ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਸ਼ਬਦਾਂ ਦੇ ਰੰਗ

ਗੁਲਜ਼ਾਰ ਸਿੰਘ ਸੰਧੂ
ਕੀ ਤੁਸੀਂ ਜਾਣਦੇ ਹੋ ਕਿ ਬਾਜ ਨਾਂ ਦਾ ਪੰਛੀ ਨਰ ਨਹੀਂ, ਮਦੀਨ ਹੈ। ਇਸ ਦਾ ਨਰ ਜੁਰੱਰਹ ਹੈ। ਮੈਂ ਇਸ ਨੂੰ ਕੱਲ ਤੱਕ ਨਰ ਸਮਝਦਾ ਆਇਆ ਹਾਂ। ਮੇਰੇ ਕਾਲਜ (ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ-ਮਾਹਿਲਪੁਰ) ਵਾਲਿਆਂ ਆਪਣੇ ਵੱਲੋਂ ਕੱਢੇ ਗਏ ਰਸਾਲੇ ਦਾ ਨਾਂ ਚਿੱਟਾ ਬਾਜ਼ ਰੱਖਿਆ ਸੀ। ਮੇਰੀ ਗਲਤੀ ਭਾਈ ਕਾਨ੍ਹ ਸਿੰਘ ਨਾਭਾ ਨੇ ਠੀਕ ਕੀਤੀ ਹੈ। ਇਹ ਵੀ ਕਿ ਮਦੀਨ ਬਾਜ਼ ਦਾ ਕੱਦ ਆਪਣੇ ਨਰ ਜੁਰੱਰਹ ਨਾਲੋਂ ਵੱਡਾ ਹੁੰਦਾ ਹੈ ਤੇ ਤਿੱਤਰ, ਮੁਰਗਾਬੀ ਤੇ ਸਹੇ ਦਾ ਸ਼ਿਕਾਰ ਕਰਨ ਵਿਚ ਮਾਹਰ ਹੋਣ ਕਾਰਨ ਅਮੀਰ ਲੋਕ ਇਸ ਨੂੰ ਆਪਣੇ ਹੱਥ ਉਤੇ ਰੱਖ ਕੇ ਸ਼ਿਕਾਰ ਖੇਡਦੇ ਸਨ। ਉਂਜ ਬਾਜ਼ ਸ਼ਬਦ ਦੇ ਅਰਥ ਸ਼ਰਾਬ, ਕਰ/ਮਸੂਲ ਤੇ ਖੁਰਪਾ/ਰੰਬਾ ਵੀ ਹਨ ਅਤੇ ਜਲ ਘੋੜਾ, ਤੀਰ ਪੰਖ ਅਤੇ ਵੇਗ/ਤੇਜ਼ੀ ਵੀ। ਮਹਾਨ ਕੋਸ਼ ਵਿਚ ਸ਼ਬਦਾਂ ਦੇ ਅਰਥ ਵੇਖਦਿਆਂ ਭਾਈ ਸਾਹਿਬ ਦੀ ਵਿਦਵਤਾ ਬਾਰੇ ਹੈਰਾਨ ਰਹਿ ਜਾਈਦਾ ਹੈ।
ਤੁਸੀਂ ਇਹ ਤਾਂ ਜਾਣਦੇ ਹੀ ਹੋਵੋਗੇ ਕਿ ਮੁਕਤੇ ਦਾ ਅਰਥ ਬੰਦਨ-ਰਹਿਤ ਹੋਣਾ ਹੈ। ਇਹ ਵੀ ਮੁਕਤਸਰ ਦੇ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲੇ 40 ਸਿੰਘਾਂ ਨੂੰ ਚਾਲੀ ਮੁਕਤੇ ਕਹਿੰਦੇ ਹਾਂ। ਇਹ ਵੀ ਦੱਸਦਾ ਹੈ ਕਿ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ 40 ਸਿੰਘ ਵੀ ਮੁਕਤੇ ਸਨ। ਮਹਾਨ ਕੋਸ਼ ਵਿਚ 40+40=80 ਮੁਕਤਿਆਂ ਦੇ ਨਾਂ ਵੀ ਦਿੱਤੇ ਹੋਏ ਹਨ।
