ਪੰਜਾਬੀ ਦਾ ਭਵਿੱਖ-5
ਗੁਰਬਚਨ ਸਿੰਘ ਭੁੱਲਰ
ਪੰਜਾਬੀ ਲਈ ਇਕ ਮਾੜੀ ਗੱਲ ਇਹ ਹੈ ਕਿ ਖ਼ੁਦ ਅਸੀਂ ਪੰਜਾਬੀ ਵਾਲੇ ਆਪਣੀ ਭਾਸ਼ਾਈ ਬੇਸਮਝੀ ਕਾਰਨ ਹੋਰ ਭਾਸ਼ਾਵਾਂ ਦੇ ਦਖ਼ਲ ਰਾਹੀਂ ਇਸ ਨੂੰ ਵਿਗਾੜ ਰਹੇ ਹਾਂ। ਮਿਸਾਲ ਵਜੋਂ ‘ਸ਼’ ਦਾ ਹਮਲਾ ਹੀ ਰੁਕਣ ਵਿਚ ਨਹੀਂ ਆਉਂਦਾ। ਦੇਸ, ਨਿਰਾਸ, ਸਲਵਾਰ, ਜਿਹੇ ਦਰਜਨਾਂ ਸ਼ਬਦ ਸਾਡੇ ਮਹਾਂਰਥੀਆਂ ਨੇ ਦੇਸ਼, ਨਿਰਾਸ਼, ਸ਼ਲਵਾਰ, ਆਦਿ ਬਣਾ ਦਿੱਤੇ ਹਨ। ਅਜਿਹੇ ਸ਼ਬਦਾਂ ਦੀ ਗਿਣਤੀ ਵਧਦੀ ਹੀ ਜਾਂਦੀ ਹੈ। ਦੇਸ ਨੂੰ ਦੇਸ਼ ਬਣਾ ਦਿੱਤੇ ਜਾਣ ਕਰਕੇ ਹੁਣ ਘਿਓ ਦੇਸ਼ੀ ਹੋਵੇਗਾ ਅਤੇ ਕੁੜੀਆਂ ਪਰਦੇਸ਼ੀ ਢੋਲੇ ਦੇ ਗੀਤ ਗਾਇਆ ਕਰਨਗੀਆਂ। ਪਰਦੇਸ ਵਿਦੇਸ਼ ਹੋ ਗਿਆ ਹੈ, ਮੁਟਿਆਰ ਯੁਵਤੀ ਹੋ ਗਈ ਹੈ ਅਤੇ ਗੱਭਰੂ ਯੁਵਕ ਹੋ ਗਿਆ ਹੈ। ਪੰਜਾਬੀ ਰਿਸ਼ਤਿਆਂ ਅਤੇ ਸਭਿਆਚਾਰ ਦਾ ਸਭ ਤੋਂ ਬਹੁਤਾ ਨੁਕਸਾਨ ਅੰਕਲ-ਆਂਟੀ ਨੇ ਕੀਤਾ ਹੈ। ਜਿਥੇ, ਮਿਸਾਲ ਵਜੋਂ, ਮਾਮਾ-ਮਾਸੀ ਮਾਂ ਦੇ ਅਤੇ ਚਾਚੇ-ਤਾਏ ਤੇ ਭੂਆ ਪਿਓ ਦੇ ਵੀਰ-ਭੈਣ ਹੋਣ ਸਦਕਾ ਬੋਲਣ ਸਮੇਂ ਮਨ ਵਿਚ ਆਦਰ ਤੇ ਮੋਹ ਦੀ ਵਿਸ਼ੇਸ਼ ਭਾਵਨਾ ਜਗਾਉਂਦੇ ਸਨ, ਹੁਣ ਮਾਮੇ, ਚਾਚੇ, ਤਾਏ, ਫੁੱਫੜ, ਮਾਸੜ, ਆਦਿ ਤੋਂ ਲੈ ਕੇ ਸਬਜ਼ੀ ਵਾਲਾ ਅੰਕਲ, ਦੁੱਧ ਵਾਲਾ ਅੰਕਲ ਸਭ ਅੰਕਲ ਹੀ ਹਨ। ਚਾਚੀ, ਤਾਈ, ਮਾਸੀ, ਭੂਆ, ਆਦਿ ਤੋਂ ਲੈ ਕੇ ਗਲ਼ੀ ਦੀ ਕੱਪੜੇ ਪ੍ਰੈਸ ਕਰਨ ਵਾਲੀ ਤੱਕ ਸਭ ਆਂਟੀਆਂ ਹਨ। ਅੰਕਲ-ਆਂਟੀਆਂ ਵਿਚ ਅਜਿਹੇ ਗੁਆਂਢੀ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਘਰੇ ਬੱਚਿਆਂ ਸਾਹਮਣੇ ਅਕਸਰ ਗਾਲ਼ਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ। ਇਉਂ ਇਨ੍ਹਾਂ ਸ਼ਬਦਾਂ ਨਾਲ ਜੁੜਿਆ ਸਤਿਕਾਰ ਹੀ ਮਰ ਗਿਆ ਹੈ।
