ਰੌਲੇ ਦਾ ਬੀਅ

ਬਲਜੀਤ ਬਾਸੀ
ਕਹਾਵਤ ਹੈ, ਵਿਆਹ ਵਿਚ ਬੀਅ ਦਾ ਲੇਖਾ, ਕਈ ਵਾਰੀ ਵਿਆਹ ਵਿਚ ਬੀਅ ਦਾ ਰੌਲਾ ਵੀ ਕਹਿ ਦਿੱਤਾ ਜਾਂਦਾ ਹੈ। ਕਹਾਵਤ ਵਿਚ ਲੇਖਾ ਸ਼ਬਦ ਵੀ ਇਕ ਤਰ੍ਹਾਂ ਰੌਲੇ ਦੇ ਅਰਥਾਂ ਵਿਚ ਹੀ ਆ ਰਿਹਾ ਹੈ। ਜਾਂ ਇਉਂ ਕਹਿ ਸਕਦੇ ਹਾਂ ਕਿ ਇਥੇ ਰੌਲਾ ਸ਼ਬਦ ਦਾ ਅਰਥ ਵੀ ਲੇਖਾ ਜਿਹਾ ਹੀ ਹੈ। ਰੌਲਾ ਸ਼ਬਦ ਦਾ ਅਰਥ ਕੇਵਲ ਧੁਨੀਆਤਮਕ ਸ਼ੋਰ ਹੀ ਨਹੀਂ, ਹੋਰ ਵੀ ਬੜਾ ਕੁਝ ਹੈ। ਜੇ ਪੈਸਿਆਂ ਦਾ ਰੌਲਾ ਪਾਇਆ ਜਾਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਕੋਈ ਆਪਣੇ ਲੈਣ ਵਾਲੇ ਪੈਸਿਆਂ ਦਾ ਲੇਖਾ ਲੈ ਬੈਠਾ ਹੈ। ‘ਤੇਰਾ ਮੇਰਾ ਕੀ ਰੌਲਾ?’ ਮਤਲਬ ਤੇਰਾ ਮੇਰਾ ਕੀ ਝਗੜਾ। ਰੌਲਾ ਮਨੁਖਾਂ ਜਾਂ ਜਾਨਵਰਾਂ ਦਾ ਧੁਨੀਆਤਮਕ ਸ਼ੋਰ ਹੈ, ਨਿਰਜੀਵ ਵਸਤਾਂ ਦਾ ਨਹੀਂ। ਖੈਰ! ਆਪਾਂ ਸ਼ਬਦਾਂ ਦੇ ਬੀਅ ਲੱਭਦੇ ਹਾਂ, ਇਸ ਕਹਾਵਤ ਦਾ ਭੇਣਾ ਪਾ ਕੇ ਹੋਰ ਵਿਆਹ ਵਿਚ ਬੀਅ ਦੇ ਲੇਖੇ ਵਾਲੀ ਗੱਲ ਨਾ ਕਰੀਏ। ਰੌਲਾ ਪੰਜਾਬੀ ਦਾ ਬਹੁਅਰਥੀ ਠੇਠ ਸ਼ਬਦ ਹੈ। ਇਸ ਦੀ ਵਰਤੋਂ ਤੇ ਕੁਝ ਝਾਤ ਮਾਰ ਲਈਏ। ਬੁਲ੍ਹੇ ਸ਼ਾਹ ਦੀਆਂ ਕਾਫੀਆਂ ਵਿਚ ਇਹ ਸ਼ਬਦ ਕਈ ਵਾਰੀ ਆਇਆ ਹੈ,
ਅਸਾਂ ਪੜ੍ਹਿਆ ਇਲਮ ਤਹਿਕੀਕੀ ਏ,
ਉਥੇ ਇਕੋ ਹਰਫ ਹਕੀਕੀ ਏ,
ਹੋਰ ਝਗੜਾ ਸਭ ਵਧੀਕੀ ਏ,
ਐਵੇਂ ਰੌਲਾ ਪਾ ਪਾ ਬਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।
ਰੌਲਾ ਪਾਉਣਾ ਦਾ ਅਰਥ ਜ਼ਬਰਦਸਤ ਉਜ਼ਰ ਕਰਨਾ ਵੀ ਹੁੰਦਾ ਹੈ। ਵਾਰਿਸ ਸ਼ਾਹ ਨੇ ਰੌਲਾ ਸ਼ਬਦ ਲੜਾਈ ਝਗੜੇ ਦੇ ਅਰਥਾਂ ਵਿਚ ਵਰਤਿਆ ਹੈ,