ਹੋਰ ਜਾਣਨਾ ਚਾਹੋ ਤਾਂ ਬਕਰੀਦ ਉਸ ਤਿਉਹਾਰ ਦਾ ਨਾਂ ਹੈ ਜਿਸ ਵਿਚ ਬਕਰੀ ਨਹੀਂ ਬਕਰ (ਗਊ) ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਹ ਵੀ ਕਿ ਮਾਹੀ ਸ਼ਬਦ ਦੀ ਵਰਤੋਂ ਮੱਝ/ਮਹਿੰ ਚਰਾਉਣ ਵਾਲੇ ਲਈ ਕੀਤੀ ਜਾਂਦੀ ਹੈ। ਰਾਂਝੇ ਦੇ ਮਾਹੀ ਬਣਨ ਕਾਰਨ ਇਸ ਦਾ ਅਰਥ ਪਿਆਰਾ/ਪ੍ਰੇਮੀ/ਮਿੱਤਰ ਹੋ ਗਿਆ।
ਮਹਾ ਕੋਸ਼ ਇਹ ਵੀ ਦਸਦਾ ਹੈ ਕਿ ਝਗੜੇ ਉਪੱਧਰ ਜਾਂ ਬਲਵੇ ਨੂੰ ਰਾਮ ਰੌਲਾ ਏਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਰਾਮ ਚੰਦਰ ਜੀ ਸੀਤਾ ਨੂੰ ਵਿਆਹ ਕੇ ਆਯੁੱਧਿਆ ਲਿਜਾ ਰਹੇ ਸਨ ਤਾਂ ਪਰਸੁਰਾਮ ਨੇ ਅਜਿਹਾ ਰੌਲਾ ਮਚਾਇਆ ਕਿ ਮੰਗਲ ਵਿਚ ਵਿਘਨ ਪਾ ਦਿੱਤਾ। ਹੁਣ ਹਰ ਵਿਘਨ ਨੂੰ ਰਾਮ ਰੌਲਾ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਹਰ ਸ਼ਬਦ ਦੀਆਂ ਜੜ੍ਹਾਂ ਤੱਕ ਜਾਂਦੇ ਸਨ। ਕਿਸੇ ਇੱਕ ਵਿਅਕਤੀ ਦੀ ਏਨੀ ਵਿਦਵਤਾ ਤੇ ਗਿਆਨ ਬਾਰੇ ਸੋਚ ਕੇ ਹੈਰਾਨ ਰਹਿ ਜਾਈਦਾ ਹੈ।
ਉਰਦੂ ਸ਼ਬਦ ਦੀਆਂ ਜੜ੍ਹਾਂ ਵਿਚ ਜਾਂਦਿਆਂ ਮਹਾਨ ਕੋਸ਼ ਦਸਦਾ ਹੈ ਕਿ ਇਹ ਸ਼ਬਦ ਸੈਨਾ ਦੇ ਨਿਵਾਸ ਅਸਥਾਨ ਤੇ ਸੈਨਾ-ਬਾਜ਼ਾਰ ਲਈ ਵਰਤਿਆ ਜਾਂਦਾ ਸੀ ਪਰ ਪਿਛੋਂ ਜਾ ਕੇ ਧਾਵਾ ਬੋਲਣ ਵਾਲਿਆਂ ਤੇ ਇਸ ਨੂੰ ਰੋਕਣ ਵਾਲਿਆਂ ਦੀ ਮਿਲੀ-ਜੁਲੀ ਭਾਸ਼ਾ ਨੂੰ ਵੀ ਉਰਦੂ ਕਹਿਣ ਲੱਗ ਪਏ। ਉਰਦੂ ਖਿਲਜੀਆਂ ਦੇ ਰਾਜ ਵਿਚ ਮੁਸਲਮਾਨਾਂ ਤੇ ਹਿੰਦੂਆਂ ਦੀ ਸਾਂਝੀ ਭਾਸ਼ਾ ਵਜੋਂ ਹੋਂਦ ਵਿਚ ਆਈ ਤੇ ਸ਼ਾਹ ਜਹਾਨ ਦੇ ਰਾਜ ਵਿਚ ਪੂਰਨ ਤੇ ਪਰਪੱਕ ਹੋ ਗਈ। ਇਸ ਦਾ ਆਧਾਰ ਹਿੰਦੀ ਹੈ ਤੇ ਪਾਸਾਰ ਅਰਬੀ ਤੇ ਫਾਰਸੀ।