ਇਹ ਗੱਲ ਵੀ ਧਿਆਨਜੋਗ ਹੈ ਕਿ ਸਾਡੇ ਕਿਸੇ ਵਿਸ਼ਵਵਿਦਿਆਲੇ, ਵਿਭਾਗ ਜਾਂ ਬੋਰਡ ਨੇ, ਇਕ ਸਕੂਲੀ ਤੇ ਇਕ ਕਾਲਜੀ ਵਿਆਕਰਨ ਤੋਂ ਇਲਾਵਾ, ਪੰਜਾਬੀ ਦੀ ਗਹਿਰ-ਗੰਭੀਰ ਜਾਣਕਾਰੀ ਲਈ ਵਰਤੀ ਜਾ ਸਕਣ ਵਾਲੀ ਕੋਈ ਵਿਆਕਰਨ ਪੁਸਤਕ ਤਿਆਰ ਨਹੀਂ ਕੀਤੀ। ਕੀ ਸਾਨੂੰ ਇਸ ਗੱਲ ਤੋਂ ਚਿੰਤਾਤੁਰ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਨਾਲ ਸਬੰਧਤ ਕਰੋੜਾਂ-ਅਰਬਾਂ ਦੇ ਬਜਟ ਵਾਲੀਆਂ ਸੰਸਥਾਵਾਂ ਵਿਚੋਂ ਕਿਸੇ ਨੇ ਵੀ ਅਜੇ ਤੱਕ ਪੰਜਾਬੀ ਸ਼ਬਦ-ਸਮੂਹ ਨੂੰ ਇਕ ਥਾਂ ਇਕੱਤਰ ਨਹੀਂ ਕੀਤਾ ਅਤੇ ਨਾ ਹੀ ਸ਼ਬਦ-ਜੋੜਾਂ ਵਿਚ ਇਕਰੂਪਤਾ ਲਿਆਂਦੀ ਹੈ? ਸ਼ਬਦ-ਸੰਗ੍ਰਹਿ ਅਤੇ ਸ਼ਬਦ-ਜੋੜਾਂ ਦੇ ਮਿਆਰੀਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਨੇ ਡਾæ ਹਰਕੀਰਤ ਸਿੰਘ ਦੀ ਅਗਵਾਈ ਵਿਚ ਵਡਿਆਈਜੋਗ ਕੰਮ ਕੀਤਾ ਸੀ ਜੋ ਬਦਕਿਸਮਤੀ ਨੂੰ ਉਸੇ ਯੂਨੀਵਰਸਿਟੀ ਨੇ ਰੱਦ ਕਰ ਦਿੱਤਾ। ਚਾਹੀਦਾ ਇਹ ਸੀ ਕਿ ਵਿਸ਼ਵਕੋਸ਼ਾਂ ਵਿਚ ਨਿਰੰਤਰ ਸੋਧਾਂ ਅਤੇ ਵਾਧਿਆਂ ਦੀ ਦੁਨੀਆਂ ਭਰ ਵਾਲੀ ਰੀਤ ਅਪਨਾਈ ਜਾਂਦੀ ਅਤੇ ਉਸ ਕੋਸ਼ ਨੂੰ ਸੰਪੂਰਨ ਬਣਾਇਆ ਜਾਂਦਾ ਰਹਿੰਦਾ। ਉਲਟਾ ਹੋਇਆ ਇਹ ਕਿ ਹਰਕੀਰਤ ਸਿੰਘ ਦੇ ਜਵਾਬ ਵਿਚ ਯੂਨੀਵਰਸਿਟੀ ਨੇ ਨੇਮਾਂ ਦਾ ਇਕ ਅਜਿਹਾ ਕਿਤਾਬਚਾ ਜਾਰੀ ਕੀਤਾ ਜੀਹਨੇ ਕਈ ਕਈ ਜੋੜਾਂ ਵਾਲੇ ਸ਼ਬਦਾਂ ਵਾਸਤੇ ਕੋਈ ਇਕ ਜੋੜ ਮਿਥਣ ਦੀ ਥਾਂ ਉਹ ਸ਼ਬਦ-ਜੋੜ ਵੀ ਉਖੇੜ ਦਿੱਤੇ ਜਿਨ੍ਹਾਂ ਬਾਰੇ ਉਕਾ ਕੋਈ ਵਿਵਾਦ ਜਾਂ ਦੂਹਰ ਹੈ ਹੀ ਨਹੀਂ।
