ਨਿੱਕੀ ਜਿਹੀ ਅਣਗਹਿਲੀ ਨੇ ਜੰਨਤ ਨੂੰ ਜਹੱਨਮ ਬਣਾਇਆ

ਸ੍ਰੀਨਗਰ: ਆਪਣੀ ਖੂਬਸੂਰਤੀ ਕਰ ਕੇ ਜੰਨਤ ਮੰਨੀ ਜਾਂਦੀ ਕਸ਼ਮੀਰ ਵਾਦੀ ਵਿਚ ਪਿਛਲੇ ਛੇ ਦਹਾਕਿਆਂ ਦੌਰਾਨ ਆਏ ਸਭ ਤੋਂ ਭਿਆਨਕ ਹੜ੍ਹ ਨੇ ਸਭ ਕੁਝ ਅਸਤ-ਵਿਅਸਥ ਕਰ ਦਿੱਤਾ ਹੈ। ਇਸ ਕੁਦਰਤੀ ਕਹਿਰ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਤੇ ਕਈ ਪਰਿਵਾਰਾਂ ਦੇ ਪਰਿਵਾਰ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਨ੍ਹਾਂ ਖੌਫ਼ਨਾਕ ਹੜ੍ਹਾਂ ਨੂੰ ‘ਰਾਸ਼ਟਰੀ ਆਫ਼ਤ’ ਐਲਾਨਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਬੇ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਵਿਸ਼ੇਸ਼ ਰਾਹਤ ਦੇਣ ਦਾ ਐਲਾਨ ਕੀਤਾ ਹੈ। ਕਈ ਹਿੱਸਿਆ ਵਿਚ ਮਦਦ ਨਾ ਪੁੱਜਣ ਕਾਰਨ ਲੋਕ ਅਜੇ ਵੀ ਕੋਠਿਆਂ ਦੀ ਛੱਤਾਂ ‘ਤੇ ਭੁੱਖੇ-ਭਾਣੇ ਬੈਠੇ ਹਨ। ਹੜ੍ਹ ਨੇ ਆਮ ਲੋਕਾਂ ਤੋਂ ਇਲਾਵਾ ਰਾਹਤ ਕਾਰਜਾਂ ਵਿਚ ਦਿਨ-ਰਾਤ ਲੱਗੀ ਫੌਜ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਕਸ਼ਮੀਰ ਵਾਦੀ ਵਿਚ ਫੌਜ ਦੇ ਕੈਂਪਾਂ ਵਿਚ ਪਾਣੀ ਦਾਖਲ ਹੋਣ ਨਾਲ ਜਵਾਨਾਂ ਦਾ ਸਾਮਾਨ ਤਬਾਹ ਹੋ ਗਿਆ ਹੈ ਤੇ ਹਥਿਆਰ ਤਬਾਹ ਜਾਂ ਨਕਾਰਾ ਹੋ ਗਏ ਹਨ। ਸਭ ਗੋਲੀ ਸਿੱਕਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਚੇਤੇ ਰਹੇ ਕਿ ਵਾਦੀ ਵਿਚ ਹੜ੍ਹਾਂ ਬਾਰੇ ਚਾਰ ਸਾਲ ਪਹਿਲਾਂ ਇਕ ਰਿਪੋਰਟ ਵਿਚ ਖਬਰਦਾਰ ਕੀਤਾ ਗਿਆ ਸੀ, ਪਰ ਇਸ ਰਿਪੋਰਟ ‘ਤੇ ਕੇਂਦਰ ਸਰਕਾਰ ਨੇ ਗੌਰ ਨਹੀਂ ਸੀ ਕੀਤਾ।
ਮਨੁੱਖੀ ਜਾਨਾਂ ਬਚਾਉਣ ਲਈ ਫ਼ੌਜ ਤੇ ਹੋਰ ਸੁਰੱਖਿਆ ਦਸਤਿਆਂ ਨੇ ਮਿਸਾਲੀ ਕੰਮ ਕੀਤਾ ਹੈ ਤੇ ਇਕ ਲੱਖ ਤੋਂ ਵੱਧ ਫ਼ੌਜੀ ਦਿਨ ਰਾਤ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ। ਜਿਨ੍ਹਾਂ ਖੇਤਰਾਂ ਵਿਚ ਕਿਸ਼ਤੀਆਂ ਨਹੀਂ ਜਾ ਸਕਦੀਆਂ ਉੱਥੇ ਹੈਲੀਕਾਪਟਰਾਂ ਰਾਹੀਂ ਲੋਕਾਂ ਨੂੰ ਬਚਾਉਣ ਤੇ ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਰ ਵੀ ਖ਼ੁਰਾਕ ਤੇ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ ਹਨ। ਆਪਣੇ ਸਬੰਧੀਆਂ ਬਾਰੇ ਸੂਚਨਾ ਨਾ ਮਿਲਣਾ ਲੋਕਾਂ ਦੀ ਤਕਲੀਫ਼ ਨੂੰ ਵਧਾ ਰਿਹਾ ਹੈ।
ਲੋਕ ਇਸ ਆਫ਼ਤ ਨਾਲ ਹੋਏ ਨੁਕਸਾਨ, ਹੁਣ ਤੱਕ ਰਾਹਤ ਕਾਰਜਾਂ ਲਈ ਕੀਤੇ ਜਾ ਰਹੇ ਕੰਮਾਂ ਤੇ ਹਾਲਾਤ ਵਿਚ ਹੋਣ ਵਾਲੇ ਸੁਧਾਰ ਬਾਰੇ ਠੋਸ ਜਾਣਕਾਰੀ ਮਿਲਣ ਦੀ ਉਮੀਦ ਵਿਚ ਹਨ। ਜਾਨਾਂ ਬਚ ਜਾਣ ਤੋਂ ਬਾਅਦ ਵੱਡੀ ਸਮੱਸਿਆ ਬੀਮਾਰੀਆਂ ਦੇ ਫੈਲਣ ਦੇ ਖ਼ਦਸ਼ੇ ਤੇ ਘਰਾਂ ਅੰਦਰ ਭਰ ਚੁੱਕੀ ਗਾਰ ਨੂੰ ਹਟਾ ਕੇ ਉਨ੍ਹਾਂ ਨੂੰ ਰਹਿਣਯੋਗ ਬਣਾਉਣ ਦੀ ਹੈ। ਐਮਰਜੈਂਸੀ ਦੀ ਸਥਿਤੀ ਖ਼ਤਮ ਹੋਣ ਤੋਂ ਬਾਅਦ ਇਹ ਉਸ ਤੋਂ ਵੀ ਵੱਡਾ ਕੰਮ ਹੁੰਦਾ ਹੈ। ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫਰਾਖਦਿਲੀ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ। ਰੱਖਿਆ ਤਰਜਮਾਨ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਨੂੰ ਬਚਾਅ ਕੇ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਭਾਰਤੀ ਹਵਾਈ ਫੌਜ ਤੇ ਆਰਮੀ ਏਵੀਏਸ਼ਨ ਕੋਰ ਦੇ 89 ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ। ਥਲ ਸੈਨਾ ਦੇ 30 ਹਜ਼ਾਰ ਜਵਾਨ ਜੰਮੂ ਤੇ ਸ੍ਰੀਨਗਰ ਵਿਚ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਫੌਜ ਨੇ ਰਾਮਬਨ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ।
ਅਵੰਤੀਪੁਰਾ, ਪਾਟਨ, ਅਨੰਤਨਾਗ ਤੇ ਓਲਡ ਏਅਰਫੀਲਡ ਵਿਚ ਚਾਰ ਫੀਲਡ ਹਸਪਤਾਲ ਸਥਾਪਤ ਕੀਤੇ ਗਏ ਹਨ ਜਿਥੇ 21500 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਫੌਜੀ ਬੁਲਾਰੇ ਮੁਤਾਬਕ ਬਠਿੰਡਾ ਤੋਂ ਵੀ ਸਾਰੀਆਂ ਸਹੂਲਤਾਂ ਵਾਲਾ ਹਸਪਤਾਲ ਸ੍ਰੀਨਗਰ ਆ ਰਿਹਾ ਹੈ। ਸੰਚਾਰ ਨੈੱਟਵਰਕ ਅੰਸ਼ਿਕ ਤੌਰ ‘ਤੇ ਬਹਾਲ ਹੋ ਗਿਆ ਹੈ ਤੇ ਟੈਲੀਕਾਮ ਕੰਪਨੀਆਂ ਨੇ ਮੁਫਤ ਫੋਨ ਕਾਲ ਦੀ ਸਹੂਲਤ ਦਿੱਤੀ ਹੈ। ਬੀæਐਸ਼ਐਨæਐਲ਼ ਨੇ 1200 ਸਿਮ ਮੁਫਤ ਵੰਡੇ।
