ਮੋਦੀ ਦੇ ਫਿਰਕੂ ਰੱਥ ਨੂੰ ਬਰੇਕਾਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਚਾਰ ਮਹੀਨਿਆਂ ਵਿਚ ਹੀ ਮੁਲਕ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਅਪਰੈਲ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲਹਿਰ ਦੇ ਸਹਾਰੇ ਭਾਜਪਾ ਨੇ ਹੂੰਝਾ ਫੇਰੂ ਜਿੱਤ ਹਾਸਲ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਚੋਣਾਂ ਵਿਚ ਮਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਵੀ ਧਰੀਆਂ-ਧਰਾਈਆਂ ਰਹਿ ਗਈਆਂ ਸੀ ਪਰ ਚਾਰ ਮਹੀਨੇ ਬਾਅਦ ਹੀ ਜਨਤਾ ਦਾ ਰੌਂਅ ਬਦਲ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨੂੰ ਬਿਹਾਰ, ਉੱਤਰਾਖੰਡ, ਕਰਨਾਟਕ ਤੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਵੀ ਮੂੰਹ ਦੀ ਖਾਣੀ ਪਈ ਸੀ।
16 ਸਤੰਬਰ ਨੂੰ ਨੌਂ ਰਾਜਾਂ ਦੇ 32 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਜਪਾ ਨੂੰ ਕਰਾਰਾ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਵਿਚ ਪਾਰਟੀ ਪਹਿਲਾਂ ਜਿੱਤੀਆਂ 23 ਵਿਚੋਂ 13 ਸੀਟਾਂ ਹਾਰ ਗਈ। ਰਾਜਸਥਾਨ ਤੇ ਗੁਜਰਾਤ ਵਿਚ ਤਾਂ ਸਰਕਾਰ ਵੀ ਭਾਜਪਾ ਦੀ ਹੈ। ਅਗਲੇ ਮਹੀਨੇ ਹਰਿਆਣਾ ਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ‘ਤੇ ਜ਼ਿਮਨੀ ਚੋਣਾਂ ਦਾ ਸਿੱਧਾ ਅਸਰ ਪਵੇਗਾ।
ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ ਭਾਜਪਾ ਨੇ ਤਾਂ ਆਪਣੇ ਭਾਈਵਾਲਾਂ ਨੂੰ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹਰਿਆਣਾ ਵਿਚ ਕੁਲਦੀਪ ਬਿਸ਼ਨੋਈ ਦੀ ਪਾਰਟੀ ਹਰਿਆਣਾ ਜਨਹਿੱਤ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ ਤੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਪਿਆ ਹੋਇਆ ਹੈ। ਅਸਲ ਵਿਚ ਭਾਜਪਾ ਹੁਣ ਇਕੱਲੇ ਹੀ ਇਨ੍ਹਾਂ ਰਾਜਾਂ ਵਿਚ ਸਰਕਾਰ ਬਣਾਉਣ ਦਾ ਸੁਫਨਾ ਵੇਖ ਰਹੀ ਸੀ ਪਰ ਜਨਤਾ ਨੇ ਅਸਲੀਅਤ ਤੋਂ ਜਾਣੂ ਕਰਵਾ ਦਿੱਤਾ ਹੈ। ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਤਾਬੜਤੋੜ ਇਸ਼ਤਿਹਾਰਬਾਜ਼ੀ ਰਾਹੀਂ ਸਭ ਸਮੱਸਿਆਵਾਂ ਦੇ ਹੱਲ ਲਈ ‘ਰਾਮ ਬਾਣ’ ਵਜੋਂ ਪੇਸ਼ ਕਰ ਕੇ ਲੋਕਾਂ ਵਿਚ ਅਜਿਹਾ ਭਰਮ ਸਿਰਜ ਦਿੱਤਾ ਸੀ ਕਿ ਭਾਜਪਾ ਦੀ ਸਰਕਾਰ ਆਉਂਦੇ ਹੀ ਸਭ ਕੁਝ ਠੀਕ ਹੋ ਜਾਵੇਗਾ। ਲੋਕਾਂ ਨੇ ਭਾਜਪਾ ਦੇ ਇਸ ਲਾਰੇ ‘ਤੇ ਭਰੋਸਾ ਕਰਦਿਆਂ ਮੋਦੀ ‘ਤੇ ਲੱਗੇ ਕੱਟੜ ਤੇ ਫਿਰਕੂਪੁਣੇ ਦੇ ਦਾਗ ਦੀ ਵੀ ਪ੍ਰਵਾਹ ਨਾ ਕੀਤੀ ਪਰ ਸੱਤਾ ਤਬਦੀਲ ਹੋਣ ਨਾਲ ਵੀ ਕੁਝ ਨਾ ਬਦਲਿਆ। ਕੇਂਦਰ ਵਿਚ ਚਿਹਰੇ ਤਾਂ ਬਦਲ ਗਏ ਪਰ ਨੀਤੀਆਂ ਪੁਰਾਣੀਆਂ ਹੀ ਰਹੀਆਂ।