ਪਿਛੇ ਜਿਹੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਅਤੇ ਹੋਰ ਦੇਸੀ ਭਾਸ਼ਾਵਾਂ ਦਾ ਰੁਤਬਾ ਘਟਾਏ ਜਾਣ ਵਿਰੁਧ ਰੋਸ-ਲਹਿਰ ਚੱਲੀ ਸੀ। ਹੁਣ ਸਿਵਲ ਸਰਵਿਸ ਵਿਚ ਦੇਸੀ ਭਾਸ਼ਾਵਾਂ ਦਾ ਦਰਜਾ ਘਟਾਏ ਜਾਣ ਵਿਰੁਧ ਜ਼ੋਰਦਾਰ ਲੜਾਈ ਚੱਲ ਰਹੀ ਹੈ। ਇਹ ਕੋਈ ਇਕੱਲੀਆਂ-ਇਕਹਿਰੀਆਂ ਘਟਨਾਵਾਂ ਨਹੀਂ। ਸਮੇਂ ਸਮੇਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵੀ ਪੰਜਾਬੀ ਦੀ ਹੋਂਦ ਨਾਲੋਂ ਪੱਚਰਾਂ ਲਾਹੇ ਜਾਣ ਦੀਆਂ ਅਤੇ ਸਰਕਾਰਾਂ ਦੇ ਪੰਜਾਬੀ-ਵਿਰੋਧੀ ਕਦਮਾਂ ਦੀਆਂ ਅਫ਼ਸੋਸਨਾਕ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਿਛਲੇ ਦਿਨੀਂ ਪੰਜਾਬੀ ਨਾਲ ਦਸਵੀਂ ਪਾਸ ਕਰਨ ਵਾਲਿਆਂ ਨੂੰ ਹੋਰ ਦਸਵੀਂ ਪਾਸਾਂ ਵਾਂਗ ਚੰਡੀਗੜ੍ਹ ਪ੍ਰਸ਼ਾਸਨ ਦਾ ਕੰਡਕਟਰ ਲਾਉਣ ਤੋਂ ਇਨਕਾਰ ਭਖਵਾਂ ਮੁੱਦਾ ਬਣਿਆ ਰਿਹਾ ਸੀ। ਅਜੀਬ ਗੱਲ ਦੇਖੋ, ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀ ਨੂੰ ਕੋਈ ਮਾਨਤਾ ਹੀ ਨਹੀਂ! ਹੁਣ ਵਿੱਦਿਅਕ ਨੀਤੀਆਂ ਤਿਆਰ ਕਰਨ ਵਿਚ ਸਰਕਾਰ ਦੇ ਨਾਲ ਨਾਲ ਕਾਰਪੋਰੇਟ ਜਗਤ ਦਾ ਵੀ ਹੱਥ ਹੋ ਗਿਆ ਹੈ ਜਿਸ ਨੂੰ ਭਾਸ਼ਾ ਤੇ ਸਭਿਆਚਾਰ ਦੇ ਆਧਾਰ ਉਤੇ ਬਣਦੇ ਚੰਗੇ ਮਨੁੱਖਾਂ ਦੀ ਲੋੜ ਨਹੀਂ, ਵਿਗਿਆਨਕ-ਤਕਨਾਲੋਜੀਕਲ ਵਿਸ਼ੇ ਲੈ ਕੇ ਬਣੀਆਂ ਮਨੁੱਖੀ ਮਸ਼ੀਨਾਂ ਦੀ ਲੋੜ ਹੈ।
