ਪਟਨਾ: ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 2017 ਵਿਚ ਹੋਣ ਵਾਲੇ 350ਵੇਂ ਪ੍ਰਕਾਸ਼ ਦਿਵਸ ਤੋਂ ਪਹਿਲਾਂ ਉਨ੍ਹਾਂ ਦੇ ਜਨਮ ਸਥਾਨ ਤਖ਼ਤ ਹਰਿਮੰਦਰ ਪਟਨਾ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ਼ Ḕਤੇ ਬਣਾਉਣ ਦੇ ਕਾਰਜ ਵਿਚ ਪਰਵਾਸੀ ਭਾਰਤੀ ਅਤੇ ਪੂਰੇ ਭਾਰਤ ਦੇ ਕਾਰੋਬਾਰੀ ਲਗਭਗ 600 ਕਰੋੜ ਰੁਪਏ ਦਾ ਯੋਗਦਾਨ ਦੇਣਗੇ। ਤਖ਼ਤ ਪਟਨਾ ਸਾਹਿਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਸਣੇ ਦੁਨੀਆ ਭਰ ਦੇ ਪਰਵਾਸੀ ਭਾਰਤੀ ਤੇ ਮੁੰਬਈ, ਦਿੱਲੀ, ਲੁਧਿਆਣਾ, ਕੋਲਕਾਤਾ ਤੇ ਹੋਰ ਸ਼ਹਿਰਾਂ ਦੇ ਕਾਰੋਬਾਰੀ ਹਰਿਮੰਦਰ ਸਾਹਿਬ ਨੂੰ ਵਿਕਸਿਤ ਕਰਨ ਵਿਚ ਯੋਗਦਾਨ ਦੇਣ ਲਈ ਅੱਗੇ ਆਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ Ḕਤੇ ਦੁਨੀਆ ਭਰ ਤੋਂ ਲਗਭਗ 50 ਲੱਖ ਵਿਅਕਤੀਆਂ ਖਾਸ ਤੌਰ ‘ਤੇ ਸਿੱਖਾਂ ਦੇ ਆਉਣ ਦੀ ਉਮੀਦ ਹੈ।
ਤਖ਼ਤ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਨੂੰ ਵਿਕਸਿਤ ਕਰਨ ਲਈ ਪਰਵਾਸੀ ਭਾਰਤੀਆਂ ਤੇ ਕਾਰੋਬਾਰੀਆਂ ਤੋਂ ਉਮੀਦ ਅਨੁਸਾਰ ਧਨ ਰਾਸ਼ੀ ਦਾ ਯੋਗਦਾਨ ਮਿਲਣ ਵਿਚ ਸਮੱਸਿਆ ਨਹੀਂ ਹੋਵੇਗੀ। ਤਖ਼ਤ ਹਰਿਮੰਦਰ ਸਾਹਿਬ ਦੇ ਅਧਿਕਾਰੀ ਆਰæਐਸ਼ ਜੀਤ ਨੇ ਦੱਸਿਆ ਕਿ 350ਵੇਂ ਪ੍ਰਕਾਸ਼ ਦਿਵਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਨਿਰਮਾਣ ਤੇ ਸਜਾਵਟ ਦਾ ਕੰਮ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਸ੍ਰੀ ਦਰਬਾਰ ਸਾਹਿਬ ਵਾਂਗ ਹੀ ਸੁਨਹਿਰੀ ਗੁਰੂ ਦਰਬਾਰ ਬਣਾਉਣ ਦੀ ਯੋਜਨਾ ਹੈ। ਸੁਨਹਿਰੀ ਗੁਰੂ ਦਰਬਾਰ ਦਾ ਮੁੱਖ ਆਕਰਸ਼ਨ ਸੋਨੇ ਨਾਲ ਜੜ੍ਹੀ ਇਸ ਦੀ ਛੱਤ ਹੋਵੇਗੀ ਤੇ ਇਸ ਕੰਮ ਲਈ ਸੋਨੇ ਦੇ ਕੰਮ ਦੀ ਕੀਮਤ 50 ਕਰੋੜ ਰੁਪਏ ਹੋਵੇਗੀ। ਬਰਤਾਨੀਆਂ ਦੇ ਬਾਬਾ ਮਹਿੰਦਰ ਸਿੰਘ, ਗੁਰੂ ਦਰਬਾਰ ਦੇ ਵਿਕਾਸ ਕੰਮ ਵਿਚ ਧਨ ਰਾਸ਼ੀ ਦੇ ਰਹੇ ਹਨ ਜਿਸ ਵਿਚ 100 ਵਾਹਨਾਂ ਦੀ ਸਮਰੱਥਾ ਵਾਲੀ ਪਾਰਕਿੰਗ ਵੀ ਸ਼ਾਮਿਲ ਹੈ। ਮੁੰਬਈ ਦੇ ਕਾਰੋਬਾਰੀ ਇਕਬਾਲ ਸਿੰਘ ਤੇ ਸੁਰਜੀਤ ਸਿੰਘ ਗੁਰਦੁਆਰਾ ਕਰਮਚਾਰੀਆਂ ਲਈ 100 ਕਮਰਿਆਂ ਦੇ ਨਿਰਮਾਣ ਲਈ ਧਨ ਦੇ ਰਹੇ ਹਨ। ਕਮੇਟੀ ਸ਼ਰਧਾਲੂਆਂ ਲਈ 100 ਪੂਰੇ ਏਅਰ ਕੰਡੀਸ਼ਨਡ ਕਮਰਿਆਂ ਦਾ ਨਿਰਮਾਣ ਕਰਵਾ ਰਹੀ ਹੈ ਤੇ ਇਕ ਏਅਰ ਕੰਡੀਸ਼ਨਡ ਹਾਲ ਬਣਵਾਉਣ ਦੀ ਯੋਜਨਾ ਬਣਾ ਰਹੀ ਹੈ। ਪਟਨਾ ਸਾਹਿਬ ਦੇ ਚੌਤਰਫਾ ਵਿਕਾਸ ਲਈ ਕਮੇਟੀ ਨੇ ਕੇਂਦਰ ਸਰਕਾਰ ਨੂੰ 1200 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਪ੍ਰਸਤਾਵ ਭੇਜਿਆ ਹੈ ਜਿਸ ਵਿਚ ਪਟਨਾ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਜੀਵਨ ਰਾਮ ਮਾਂਝੀ ਨੇ ਕਿਹਾ ਕਿ ਉਹ ਇਸ ਸ਼ਹਿਰ ਵਿਚ ਸਿੱਖ ਸਮਾਰਕ ਬਣਾਉਣ ਬਾਰੇ ਉਤਸੁਕ ਹਨ। ਮਾਂਝੀ ਨੇ ਹਾਲ ਹੀ ਵਿਚ ਤਖ਼ਤ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ ਸੀ ਤੇ ਕਮੇਟੀ ਦੀ ਯੋਜਨਾ ਪੂਰੀ ਕਰਨ ਤੇ 2017 ਦੇ ਸਮਾਰੋਹ ਨੂੰ ਸਫਲ ਬਣਾਉਣ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ।
Leave a Reply