______________________________________
ਸਿਆਸਤ ਭੁੱਲ ਸਾਂਝੇ ਉਦਮ ਲਈ ਤਿਆਰ ਹੋਈਆਂ ਸਿਆਸੀ ਧਿਰਾਂ
ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਇਕ ਸਰਬ ਪਾਰਟੀ ਮੀਟਿੰਗ ਵਿਚ ਕੁਦਰਤੀ ਕਹਿਰ ਨਾਲ ਨਿਜੱਠਣ ਲਈ ਸਾਰੀਆਂ ਸਿਆਸੀ ਧਿਰਾਂ ਵੀ ਸਾਂਝੇ ਉੱਦਮ ਲਈ ਤਿਆਰ ਹੋ ਗਈਆਂ ਹਨ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਰਾਹਤ ਕਾਰਜਾਂ ਤੇ ਬਚਾਅ ਕਾਰਜਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਦੀ ਹਮਾਇਤ ਹਾਸਲ ਹੈ ਤੇ ਸਾਰਿਆਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਕਾਨਫਰੰਸ ਤੇ ਪੀæਡੀæਪੀæ ਇਕੱਠੀਆਂ ਬੈਠ ਸਕਦੀਆਂ ਹਨ ਤੇ ਕਾਂਗਰਸ ਤੇ ਭਾਜਪਾ ਇਸ ਮੁਸ਼ਕਲ ਘੜੀ ਵਿਚ ਇਕਜੁੱਟ ਹੋ ਸਕਦੀਆਂ ਹਨ ਤਾਂ ਫਿਰ ਬਾਕੀ ਲੋਕਾਂ ਨੂੰ ਵੀ ਇਕਜੁੱਟ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਾਰਟੀਆਂ ਵੱਲੋਂ ਕਾਫੀ ਚੰਗੇ ਸੁਝਾਅ ਹਾਸਲ ਹੋਏ ਹਨ। ਮੁੱਖ ਵਿਰੋਧੀ ਪੀæਡੀæਪੀæ ਨੇ ਦਸ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਹੈ। ਇਸ ਮੌਕੇ ਪੀæਡੀæਪੀæ ਆਗੂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਤੇ ਪਹਿਲੀ ਤਰਜੀਹ ਜੰਮੂ-ਕਸ਼ਮੀਰ ਦੀ ਮੁੜ ਉਸਾਰੀ ਤੇ ਲੋਕਾਂ ਦੇ ਜਾਨ-ਮਾਲ ਨੂੰ ਬਚਾਉਣਾ ਹੈ। ਹਰ ਅਮੀਰ, ਗਰੀਬ ਹੜ੍ਹਾਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਸਹਾਇਤਾ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਹਰ ਸਹਾਇਤਾ ਲਈ ਅਪੀਲ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਵਿਚ ਇਕ ਸੁਝਾਅ ਇਹ ਵੀ ਆਇਆ ਕਿ ਹਰ ਸੰਸਦ ਮੈਂਬਰ ਐਮæਪੀæ ਫੰਡ ਵਿਚੋਂ ਪੰਜ ਫੀਸਦੀ ਦਾ ਯੋਗਦਾਨ ਪਾਵੇ।