ਸਰਕਾਰਾਂ ਲਈ ਸਿੱਖਿਆ ਵਿਭਾਗ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਹੋਰ ਵਿਭਾਗਾਂ ਵਾਂਗ ਹੋਰ ਵੀ ਕਈ ਕੰਮ ਆਉਂਦਾ ਹੈ। ਪਿਛੇ ਜਿਹੇ ਪੰਜਾਬ ਸਰਕਾਰ ਨੇ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਲੱਖਾਂ ਰੁਪਏ ਦੀਆਂ ਲਚਰ ਤੇ ਲੁੱਚੀਆਂ ਪੰਜਾਬੀ ਪੁਸਤਕਾਂ ਹੀ ਬਾਲ-ਪੁਸਤਕਾਂ ਦੇ ਨਾਂ ਹੇਠ ਭੇਜ ਦਿੱਤੀਆਂ। ਆਮ ਨਾਲੋਂ ਕਈ ਗੁਣਾ ਵੱਧ ਮੁੱਲ ਰੱਖ ਕੇ ਇਸ ਮੰਤਵ ਲਈ ਉਚੇਚੀਆਂ ਛਪਵਾਈਆਂ ਗਈਆਂ ਇਹ ਪੁਸਤਕਾਂ ਕਿਸੇ ਪ੍ਰਕਾਸ਼ਕ ਰਾਹੀਂ ਨਹੀਂ ਸਗੋਂ ਸੀਮਿੰਟ ਦੀਆਂ ਨਾਲ਼ੀਆਂ ਬਣਾਉਣ ਵਾਲੀ ਇਕ ਫ਼ੈਕਟਰੀ ਦੇ ਮਾਲਕ ਤੋਂ ਨਵੀਂ ਫ਼ਰਮ ਖੁਲ੍ਹਵਾ ਕੇ ਖ਼ਰੀਦੀਆਂ ਗਈਆਂ। ਮੈਂ ਅਜਿਹੀ ਇਕ ਪੁਸਤਕ ਦਰਸ਼ਨ ਦੀ ਰੀਝ ਪੂਰੀ ਕਰਨ ਲਈ ਮੰਗਵਾਈ ਤਾਂ ਉਹ 230 ਰੁਪਏ ਮੁੱਲ ਰੱਖ ਕੇ ਅੰਮ੍ਰਿਤਸਰ ਦੀ ਗੁਟਕੇ-ਪੋਥੀਆਂ ਛਾਪਣ ਵਾਲੀ ਇਕ ਫ਼ਰਮ ਦੀ ਪ੍ਰਕਾਸ਼ਿਤ ਕੀਤੀ ਹੋਈ ਸੀ। ਇਹ ਸਭ ਕਿਉਂ ਹੋਇਆ, ਤੁਸੀਂ ਆਪ ਸੋਚ-ਸਮਝ ਸਕਦੇ ਹੋ। ਪੰਜਾਬੀ ਦੀ ਪੜ੍ਹਾਈ ਬਾਰੇ ਪੰਜਾਬ ਸਰਕਾਰ ਦੀ ਸਮਝ ਅਤੇ ਗੰਭੀਰਤਾ ਦਾ ਅੰਦਾਜ਼ਾ ਇਸ ਇਕੋ ਮਿਸਾਲ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ।
ਨੀਤੀਆਂ ਤਾਂ ਨੀਤੀਆਂ, ਪੰਜਾਬੀ ਦੀ ਦੁਰਦਸ਼ਾ ਤਾਂ ਅੱਜ ਬਹੁਗਿਣਤੀ ਲੇਖਕਾਂ, ਪ੍ਰੋਫ਼ੈਸਰਾਂ ਤੇ ਕਥਿਤ ਵਿਦਵਾਨਾਂ ਦੀ ਲਿਖੀ ਪੰਜਾਬੀ ਪੜ੍ਹ ਕੇ ਦੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਖ਼ੂਬਸੂਰਤ ਪੰਜਾਬੀ ਲਿਖੀ ਹੈ ਜਾਂ ਅੱਜ ਲਿਖ ਰਹੇ ਹਨ, ਉਨ੍ਹਾਂ ਵਿਚੋਂ ਧੀਰ ਵਰਗੇ ਕਈ ਤਾਂ ਕਾਲਜ ਵਿਚ ਪੜ੍ਹੇ ਹੀ ਨਹੀਂ ਸਨ, ਕਾਲਜ ਪਹੁੰਚੇ ਗਾਰਗੀ ਵਰਗੇ ਕਈਆਂ ਨੇ ਪੰਜਾਬੀ ਵਿਸ਼ਾ ਨਹੀਂ ਸੀ ਲਿਆ ਹੋਇਆ ਅਤੇ ਜਿਹੜੇ ਪੰਜਾਬੀ ਪੜ੍ਹੇ ਸਨ, ਉਹ ਤੇਜਾ ਸਿੰਘ ਵਰਗੇ ਪੰਜਾਬੀ ਦੇ ਜਾਣਕਾਰਾਂ ਦੀ ਪੀੜ੍ਹੀ ਤੋਂ ਪੜ੍ਹੇ ਸਨ। ਫ਼ਰਕ ਇਹ ਸੀ ਕਿ ਇਨ੍ਹਾਂ ਸਭਨਾਂ ਨੂੰ ਪੰਜਾਬੀ ਦੇ ਹੁਸਨ ਦਾ, ਪੰਜਾਬੀ ਦੇ ਜਲੌਅ ਦਾ ਪਤਾ ਸੀ। ਮੋਹਨ ਸਿੰਘ ਵਰਗਿਆਂ ਦੀ ਹੋਰ ਭਾਸ਼ਾਵਾਂ ਦੀ ਜਾਣਕਾਰੀ ਉਨ੍ਹਾਂ ਲਈ ਪੰਜਾਬੀ ਦੇ ਹੁਸਨ ਅਤੇ ਜਲੌਅ ਵਿਚ ਵਾਧਾ ਕਰਨ ਦਾ ਸਾਧਨ ਬਣਦੀ ਸੀ। ਜਿਸ ਭਾਸ਼ਨ ਜਾਂ ਲਿਖਤ ਵਿਚੋਂ ਸਰੋਤੇ ਜਾਂ ਪਾਠਕ ਨੂੰ ਪੰਜਾਬੀ ਦੀ ਸਮਰੱਥਾ, ਸੂਖ਼ਮਤਾ ਅਤੇ ਸੁਹਜ ਦੇ ਦਰਸ਼ਨ-ਦੀਦਾਰ ਨਹੀਂ ਹੁੰਦੇ, ਉਹ ਉਸ ਦੇ ਕਿਸ ਕੰਮ!
ਹੁਣ ਹਾਲਤ ਉਲਟੀ ਹੈ। ਜਿਉਂ ਜਿਉਂ ਵਿਦਿਆਰਥੀ ਪੰਜਾਬੀ ਦੀਆਂ ਜਮਾਤਾਂ ਵਿਚ ਉਚਾ ਚੜ੍ਹਦਾ ਜਾਂਦਾ ਹੈ, ਉਹਦੀ ਪੰਜਾਬੀ ਦਾ ਭੱਠਾ ਬੈਠਦਾ ਜਾਂਦਾ ਹੈ। ਡਾਕਟਰੇਟ ਕਰਨ ਮਗਰੋਂ ਉਹ ਓਪਰੀਆਂ ਭਾਸ਼ਾਵਾਂ ਦਾ ਖੋਟ ਰਲਾਏ ਬਿਨਾਂ ਆਮ ਗੱਲਬਾਤ ਵੀ ਪੰਜਾਬੀ ਵਿਚ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਪੰਜਾਬੀ ਦੀ ਇਹਦੇ ਵਿਕਾਸ ਵਾਸਤੇ ਜ਼ਿੰਮੇਵਾਰ ਲੋਕਾਂ ਹੱਥੋਂ ਹੁੰਦੀ ਦੁਰਗਤ ਦੇਖਣ ਲਈ ਕਿਸੇ ਡੂੰਘੀ ਖੋਜਭਾਲ ਦੀ ਲੋੜ ਨਹੀਂ, ਤੁਸੀਂ ਜ਼ਰਾ ਬਹੁਗਿਣਤੀ ਪੰਜਾਬੀ ਪੁਸਤਕਾਂ, ਅਖ਼ਬਾਰਾਂ, ਗੋਸ਼ਟੀਆਂ, ਟੀæਵੀæ ਚੈਨਲਾਂ, ਮੰਚ-ਗਾਇਕੀ, ਫ਼ਿਲਮਾਂ, ਆਦਿ ਦਾ ਭਾਸ਼ਾਈ ਮਿਆਰ ਦੇਖ ਲਵੋ। ਇਨ੍ਹਾਂ ਸਭ ਖੇਤਰਾਂ ਵਿਚ ਖ਼ੂਬਸੂਰਤ ਭਾਸ਼ਾ ਵਾਲੀਆਂ ਰਚਨਾਵਾਂ ਤੂੜੀ ਵਿਚ ਦਾਣੇ ਬਣ ਕੇ ਰਹਿ ਜਾਂਦੀਆਂ ਹਨ। ਇਸ ਕੂੜ-ਕਬਾੜ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਕੌਮਾਂਤਰੀ ਖੇਤਰ ਵਿਚ ਬੱਲੇ-ਬੱਲੇ ਆਖ ਕੇ ਪ੍ਰਚਾਰਿਆ ਅਤੇ ਵਡਿਆਇਆ ਜਾਂਦਾ ਹੈ।
