ਕਸ਼ਮੀਰ ਵਿਚ ਆਏ ਹੜ੍ਹਾਂ ਨੇ ਇਕ ਵਾਰ ਤਾਂ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਸੰਸਾਰ ਭਰ ਵਿਚ ਜੰਨਤ ਵਜੋਂ ਮਸ਼ਹੂਰ ਇਹ ਵਾਦੀ ਕੁਝ ਸਿਆਸੀ ਕਾਰਨਾਂ ਕਰ ਕੇ ਪਹਿਲਾਂ ਹੀ ਸੰਸਾਰ ਨਾਲੋਂ ਕੱਟੀ ਹੋਈ ਸੀ, ਪਰ ਹੜ੍ਹਾਂ ਦਾ ਜੋ ਕਹਿਰ ਕਸ਼ਮੀਰ ਉਤੇ ਵਰ੍ਹਿਆ, ਉਸ ਨੇ ਵਾਦੀ ਦੇ ਲੋਕਾਂ ਨੂੰ ਬੇਵੱਸ ਕਰ ਦਿੱਤਾ। ਉਪਰੋਂ ਸੂਬੇ ਦਾ ਸਮੁੱਚਾ ਪ੍ਰਸ਼ਾਸਕੀ ਢਾਂਚਾ ਵੀ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਰਾਹਤ ਕਾਰਜਾਂ ਵਿਚ ਬਹੁਤ ਦਿੱਕਤਾਂ ਆਈਆਂ। ਸਾਰਾ ਢਾਂਚਾ ਠੱਪ ਹੋਣ ਕਾਰਨ ਲੋਕਾਂ ਤੱਕ ਮਦਦ ਪੁੱਜਦੀ ਕਰਨ ਵਿਚ ਵੀ ਦੇਰ ਲੱਗੀ। ਬਹੁਤੀ ਥਾਂਈਂ ਲੋਕਾਂ ਨੂੰ ਜ਼ਰੂਰੀ ਮਦਦ ਪਹੁੰਚਾਉਣ ਵਿਚ ਹਫਤਾ-ਹਫਤਾ ਵੀ ਲੱਗ ਗਿਆ। ਲੱਖਾਂ ਲੋਕ ਬੇਘਰ ਹੋ ਗਏ ਹਨ। ਮਾਲੀ ਨੁਕਸਾਨ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਹੁਣ ਇੰਨੇ ਦਿਨਾਂ ਤੋਂ ਬਾਅਦ ਲੋਕ ਆਪੋ-ਆਪਣੇ ਇਲਾਕਿਆਂ ਵਿਚ ਪਰਤਣੇ ਸ਼ੁਰੂ ਹੋਏ ਹਨ, ਪਰ ਉਥੇ ਕੁਝ ਵੀ ਬਾਕੀ ਨਹੀਂ ਬਚਿਆ ਹੈ। ਪਾਣੀ ਅਜੇ ਵੀ ਘਰਾਂ ਵਿਚ ਖੜ੍ਹਾ ਹੈ। ਕੇਂਦਰ ਸਰਕਾਰ ਅਤੇ ਮੀਡੀਆ ਦੇ ਪ੍ਰਚਾਰ ਨੇ ਇਸ ਨੂੰ ਪਹਿਲਾਂ ਹੀ ਕੁਦਰਤੀ ਆਫਤ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਰਸਮੀ ਹਵਾਈ ਸਰਵੇਖਣ ਤੋਂ ਬਾਅਦ ਇਕ ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ ਵੀ ਕਰ ਦਿੱਤਾ ਹੈ। ਦਰਅਸਲ ਅਜਿਹੇ ਐਲਾਨਾਂ ਨਾਲ ਹੀ ਅਜਿਹੀ ਮਾਰ ਦੇ ਅਸਲ ਕਾਰਨ ਲੱਭਣ ਵੱਲ ਜਾਂਦਾ ਹਰ ਰਾਹ ਬੰਦ ਹੋ ਜਾਂਦਾ ਹੈ। ਇਨ੍ਹਾਂ ਐਲਾਨਾਂ ਤੋਂ ਬਾਅਦ ਹੁਣ ਰਾਹਤ ਕਾਰਜਾਂ ਆਦਿ ਬਾਰੇ ਹੀ ਚਰਚਾ ਚੱਲਣੀ ਹੈ। ਹੜ੍ਹਾਂ ਦੇ ਅਸਲ ਕਾਰਨਾਂ ਬਾਰੇ ਚਰਚਾ ਬਹੁਤ ਪਿਛਾਂਹ ਚਲੀ ਗਈ ਹੈ।
ਇਸ ਵੇਲੇ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਅੱਜ ਦੀ ਤਾਰੀਕ ਵਿਚ ਵਾਦੀ ਦੇ ਸਾਰੇ ਦੇ ਸਾਰੇ ਹੜ੍ਹ ਕੰਟਰੋਲ ਚੈਨਲ ਬੰਦ ਪਏ ਹਨ। ਜਿਹਲਮ ਦਰਿਆ ਜਿਸ ਦੇ ਪਾਣੀ ਨੇ ਵਾਦੀ ਵਿਚ ਕਹਿਰ ਮਚਾਇਆ, ਦੀ ਜ਼ਮੀਨ ਉਪਰ ਰਿਹਾਇਸ਼ੀ ਬਸਤੀਆਂ ਬਣਾ ਦਿੱਤੀਆਂ ਗਈਆਂ ਸਨ। ਹੋਰ ਤਾਂ ਹੋਰ ਸ੍ਰੀਨਗਰ ਵਿਕਾਸ ਅਥਾਰਟੀ ਨੇ ਵੀ ਹੜ੍ਹ ਨਿਕਾਸ ਚੈਨਲ ਉਪਰ ਸ਼ਾਪਿੰਗ ਕੰਪਲੈਕਸ ਖੋਲ੍ਹ ਦਿੱਤਾ ਸੀ। ਤਕਰੀਬਨ ਅੱਧੀ ਸਦੀ ਪਹਿਲਾਂ 1959 ਵਿਚ ਵੀ ਕਸ਼ਮੀਰ ਵਿਚ ਹੜ੍ਹ ਆਏ ਸਨ। ਉਦੋਂ ਸੂਬੇ ਦੇ ਮੁੱਖ ਮੰਤਰੀ ਗੁਲਾਮ ਮੁਹੰਮਦ ਬਖ਼ਸ਼ੀ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਸੀ। ਇੰਗਲੈਂਡ ਦੇ ਇੰਜੀਨੀਅਰਾਂ ਨੇ ਜਿਹਲਮ ਦਾ ਪਾਣੀ ਸ਼ਹਿਰ ਤੋਂ ਦੂਜੀ ਦਿਸ਼ਾ ‘ਚ ਮੋੜਨ ਲਈ ਬੁਲਹਰ ਤਕ ਜ਼ਮੀਨ ਅਤੇ ਪਹਾੜ ਪੁੱਟ ਦਿੱਤੇ ਸਨ। ਪਿਛੋਂ ਕਈ ਦਹਾਕਿਆਂ ਬਾਅਦ ਸ੍ਰੀਨਗਰ ਦੇ ਪਦਸ਼ਾਹੀ ਬਾਗ਼ ਤੋਂ ਬੁਲਹਰ ਤਾਈਂ 42 ਕਿਲੋਮੀਟਰ ਲੰਮਾ ਹੜ੍ਹ ਨਿਕਾਸ ਚੈਨਲ ਬਣਾ ਦਿੱਤਾ ਗਿਆ। ਇਸ ਚੈਨਲ ਰਾਹੀਂ ਹੀ ਹੜ੍ਹਾਂ ਦੇ ਪਾਣੀ ਦਾ ਨਿਕਾਸ ਹੋਣਾ ਸੀ। ਅੱਧੀ ਸਦੀ ਪਹਿਲਾਂ ਆਏ ਹੜ੍ਹਾਂ ਦੇ ਬਾਵਜੂਦ ਰਾਜਬਾਗ ਵਿਚ ਜੇ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਤਾਂ ਇਸ ਦਾ ਕਾਰਨ ਇਹ ਹੜ੍ਹ ਕੰਟਰੋਲ ਚੈਨਲ ਹੀ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਪਾਸੇ ਹੋਰ ਕੰਮ ਕੀਤਾ ਜਾਂਦਾ, ਪਰ ਹੋਇਆ ਇਸ ਤੋਂ ਐਨ ਉਲਟ। ਰੁੱਖ ਵੱਢ ਕੇ ਅਤੇ ਪਹਾੜ ਕੱਟ ਕੇ ਰਿਹਾਇਸ਼ਗਾਹਾਂ ਬਣਾ ਦਿੱਤੀਆਂ ਗਈਆਂ। ਪੈਸੇ ਦੀ ਭੁੱਖ ਨੇ ਹੜ੍ਹਾਂ ਦੇ ਸਾਰੇ ਚੈਨਲ ਬੰਦ ਕਰ ਦਿੱਤੇ ਅਤੇ ਹੁਣ ਨਤੀਜਾ ਸਭ ਦੇ ਸਾਹਮਣੇ ਹੈ।
ਪਿਛਲੇ ਕਈ ਦਹਾਕਿਆਂ ਤੋਂ ਕਸ਼ਮੀਰ ਦੇ ਲੋਕ ਬਹੁਤ ਔਖੇ ਹਾਲਾਤ ਵਿਚੋਂ ਲੰਘ ਰਹੇ ਹਨ। ਫੌਜ ਅਤੇ ਹੋਰ ਸੁਰੱਖਿਆ ਬਲਾਂ ਨੇ ਜਿਸ ਤਰ੍ਹਾਂ ਦਾ ਵਿਹਾਰ ਕਸ਼ਮੀਰੀਆਂ ਨਾਲ ਕੀਤਾ ਹੈ, ਉਸ ਦਾ ਗੁੱਸਾ ਅਤੇ ਗਿਲਾ ਉਨ੍ਹਾਂ ਦੇ ਦਿਲਾਂ ਵਿਚ ਭਰਿਆ ਹੋਇਆ ਹੈ। ਇਸੇ ਕਰ ਕੇ ਹੁਣ ਜਦੋਂ ਫੌਜ ਹੜ੍ਹ ਵਿਚ ਫਸੇ ਲੋਕਾਂ ਨੂੰ ਕੱਢ ਰਹੀ ਸੀ ਤਾਂ ਕੁਝ ਥਾਂਵਾਂ ਉਤੇ ਲੋਕਾਂ ਨੇ ਫੌਜੀਆਂ ਉਤੇ ਇੱਟਾਂ-ਪੱਥਰ ਚਲਾਏ। ਮੋਦੀ ਸਰਕਾਰ ਨੇ ਭਾਵੇਂ ਇਸ ਕਾਰਵਾਈ ਨੂੰ ਮੁੱਠੀ ਭਰ ਸ਼ਰਾਰਤੀ ਲੋਕਾਂ ਦਾ ਕਾਰਾ ਕਰਾਰ ਦਿੱਤਾ ਹੈ, ਪਰ ਜੇ ਕਸ਼ਮੀਰ ਦੇ ਪਿਛਲੇ ਕੁਝ ਸਾਲਾਂ ਵੱਲ ਨਿਗ੍ਹਾ ਮਾਰੀਏ ਤਾਂ ਸਾਫ ਹੋ ਜਾਂਦਾ ਹੈ ਕਿ ਕਸ਼ਮੀਰੀ ਆਵਾਮ ਦਾ ਸੁਰੱਖਿਆ ਬਲਾਂ ਵੱਲ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਹੈ। ਲੋਕ ਇੰਨੇ ਜ਼ਿਆਦਾ ਔਖੇ ਹਨ ਕਿ ਕਰਫਿਊ ਦੀ ਪ੍ਰਵਾਹ ਕੀਤੇ ਬਗੈਰ ਸੀਨਿਆਂ ਵਿਚ ਗੋਲੀਆਂ ਖਾਂਦੇ ਰਹੇ ਹਨ। ਤੱਥ ਇਹੀ ਦੱਸਦੇ ਹਨ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਪਸੰਦੀ ਨਾਲ ਨਜਿੱਠਣ ਦੇ ਨਾਂ ਉਤੇ ਕਸ਼ਮੀਰੀਆਂ ਉਤੇ ਜੋ ਜ਼ੁਲਮ ਢਾਹੇ ਹਨ, ਉਨ੍ਹਾਂ ਦਾ ਅਜੇ ਵੀ ਕੋਈ ਅੰਤ ਨਹੀਂ ਹੈ। ਅਸਲ ਵਿਚ ਜਿੰਨੀਆਂ ਤਾਕਤਾਂ ਇਨ੍ਹਾਂ ਸੁਰੱਖਿਆ ਬਲਾਂ ਨੂੰ ਵਾਦੀ ਵਿਚ ਦਿੱਤੀਆਂ ਗਈਆਂ ਹਨ, ਉਸ ਦੀ ਦੁਰਵਰਤੋਂ ਨੇ ਕਸ਼ਮੀਰੀਆਂ ਦੇ ਦਿਲਾਂ ਵਿਚ ਬੇਗਾਨਗੀ ਦਾ ਅਹਿਸਾਸ ਭਰਿਆ ਹੈ। ਇਸ ਪਿਛੇ ਸੌੜੀ ਸਿਆਸਤ ਸਦਾ ਹੀ ਕਾਰਜਸ਼ੀਲ ਰਹੀ ਹੈ।
ਸਿਤਮਜ਼ਰੀਫੀ ਇਹ ਹੈ ਕਿ ਦੁੱਖ ਦੀ ਇਸ ਘੜੀ ਵਿਚ ਵੀ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਇਸ ਹੌਲੀ ਸਿਆਸਤ ਤੋਂ ਬਾਜ਼ ਨਹੀਂ ਆ ਰਹੀ। ਸੂਬੇ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਕਰ ਕੇ ਇਹ ਪਾਰਟੀ ਹੜ੍ਹਾਂ ਤੋਂ ਪਹਿਲਾਂ ਹੀ ਸੂਬੇ ਬਾਰੇ ਬੜੀ ਯੋਜਨਾਬੰਦੀ ਕਰ ਕੇ ਚੱਲ ਰਹੀ ਸੀ। ਇਹ ਇੱਛਾ ਪਹਿਲਾਂ ਹੀ ਜਤਲਾਈ ਜਾ ਚੁੱਕੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਹੁਣ ਕੋਈ ਹਿੰਦੂ ਹੋਣਾ ਚਾਹੀਦਾ ਹੈ। ਕਾਰਪੋਰੇਟ ਦੇ ਹੱਥਾਂ ਵਿਚ ਖੇਡ ਰਿਹਾ ਮੀਡੀਆ ਪਹਿਲਾਂ ਹੀ ਇਸ ਪਾਰਟੀ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਫੌਜ ਉਤੇ ਪਥਰਾਓ ਦੇ ਮਸਲੇ ਨੂੰ ਇਸ ਨੇ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਹੈ। ਜ਼ਾਹਿਰ ਹੈ ਕਿ ਅੱਜ ਵੀ ਕਸ਼ਮੀਰ ਭਾਰਤੀ ਸ਼ਾਸਕਾਂ ਲਈ ਪ੍ਰਯੋਗਸ਼ਾਲਾ ਹੀ ਹੈ। ਇਕ ਸਦੀ ਪਹਿਲਾਂ ਜਦੋਂ ਅਮਰੀਕਾ ਵਿਚ ਬੈਠੇ ਗਦਰੀਆਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਬਾਰੇ ਰਣਨੀਤੀ ਘੜੀ ਸੀ ਤਾਂ ਸ਼ੁਰੂਆਤ ਕਸ਼ਮੀਰ ਤੋਂ ਕਰਨ ਦੀ ਯੋਜਨਾ ਬਣਾਈ ਸੀ। ਅੱਜ ਫਿਰ ਉਹੀ ਸਵਾਲ ਖੜ੍ਹਾ ਹੈ ਕਿ ਕਸ਼ਮੀਰ ਅਤੇ ਹੋਰ ਸੂਬਿਆਂ ਨੂੰ ਭਾਰਤੀ ਜਨਤਾ ਪਾਰਟੀ ਮਾਰਕਾ ਸਿਆਸਤ ਤੋਂ ਨਿਜਾਤ ਦਿਵਾਉਣ ਲਈ ਕੀ ਰਣਨੀਤੀ ਘੜੀ ਜਾਵੇ? ਹਾਲ ਹੀ ਵਿਚ ਹੋਈਆਂ ਉਪ ਚੋਣਾਂ ਨੇ ਇਸ ਮਾਮਲੇ ਵਿਚ ਰਾਹ ਦਿਖਾਇਆ ਹੈ। ਇਹ ਰਾਹ ਇਕਜੁਟਤਾ ਦਾ ਹੈ। ਜਿਥੇ-ਜਿਥੇ ਵੀ ਆਵਾਮ ਇਕਜੁਟ ਹੋਇਆ ਹੈ, ਸੌੜੀ ਸੋਚ ਵਾਲੇ ਸਿਆਸਤਦਾਨਾਂ ਨੂੰ ਮੂੰਹ ਦੀ ਖਾਣੀ ਪਈ ਹੈ।
Leave a Reply