ਅਰਜਨ ਐਵਾਰਡੀ ਬਾਡੀ ਬਿਲਡਰ ਪ੍ਰੇਮ ਚੰਦ ਡੇਗਰਾ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਬਾਡੀ ਬਿਲਡਰ ਪ੍ਰੇਮ ਚੰਦ ਡੇਗਰਾ ਨੇ ਭਾਰਤ ਵਿਚ ਹੀ ਵੱਡੀਆਂ ਵੱਡੀਆਂ ਮੱਲਾਂ ਨਹੀਂ ਮਾਰੀਆਂ ਸਗੋਂ ਦੂਜੇ ਮੁਲਕਾਂ ਵਿਚ ਵੀ ਪਹਿਲੇ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ ਤੇ ਦੇਸ ਦਾ ਨਾਂ ਉਚਾ ਕੀਤਾ। ਨੌਂ ਵਾਰ ਨੈਸ਼ਨਲ ਚੈਂਪੀਅਨ ਤੇ ਅੱਠ ਸਾਲ ਏਸ਼ੀਅਨ ਚੈਂਪੀਅਨ ਬਣ ਕੇ ਦੁਨੀਆਂ ‘ਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। 1988 ‘ਚ ਰਾਸ਼ਟਰਪਤੀ ਵਲੋਂ ਅਰਜਨ ਐਵਾਰਡ ਦਿਤਾ ਗਿਆ। 1990 ‘ਚ ਪਦਮਸ਼੍ਰੀ ਅਤੇ 1994 ‘ਚ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ ਪ੍ਰਾਪਤ ਕੀਤਾ। ਕਈ ਮੁਲਕਾਂ ਵਿਚ ਉਸ ਨੇ Ḕਮੋਸਟ ਪਰੂਵਡ ਬਾਡੀ ਬਿਲਡਰ ਆਫ ਦਾ ਯੀਅਰḔ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ।
ਗਰੀਬ ਪਰਿਵਾਰ ਵਿਚ ਮਾਤਾ ਰੱਖੋ ਦੇਵੀ ਤੇ ਪਿਤਾ ਬੂਆ ਦਿਤਾ ਰਾਮ ਦੇ ਘਰ ਪਿੰਡ ਬੱਬਰੀ ਨੰਗਲ (ਜ਼ਿਲ੍ਹਾ ਗੁਰਦਾਸਪੁਰ) ‘ਚ ਪ੍ਰੇਮ ਚੰਦ ਦਾ ਜਨਮ ਹੋਇਆ। ਪ੍ਰੇਮ ਚੰਦ ਨੇ ਮੁਢਲੀ ਪੜ੍ਹਾਈ ਪਿੰਡੋਂ ਕੀਤੀ। ਉਹ ਜਦ ਮਸਾਂ ਦਸ-ਗਿਆਰਾਂ ਸਾਲ ਦਾ ਹੀ ਸੀ ਕਿ ਪਿਤਾ ਦੀ ਮੌਤ ਹੋ ਗਈ। ਬੜੇ ਦੁਖਾਂ ਨਾਲ ਮਾਂ ਨੇ ਪਾਲਣ-ਪੋਸ਼ਣ ਕੀਤਾ। ਹਾਇਰ ਸੈਕੰਡਰੀ ਲਈ ਇਲਾਕੇ ਦੇ ਤਿੱਬੜ ਸਕੂਲੇ ਜਾਣਾ ਪਿਆ। ਉਹ ਵੀ ਪਿੰਡਾਂ ਦੀਆਂ ਆਮ ਖੇਡਾਂ- ਕਬੱਡੀ, ਕੁਸ਼ਤੀ, ਫੁੱਟਬਾਲ, ਹਾਕੀ, ਦੌੜਾਂ, ਗੁੱਲੀ-ਡੰਡਾਂ ਆਪਣੇ ਹਾਣੀਆਂ ਨਾਲ ਸਵੇਰੇ-ਸ਼ਾਮ ਖੇਡਦਾ।
ਦਸਵੀਂ ‘ਚ ਪੜ੍ਹਦੇ ਦਾ ਖੇਡਾਂ ਵਲ ਝਕਾਓ ਵੇਖ ਸਕੂਲ ਦੇ ਪੀ ਟੀ ਆਈ ਪ੍ਰੀਤਮ ਸਿੰਘ ਅਤੇ ਲਾਲ ਚੰਦ ਨੇ ਹਾਕੀ ਅਤੇ ਅਥਲੈਟਿਕਸ ਵੱਲ ਪ੍ਰੇਰਿਤ ਕੀਤਾ। ਪ੍ਰੀਤਮ ਸਿੰਘ ਨੂੰ ਕੁਸ਼ਤੀ ਦਾ ਸ਼ੌਕ ਸੀ। ਇਸੇ ਕਰਕੇ ਦੁਪਹਿਰ ਨੂੰ ਅੰਬ ਦੇ ਦਰੱਖਤ ਥੱਲੇ ਦੂਜੇ ਵਿਦਿਆਰਥੀਆਂ ਨਾਲ ਕੁਸ਼ਤੀ ਕਰਾ ਦੇਣੀ। ਬਹੁਤੀ ਜਾਨ ਕਰਕੇ ਪ੍ਰੇਮ ਨੇ ਵਾਰੋ ਵਾਰੀ ਸਾਰੇ ਢਾਹੁਣੇ। ਰੋਜ਼ੀ-ਰੋਟੀ ਲਈ ਪ੍ਰੇਮ ਨੇ ਦੁੱਧ ਵੇਚ ਕੇ ਗੁਜ਼ਾਰਾ ਚਲਾਇਆ ਤੇ ਕਈ ਵਾਰ ਮਜ਼ਦੂਰੀ ਵੀ ਕੀਤੀ।