ਮੈਂ ਦੋ ਆਪਬੀਤੀਆਂ ਸੁਣਾਉਣਾ ਚਾਹਾਂਗਾ। ਐਮæ ਫ਼ਿਲ਼ ਕਰਨ ਦੀ ਚਾਹਵਾਨ ਇਕ ਲੜਕੀ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਸੁਝਾਅ ਦਿੱਤਾ, ਤੂੰ ‘ਭੁੱਲਰ ਦੇ ਇਸਤਰੀ ਪਾਤਰ’ ਵਿਸ਼ਾ ਲੈ। ਕੁਛ ਦਿਨਾਂ ਮਗਰੋਂ ਉਹਦਾ ਫ਼ੋਨ ਆਇਆ, “ਭਾ ਜੀ, ਗਾਈਡ ਸਰ ਨੇ ਕਿਹਾ ਹੈ, ਯੂਨੀਵਰਸਿਟੀ ਪੱਧਰ ਦੀ ਖੋਜ ਵਿਚ ਅਜਿਹੀ ਸਰਲ ਭਾਸ਼ਾ ਨਹੀਂ ਵਰਤਣੀ ਚਾਹੀਦੀ ਤੇ ਨਾਂ ਵੀ ਗੌਰਾ-ਭਾਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਾ ‘ਭੁੱਲਰ ਦੀਆਂ ਕਹਾਣੀਆਂ ਦਾ ਸਿਸਟਮੀ ਅਧਿਐਨ’ ਕਰ ਦਿੱਤਾ ਹੈ।” ਮੈਂ ਪੁੱਛਿਆ, “ਬੀਬੀ, ਉਹ ਕੀ ਹੁੰਦਾ ਹੈ?” ਉਹ ਹੱਸੀ, “ਭਾ ਜੀ, ਇਹ ਤਾਂ ਸਰ ਵੀ ਨਹੀਂ ਸਮਝਾ ਸਕੇ। ਕਹਿੰਦੇ ਲਿਖ ਤੂੰ ਆਪਣਾ ਪਹਿਲਾਂ ਸੋਚਿਆ ਹੀ ਪਰ ਭਾਸ਼ਾ ਦਾ ਖ਼ਿਆਲ ਰੱਖ। ਸਰਲ ਨਹੀਂ, ਜਟਿਲ ਹੋਵੇ।” ਆਖ਼ਰ ਮੇਰੀਆਂ ਕਹਾਣੀਆਂ ਦਾ ਸਿਸਟਮੀ ਅਧਿਐਨ ਹੋ ਕੇ ਰਿਹਾ!
ਇਕ ਵਾਰ ਇਕ ਰਸਾਲੇ ਵਿਚ ਕਵੀ ਦੇਵਨੀਤ ਦੀ ਕਵਿਤਾ ਬਾਰੇ ਮੇਰਾ ਲੇਖ ਛਪਿਆ। ਉਨ੍ਹੀਂ ਦਿਨੀਂ ਕਿਸੇ ਪੁਸਤਕ ਬਾਰੇ ਇਕ ਹੋਰ ਤ੍ਰੈਮਾਸਕ ਵਿਚ ਪੰਜਾਬੀ ਯੂਨੀਵਰਸਿਟੀ ਦੇ ਇਕ ਡਾਕਟਰ ਸਾਹਿਬ ਦਾ ਲੇਖ ਛਪਿਆ। ਲੇਖ ਦੇ ਅਨੇਕ ਸ਼ਬਦ ਰੋਮਨ ਵਿਚ ਅੰਗਰੇਜ਼ੀ ਦੇ ਤਾਂ ਸਨ ਹੀ, ਦੋ-ਤਿੰਨ ਵਾਰ ਪੜ੍ਹ ਕੇ ਵੀ ਮੈਂ ਪਹਿਲਾ ਪੈਰਾ ਹੀ ਸਮਝ ਨਾ ਸਕਿਆ। ਆਪਣੀ ਬੁੱਧੀ ਉਤੇ ਭਰੋਸਾ ਨਾ ਕਰਦਿਆਂ ਮੈਂ ਉਹ ਲੇਖ ਦੋ ਹੋਰ ਲੇਖਕਾਂ ਨੂੰ ਪੜ੍ਹਾਇਆ ਤਾਂ ਉਨ੍ਹਾਂ ਨੇ ਵੀ ਪਹਿਲੇ ਪੈਰੇ ਨਾਲ ਹੀ ਹੱਥ ਖੜ੍ਹੇ ਕਰ ਦਿੱਤੇ। ਮੈਂ ਆਪਣਾ ਲੇਖ ਪ੍ਰੋਫ਼ੈਸਰ ਸਾਹਿਬ ਨੂੰ ਕੋਰੀਅਰ ਕਰਵਾਇਆ ਅਤੇ ਪੁੱਛਿਆ, ਤੁਹਾਡੇ ਵਿਦਵਤਾ ਦੇ ਸੂਰਜ ਸਾਹਮਣੇ ਸਾਹਿਤਕ ਨਿਰਖ-ਪਰਖ ਦੇ ਅਜਿਹੇ ਦੀਵੇ ਦੀ ਵੀ ਕੋਈ ਕੀਮਤ ਹੈ ਕਿ ਮੈਂ ਇਹ ਲੇਖ ਪਾੜ ਦੇਵਾਂ? ਏਨੇ ਨੂੰ ਦੇਵਨੀਤ ਦਾ ਫੋਨ ਆਇਆ, “ਮੈਂ ਸਾਰੀ ਉਮਰ ਤਰਸਦਾ ਰਿਹਾ ਹਾਂ ਕਿ ਕੋਈ ਇਕ ਤਾਂ ਮੇਰੀ ਕਵਿਤਾ ਨੂੰ ਤਹਿਆਂ ਤੱਕ ਸਮਝੇ ਤੇ ਸਮਝਾਵੇ! ਅੱਜ ਤੁਹਾਡੇ ਲੇਖ ਰਾਹੀਂ ਰੀਝ ਪੂਰੀ ਹੋਈ ਤੋਂ ਮੈਂ ਸਹਿਜ ਹੋ ਗਿਆ ਹਾਂ।” ਪਰ ਪ੍ਰੋਫ਼ੈਸਰ ਸਾਹਿਬ ਨੇ ਲੇਖ ਪਾੜਨ ਦੇ ਹੱਕ ਵਿਚ ਫ਼ੈਸਲਾ ਦਿੰਦਿਆਂ ਫੋਨ ਰਾਹੀਂ ਦੱਸਿਆ ਕਿ ਪਾਠਕ ਦੇ ਸਮਝ ਆਉਣ ਵਾਲੇ ਅਜਿਹੇ ਲੇਖਾਂ ਦਾ ਜ਼ਮਾਨਾ ਚਿਰੋਕਾ ਬੀਤ ਗਿਆ; ਹੁਣ ਪੰਜਾਬੀ ਆਲੋਚਨਾ ਦਾ ਵਿਸ਼ਵੀਕਰਨ ਹੋ ਗਿਆ ਹੋਣ ਕਰਕੇ ਪੱਧਰ ਬਹੁਤ ਉਚਾ ਚੁੱਕਿਆ ਗਿਆ ਹੈ!
ਜਦੋਂ ਅਸੀਂ ਪਾਠਕਾਂ ਦੀ ਘਾਟ ਦਾ ਰੋਣਾ ਰੋਂਦੇ ਹਾਂ, ਸਾਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਮਹਾਂਪੁਰਸ਼ਾਂ ਤੋਂ ਪੜ੍ਹੇ ਹੋਏ ਵਿਦਿਆਰਥੀਆਂ ਵਿਚ ਸਾਹਿਤ ਨੂੰ ਮਾਣਨ ਦੀ ਕਿੰਨੀ ਕੁ ਸਮਰੱਥਾ ਹੋ ਸਕਦੀ ਹੈ। ਇਸੇ ਕਰਕੇ ਬਹੁਤੇ ਵਿਦਿਆਰਥੀਆਂ ਦਾ ਪੁਸਤਕਾਂ ਨਾਲੋਂ ਨਾਤਾ ਇਮਤਿਹਾਨ ਦਿੰਦਿਆਂ ਹੀ ਟੁੱਟ ਜਾਂਦਾ ਹੈ। ਹੁਣ ਅਨੇਕ ਲੇਖਕ ਅਜਿਹੇ ਹਨ ਜਿਨ੍ਹਾਂ ਦੀ ਪੰਜਾਬੀ ਪੜ੍ਹ ਕੇ ਜੀਅ ਕੱਚਾ ਹੋਣ ਲੱਗ ਜਾਂਦਾ ਹੈ। ਅਜਿਹੇ ਲੋਕਾਂ ਨੇ ਆਪਣੀ ਅਯੋਗਤਾ ਛੁਪਾਉਣ ਲਈ ਇਕ ਸਮਝੋਂ ਬਾਹਰਾ ਤੇ ਜੱਗੋਂ ਨਿਆਰਾ ਸਿਧਾਂਤ ਘੜਿਆ ਹੈ ਕਿ ਭਾਸ਼ਾ ਦਾ ਕੀ ਹੈ, ਗੱਲ ਪਾਠਕ ਤੱਕ ਪਹੁੰਚਣੀ ਚਾਹੀਦੀ ਹੈ। ਕੋਈ ਪੁੱਛੇ, ਜੇ ਭਾਸ਼ਾ ਹੀ ਪੜ੍ਹਨਯੋਗ ਨਹੀਂ ਹੋਵੇਗੀ, ਗੱਲ ਕਿਵੇਂ ਪਹੁੰਚੇਗੀ?
