਆਪਣੇ-ਆਪ ਉਤੇ ਕਿੰਨਾ ਤਸ਼ੱਦਦ ਕਰਦਾ ਹੈ? ‘ਰੋਲ ਆਫ਼ ਔਨਰ’ ਬੇਚੈਨੀ ਫੈਲਾਉਂਦਾ ਹੈ, ਅੱਚਵੀ ਲਗਾਉਂਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਲੱਗਦਾ ਹੈ ਕਿ ਪੰਜਾਬ ਇਸ ਬੇਚੈਨੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦਾ ਹੈ ਜੋ ਵਾਰ-ਵਾਰ ਬੇਕਾਬੂ ਹੋ ਜਾਂਦੀ ਹੈ। ‘ਰੋਲ ਆਫ਼ ਔਨਰ’ ਇਸ ਬੇਚੈਨੀ ਦੀਆਂ ਰਮਜ਼ਾਂ ਫਰੋਲਦਾ ਹੋਇਆ ਪੁਖ਼ਤਾ ਇਲਾਜ ਦੀ ਮੰਗ ਕਰਦਾ ਹੈ। ਇਹ ਬੰਦੇ ਦੀ ਮੁੜ-ਬਹਾਲੀ ਦੀ ਲਿਖਤ ਹੈ। ਇਸ ਲਿਖਤ ਵਿਚੋਂ ਦੱਸ ਪੈਂਦੀ ਹੈ ਕਿ ਹਾਲੇ ਅਦਾਰਿਆਂ ਦੀ ਮੁੜ-ਬਹਾਲੀ ਦੀ ਬਾਤ ਪੈਣੀ ਹੈ।

Be the first to comment

Leave a Reply

Your email address will not be published.