ਚੰਗੀ ਕਾਰਗੁਜ਼ਾਰੀ ਕਰਕੇ ਸੰਨ 1973 ਵਿਖੇ ਨੌਸ਼ਿਹਰਾ ਮੱਝਾ ਵਿਖੇ ਜ਼ਿਲ੍ਹਾ ਕੁਸ਼ਤੀਆਂ ਦੀ ਸਿਲੈਕਸ਼ਨ ਵਿਚੋਂ ਚੈਂਪੀਅਨ ਬਣਿਆ। ਨੌਕਰੀ ਦੀ ਭਾਲ ਵਿਚ ਕਦੇ ਆਰਮੀ, ਕਦੇ ਪੰਜਾਬ ਪੁਲਿਸ ਤੇ ਕਦੇ ਕਿਸੇ ਮਹਿਕਮੇ ਵਿਚ ਨੱਠ-ਭੱਜ ਕੀਤੀ ਪਰ ਸਿਫਾਰਸ਼ ਜਾਂ ਪੈਸਾ ਨਾ ਹੋਣ ਕਰਕੇ ਉਹਦਾ ਨਾਂ ਵੇਟਿੰਗ ਵਿਚ ਪੈ ਜਾਂਦਾ। ਕਾਫੀ ਜਦੋਜਹਿਦ ਪਿਛੋਂ 1975 ਵਿਚ ਪੰਜਾਬ ਪੁਲਿਸ ਵਿਚ ਕਾਂਸਟੇਬਲ ਭਰਤੀ ਹੋ ਗਿਆ। ਕੋਈ ਚਾਰ ਹਜ਼ਾਰ ਨੌਜਵਾਨਾਂ ਵਿਚੋਂ ਜਿਹੜੇ 35 ਮੁੰਡੇ ਚੁਣੇ ਗਏ ਉਨ੍ਹਾਂ ਵਿਚ ਪ੍ਰੇਮ ਚੰਦ ਦਾ ਨਾਂ ਵੀ ਸੀ। 1976 ਵਿਚ ਜਹਾਨ ਖੇਲੀਂ ਇਕ ਸਾਲ ਟਰੇਨਿੰਗ ਕੀਤੀ। 1977 ਵਿਚ ਗੁਰਦਾਸਪੁਰ ਜਾ ਕੇ ਟਰੇਨਿੰਗ ਕੀਤੀ ਤੇ ਪੰਜਾਬ ਪੁਲਿਸ ਦੀਆਂ ਕੁਸ਼ਤੀਆਂ ਵਿਚ ਹਿੱਸਾ ਲਿਆ। ਉਸ ਵੇਲੇ ਜਲੰਧਰ, ਪਟਿਆਲਾ ਤੇ ਫ਼ਿਰੋਜ਼ਪੁਰ- ਬਾਰਡਰ ਰੇਂਜ਼ ਦੇ ਤਿੰਨ ਜ਼ਿਲ੍ਹਾ ਜ਼ੋਨ ਹੁੰਦੇ ਸਨ। ਪੰਜਾਬ ਪੁਲਿਸ ਵਲੋਂ ਖੇਡਦਿਆਂ ਵੱਖ ਵੱਖ ਮਹਿਕਮਿਆਂ ਵਿਚ 1980 ਤੱਕ ਕੁਸ਼ਤੀਆਂ ਕੀਤੀਆਂ।
ਕਿਸੇ ਅਖ਼ਬਾਰ ਵਿਚ ਬਾਡੀ ਬਿਲਡਿੰਗ ਮੁਕਾਬਲੇ ਦਾ ਇਸ਼ਤਿਹਾਰ ਪੜ੍ਹ ਕੇ ਜਲੰਧਰ ਦੇ ਦੇਸ ਭਗਤ ਹਾਲ ਵਿਚ ਚਲੇ ਗਿਆ। ਬਾਡੀ ਬਿਲਡਿੰਗ ਦਾ ਕਦੇ ਮੁਕਾਬਲਾ ਨਹੀਂ ਸੀ ਲੜਿਆ। ਪਰ ਮਿਹਨਤ ਕਰ ਕਰ ਕੇ ਸਰੀਰ ਦੇ ਮਸਲ ਬਣਾਏ ਹੋਏ ਸਨ। ਦੂਜੇ ਖਿਡਾਰੀਆਂ ਨੂੰ ਵਾਰਮ-ਅੱਪ ਹੁੰਦੇ ਵੇਖੀ ਗਿਆ। ਮੁਕਾਬਲੇ ‘ਤੇ ਜਾਣ ਵੇਲੇ ਸਰੀਰ ‘ਤੇ ਦੇਸੀ ਤੇਲ ਚੰਗੀ ਤਰ੍ਹਾਂ ਮਲ ਲਿਆ। ਸਟੇਜ ‘ਤੇ ਜਾ ਕੇ ਵੇਖੇ ਸਾਰੇ ਢੰਗ ਵਰਤੇ। ਰਾਮਾ ਪ੍ਰਸ਼ਾਦ ਮੁਕਰਜੀ ਉਸ ਮੁਕਾਬਲੇ ਦੇ ਜੱਜ ਸਨ। ਓਪਨ ਪੰਜਾਬ ਅਤੇ 74 ਕਿਲੋਗ੍ਰਾਮ- ਦੋਨਾਂ ਮੁਕਾਬਲਿਆਂ ਦਾ ਸ਼ਾਮ ਨੂੰ ਜਦੋਂ ਨਤੀਜਾ ਆਇਆ ਤਾਂ ਦੋਨਾਂ ਵਿਚੋਂ ਅੱਵਲ ਪ੍ਰੇਮ ਚੰਦ ਸੀ। ਮਹੀਨੇ ਬਾਅਦ ਦਾਰਜਲਿੰਗ ਸੀਨੀਅਰ ਨੈਸ਼ਨਲ ਮੁਕਾਬਲੇ ਵਿਚੋਂ ਤੀਜ਼ੀ ਪੁਜੀਸ਼ਨ ਲਈ। ਤੀਜੀ ਪੁਜੀਸ਼ਨ ਨਾਲ ਮਹਿਕਮੇ ਵਿਚ ਤਰੱਕੀ ਹੋਈ ਤੇ ਇਕ ਫੀਤੀ ਹੋਰ ਲੱਗ ਗਈ।