ਮੈਂ ਤਾਂ ਇਸ ਸਬੰਧ ਵਿਚ ਕਈ ਸਭਾਵਾਂ ਤੇ ਗੋਸ਼ਟੀਆਂ ਦੇ ਮੰਚਾਂ ਤੋਂ ਇਕ ਦੋ-ਮਿੰਟੀ ਪਰਖ ਦਾ ਸੁਝਾਅ ਦਿੱਤਾ ਹੈ ਜੋ ਸਾਡੇ ਵਿੱਦਿਅਕ-ਅਕਾਦਮਿਕ ਖੇਤਰ ਵਾਸਤੇ ਸੰਜੀਵਨੀ ਸਿੱਧ ਹੋ ਸਕਦਾ ਹੈ। ਯੂਨੀਵਰਸਿਟੀ ਪੱਧਰ ਤੋਂ ਸ਼ੁਰੂ ਕਰ ਕੇ ਪੰਜਾਬੀ ਦੇ ਹਰ ਅਧਿਆਪਕ ਨੂੰ ਕਿਸੇ ਬਹੁਤ ਹੀ ਸਰਲ-ਸਾਧਾਰਨ, ਜਿਵੇਂ ਹਵਾ, ਪਾਣੀ, ਸੂਰਜ, ਦਿਨ-ਰਾਤ ਜਿਹੇ ਵਿਸ਼ੇ ਬਾਰੇ ਬੋਲਣ ਲਈ ਕਿਹਾ ਜਾਵੇ। ਜੇ ਉਹ ਹੋਰ ਭਾਸ਼ਾਵਾਂ ਦੇ ਬੇਲੋੜੇ ਸ਼ਬਦ ਮਿਲਾਏ ਬਿਨਾਂ ਇਨ੍ਹਾਂ ਬਾਰੇ ਵੀ ਨਿਰਮਲ ਪੰਜਾਬੀ ਵਿਚ ਬੋਲਣ ਤੋਂ ਅਸਮਰੱਥ ਰਹੇ, ਉਹਨੂੰ ਪੰਜਾਬੀ ਸਿੱਖਣ ਲਈ ਛੇ ਮਹੀਨਿਆਂ ਦੀ ਜਬਰੀ ਬਿਨ-ਤਨਖ਼ਾਹੀ ਛੁੱਟੀ ਭੇਜ ਦਿੱਤਾ ਜਾਵੇ। ਵਾਪਸੀ ਮਗਰੋਂ ਵੀ ਜੇ ਉਹ ਇਸ ਪਰਖ ਵਿਚੋਂ ਪੂਰਾ ਨਹੀਂ ਉਤਰਦਾ, ਉਹਨੂੰ ਬਰਖ਼ਾਸਤ ਕਰ ਕੇ ਘਰ ਭੇਜ ਦਿੱਤਾ ਜਾਵੇ। ਇਉਂ ਸਾਡੇ ਪੰਜਾਬੀ ਅਧਿਆਪਕਾਂ ਦਾ ਵੱਡਾ ਹਿੱਸਾ, ਜੋ ਠੀਕ ਪੰਜਾਬੀ ਲਿਖ-ਬੋਲ ਨਹੀਂ ਸਕਦਾ, ਠੀਕ ਪੰਜਾਬੀ ਸਿੱਖ ਸਕੇਗਾ ਅਤੇ ਅੱਗੇ ਵਿਦਿਆਰਥੀਆਂ ਨੂੰ ਪੜ੍ਹਾ ਸਕੇਗਾ।
(ਚਲਦਾ)
Leave a Reply