ਹੁਣ ਹਰਿਆਣਾ ਤੇ ਮਹਾਰਾਸ਼ਟਰ ਵੀ ਬਣੇਗਾ ਕੁਰੂਕਸ਼ੇਤਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਤੇ ਮਹਾਰਾਸ਼ਟਰ ਵਿਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਨ੍ਹਾਂ ਦੋਵਾਂ ਰਾਜਾਂ ਵਿਚ ਵੱਡੀ ਜਿੱਤ ਮਿਲੀ ਸੀ। ਇਸ ਕਰ ਕੇ ਭਾਜਪਾ ਨੂੰ ਪੂਰੀ ਆਸ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਬਾਜ਼ੀ ਮਾਰ ਕੇ ਕਾਂਗਰਸ ਸਰਕਾਰਾਂ ਵਾਲੇ ਦੋਵਾਂ ਸੂਬਿਆਂ ਵਿਚ ਭਗਵਾ ਪਰਚਮ ਲਹਿਰਾਇਆ ਜਾਵੇਗਾ। ਭਾਜਪਾ ਨੂੰ ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਦਾ ਇ੍ਹਨਾਂ ਨਸ਼ਾ ਚੜ੍ਹਿਆ ਹੋਇਆ ਹੈ ਕਿ ਉਸ ਨੇ ਹਰਿਆਣਾ ਵਿਚ ਕੁਲਦੀਪ ਬਿਸ਼ਨੋਈ ਦੀ ਪਾਰਟੀ ਹਰਿਆਣਾ ਜਨਹਿੱਤ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ ਤੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਆਢਾ ਲਾਇਆ ਹੋਇਆ ਹੈ।
ਇਸੇ ਦੌਰਾਨ ਭਾਜਪਾ ਨੂੰ ਨੌਂ ਰਾਜਾਂ ਦੇ 32 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਨੇ ਫਿਕਰਾਂ ਵਿਚ ਪਾ ਦਿੱਤਾ ਹੈ। ਭਾਜਪਾ ਹਰਿਆਣਾ ਤੇ ਮਹਾਰਾਸ਼ਟਰ ਵਿਚ ਵੀ ਮੋਦੀ ਲਹਿਰ ਦੇ ਸਹਾਰੇ ਸੱਤਾ ਹਥਿਆਉਣਾ ਚਾਹੁੰਦੀ ਸੀ ਪਰ ਚਾਰ ਮਹੀਨਿਆਂ ਵਿਚ ਹੀ ਮੋਦੀ ਦੀ ਲਹਿਰ ਦੀ ਹਵਾ ਨਿਕਲ ਗਈ ਜਾਪਦੀ ਹੈ। ਭਾਜਪਾ ਲਈ ਸਭ ਤੋਂ ਔਖੀ ਲੜਾਈ ਹਰਿਆਣਾ ਵਿਚ ਹੈ।
ਹਰਿਆਣਾ ਵਿਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਚੌਧਰੀ ਬੀਰੇਂਦਰ ਸਿੰਘ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਵਕਾਰ ਦਾਅ ‘ਤੇ ਲੱਗਾ ਹੋਇਆ ਹੈ। ਭਾਜਪਾ ਨੇ ਹਰਿਆਣਾ ਜਨਹਿਤ ਕਾਂਗਰਸ ਨਾਲੋਂ ਨਾਤਾ ਤੋੜ ਕੇ ਆਪਣੇ ਆਪ ਨੂੰ ਬਹੁਤ ਵੱਡੀ ਪ੍ਰੀਖਿਆ ਵਿਚ ਪਾ ਲਿਆ ਹੈ।
ਪਾਰਟੀ ਆਗੂਆਂ ਨੂੰ ਆਸ ਹੈ ਕਿ ਲੋਕ ਸਭਾ ਚੋਣਾਂ ਵਾਲੀ ਮੋਦੀ ਲਹਿਰ ਅਜੇ ਵੀ ਚੱਲ ਰਹੀ ਹੈ ਤੇ ਸਹਾਰੇ ਉਨ੍ਹਾਂ ਦੀ ਕਿਸ਼ਤੀ ਪਾਰ ਲੱਗ ਜਾਵੇਗੀ। ਇਸ ਕਰ ਕੇ ਉਨ੍ਹਾਂ ਨੇ ਗਠਜੋੜ ਤੋੜਨ ਨੂੰ ਤਰਜੀਹ ਦਿੱਤੀ ਹੈ ਪਰ ਪਿਛਲੇ ਤਿੰਨ ਮਹੀਨਿਆਂ ਵਿਚ ਬਹੁਤ ਕੁਝ ਸਾਹਮਣੇ ਆ ਚੁੱਕਾ ਹੈ ਤੇ ਸਥਿਤੀ ਕਾਫੀ ਬਦਲ ਚੁੱਕੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਟਿਕਟਾਂ ਦੀ ਵੰਡ ਵੇਲੇ ਨਵੀਂ ਰਣਨੀਤੀ ਅਪਣਾਉਣ ਕਰ ਕੇ ਪੁਰਾਣੇ ਵਰਕਰਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਥਾਵਾਂ ‘ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਰਾਮ ਬਿਲਾਸ ਸ਼ਰਮਾ ਦੇ ਪੁਤਲੇ ਵੀ ਸਾੜੇ ਗਏ। ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਵਿਚ ਕਾਂਗਰਸ ਪ੍ਰਤੀ ਕਾਫੀ ਨਾਰਾਜ਼ਗੀ ਸੀ ਪਰ ਨੂੰ ਪਾਣੀਪਤ ਰੈਲੀ ਤੋਂ ਬਾਅਦ ਹਾਲਾਤ ਬਦਲ ਗਏ ਹਨ। ਪਾਣੀਪਤ ਰੈਲੀ ਵਿਚ ਜੁੜੇ ਲੋਕਾਂ ਨੇ ਕਾਂਗਰਸ ਆਗੂਆਂ ਤੇ ਵਿਸੇਸ਼ ਤੌਰ ‘ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਫੀ ਹੁੰਗਾਰਾ ਦਿੱਤਾ। ਇਸ ਲਈ ਭਾਜਪਾ ਦੀ ਫਿਕਰਾਂ ਵਧ ਗਈਆਂ ਹਨ। ਮਹਾਰਾਸ਼ਟਰ ਵਿਚ ਭਾਜਪਾ ਸ਼ਿਵ ਸੈਨਾ ਤੋਂ ਵੱਧ ਸੀਟਾਂ ਮੰਗ ਰਹੀ ਹੈ ਪਰ ਸ਼ਿਵ ਸੈਨਾ ਪੁਰਾਣੇ ਸਮਝੌਤੇ ਮੁਤਾਬਕ ਹੀ ਸੀਟਾਂ ਦੇਣ ਲਈ ਤਿਆਰ ਹੈ। ਹਾਲਾਤ ਇਹ ਬਣ ਗਏ ਹਨ ਕਿ ਜੇ ਭਾਜਪਾ ਨਰਮ ਨਾ ਪਈ ਤਾਂ ਗੱਠਜੋੜ ਟੁੱਟ ਸਕਦਾ ਹੈ। ਇਸ ਲਈ ਦੋਵੇਂ ਰਾਜਾਂ ਵਿਚ ਭਾਜਪਾ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।

Be the first to comment

Leave a Reply

Your email address will not be published.