1981 ਵਿਚ ਮਦਰਾਸ ‘ਚ ਸੀਨੀਅਰ ਨੈਸ਼ਨਲ ਹੋਈ। ਉਥੇ ਇੰਗਲੈਂਡ ਦਾ ਇੰਦਰ ਸਿੰਘ ਵੀ ਆਇਆ ਹੋਇਆ ਸੀ ਜੋ ਬਾਡੀ ਬਿਲਡਿੰਗ ਦੇ ਨਾਲ ਨਾਲ ਭਾਰ ਵੀ ਚੁੱਕਦਾ ਸੀ। ਉਸ ਤੋਂ ਵੀ ਬਹੁਤ ਕੁਝ ਸਿਖਿਆ। ਉਸ ਨਾਲ ਹਿੰਦੋਸਤਾਨ ਵਿਚ ਸਾਰੇ ਪਾਸੇ ਗਿਆ।
ਮੁਕਾਬਲੇ ਤੋਂ ਇਕ ਦਿਨ ਪਹਿਲਾਂ ਬਾਡੀ ਬਿਲਡਿੰਗ ਬਾਰੇ ਬਹੁਤਾ ਨਾ ਕੁਝ ਜਾਣਦਾ ਕਰਕੇ ਉਹ ਫਿਕਰਮੰਦ ਹੋ ਗਿਆ ਪਰ ਹੌਸਲਾ ਨਾ ਛੱਡਿਆ। ਸ਼ਾਮ ਨੂੰ ਪ੍ਰੈਕਟਿਸ ਕਰਕੇ ਆਇਆ। ਰਾਤ ਨੂੰ ਸੌਣ ਤੋਂ ਪਹਿਲਾਂ ਭਲਕੇ ਵਾਲਾ ਮੁਕਾਬਲਾ ਜਿੱਤਣ ਦੀ ਅਰਦਾਸ ਕੀਤੀ। ਦੂਜੇ ਦਿਨ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਦੱਬ ਕੇ ਬੈਠਕਾਂ ਤੇ ਬੈਂਚ-ਪ੍ਰੈਸਾਂ ਮਾਰੀਆਂ। ਸ਼ਾਮ ਨੂੰ ਨਤੀਜਾ ਆਇਆ ਤਾਂ ਪਹਿਲੇ ਸਥਾਨ ‘ਤੇ ਰਹਿ ਕੇ ਗੋਲਡ ਮੈਡਲ ਜਿੱਤਿਆ।
ਮੁਕਾਬਲੇ ਅੱਗੇ ਤੋਂ ਅੱਗੇ ਚਲਦੇ ਗਏ। ਅਗਰਤਲਾ (ਕਲਕੱਤੇ ਕੋਲ) ਤ੍ਰਿਪੁਰਾ ਦੀ ਫਰਬਰੀ 1981 ਦੇ ਯੂਨੀਅਰ ਨੈਸ਼ਨਲ ਵਿਚੋਂ ਚੈਂਪੀਅਨ ਬਣਿਆ ਅਤੇ ਅਗਸਤ 1981 ਦੀ ਮਦਰਾਸ ਸੀਨੀਅਰ ਚੈਂਪੀਅਨਸ਼ਿਪ ਜਿੱਤੀ। ਇਸੇ ਸਾਲ ਹੀ ਗੁਰਦਾਸਪੁਰ ਵਿਚੋਂ Ḕਮਿਸਟਰ ਪੰਜਾਬḔ ਦਾ ਖਿਤਾਬ ਜਿੱਤਿਆ। 1982 ‘ਚ ਇਛਾਪੁਰ (ਬੈਸਟ ਬੰਗਾਲ) ਅਤੇ 1983 ‘ਚ ਤਾਮਿਲਨਾਡੂ (ਕੁਆਮੇਤੂਰ) ਦਾ ਚੈਂਪੀਅਨ ਬਣਿਆ। ਉਥੋਂ ਹੀ ਏਸ਼ੀਆ ਵਾਸਤੇ ਚੁਣਿਆ ਗਿਆ। 1983 ‘ਚ ਕਰਾਚੀ (ਪਾਕਿਸਤਾਨ) ਵਿਚ ਏਸ਼ੀਅਨ ਚੈਂਪੀਅਨ ਬਣਿਆ ਤੇ ਬੈਸਟ-ਪੋਜ਼ਰ ਦਾ ਖਿਤਾਬ ਵੀ ਉਥੋਂ ਹੀ ਪ੍ਰਾਪਤ ਕੀਤਾ। 1984 ਵਿਚ ਮਹਾਰਾਸ਼ਟਰ (ਅਕੋਲਾ) ਤੇ ਕੋਰੀਆ ਦਾ ਨੈਸ਼ਨਲ ਚੈਂਪੀਅਨ ਬਣਿਆ।
1983 ‘ਚ ਕਰਾਚੀ ਸ਼ਹਿਰ ‘ਚ ਏਸ਼ੀਅਨ ਚੈਂਪੀਅਨਸ਼ਿਪ ਲੜਨ ਜਾਣਾ ਸੀ। ਕਾਫ਼ੀ ਨੱਠ-ਭੱਜ ਕਰਕੇ ਪਾਕਿਸਤਾਨ ਦਾ ਵੀਜ਼ਾ ਲੁਆਇਆ ਤੇ ਬਹੁਤ ਜਦੋਜਹਿਦ ਨਾਲ ਆਰ ਬੀ ਆਈ ਬੈਂਕ ਤੋਂ ਮੁਸ਼ਕਲ ਨਾਲ 45 ਅਮਰੀਕਨ ਡਾਲਰ ਮਿਲੇ। ਦੌੜ-ਭੱਜ ਕੇ ਲਾਹੌਰ ਨੂੰ ਟਰੇਨ ਫੜਨ ਲੱਗਾ ਤਾਂ ਭਾਰਤੀ ਕਸਟਮ ਵਾਲਿਆਂ ਦੋ-ਢਾਈ ਹਜ਼ਾਰ ਰੁਪਿਆ ਰੱਖ ਲਿਆ। ਮਨ ਬਹੁਤ ਖਰਾਬ ਹੋਇਆ ਕਿਉਂਕਿ ਉਹਦਾ ਜੇਬ ਖਰਚਾ ਸੀ। ਜਦੋਂ ਉਧਰ ਪਹੁੰਚਿਆ ਤਾਂ ਕਸਟਮ ਅਫਸਰ ਨੇ ਪ੍ਰੇਮ ਨੂੰ ਪਹਿਚਾਣ ਲਿਆ। ਉਹਨੇ ਚਾਹ-ਪਾਣੀ ਦੀ ਸੇਵਾ ਪੁੱਛੀ ਤੇ ਹੋਰ ਅਫਸਰਾਂ ਨੂੰ ਕਹਿ ਦਿਤਾ ਕਿ ਇਹ ਮੇਰਾ ਖਾਸ ਮਹਿਮਾਨ ਹੈ, ਇਹਦਾ ਖਾਸ ਖਿਆਲ ਰੱਖਣਾ ਹੈ। ਪ੍ਰੇਮ ਨੇ ਉਨ੍ਹਾਂ ਨੂੰ ਪੈਸਿਆਂ ਬਾਰੇ ਦੱਸਿਆ ਕਿ ਉਹਦੇ ਪੈਸੇ ਭਾਰਤੀ ਕਸਟਮ ਵਾਲਿਆਂ ਨੇ ਰੱਖ ਲਏ ਹਨ। ਉਹਦੇ ਕੋਲ ਸਿਰਫ਼ ਇਹ 45 ਡਾਲਰ ਹਨ। ਉਥੇ ਜਦ 45 ਡਾਲਰ ਤੜਾਏ ਤਾਂ 500 ਰੁਪਿਆ ਮਿਲਿਆ। ਉਥੋਂ ਜਾਣ ਲਈ ਚਾਰ ਪਹੀਆਂ ਵਾਲੀ ਬੱਘੀ ਨੂੰ ਪੁਛਿਆ ਤਾਂ ਉਹ 30 ਰੁਪਏ ਇਕ ਜਣੇ ਦੇ ਮੰਗ ਰਹੇ ਸਨ। ਉਹ ਦੋ ਜਣੇ ਸਨ। 60 ਰੁਪਏ ਤਾਂ ਇਸ ਤਰ੍ਹਾਂ ਹੀ ਲੱਗ ਜਾਣੇ ਸਨ। ਕਿਸੇ ਕੋਲੋਂ ਪੁਛ ਪੁਛਾ ਕੇ ਇਕ-ਇਕ ਰੁਪਿਆ ਦੇ ਕੇ ਬੱਸ ਰਾਹੀਂ ਚੈਂਪੀਅਨਸ਼ਿਪ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਜਦੋਂ ਉਹ ਸਟੇਜ ‘ਤੇ ਸਰੀਰ ਦੇ ਅੰਗਾਂ ਦੇ ਕਰਤੱਬ ਦਿਖਾਣ ਲੱਗਾ ਤਾਂ ਪਕਿਸਤਾਨੀਆਂ ਨੇ ਹਿੰਦੋਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿਤੇ। ਉਹਨੂੰ ਬੜਾ ਮਾਣ ਮਹਿਸੂਸ ਹੋਇਆ। ਉਸ ਚੈਂਪੀਅਨਸ਼ਿਪ ਵਿਚ ਜਪਾਨ, ਕੋਰੀਆ, ਮਲੇਸ਼ੀਆ, ਇਰਾਨ, ਇਰਾਕ ਆਦਿ ਮੁਲਕ ਪਹੁੰਚੇ ਹੋਏ ਸਨ। ਬੜੇ ਦਮ ਨਾਲ ਉਹਨੇ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ਭਾਰਤ ਦੇ ਮਾਣ ਨੂੰ ਚਾਰ ਚੰਨ ਲਾਏ।
ਪ੍ਰੇਮ ਚੰਦ ਦੇ ਦੱਸਣ ਅਨੁਸਾਰ ਬਾਡੀ ਬਿਲਡਿੰਗ ਵਾਸਤੇ ਕੇਂਦਰ ਸਰਕਾਰ ਦੀ ਤਰਫੋਂ ਕੋਈ ਸਹੂਲਤ ਨਹੀਂ ਸੀ। ਇਸ ਵਾਸਤੇ ਉਹਨੇ ਸਰਕਾਰ ਨੂੰ ਇਕ ਵਾਰ ਚਿੱਠੀ ਵੀ ਲਿਖੀ ਸੀ। ਜਦੋਂ ਮੁਕਾਬਲਿਆਂ ਲਈ ਜਾਣਾ ਹੁੰਦਾ ਤਾਂ ਸਾਰਾ ਖਰਚਾ ਆਪ ਕਰਨਾ ਪੈਂਦਾ। ਆਈæ ਐਨæ ਐਸ਼ ਪਟਿਆਲੇ ਜਾ ਕੇ ਸਾਰਾ ਖਰਚਾ ਆਪ ਕਰਦਾ। ਹੋਰ ਖੇਡਾਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਸਨ। ਖਿਡਾਰੀਆਂ ਲਈ ਰਿਹਾਇਸ਼ ਤੇ ਖਾਣਾ ਫ਼ਰੀ ਸੀ ਪਰ ਬਾਡੀ ਬਿਲਡਿੰਗ ਵਾਸਤੇ ਕੋਈ ਸਹੂਲਤ ਨਹੀਂ ਸੀ। ਉਹਨੂੰ 75 ਰੁਪਏ ਖਾਣੇ ਦੇ ਅਤੇ ਰਹਿਣ ਦੇ 15 ਰੁਪਏ ਰੋਜ਼ਾਨਾ ਆਪਣੀ ਜੇਬ ਵਿਚੋਂ ਦੇਣੇ ਪੈਂਦੇ ਸਨ। ਪਿਛੋਂ ਜਦੋਂ ਉਸ ਦਾ ਚੰਗਾ ਨਾਂ ਹੋ ਗਿਆ ਤਾਂ ਥੋੜ੍ਹੀ-ਬਹੁਤੀ ਸਹਾਇਤਾ ਮਿਲਣ ਲੱਗੀ।
1984 ਵਿਚ ਲਾਸ ਵੇਗਸ (ਅਮਰੀਕਾ) ਹੋਈ ਵਰਲਡ ਚੈਂਪੀਅਨਸ਼ਿਪ ਵਿਚੋਂ 14ਵੀਂ ਪੁਜੀਸ਼ਨ ਆਈ। ਉਸ ਮੁਕਾਬਲੇ ਵਿਚ ਕੋਈ 65 ਮੁਲਕਾਂ ਦੇ ਖਿਡਾਰੀ ਹਿੱਸਾ ਲੈ ਰਹੇ ਸਨ। 1985 ਵਿਚ ਰਾਜਾ ਮੁੰਦਰੀ (ਆਂਧਰਾ ਪ੍ਰਦੇਸ) ਦਾ ਚੈਂਪੀਅਨ ਬਣਿਆ। ਇਸੇ ਸਾਲ ਸਵੀਡਨ ਵਰਲਡ ਚੈਂਪੀਅਨਸ਼ਿਪ ਵਿਚੋਂ ਚੌਥੀ ਪੁਜੀਸ਼ਨ ਆਈ ਅਤੇ ਇਸੇ ਸਾਲ ਹੀ ਸ਼੍ਰੀਲੰਕਾ (ਕੋਲੰਬੋ) ਵਿਚ ਏਸ਼ੀਅਨ ਚੈਂਪੀਅਨ ਬਣਿਆ। ਇਸੇ ਸਾਲ ਉਹ ਬੇਹਤਰੀਨ ਬਾਡੀ ਬਿਲਡਰ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ। 1985 ਸਵੀਡਨ (ਗੌਤਮਵਰਗ) ਚੌਥੀ ਪੁਜੀਸ਼ਨ, 1986 ‘ਚ ਟੋਕੀਓ ‘ਚੋਂ ਸਿਲਵਰ ਅਤੇ 1987 ‘ਚ ਮੈਡਰਿਕ (ਸਪੇਨ) ਵਿਚ ਵਰਲਡ ਚੈਂਪੀਅਨ ਵਿਚੋਂ ਚੌਥੀ ਪੁਜੀਸ਼ਨ ਮਾਰੀ।
1986 ਵਿਚ ਮਦਰਾਸ ਨੈਸ਼ਨਲ ਚੈਂਪੀਅਨ ਬਣਿਆ। ਏਸ਼ੀਆ ਮੁਕਾਬਲੇ ਵਿਚ ਤਾਇਬਾਨ ਦਾ ਚੈਂਪੀਅਨ ਬਣਿਆ। ਉਸ ਦੱਸਿਆ ਕਿ ਵਰਲਡ ਟੋਕੀਓ-ਜਪਾਨ ਵਿਚੋਂ ਈਰਖਾ ਨਾਲ ਉਹਨੂੰ ਦੂਜੀ ਪੁਜੀਸ਼ਨ ਦਿਤੀ ਗਈ। ਕਾਰਨ ਇਹ ਸੀ ਕਿ ਉਥੇ ਹੋਰ ਮੁਲਕਾਂ ਦੇ ਕੋਚ ਅਤੇ ਕਮੇਟੀ ਮੈਂਬਰ ਪਹੁੰਚੇ ਹੋਏ ਸਨ। ਸਾਰੇ ਉਸ (ਪ੍ਰੇਮ ਚੰਦ) ਨੂੰ ਆਪਣੇ ਆਪਣੇ ਮੁਲਕ ਵੱਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਕਿਹਾ ਮੈਂ ਇਕ ਹਿੰਦੋਸਤਾਨੀ ਹਾਂ ਤੇ ਹਮੇਸ਼ਾ ਹਿੰਦੋਸਤਾਨ ਲਈ ਮੁਕਾਬਲੇ ਲੜਾਂਗਾ।
ਪ੍ਰੇਮ ਚੰਦ 1986 ਵਿਚ ਨਿਰਮਲ ਡੇਗਰਾ ਨਾਲ ਵਿਆਹ ਬੰਧਨ ਵਿਚ ਬੰਨਿਆ ਗਿਆ।
1987 ਵਿਚ ਇੰਦੌਰ ਦੇ ਨੈਸ਼ਨਲ ਚੈਂਪੀਅਨ ਵਿਚੋਂ ਪਹਿਲੀ ਪੁਜੀਸ਼ਨ ਤੇ ਮਲੇਸ਼ੀਆ (ਮੁਲਾਕਾ) ਦਾ ਏਸ਼ੀਅਨ ਚੈਂਪੀਅਨ ਬਣਿਆ। ਇਸੇ ਸਾਲ ਹੀ ਮੈਡਰਿਕ (ਸਪੇਨ) ਦੇ ਵਰਲਡ ਮੁਕਾਬਲੇ ‘ਚੋਂ ਚੌਥੀ ਪੁਜੀਸ਼ਨ ਮਾਰੀ। 1988 ‘ਚ ਅਹਿਮਦਾਬਾਦ ਦੀ ਨੈਸ਼ਨਲ ਚੈਂਪੀਅਨ ਵਿਚ ਹਿੱਸਾ ਲਿਆ। ਉਸੇ ਸਾਲ ਹੀ ਸਿੰਘਾਪੁਰ ਦੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਹਨੇ ਗੈਸਟ ਦੇ ਤੌਰ ‘ਤੇ ਹਿੱਸਾ ਲਿਆ। 1988 ਵਿਚ ਹੀ ਆਸਟ੍ਰੇਲੀਆ ਦੇ ਕੁਈਨਜ਼ ਲੈਂਡ ਸ਼ਹਿਰ ਦੇ ਵਰਲਡ ਚੈਂਪੀਅਨ ਮੁਕਾਬਲੇ ‘ਚੋਂ ਪਹਿਲਾ ਸਥਾਨ ਲਿਆ ਤੇ ਭਾਰਤ ਵਾਸਤੇ ਸੋਨੇ ਦਾ ਤਮਗਾ ਜਿਤਿਆ। 1988 ‘ਚ ਵਰਲਡ ਚੈਂਪੀਅਨਸ਼ਿਪ ਜਿੱਤਣ ‘ਤੇ ਟਾਟਾ ਗਰੁਪ ਨੇ ਇਕ ਲੱਖ ਰੁਪਏ ਦਾ ਇਨਾਮ ਦਿਤਾ। 1986 ਵਿਚ ਵੀ ਟਾਟਾ ਨੇ ਪ੍ਰੇਮ ਚੰਦ ਨੂੰ Ḕਬੈਸਟ ਸਪੋਰਟਸਮੈਨḔ ਐਲਾਨਿਆ ਸੀ।
1989 ਵਿਚ ਮਦਰਾਸ ਦੀ ਨੈਸ਼ਨਲ ਚੈਂਪੀਅਨਸ਼ਿਪ ਦੀ ਪ੍ਰੋਫ਼ੈਸ਼ਨਲ ਡਵੀਜ਼ਨ ਵਿਚ ਅਤੇ ਉਸੇ ਸਾਲ ਦਾ ਇਟਲੀ ਮੁਕਾਬਲੇ ਦਾ ਰਨਰ-ਅੱਪ ਆਇਆ। ਉਸੇ ਸਾਲ ਹੀ ਇਟਲੀ ਮੁਕਾਬਲੇ ਵਿਚੋਂ ਸੈਕੰਡ ਰਨਰ-ਅੱਪ ਆਇਆ।
1990 ‘ਚ ਪ੍ਰੋ-ਏਸ਼ੀਆ ਮੁਕਾਬਲੇ ਵਿਚ ਪ੍ਰੋਫੈਸ਼ਨਲ ਅਤੇ ਪ੍ਰੋ-ਐਮ ਦੀਆਂ ਪਹਿਲੀਆਂ ਪੁਜੀਸ਼ਨਾਂ ਲੈ ਕੇ ਏਸ਼ੀਆ ਦਾ ਟਾਈਟਲ ਜਿੱਤਿਆ ਅਤੇ ਦੋ ਹਜ਼ਾਰ ਅਮਰੀਕਨ ਡਾਲਰ ਝੋਲੀ ਪੁਆਇਆ। 1990 ‘ਚ ਸਿੰਘਾਪੁਰ ਵਿਚ ਪ੍ਰੋ-ਐਮ ਕੰਪੀਟੀਸ਼ਨ ਲੜਿਆ ਤੇ ਚੈਂਪੀਅਨ ਬਣਿਆ। ਇਸੇ ਸਾਲ ਕੇਂਦਰ ਸਰਕਾਰ ਨੇ 5 ਲੱਖ ਰੁਪਿਆ ਇਨਾਮ ਵਜੋਂ ਦਿੱਤਾ ਜੋ 1986 ‘ਚ ਉਲੰਪਿਕ ਵਿਚੋਂ ਗੋਲਡ ਮੈਡਲ ਜਿੱਤਣ ਵਾਲਿਆਂ ਲਈ ਸਰਕਾਰ ਵਲੋਂ ਐਲਾਨਿਆ ਗਿਆ ਸੀ। ਉਸ ਨੂੰ ਝੋਰਾ ਹੈ ਕਿ ਸਰਕਾਰ ਨੇ ਕਈ ਮਾਣ-ਸਨਮਾਨ ਤਾਂ ਐਲਾਨ ਕੇ ਵੀ ਨਾ ਦਿੱਤੇ।
ਪ੍ਰੇਮ ਚੰਦ ਨੇ ਇਹ ਵਾਰਤਾ ਸਾਂਝੀ ਕੀਤੀ ਕਿ 1993 ‘ਚ ਜਲੰਧਰ ਦੂਰਦਰਸ਼ਨ ਨੇ ਨਵੇਂ ਸਾਲ ‘ਤੇ ਸਕਿਟ ਪੇਸ਼ ਕਰਨੀ ਸੀ। ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ) ਉਚੇਚੇ ਤੌਰ ‘ਤੇ ਉਹਨੂੰ ਲੈ ਕੇ ਗਿਆ ਸੀ। ਚੁੱਕਣ ਵਾਸਤੇ ਸਟੇਜ ‘ਤੇ ਭਾਰ ਲਿਆ ਰੱਖਿਆ। ਪ੍ਰੇਮ ਤੋਂ ਨਹੀਂ ਚੁੱਕ ਹੋਇਆ ਜਿਸ ਤਰ੍ਹਾਂ ਉਨ੍ਹਾਂ ਪਹਿਲਾਂ ਹੀ ਉਹਨੂੰ ਸਮਝਾਇਆ ਹੋਇਆ ਸੀ। ਤੇ ਜੋਕਰ ਆ ਕੇ ਕੱਛ ‘ਚ ਲੈ ਕੇ ਤੁਰ ਪਿਆ ਕਿਉਂਕਿ ਉਹ ਭਾਰ ਪਲਾਸਟਿਕ ਦਾ ਸੀ। ਲੋਕਾਂ ਦੇ ਮਨੋਰੰਜਨ ਕਰਨ ਲਈ ਇਹ ਕੀਤਾ ਸੀ। ਪਰ ਬਾਅਦ ਵਿਚ ਦੂਰਦਰਸ਼ਨ ਵਾਲਿਆਂ ਨੇ ਇਸ ਨੂੰ ਪ੍ਰੇਮ ਦੀ ਬੇਇਜ਼ਤੀ ਮਹਿਸੂਸ ਕੀਤਾ ਤੇ ਉਨ੍ਹਾਂ ਉਸ (ਪ੍ਰੇਮ ਚੰਦ) ਤੋਂ ਮੁਆਫੀ ਮੰਗੀ।
1992 ਤੋਂ 1995 ਤੱਕ- ਚਾਰ ਸਾਲ ਉਹਨੇ ਮਿਹਨਤ ਨਾ ਕੀਤੀ ਤੇ ਮੁਕਾਬਲਿਆਂ ‘ਚ ਭਾਗ ਲੈਣਾ ਛੱਡ ਦਿੱਤਾ। ਸਰਕਾਰ ਵਲੋਂ ਹੋਸਟ ਕੀਤੇ ਜਾਣ ‘ਤੇ ਫ਼ੈਡਰੇਸ਼ਨ ਦੇ ਪ੍ਰਬੰਧਕੀ ਢਾਂਚੇ ਵਿਚ ਆ ਬਿਰਾਜ਼ਮਾਨ ਹੋ ਗਿਆ। 1996 ‘ਚ ਭਾਰਤੀ ਬਾਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਦਿੱਲੀ ਹੋਣੀ ਸੀ। ਕੋਈ ਬਾਡੀ ਬਿਲਡਰ ਦਿਸ ਨਹੀਂ ਸੀ ਰਿਹਾ। ਅਫਸਰਾਂ ਨੇ ਧੱਕੇ ਨਾਲ ਫਿਰ ਉਹਨੂੰ ਤਿਆਰ ਕੀਤਾ। ਪ੍ਰੇਮ ਨੇ ਤਿੰਨ ਮਹੀਨੇ ਫਿਰ ਤੋਂ ਤਿਆਰੀ ਕੀਤੀ ਤੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਪ੍ਰੇਮ ਚੰਦ ਨੇ ਸਿਹਤ ਦਾ ਖਿਆਲ ਰੱਖਦਿਆਂ ਕੁਦਰਤੀ ਖ਼ੁਰਾਕ ਖਾਧੀ। ਕਾਲੇ ਛੋਲੇ, ਮੂੰਗੀ, ਕਣਕ, ਮੱਕੀ, ਰਾਜਮਾਂਹ ਬਗੈਰਾ ਭਿਓਂ ਕੇ ਰੱਖ ਦੇਣੇ। ਜਦੋਂ ਉਹ ਪੁੰਗਰਨ ਲੱਗਣੇ ਤਾਂ ਖਾਣੇ। ਕਾਲੇ ਛੋਲਿਆਂ ਦੀ ਤਰੀ ਜਾਂ ਦੇਸੀ ਘਿਓ ਦਾ ਤੁੜਕਾ ਲਾ ਕੇ ਖਾਣੇ। ਜ਼ਿਆਦਾਤਰ ਉਹਨੇ ਬਦਾਮਾਂ ਦੀ ਸ਼ਰਦਾਈ ਵਿਚ ਮਿਸ਼ਰੀ ਜਾਂ ਖਸਖਸ ਰਗੜ ਕੇ ਪੀਤੀ। ਮੀਟ ਤਾਂ ਉਹ 1983 ‘ਚ ਖਾਣ ਲੱਗਾ, ਕਦੇ-ਕਿਤੇ। ਬਾਜ਼ਾਰੂ ਖ਼ੁਰਾਕ ਜਾਂ ਮਿਕਸ ਪਾਊਡਰ (ਪ੍ਰੋਟੀਨ ਵਗੈਰਾ) ਤੋਂ ਹਮੇਸ਼ਾ ਦੂਰ ਰਿਹਾ। ਉਹਦੇ ਦੱਸਣ ਅਨੁਸਾਰ ਬਦਾਮਾਂ ਦੀ ਸ਼ਰਦਾਈ ਬਹੁਤ ਤਾਕਤਵਰ ਹੁੰਦੀ ਹੈ। ਕਈ ਖਿਡਾਰੀ ਸੁੱਕੇ ਬਦਾਮਾਂ ਦੇ ਐਵੇਂ ਫੱਕੇ ਮਾਰਦੇ ਰਹਿੰਦੇ ਹਨ। ਉਨ੍ਹਾਂ ਦਾ ਕੋਈ ਫਾਇਦਾ ਨਹੀਂ। ਸ਼ਿਕੰਜਵੀਂ ਗਰਮੀਆਂ ਵਿਚ ਬਹੁਤ ਲਾਹੇਵੰਦ ਹੈ। ਵਿਆਹ ਤੋਂ ਪਹਿਲਾਂ ਸਾਰੀ ਖ਼ੁਰਾਕ ਉਹ ਆਪ ਤਿਆਰ ਕਰਦਾ ਸੀ। ਪਿਛੋਂ ਉਹਦੀ ਘਰਵਾਲੀ ਤਿਆਰ ਕਰਕੇ ਦੇਣ ਲੱਗੀ।
ਮਹਾਰਾਸ਼ਟਰ ਦੇ ਸ਼ਿਆਦਰੀ ਸ਼੍ਰੀ ਵਿਚ ਓਵਰ-ਆਲ ਚੈਂਪੀਅਨ ਬਣਨ ‘ਤੇ 50 ਹਜ਼ਾਰ ਨਕਦ, ਟੀ ਵੀ, ਫ਼ਰਿਜ਼ ਅਤੇ ਘਰ ਦੇ ਹੋਰ ਸਮਾਨ ਦਾ ਟਰੱਕ ਇਨਾਮ ਵਜੋਂ ਮਿਲਿਆ। ਬੰਬਈ ਹਿੱਸਾ ਲਿਆ ਤੇ ਇੰਡੀਆ ਦਾ ਨੈਸ਼ਨਲ ਜਿੱਤਿਆ। ਦਿੱਲੀ ਏਸ਼ੀਅਨ ਚੈਂਪੀਅਨ ਮੁਕਾਬਲੇ ਵਿਚੋਂ ਏਸ਼ੀਆ ਦਾ ਅੱਠਵਾਂ ਗੋਲਡ ਮੈਡਲ ਜਿੱਤਿਆ।
