ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ

ਡਾæ ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਅਨੁਸਾਰ ਅਕਾਲ ਪੁਰਖ ਜੋਤਿ ਸਰੂਪ ਹੋ ਕੇ ਆਪਣੀ ਤਮਾਮ ਰਚਨਾ ਵਿਚ ਵਿਆਪਕ ਹੈ ਅਤੇ ਹਰ ਜੀਵ ਦੇ ਅੰਦਰ ਵੱਸਦਾ ਹੈ। ਇਸ ਲਈ ਉਸ ਨੂੰ ਪਾਉਣ ਵਾਸਤੇ ਕਿਸੇ ਜੰਗਲ, ਪਹਾੜ ਜਾਂ ਗੁਫਾ ਵਿਚ ਏਕਾਂਤ-ਵਾਸ ਹੋ ਕੇ ਕਠਿਨ ਤਪੱਸਿਆ ਕਰਨ ਦੀ ਜ਼ਰੂਰਤ ਨਹੀਂ ਹੈ। ਮਨੁੱਖ ਉਸ ਨੂੰ ਆਪਣੇ ਅੰਦਰ ਹੀ ਅਨੁਭਵ ਕਰ ਸਕਦਾ ਹੈ। ਇਸ ਪ੍ਰਾਪਤੀ ਲਈ ਉਸ ਨੂੰ ਗੁਰੂ ਦੀ ਅਗਵਾਈ ਵਿਚ, ਗੁਰੂ ਦੀ ਸਿੱਖਿਆ ਤੇ ਇਕਾਗਰ-ਚਿੱਤ ਹੋ ਕੇ ਚੱਲਣ ਦੀ ਲੋੜ ਹੈ। ਇਸੇ ਤੱਥ ਦਾ ਵਰਣਨ ਗੁਰੂ ਰਾਮਦਾਸ ਸਾਹਿਬ ਇਸ ਸਲੋਕ ਵਿਚ ਕਰਦੇ ਹਨ ਕਿ ਮੈਂ ਆਪਣੇ ਮਨ ਅਤੇ ਤਨ ਨੂੰ ਖੋਜਦਿਆਂ ਖੋਜਦਿਆਂ ਅੰਤ ਵਿਚ ਉਸ ਨੂੰ ਲੱਭ ਹੀ ਲਿਆ ਹੈ। ਉਸ ਨੂੰ ਮੈਂ ਕਿਵੇਂ ਲੱਭਿਆ ਹੈ? ਉਸ ਨੂੰ ਗੁਰੂ-ਰੂਪ ਵਿਚੋਲੇ ਜਾਂ ਵਕੀਲ ਰਾਹੀਂ ਲੱਭਿਆ ਹੈ। ਮੈਨੂੰ ਗੁਰੂ ਦਾ ਆਸਰਾ ਪ੍ਰਾਪਤ ਹੋ ਗਿਆ ਹੈ ਜਿਸ ਨੇ ਅਕਾਲ ਪੁਰਖ ਨਾਲ ਮੇਰਾ ਮਿਲਾਪ ਕਰਾ ਦਿੱਤਾ ਹੈ,
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ॥
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਜਿਤਾ ਜੋੜਿ॥੧॥ (ਪੰਨਾ ੩੧੩)
ਅਗਲਾ ਸਲੋਕ ਗੁਰੂ ਅਮਰਦਾਸ ਸਾਹਿਬ ਦਾ ਹੈ ਜਿਸ ਵਿਚ ਉਨ੍ਹਾਂ ਗੁਰਮੁਖਿ ਅਤੇ ਮਨਮੁਖਿ ਅਰਥਾਤ ਮਾਇਆਧਾਰੀ ਵਿਚ ਫਰਕ ਦੱਸਿਆ ਹੈ। ਗੁਰੂ ਅਮਰਦਾਸ ਸਾਹਿਬ ਦੱਸਦੇ ਹਨ ਕਿ ਮਾਇਆਧਾਰੀ ਮਨੁੱਖ ਸਤਿਗੁਰੂ ਦੇ ਦਰਸ਼ਨ ਵੱਲੋਂ ਅਤੇ ਸਤਿਗੁਰੂ ਦੇ ਸ਼ਬਦ ਵੱਲੋਂ ਅੰਨ੍ਹਾ ਅਤੇ ਬੋਲਾ ਦੋਵੇਂ ਹੁੰਦਾ ਹੈ। ਭਾਵ ਮਾਇਆਧਾਰੀ ਮਨੁੱਖ ‘ਤੇ ਸਤਿਗੁਰੂ ਦਾ ਦਰਸ਼ਨ ਕਰਕੇ ਕੋਈ ਅਸਰ ਨਹੀਂ ਹੁੰਦਾ ਅਤੇ ਨਾ ਹੀ ਸਤਿਗੁਰੂ ਦਾ ਸ਼ਬਦ ਕੰਨਾਂ ਰਾਹੀਂ ਸੁਣ ਕੇ ਉਸ ਦੇ ਮਨ ‘ਤੇ ਕੋਈ ਅਸਰ ਪੈਂਦਾ ਹੈ। ਉਸ ਦੇ ਕੰਨ ਸਤਿਗੁਰੂ ਦਾ ਸ਼ਬਦ ਸੁਣਨ ਦੀ ਥਾਂ ਮਾਇਆ ਦਾ ਪ੍ਰੇਸ਼ਾਨ ਕਰਨ ਵਾਲਾ ਰੌਲਾ ਸੁਣਨਾ ਪਸੰਦ ਕਰਦੇ ਹਨ। ਇਸ ਦੇ ਬਿਲਕੁਲ ਉਲਟ ਗੁਰਮੁਖਿ ਹੈ ਜਿਸ ਦੀ ਪਛਾਣ ਹੀ ਇਹ ਹੈ ਕਿ ਸਤਿਗੁਰੂ ਦੇ ਸ਼ਬਦ ਨੂੰ ਸੁਣਦਾ ਹੈ, ਸਤਿਗੁਰੂ ਦੇ ਸਨਮੁਖ ਹੁੰਦਾ ਹੈ ਅਤੇ ਸ਼ਬਦ ਵਿਚ ਲਿਵ ਜੋੜਦਾ ਹੈ। ਅਕਾਲ ਪੁਰਖ ਦੇ ਨਾਮ ਨੂੰ ਸੁਣਦਾ ਹੈ, ਉਸ ਤੇ ਵੀਚਾਰ ਕਰਦਾ ਹੈ ਅਤੇ ਅੰਤ ਨੂੰ ਉਸ ਵਿਚ ਹੀ ਅੰਤਰ-ਧਿਆਨ ਹੋ ਜਾਂਦਾ ਹੈ ਅਰਥਾਤ ਨਾਮ ਨਾਲ ਹੀ ਇੱਕਸੁਰ ਹੋ ਜਾਂਦਾ ਹੈ। ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਵਾਪਰਦਾ ਹੈ। ਇਸ ਤਰ੍ਹਾਂ ਜੋ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ ਉਹ ਉਸ ਰਸਤੇ ‘ਤੇ ਮਨੁੱਖ ਨੂੰ ਤੋਰਦਾ ਹੈ ਅਤੇ ਇਹ ਜੀਵ ਉਸ ਦੇ ਹੁਕਮ ਵਿਚ ਹੀ ਵਜਾਇਆ ਵੱਜਦਾ ਹੈ,
ਮਾਇਆਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥
ਗੁਰਮੁਖਿ ਜਾਪੈ ਸਬਦਿ ਲਿਵ ਲਾਇ॥
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ॥
ਜੋ ਤਿਸੁ ਭਾਵੈ ਸੁ ਕਰੇ ਕਰਾਇਆ॥
ਨਾਨਕ ਵਜਦਾ ਜੰਤੁ ਵਜਾਇਆ॥੨॥ (ਪੰਨਾ ੩੧੩)
ਅੱਗੇ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਨੇ ਇਸੇ ਵਿਚਾਰ ਨੂੰ ਪ੍ਰਗਟ ਕੀਤਾ ਹੈ ਕਿ ਸੰਸਾਰ ਵਿਚ, ਸੰਸਾਰ ਦੇ ਜੀਵਾਂ ਅੰਦਰ ਜੋ ਕੁਝ ਵੀ ਵਰਤ ਰਿਹਾ ਹੈ, ਅਕਾਲ ਪੁਰਖ ਉਸ ਸਭ ਕੁਝ ਨੂੰ ਜਾਣਦਾ ਹੈ। ਉਹ ਹਰ ਇੱਕ ਦੇ ਅੰਦਰ ਵਿਆਪਕ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਗੁਰੂ ਰਾਹੀਂ, ਗੁਰੂ ਦੇ ਸ਼ਬਦ ਦੇ ਅਨੁਸਾਰੀ ਹੋ ਕੇ ਹੀ ਪਾ ਸਕੀਦਾ ਹੈ। ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ, ਹੇ ਸਿਰਜਣਹਾਰ! ਤੂੰ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਜੀਵਾਂ ਦੀ ਰਚਨਾ ਕੀਤੀ ਹੈ, ਹਰ ਇੱਕ ਦੇ ਮਨ ਦੀ ਜਾਣਦਾ ਹੈਂ ਕਿ ਇਨ੍ਹਾਂ ਜੀਵਾਂ ਦੇ ਮਨਾਂ ਵਿਚ ਕੀ ਵਰਤ ਰਿਹਾ ਹੈ, ਕੀ ਚੱਲ ਰਿਹਾ ਹੈ। ਭਾਵ ਵਾਹਿਗੁਰੂ ਘਟ ਘਟ ਦੀਆਂ ਜਾਨਣਹਾਰ ਹੈ। ਇਹ ਸਾਰਾ ਸੰਸਾਰ ਲਾਹੇ-ਤੋਟੇ ਦੀਆਂ ਗਿਣਤੀਆਂ ਮਿਣਤੀਆਂ ਅਤੇ ਫ਼ਿਕਰਾਂ ਵਿਚ ਪਿਆ ਰਹਿੰਦਾ ਹੈ, ਇੱਕ ਅਕਾਲ ਪੁਰਖ ਹੀ ਹੈ ਜੋ ਇਸ ਕਿਸਮ ਦੀ ਚਿੰਤਾ ਤੋਂ ਉਤੇ ਹੈ ਕਿਉਂਕਿ ਉਹ ਆਪ ਸਭ ਕੁਝ ਕਰਨ-ਕਰਾਉਣ ਵਾਲਾ ਹੈ, ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਕੁਝ ਉਸੇ ਦਾ ਕੀਤਾ ਹੋਇਆ ਹੋ ਰਿਹਾ ਹੈ, ਉਸ ਦੇ ਹੁਕਮ ਵਿਚ ਵਾਪਰ ਰਿਹਾ ਹੈ, ਕਿਉਂਕਿ ਇਸ ਸ੍ਰਿਸ਼ਟੀ ਦੀ ਸਾਰੀ ਰਚਨਾ ਉਸੇ ਦੀ ਕੀਤੀ ਹੋਈ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਸਰੀਰ, ਹਰ ਇੱਕ ਰਚਨਾ ਵਿਚ ਵਿਆਪਕ ਹੈ, ਇਹ ਸਭ ਉਸ ਦਾ ਅਸਚਰਜ ਕੌਤਕ ਹੈ। ਉਹ ਅਕਾਲ ਪੁਰਖ ਹਰ ਇੱਕ ਦੇ ਅੰਦਰ ਵਸ ਰਿਹਾ ਹੈ ਫਿਰ ਵੀ ਉਸ ਦੀ ਪ੍ਰਾਪਤੀ ਸਤਿਗੁਰੂ ਨੂੰ ਮਿਲਿਆਂ ਹੀ ਹੁੰਦੀ ਹੈ, ਜਿਸ ਨੂੰ ਸਤਿਗੁਰੂ ਮਿਲਿਆ ਹੈ, ਉਸ ਨੇ ਹੀ ਅਕਾਲ ਪੁਰਖ ਦੀ ਪ੍ਰਾਪਤੀ ਕੀਤੀ ਹੈ ਅਤੇ ਅਜਿਹੇ ਮਨੁੱਖਾਂ ਨੂੰ ਮਾਇਆ ਨੇ ਅਕਾਲ ਪੁਰਖ ਵੱਲੋਂ ਮੋੜਿਆ ਨਹੀਂ ਅਰਥਾਤ ਕੋਈ ਰੁਕਾਵਟ ਨਹੀਂ ਪੈਂਦੀ,
ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ॥
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ॥
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ॥
ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ॥
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ॥੨੪॥ (ਪੰਨਾ ੩੧੪)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਮਨੁੱਖ ਨੂੰ ਇਕਾਗਰ ਮਨ ਨਾਲ ਉਸ ਸਿਰਜਣਹਾਰ ਨਾਲ ਜੁੜੇ ਰਹਿਣ ਦੀ ਗੱਲ ਕਰਦੇ ਹਨ ਜੋ ਸਭ ਦੀ ਸੰਭਾਲ ਕਰਨ ਵਾਲਾ ਹੈ। ਗੁਰੂ ਜੀ ਆਦੇਸ਼ ਕਰਦੇ ਹਨ ਕਿ ਸਤਿਗੁਰ ਦੀ ਸਿੱਖਿਆ ‘ਤੇ ਚੱਲਦਿਆਂ ਇੱਕ ਮਨ ਹੋ ਕੇ, ਮਨ ਨੂੰ ਦ੍ਰਿੜ ਕਰਕੇ ਉਸ ਅਕਾਲ ਪੁਰਖ ਨਾਲ ਜੋੜੀਏ। ਉਸ ਨੂੰ ਹਰ ਇੱਕ ਸਵਾਸ ਨਾਲ, ਬਹਿੰਦਿਆਂ ਉਠਦਿਆਂ ਯਾਦ ਰੱਖੀਏ, ਇੱਕ ਪਲ ਲਈ ਵੀ ਨਾ ਵਿਸਾਰੀਏ (ਜਦੋਂ ਮਨ ਹਰ ਵਕਤ ਉਸ ਨਾਲ ਜੋੜੀ ਰੱਖਾਂਗੇ ਤਾਂ ਕਦੇ ਵੀ ਗਲਤ ਰਸਤੇ ‘ਤੇ ਨਹੀਂ ਪਵਾਂਗੇ)। ਜਦੋਂ ਇਸ ਤਰ੍ਹਾਂ ਮਨ ਨੂੰ ਹਰ ਵਕਤ ਉਸ ਨਾਲ ਜੋੜ ਕੇ ਰੱਖਦੇ ਹਾਂ ਤਾਂ ਇਹ ਮਨ ਉਸ ਅਕਾਲ ਪੁਰਖ ਦੇ ਹਵਾਲੇ ਹੋ ਜਾਂਦਾ ਹੈ, ਉਹ ਆਪ ਹੀ ਜੀਵ ਦੀ ਸੰਭਾਲ ਕਰਦਾ ਹੈ ਅਤੇ ਮਨ ਦੇ ਸਾਰੇ ਫਿਕਰ, ਚਿੰਤਾ ਖ਼ਤਮ ਹੋ ਜਾਂਦੇ ਹਨ, ਕਿਉਂਕਿ ਅਕਾਲ ਪੁਰਖ ਦੇ ਭਰੋਸੇ ਕਿਸੇ ਚਿੰਤਾ ਦੀ ਜ਼ਰੂਰਤ ਨਹੀਂ ਰਹਿੰਦੀ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਰੱਖ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਤਾਂ ਕਿ ਮੇਰੇ ਮਨ ਦੇ ਸਾਰੇ ਝੋਰੇ ਖਤਮ ਹੋ ਜਾਣ,
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ॥
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ॥
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ॥
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ॥੧॥ (ਪੰਨਾ ੩੧੪)
ਅਗਲਾ ਸਲੋਕ ਗੁਰੂ ਅਮਰਦਾਸ ਸਾਹਿਬ ਦਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਮਨੁੱਖ ਦੀ ਗੱਲ ਕੀਤੀ ਹੈ ਜੋ ਗੁਰੂ ਦੀ ਸੰਗਤਿ ਨਹੀਂ ਕਰਦਾ ਅਤੇ ਕਦੇ ਵੀ ਸਤਿਸੰਗਤਿ ਵਾਲੇ ਸਥਾਨ ‘ਤੇ ਨਹੀਂ ਜਾਂਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਆਪਣੇ ਮਨ ਦੀਆਂ ਲਾਲਸਾਵਾਂ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਮਨੁੱਖ ਦੇ ਮਨ ਵਿਚ ਅਹੰਕਾਰ ਹੁੰਦਾ ਹੈ, ਇਸ ਲਈ ਉਹ ਗੁਰੂ ਦੇ ਸਥਾਨ ਬਾਰੇ ਜਾਣਦਾ ਹੀ ਨਹੀਂ ਹੈ, ਉਸ ਨੂੰ ਉਸ ਸਥਾਨ ਦੀ ਪਛਾਣ ਹੀ ਨਹੀਂ ਹੈ, ਉਸ ਦਾ ਮਨ ਸਦਾ ਗਿਣਤੀਆਂ-ਮਿਣਤੀਆਂ ਵਿਚ ਪਿਆ ਰਹਿੰਦਾ ਹੈ ਅਰਥਾਤ ਸਦਾ ਡੋਲਦਾ ਰਹਿੰਦਾ ਹੈ, ਕਦੇ ਵੀ ਸਥਿਰ ਨਹੀਂ ਹੁੰਦਾ। ਅਜਿਹੇ ਮਨਮੁਖਿ ਨੂੰ ਭਾਵੇਂ ਹਮੇਸ਼ਾ ਸਤਿਸੰਗਤਿ ਵਿਚ ਬੁਲਾਉਂਦੇ ਵੀ ਰਹੀਏ, ਉਹ ਫਿਰ ਵੀ ਨਹੀਂ ਆਉਂਦਾ। ਅਜਿਹਾ ਮਨੁੱਖ ਪਰਮਾਤਮਾ ਦੇ ਦਰਵਾਜ਼ੇ ‘ਤੇ ਮਨਜ਼ੂਰ ਨਹੀਂ ਹੁੰਦਾ। ਅਕਾਲ ਪੁਰਖ ਦੇ ਘਰ ਦਾ ਗਿਆਨ ਕਿਸੇ ਉਸ ਵਿਰਲੇ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਸ ਦੇ ਮਨ ਵਿਚ ਹਲੀਮੀ ਹੋਵੇ ਅਰਥਾਤ ਜੋ ਨਿਵ ਕੇ ਸਤਿਗੁਰ ਦੀ ਯਾਦ ਵਿਚ ਜੁੜਿਆ ਰਹੇ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਉਤੇ ਅਕਾਲ ਪੁਰਖ ਦੀ ਮਿਹਰ ਹੋਵੇ ਉਸ ਨੂੰ ਉਹ ਮਨਮੁਖਤਾ ਵੱਲੋਂ ਮੋੜ ਕੇ ਪਰਮਾਤਮਾ ਵਾਲੇ ਪਾਸੇ ਲਾ ਲੈਂਦਾ ਹੈ,
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ॥
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ॥
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰਿ ਜੋੜਿ॥
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ॥੨॥ (ਪੰਨਾ ੩੧੪)
ਸਿੱਖ ਧਰਮ ਚਿੰਤਨ ਵਿਚ ਸੇਵਾ ਦਾ ਬਹੁਤ ਮਹੱਤਵ ਹੈ ਅਤੇ ਉਹ ਸੇਵਾ ਹੀ ਸਫਲ ਮੰਨੀ ਜਾਂਦੀ ਹੈ ਜੋ ਪੂਰਨ ਸਮਰਪਣ ਨਾਲ ਕੀਤੀ ਜਾਂਦੀ ਹੈ। ਸੇਵਾ ਦੇ ਕਈ ਰੂਪ ਹਨ ਜਿਵੇਂ ਗੁਰੂ ਦੀ ਸੇਵਾ, ਸ਼ਬਦ ਦੀ ਸੇਵਾ, ਭਾਈਚਾਰੇ ਦੀ ਸੇਵਾ ਆਦਿ। ਲੰਗਰ ਦੀ ਸੰਸਥਾ ਇਸੇ ਸੇਵਾ ਦੇ ਸਿਧਾਂਤ ਦਾ ਹੀ ਅਮਲੀ ਪ੍ਰਕਾਸ਼ਨ ਹੈ ਜਿਥੇ ਬਿਨਾ ਕਿਸੇ ਊਚ-ਨੀਚ, ਛੋਟੇ-ਬੜੇ ਧਰਮ ਆਦਿ ਭੇਦ-ਭਾਵ ਦੇ ਸੇਵਾ ਕੀਤੀ ਜਾਂਦੀ ਹੈ। ਇਸ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਸਤਿਗੁਰੁ ਦੀ ਸੇਵਾ ਦੀ ਗੱਲ ਕਰ ਰਹੇ ਹਨ ਕਿ ਇਹ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਸਤਿਗੁਰੁ ਦੇ ਮਨ ਨੂੰ ਚੰਗੀ ਲੱਗ ਆਵੇ ਅਰਥਾਤ ਕੀਤੀ ਹੋਈ ਸੇਵਾ ਸਫਲ ਹੋ ਜਾਵੇ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹੋ ਸੇਵਾ ਸਫਲ ਹੈ ਜੋ ਸੇਵਾ ਸਤਿਗੁਰ ਦੇ ਮਨ ਨੂੰ ਚੰਗੀ ਲੱਗ ਆਵੇ ਅਤੇ ਸਤਿਗੁਰੁ ਦਾ ਮਨ ਸਿੱਖ ਦੀ ਸੇਵਾ ਨੂੰ ਮਨਜ਼ੂਰ ਕਰ ਲਵੇ। ਜਦੋਂ ਕੀਤੀ ਹੋਈ ਸੇਵਾ ਸਤਿਗੁਰੁ ਦੇ ਮਨ ਨੂੰ ਭਾ ਜਾਂਦੀ ਹੈ, ਸਤਿਗੁਰੁ ਦਾ ਮਨ ਪਤੀਜ ਜਾਂਦਾ ਹੈ ਤਾਂ ਅਜਿਹੀ ਸੇਵਾ ਨਾਲ ਹੀ ਮਨੁੱਖ ਦੇ ਮਨ ਵਿਚੋਂ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਦੇ ਪਾਪ ਦੂਰ ਹੋ ਜਾਂਦੇ ਹਨ। ਜਦੋਂ ਮਨ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਤਾਂ ਗੁਰੂ ਜੋ ਸਿੱਖਿਆ ਦਿੰਦਾ ਹੈ, ਸਿੱਖ ਦੇ ਕੰਨ ਉਸ ਨੂੰ ਧਿਆਨ ਨਾਲ ਸੁਣਦੇ ਹਨ ਅਤੇ ਸਿੱਖਿਆ ਮਨ ਵਿਚ ਵਸ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੁ ਦੀ ਸਿੱਖਿਆ ਨੂੰ ਸੁਣ ਕੇ ਜਿਸ ਸਿੱਖ ਦਾ ਮਨ ਸਤਿਗੁਰੁ ਦੇ ਭਾਣੇ ਭਾਵ ਸਤਿਗੁਰੁ ਦੀ ਸਿੱਖਿਆ ‘ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਨ੍ਹਾਂ ਉਤੇ ਚਾਰ ਗੁਣਾਂ ਰੰਗ ਚੜ੍ਹ ਜਾਂਦਾ ਹੈ। ਉਹ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ। ਸਤਿਗੁਰ ਦਾ ਉਪਦੇਸ਼ ਸੁਣ ਕੇ ਅਤੇ ਉਸ ‘ਤੇ ਚੱਲ ਕੇ ਜਦੋਂ ਮਨ ਅਕਾਲ ਪੁਰਖ ਦੇ ਪ੍ਰੇਮ ਵਿਚ ਭਿੱਜ ਜਾਂਦਾ ਹੈ ਤਾਂ ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਮਨੁੱਖ ਦਾ ਰਸਤਾ ਹੀ ਹੋਰ ਰਸਤਿਆਂ ਨਾਲੋਂ ਨਿਰਾਲਾ ਹੋ ਜਾਂਦਾ ਹੈ, ਉਸ ਦੀ ਜੀਵਨ ਜਾਚ ਹੀ ਬਾਕੀਆਂ ਨਾਲੋਂ ਵੱਖਰੀ ਨਜ਼ਰ ਆਉਂਦੀ ਹੈ,
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥
ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ॥੨੫॥ (ਪੰਨਾ ੩੧੪)
ਅੱਗੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਉਨ੍ਹਾਂ ਮਨੁੱਖਾਂ ਦਾ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਦਾ ਕੀ ਹਾਲ ਹੁੰਦਾ ਹੈ ਜੋ ਆਪਣੇ ਗੁਰੂ ਦੀ ਨਿੰਦਿਆ ਕਰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਆਪਣੇ ਗੁਰੂ ਦੀ ਨਿੰਦਿਆ ਕਰਦੇ ਹਨ, ਉਨ੍ਹਾਂ ਦਾ ਕੋਈ ਠਿਕਾਣਾ ਨਹੀਂ ਰਹਿੰਦਾ, ਉਨ੍ਹਾਂ ਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ। ਉਹ ਲੋਕ ਅਤੇ ਪਰਲੋਕ- ਦੋਵੇਂ ਗੁਆ ਲੈਂਦੇ ਹਨ, ਉਨ੍ਹਾਂ ਨੂੰ ਰੱਬ ਦੇ ਦਰਵਾਜ਼ੇ ‘ਤੇ ਵੀ ਕੋਈ ਸਥਾਨ ਹਾਸਲ ਨਹੀਂ ਹੁੰਦਾ। ਉਹ ਜੀਵਨ ਵਿਚ ਮਿਲਿਆ ਹੋਇਆ ਮੌਕਾ ਗੁਆ ਲੈਂਦੇ ਹਨ ਅਤੇ ਮੁੜ ਕੇ ਵੇਲਾ ਉਨ੍ਹਾਂ ਦੇ ਹੱਥ ਨਹੀਂ ਆਉਂਦਾ ਕਿ ਉਹ ਸਤਿਗੁਰੁ ਦੇ ਚਰਨੀਂ ਲੱਗ ਸਕਣ। ਜੇ ਸਤਿਗੁਰੁ ਦੀ ਨਿੰਦਾ ਕਰਦਿਆਂ ਇੱਕ ਵਾਰ ਮੌਕਾ ਖੁੰਝਾ ਲਿਆ ਜਾਵੇ ਫਿਰ ਤਮਾਮ ਜੀਵਨ ਦੁੱਖਾਂ ਵਿਚ ਹੀ ਬੀਤਦਾ ਹੈ। ਸਤਿਗੁਰ ਦੇ ਮਨ ਵਿਚ ਕਿਸੇ ਲਈ ਵੀ ਦਵੈਸ਼, ਈਰਖਾ ਜਾਂ ਵੈਰ ਨਹੀਂ ਹੁੰਦਾ ਕਿਉਂਕਿ ਉਹ ਨਿਰਵੈਰ ਪੁਰਖ ਹੈ ਅਤੇ ਨਿੰਦਕ ਨੂੰ ਵੀ ਮਿਹਰ ਕਰ ਕੇ ਆਪਣੇ ਨਾਲ ਲਾ ਲੈਂਦਾ ਹੈ, ਆਪਣੇ ਚਰਨਾਂ ਵਿਚ ਸਥਾਨ ਦੇ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ‘ਤੇ ਰੱਬ ਦੀ ਮਿਹਰ ਹੁੰਦੀ ਹੈ, ਉਨ੍ਹਾਂ ਨੂੰ ਰੱਬ ਗੁਰੂ ਦੇ ਦਰਸ਼ਨ ਕਰਾਉਂਦਾ ਹੈ, ਉਨ੍ਹਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ,
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ॥
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ॥
ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ॥
ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ॥
ਸਤਿਗੁਰ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ॥
ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ॥੧॥ (ਪੰਨਾ ੩੧੪)
ਅਗਲਾ ਸਲੋਕ ਵੀ ਗੁਰੂ ਅਮਰਦਾਸ ਸਾਹਿਬ ਦਾ ਹੀ ਹੈ ਜਿਸ ਵਿਚ ਉਨ੍ਹਾਂ ਨੇ ਮਨਮੁਖ ਦਾ ਜ਼ਿਕਰ ਕੀਤਾ ਹੈ ਕਿ ਉਸ ਦੀਆਂ ਬਿਰਤੀਆਂ ਅਤੇ ਸੁਭਾ ਕਿਹੋ ਜਿਹਾ ਹੁੰਦਾ ਹੈ। ਗੁਰੂ ਸਾਹਿਬ ਮਨਮੁਖ ਦੀ ਵਿਆਖਿਆ ਕਰਦੇ ਹਨ ਕਿ ਉਹ ਅਗਿਆਨੀ ਹੁੰਦਾ ਹੈ ਜਿਸ ਦੇ ਮਨ ਵਿਚ ਅਹੰਕਾਰ ਹੁੰਦਾ ਹੈ ਅਤੇ ਉਸ ਦੀ ਬੁੱਧੀ ਜਾਂ ਮੱਤ ਖੋਟੀ ਹੁੰਦੀ ਹੈ। ਅੰਦਰ ਕ੍ਰੋਧ ਹੋਣ ਕਰਕੇ ਉਹ ਵਿਕਾਰਾਂ ਵਿਚ ਆਪਣੀ ਅਕਲ ਗੁਆ ਲੈਂਦਾ ਹੈ, ਅਕਲ ਹਾਰ ਦਿੰਦਾ ਹੈ (ਗੁਰਮਤਿ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਨ ਦੇ ਵਿਕਾਰ ਮੰਨਿਆ ਗਿਆ ਹੈ ਜੋ ਮਨੁੱਖ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੰਦੇ ਹਨ ਅਤੇ ਮਨਮੁਖ ਉਹ ਹੁੰਦਾ ਹੈ ਜੋ ਆਪਣੇ ਮਨ ਦੀ ਮੱਤ ਅਨੁਸਾਰ ਚੱਲਦਾ ਹੈ ਅਤੇ ਇਨ੍ਹਾਂ ਵਿਕਾਰਾਂ ਵਿਚ ਖ਼ੱਚਤ ਹੋ ਕੇ ਆਪਣੀ ਬੁੱਧੀ ਨੂੰ ਮਲੀਨ ਕਰ ਲੈਂਦਾ ਹੈ)। ਮਨਮੁਖ ਝੂਠ, ਫਰੇਬ ਅਤੇ ਪਾਪ ਦੇ ਕੰਮ ਕਰਦਾ ਹੈ ਅਰਥਾਤ ਸਾਰੇ ਕੰਮ ਵਿਸ਼ੇ-ਵਿਕਾਰਾਂ ਅਨੁਸਾਰ ਕਰਦਾ ਹੈ, ਇਸ ਲਈ ਉਹ ਕੀ ਸੁਣੇ ਅਤੇ ਕੀ ਦੂਸਰਿਆਂ ਨੂੰ ਦੱਸੇ, ਉਸ ਕੋਲ ਕੁਝ ਵੀ ਚੰਗਾ ਸੁਣਨ-ਸੁਣਾਉਣ ਲਈ ਨਹੀਂ ਹੁੰਦਾ। ਅਜਿਹਾ ਮਨੁੱਖ ਨਾ ਚੰਗਿਆਈ ਦੇਖਦਾ ਅਤੇ ਨਾ ਹੀ ਚੰਗੇ ਉਪਦੇਸ਼ ਨੂੰ ਸੁਣਦਾ ਹੈ ਭਾਵ ਗੁਰੂ ਦੀ ਸੰਗਤਿ ਵਿਚ ਜਾ ਕੇ ਕੋਈ ਚੰਗੀ ਗੱਲ ਪੱਲੇ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਇਸ ਲਈ ਜਨਮ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਸਤਿਗੁਰ ਨੂੰ ਮਿਲਣ ਤੋਂ ਬਿਨਾ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਉਸ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੁੰਦਾ। ਉਹ ਆਪਣੇ ਪਹਿਲਾਂ ਕੀਤੇ ਕਰਮਾਂ ਦੇ ਬੁਰੇ ਸੰਸਕਾਰਾਂ ਕਾਰਨ ਇਸ ਜਨਮ ਵਿਚ ਵੀ ਉਹੋ ਜਿਹੀ ਹੀ ਕਮਾਈ ਕਰੀ ਜਾਂਦਾ ਹੈ,
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ॥
ਕੂੜੁ ਕੁਸਤੁ ਓਹੁ ਪਾਪ ਕਮਾਵੈ॥
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ॥
ਅੰਨਾ ਬੋਲਾ ਖੁਇ ਉਝੜਿ ਪਾਇ॥
ਮਨਮੁਖੁ ਅੰਧਾ ਆਵੈ ਜਾਇ॥
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ॥
ਨਾਨਕ ਪੂਰਬਿ ਲਿਖਿਆ ਕਮਾਇ॥੨॥ (ਪੰਨਾ ੩੧੪)

Be the first to comment

Leave a Reply

Your email address will not be published.