____________________________________
ਸ੍ਰੀਨਗਰ: ਕਸ਼ਮੀਰ ਵਾਦੀ ਲਈ ਜੀਵਨ ਰੇਖਾ ਸਮਝੇ ਜਾਂਦੇ ਦਰਿਆ ਜਿਹਲਮ ਨੇ ਆਪਣਾ ਸਭ ਤੋਂ ਵੱਧ ਭਿਆਨਕ ਰੂਪ ਵਿਖਾਇਆ ਹੈ, ਜੋ ਕਈ ਪੀੜ੍ਹੀਆਂ ਨੇ ਨਹੀਂ ਵੇਖਿਆ। ਮਾਹਿਰਾਂ ਦਾ ਵਿਚਾਰ ਹੈ ਕਿ ਨਜਾਇਜ਼ ਕਬਜ਼ੇ, ਗੈਰ ਯੋਜਨਾਬੱਧ ਸ਼ਹਿਰੀ ਵਿਕਾਸ ਤੇ ਪਿਛਲੇ ਸਾਲਾਂ ਦੌਰਾਨ ਹੜ੍ਹ ਕੰਟਰੋਲ ਬਾਰੇ ਪ੍ਰਭਾਵੀ ਕਦਮ ਚੁੱਕਣ ਵਿਚ ਅਸਫ਼ਲ ਰਹਿਣ ਕਾਰਨ ਇਸ ਕੁਦਰਤੀ ਆਫਤ ਨੇ ਵੱਡੀ ਪੱਧਰ ‘ਤੇ ਨੁਕਸਾਨ ਕੀਤਾ ਹੈ।
ਉੱਤਰਾਖੰਡ ਤੋਂ ਬਾਅਦ ਆਈ ਇਸ ਕੁਦਰਤੀ ਆਫ਼ਤ ਨੇ ਕੁਦਰਤ ਦੀ ਰਜ਼ਾ ਤੋਂ ਬਾਗ਼ੀ ਹੋਣ ਦੇ ਸਵਾਲ ਨੂੰ ਮੁੜ ਖੜ੍ਹਾ ਕਰ ਦਿੱਤਾ ਹੈ। ਮੁਨਾਫ਼ੇ ਉੱਤੇ ਆਧਾਰਿਤ ਵਿਕਾਸ ਦਾ ਮੌਜੂਦਾ ਤਰੀਕਾ, ਪਾਣੀ ਦੇ ਕੁਦਰਤੀ ਵਹਿਣਾਂ ਦੇ ਰਾਹ ਵਿਚ ਵੱਡੀਆਂ ਇਮਾਰਤਾਂ ਉਸਾਰਨ ਤੇ ਅੰਨ੍ਹੇਵਾਹ ਹੋਰ ਰੁਕਾਵਟਾਂ ਖੜ੍ਹੀਆਂ ਕਰ ਰਿਹਾ ਹੈ। ਬਿਨਾਂ ਸੋਚੇ ਸਮਝੇ ਤੇ ਮਾਹਿਰਾਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਭਿਆਨਕ ਰੂਪ ਵਿਚ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਵਿਚ ਇਹ ਕਹਿਰ ਵਾਪਰ ਚੁੱਕਿਆ ਹੈ ਤੇ ਹੁਣ ਕਸ਼ਮੀਰ ਵਿਚ ਵੀ ਅਜਿਹਾ ਹੀ ਹੋਇਆ ਹੈ।
ਵਿਗਿਆਨਕ ਤੇ ਤਕਨੀਕੀ ਤਰੱਕੀ ਨੇ ਮਨੁੱਖ ਲਈ ਬਹੁਤ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਹਨ ਪਰ ਵੱਡੀਆਂ ਆਫ਼ਤਾਂ ਮੌਕੇ ਇਹ ਤੰਤਰ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕੁਦਰਤੀ ਆਫ਼ਤਾਂ ਮੌਕੇ ਫ਼ੌਜ ਜਾਂ ਸੁਰੱਖਿਆ ਦਸਤਿਆਂ ਦੀ ਲੋੜ ਤਾਂ ਪੈਂਦੀ ਹੀ ਹੈ ਪਰ ਸਮਾਜਿਕ ਪੱਧਰ ਉੱਤੇ ਲੋਕਾਂ ਨੂੰ ਵੀ ਅਜਿਹੇ ਮੌਕੇ ਸੰਕਟ ਨਾਲ ਸਿੱਝਣ ਲਈ ਕੁਝ ਨਾ ਕੁਝ ਸਿਖਲਾਈ ਦੇਣ ਦੀ ਜ਼ਰੂਰਤ ਹੈ।

Be the first to comment

Leave a Reply

Your email address will not be published.