ਹੋਰ ਪੁੱਛੋ ਤਾਂ ਸਾਰੰਗ ਦੇ ਅਰਥ ਪਪੀਹਾ, ਕਾਲਾ ਹਿਰਨ, ਘੋੜਾ, ਹਾਥੀ, ਮੋਰ, ਸੋਨਾ, ਭੂਸ਼ਨ ਗਹਿਣਾ ਹੀ ਨਹੀਂ, ਬਦਲ, ਰਾਤ, ਪ੍ਰਿਥਵੀ, ਚੰਨ, ਸੂਰਜ, ਪਰਬਤ, ਸੱਪ, ਕੱਜਲ, ਕਬੂਤਰ, ਕਰਤਾਰ, ਬਿਜਲੀ, ਮੋਤੀ, ਇਸਤਰੀ ਆਦਿ ਪੰਜਾਹ ਤੋਂ ਵੱਧ ਹਨ। ਹੈ ਕੋਈ ਭਾਈ ਸਾਹਬ ਦਾ ਲੇਖਾ!
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਭਾਈ ਕਾਨ੍ਹ ਸਿੰਘ ਨਾਭਾ ਯਾਦਗਾਰੀ ਭਾਸ਼ਣ ਵਿਚ ਇਨ੍ਹਾਂ ਤੇ ਇਨ੍ਹਾਂ ਵਰਗੇ ਦਰਜਨਾਂ ਸ਼ਬਦਾਂ ਉਤੇ ਚਰਚਾ ਹੋਈ। ਹਿੱਸਾ ਲੈਣ ਵਾਲਿਆਂ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾæ ਜਸਪਾਲ ਸਿੰਘ (ਪ੍ਰਧਾਨ) ਤੋਂ ਬਿਨਾਂ ਭਾਸ਼ਣ ਕਰਤਾ ਡਾæ ਜੇ ਐਸ ਨੇਕੀ ਅਤੇ ਉਦਘਾਟਨੀ ਸ਼ਬਦ ਕਹਿਣ ਵਾਲੇ ਡਾæ ਮਹਿੰਦਰ ਸਿੰਘ ਤੇ ਭਾਸ਼ਾ ਵਿਕਾਸ ਵਿਭਾਗ ਦੀ ਮੁਖੀ ਡਾæ ਜਸਬੀਰ ਕੌਰ ਪ੍ਰਮੁੱਖ ਸਨ ਜਦ ਕਿ ਸ਼ਬਦ ਭੇਦਾਂ ਦੀ ਜਾਣਕਾਰੀ ਮੁੱਖ ਤੌਰ ‘ਤੇ ਭਾਈ ਸਾਹਿਬ ਦੇ ਪੜਪੋਤਰੇ ਸੇਵਾ ਮੁਕਤ ਮੇਜਰ ਏ ਪੀ ਸਿੰਘ ਤੇ ਪ੍ਰਕਾਸ਼ਕ ਬਿਊਰੋ ਦੀ ਮੁਖੀ ਡਾæ ਧਨਵੰਤ ਕੌਰ ਨੇ ਦਿੱਤੀ। ਜੇ ਤੁਸੀਂ ਇਹੋ ਜਿਹੀ ਜਾਣਕਾਰੀ ਪ੍ਰਾਪਤ ਕਰਨ ਦੇ ਇਛੁੱਕ ਹੋ ਤਾਂ ਏਸ ਕਾਲਮ ਵੱਲ ਹੀ ਨਾਂ ਤੱਕੀ ਜਾਣਾ। ਮਹਾਨ ਕੋਸ਼ ਵਿਚ 65000 ਸ਼ਬਦ ਹਨ। ਵੇਖੋ, ਜਾਣੋ ਤੇ ਮਾਣੋ।