1975 ਤੋਂ 1984 ਤੱਕ ਪੰਜਾਬ ਪੁਲਿਸ ਦੀ ਨੌਕਰੀ ਕੀਤੀ। 1984 ‘ਚ ਅਸਤੀਫਾ ਦੇ ਦਿਤਾ। ਸਿਰਫ਼ 1100 ਰੁਪਏ ਤਨਖਾਹ ਮਿਲਦੀ ਸੀ। 1984 ‘ਚ ਹੀ ਟਾਟਾ ਕੰਪਨੀ-ਜਮਸ਼ੇਦਪੁਰ ਜਾ ਕੇ ਨੌਕਰੀ ਲੈ ਲਈ ਤੇ ਉਨ੍ਹਾਂ 5 ਹਜ਼ਾਰ ਰੁਪਏ ਮਹੀਨਾ ਤਨਖਾਹ ਲਾ ਦਿਤੀ। 100 ਰੁਪਏ ਰੋਜ਼ਾਨਾ ਖ਼ੁਰਾਕ। ਹਫ਼ਤੇ ਬਾਅਦ ਬੰਬੇ ਚਲਾ ਗਿਆ। ਟੈਕਸੀ ਦਾ ਕਿਰਾਇਆ, ਖਾਣ-ਪੀਣ ਤੇ ਰਿਹਾਇਸ਼ ਮੁਫ਼ਤ। 1984 ਤੋਂ 1990 ਤੱਕ ਉਹ ਉਥੇ ਰਿਹਾ। ਫਿਰ ਸਮੀਰ ਥਾਪਰ ਜੇ ਸੀ ਟੀ ਫਗਵਾੜੇ ਲੈ ਗਿਆ। ਜੇ ਸੀ ਟੀ ਵਲੋਂ ਏਸ਼ੀਆ, ਪੀ ਆਰ ਓ, ਪੰਜਾਬ ਪੁਲਿਸ ਦੇ ਤਿੰਨ ਮੁਕਾਬਲੇ ਲੜੇ। 1990 ਤੋਂ 2001 ਤੱਕ ਉਥੇ ਰਿਹਾ। 1996 ਵਿਚ ਹੁਸ਼ਿਆਰਪੁਰ ਜਗ੍ਹਾ ਮੁਲ ਲੈ ਲਈ ਸੀ। ਉਥੇ ਜਿਮ ਬਣਾ ਕੇ ਉਠਦੇ ਨੌਜਵਾਨਾਂ ਨੂੰ ਟਰੇਨਿੰਗ ਦੇਣ ਲੱਗਾ। ਦੋ ਬੇਟੇ- ਹਰਨੇਲ ਡੇਗਰਾ ਤੇ ਸੁਰਨੀਲ ਡੇਗਰਾ। ਜਿੰਮ ਵੱਡਾ ਹੋਣ ਕਰਕੇ ਦੋਵੇਂ ਬੇਟੇ ਜਿਮ ਵਿਚ ਉਹਦੀ ਸਹਾਇਤਾ ਕਰਦੇ ਹਨ। ਜਿੰæਦਗੀ ਦੀਆਂ ਪ੍ਰਾਪਤੀਆਂ ਤੋਂ ਖ਼ੁਸ਼ ਪ੍ਰੇਮ ਚੰਦ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਉਹਨੂੰ ਆਪਣੀ ਜੀਵਨ ਸਾਥਣ ਦਾ ਬੜਾ ਸਾਥ ਰਿਹਾ ਹੈ। ਉਹ ਹਮੇਸ਼ਾ ਜਿਮ ਅਤੇ ਘਰੇਲੂ ਕੰਮਾਂ-ਕਾਰਾਂ ਵਿਚ ਰੁੱਝਿਆ ਰਹਿੰਦਾ ਹੈ। ਜਿੰæਦਗੀ ਵਿਚ ਯਾਰ-ਦੋਸਤ ਵੀ ਬਹੁਤ ਘੱਟ ਬਣਾਏ ਹਨ। ਖਾਸ ਦੋਸਤਾਂ ਵਿਚੋਂ ਪੰਜਾਬੀ ਲੇਖਕ ਬਲਵੀਰ ਮਾਧੋਪੁਰੀ ਨਾਲ ਕਾਫੀ ਸਾਂਝ ਤੇ ਪਿਆਰ-ਮੁਹੱਬਤ ਹੈ।
ਪ੍ਰੇਮ ਚੰਦ ਨੂੰ ਥੋੜ੍ਹਾ ਗਿਲ੍ਹਾ ਵੀ ਹੈ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੰਦੀ ਜਿਵੇਂ ਬਾਹਰਲੇ ਮੁਲਕਾਂ ਵਿਚ ਹੈ। ਨੌਜਵਾਨਾਂ ਨੂੰ ਉਸ ਦਾ ਸੁਨੇਹਾ ਹੈ ਕਿ ਉਹ ਖੇਡਾਂ ਨਾਲ ਜੁੜਨ, ਨਸ਼ਿਆਂ ਤੋਂ ਬਚਣ ਅਤੇ ਪੌਸ਼ਟਿਕ ਖੁਰਾਕ ਖਾਣ।

Be the first to comment

Leave a Reply

Your email address will not be published.