ਨੌਂ ਰਾਜਾਂ ਦੀਆਂ 32 ਵਿਧਾਨ ਸਭਾ ਸੀਟਾਂ ਦੇ ਆਏ ਨਤੀਜਿਆਂ ਵਿਚੋਂ ਭਾਜਪਾ ਨੂੰ 12, ਕਾਂਗਰਸ ਨੂੰ 7, ਸਮਾਜਵਾਦੀ ਪਾਰਟੀ ਨੂੰ 8, ਟੀæਡੀæਪੀæ, ਤ੍ਰਿਣਮੂਲ ਕਾਂਗਰਸ, ਏæਆਈæਯੂæਡੀæਐਫ਼ ਤੇ ਸੀæਪੀæਐਮæ ਨੂੰ ਇਕ-ਇਕ ਸੀਟ ‘ਤੇ ਜਿੱਤ ਹਾਸਲ ਹੋਈ। ਉੱਤਰ ਪ੍ਰਦੇਸ਼ ਦੀਆਂ 11, ਗੁਜਰਾਤ ਦੀਆਂ ਨੌਂ ਤੇ ਰਾਜਸਥਾਨ ਦੀਆਂ ਚਾਰ ਸੀਟਾਂ ਪਹਿਲਾਂ ਭਾਜਪਾ ਕੋਲ ਸਨ ਪਰ ਪਾਰਟੀ ਦੇ ਵਿਧਾਇਕਾਂ ਦੇ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਇਹ ਖਾਲੀ ਹੋ ਗਈਆਂ ਸਨ। ਭਾਜਪਾ ਦਾ ਸਭ ਤੋਂ ਬੁਰਾ ਹਾਲ ਉੱਤਰ ਪ੍ਰਦੇਸ਼ ਵਿਚ ਹੋਇਆ ਜਿੱਥੇ ਸਮਾਜਵਾਦੀ ਪਾਰਟੀ ਨੇ 11 ਵਿਚੋਂ ਅੱਠ ਸੀਟਾਂ ‘ਤੇ ਕਬਜ਼ਾ ਕਰ ਲਿਆ। ਪਹਿਲਾਂ ਇਹ ਸਾਰੀਆਂ ਸੀਟਾਂ ਭਾਜਪਾ ਕੋਲ ਸਨ। ਇਸ ਸੂਬੇ ਵਿਚ ਬਸਪਾ ਦੀ ਗੈਰ-ਹਾਜ਼ਰੀ ਕਾਰਨ ਮੁੱਖ ਮੁਕਾਬਲਾ ਭਾਜਪਾ ਤੇ ਸਮਾਜਵਾਦੀ ਪਾਰਟੀ ਵਿਚਾਲੇ ਹੀ ਰਹਿ ਗਿਆ ਸੀ। ਇੱਥੇ ਭਾਜਪਾ ਨੇ ‘ਲਵ ਜਹਾਦ’ ਨੂੰ ਮੁੱਖ ਮੁੱਦਾ ਬਣਾਇਆ ਸੀ ਜੋ ਕਾਰਗਰ ਸਾਬਤ ਨਾ ਹੋਇਆ। ਪ੍ਰਧਾਨ ਮੰਤਰੀ ਮੋਦੀ ਜਿੱਥੇ ਖਾਮੋਸ਼ ਰਹੇ, ਉਥੇ ਭਾਜਪਾ ਨੇ ਬਿਆਨਾਂ ਰਾਹੀਂ ਸਿਆਸਤ ਦਾ ਫਿਰਕੂਕਰਨ ਕਰਨ ਉਪਰ ਪੂਰਾ ਜ਼ੋਰ ਲਾਇਆ।
ਭਾਜਪਾ ਨੂੰ ਆਪਣੇ ਗੜ੍ਹ ਗੁਜਰਾਤ ਤੇ ਰਾਜਸਥਾਨ ਵਿਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਵਿਚ ਚਾਰ ਸੀਟਾਂ ਵਿਚੋਂ ਪਾਰਟੀ ਨੂੰ ਸਿਰਫ ਇਕ ਮਿਲੀ ਤੇ ਬਾਕੀ ਤਿੰਨ ਕਾਂਗਰਸ ਦੀ ਝੋਲੀ ਪੈ ਗਈਆਂ। ਗੁਜਰਾਤ ਵਿਚ ਨੌਂ ਸੀਟਾਂ ਵਿਚੋਂ ਤਿੰਨ ‘ਤੇ ਕਾਂਗਰਸ ਜੇਤੂ ਰਹੀ ਤੇ ਭਾਜਪਾ ਨੂੰ 6 ਸੀਟਾਂ ਮਿਲੀਆਂ। ਪਹਿਲਾਂ ਇਹ ਸਾਰੀਆਂ ਸੀਟਾਂ ਭਾਜਪਾ ਕੋਲ ਸਨ।
ਉਧਰ ਕਾਂਗਰਸ ਨੇ ਗੁਜਰਾਤ ਤੇ ਰਾਜਸਥਾਨ ਵਿਚ ਮਿਲੀ ਸਫਲਤਾ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ ਕਿਉਂਕਿ ਦੋਵਾਂ ਰਾਜਾਂ ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਪੂਰੀ ਤਰ੍ਹਾਂ ਸਾਫ ਹੋ ਗਈ ਸੀ। ਕਾਂਗਰਸ ਨੇ ਮੋਦੀ ਸਰਕਾਰ ਨੂੰ ਸੱਤਾ ਦੇ ਪਹਿਲੇ 100 ਦਿਨਾਂ ਵਿਚ ਪੁੱਠਾ ਗੇਅਰ ਲੱਗਣ ‘ਤੇ ਹੈਰਾਨੀ ਪ੍ਰਗਟਾਈ ਹੈ। ਰਾਜਸਥਾਨ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਵਿਚ ਲੋਕਾਂ ਨੇ ਭਾਜਪਾ ਦੇ ਝੂਠੇ ਵਾਅਦਿਆਂ ਨੂੰ ਠੁਕਰਾ ਦਿੱਤਾ ਹੈ।

Be the first to comment

Leave a Reply

Your email address will not be published.