ਹੋਮ ਵਰਕ ਦਾ ਮਸਲਾ: ਦੇਸ਼ ਸੇਵਕ ਵਾਲੇ ਕੇਸ਼ਵ ਕੁਮਾਰ ਦਾ ਪਰਿਵਾਰ ਸਾਡੇ ਘਰ ਰਹਿੰਦਾ ਹੈ। ਉਸ ਦੀਆਂ ਬੱਚੀਆਂ ਯਾਸ਼ਿਕਾ ਤੇ ਮੋਨਿਕਾ ਨੂੰ ਮੇਰੀ ਪਤਨੀ ਉਨ੍ਹਾਂ ਦਾ ਹੋਮ ਵਰਕ ਕਰਵਾਉਂਦੀ ਹੈ। ਉਹ ਮੈਨੂੰ ਬਹੁਤ ਕੁਝ ਪੁੱਛਦੀਆਂ ਹਨ। ਇਹ ਵੀ ਕਿ ਮੈਂ ਕਿਉਂ ਲਿਖਦਾ ਹਾਂ। ਮੇਰੇ ਇਹ ਕਹਿਣ ਨਾਲ ਕਿ ਇਹ ਮੇਰਾ ਧੰਦਾ ਹੈ, ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ। ਮੈਂ ਆਪਣੇ ਧੰਦੇ ਨੂੰ ਆਪਣਾ ਹੋਮ ਵਰਕ ਕਹਿਣ ਲੱਗਦਾ ਹਾਂ ਤਾਂ ਪੁੱਛਦੀਆਂ ਹਨ ਕਿ ਮੈਨੂੰ ਹੋਮ ਵਰਕ ਕੌਣ ਦਿੰਦਾ ਹੈ ਤੇ ਕਿੱਥੇ ਹੁੰਦਾ ਹੈ। ਮੈਂ ਦਸਦਾ ਹਾਂ ਕਿ ਉਹ ਬਹੁਤ ਦੂਰ ਹੈ। ਸਮਾਚਾਰ ਪੱਤਰ ਦਾ ਸੰਪਾਦਕ। ਤਾਂ ਪੁੱਛਦੀਆਂ ਹਨ ਕਿ ਜੇ ਮੈਂ ਕੰਮ ਨਾ ਕਰਾਂ ਤਾਂ ਮੈਨੂੰ ਕੀ ਸਜ਼ਾ ਮਿਲੇਗੀ। ਮੈਂ ਕੀ ਦੱਸਾਂ ਤੇ ਕਿੱਥੇ ਜਾਵਾਂ!
ਅੰਤਿਕਾ: (ਚਿੱਟੇ ਬਾਜਾਂ ਵਾਲੇ ਦਾ ਵਿਸਥਾਰ ਮਹਾਨ ਕੋਸ਼ ਵਿਚ)
ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ
ਕੌਣ ਚੁੱਕ ਪੁੱਤਾਂ ਵਾਂਗ ਛਾਤੀ ਨਾਲ ਲਾਉਂਦਾ?
ਇੱਕ ਘਰ ਹੋਣ ਜਿੱਥੇ ਬਾਰਾਂ ਚੁਲ੍ਹੇ ਵਖ ਵਖ
ਕੌਣ ਉਨ੍ਹਾਂ ਇਕ ਭਾਂਡੇ ਅੰਮ੍ਰਿਤ ਪਿਆਉਂਦਾ?
ਬਿਨਾਂ ਘਰ ਦਰ ਜੇੜ੍ਹੇ ਫਿਰਨ ਵਿਜੇ ਸ਼ਹਿਰ
ਕੌਣ ਤਿਨ੍ਹਾਂ ਰਾਜ ਦੇ ਸਿੰਘਾਸਣ ਬਹਾਉਂਦਾ?
ਹੁੰਦੇ ਕਿਵੇਂ, ਚਿੜੇ, ਬਾਜ਼, ਗਿੱਦੜ ਬੱਬਰ ਸ਼ੇਰ
ਚਿੱਟੇ ਬਾਜਾਂ ਵਾਲਾ ਜੇ ਨਾ ਜੱਗ ਵਿਚ ਆਉਂਦਾ?

Be the first to comment

Leave a Reply

Your email address will not be published.