ਪਿਆ ਦੇਸ ਦੇ ਵਿਚ ਹੈ ਬੜਾ ਰੌਲਾ
ਹਰ ਕਿਸੇ ਦੇ ਹੱਥ ਤਲਵਾਰ ਹੋਈ।
ਜਦੋਂ ਦੇਸ ਦੇ ਜੱਟ ਸਰਦਾਰ ਹੋਏ
ਘਰੋ ਘਰ ਨਵੀਂ ਸਰਕਾਰ ਹੋਈ।
ਸੰਨ ਸੰਤਾਲੀ ਵਿਚ ਦੇਸ਼ ਦੇ ਬਟਵਾਰੇ ਸਮੇਂ ਹਿੰਦੂਆਂ-ਸਿੱਖਾਂ-ਮੁਸਲਮਾਨਾਂ ਦਰਮਿਆਨ ਹੋਏ ਵੱਢ-ਵਢਾਂਗੇ ਲਈ ‘ਰੌਲੇ’ ਸ਼ਬਦ ਰੂੜ੍ਹ ਹੋ ਗਿਆ। ਹੁਣ ਤਾਂ ਬਜ਼ੁਰਗ ਹੀ ਇਸ ਰੌਲੇ ਦੀਆਂ ਗੱਲਾ ਸੁਣਾਉਂਦੇ ਹਨ। ਰਾਮ ਕਹਾਣੀ ਵਾਂਗ ਇਕ ਸ਼ਬਦ ਜੁੱਟ ਰਾਮ ਰੌਲਾ ਹੈ ਜਿਸ ਦਾ ਮਤਲਬ ਆਪਾਧਾਪੀ ਹੈ। ਰਾਮਾਇਣ ਬਹੁਤ ਲੰਬੀ ਕਥਾ ਹੈ ਜਿਸ ਨੂੰ ਸੁਣਦੇ-ਸੁਣਦੇ ਕਈ ਬੋਰ ਹੋ ਜਾਂਦੇ ਹਨ। ਇਸ ਲਈ ਜੇਕਰ ਕੋਈ ਆਪਣੇ ਲੰਬੇ ਚੌੜੇ ਬੋਰੀਅਤ ਭਰੇ ਦੁਖੜੇ ਛੇੜ ਬੈਠੇ ਤਾਂ ਸਰੋਤੇ ਕਹਿ ਦਿੰਦੇ ਹਨ ਕਿ ਉਸ ਨੇ ਤਾਂ ਆਪਣੀ ਰਾਮ ਕਹਾਣੀ ਛੇੜ ਦਿੱਤੀ ਹੈ। ਦਰਅਸਲ ਰਾਮ ਰੌਲਾ ਵਿਚ ਵੀ ਕੁਝ ਆਪਾਧਾਪੀ ਜਿਹਾ ਭਾਵ ਹੈ ਯਾਨਿ ਆਪੋ ਆਪਣੀਆਂ ਮਾਰਨਾ। ਉਂਜ ਅੱਜ ਕਲ੍ਹ ਲਾਊਡ-ਸਪੀਕਰਾਂ ਰਾਹੀਂ ਲੋਕਾਂ ਦੇ ਕੰਨਾਂ ਵਿਚ ਦਿਨ ਰਾਤ ਏਨਾ ਪਾਠ ਤੁੰਨਿਆ ਜਾਂਦਾ ਹੈ ਕਿ ਇਹ ਸੱਚਮੁਚ ਰਾਮ ਰੌਲਾ ਹੀ ਲੱਗਣ ਲੱਗ ਪਿਆ ਹੈ। ਚਲਦੇ-ਚਲਦੇ ਇਹ ਗੱਲ ਵੀ ਦੱਸ ਦੇਈਏ ਕਿ ਪਾਠ ਦੇ ਸਬੰਧ ਵਿਚ ਭਾਈ ਜੋ ਰੌਲ ਲਾਉਂਦੇ ਹਨ, ਉਸ ਰੌਲ ਦਾ ਸਬੰਧ ਵੀ ਰੌਲਾ ਸ਼ਬਦ ਨਾਲ ਭਾਈਬੰਦੀ ਵਾਲਾ ਹੈ। ਜ਼ਰਾ ਇਸ ਦੀ ਵਰਤੋਂ ਦਾ ਨਮੂਨਾ ਦੇਖੀਏ, “ਪਰਿਵਾਰ ਦਾ ਸਾਰਾ ਇੱਕਠ ਪਾਠੀਆਂ ਦੁਆਲੇ ਹੀ ਰਿਹਾ ਜਦ ਕਿ ਗੁਰੂ ਅੰਦਰ ਇੱਕਲਾ ਹੀ ਲ੍ਹੇੜ ਕੇ ਰੌਲ ‘ਤੇ ਬੈਠੇ ਹੁੰਗਲਾ ਰਹੇ ਪਾਠੀ ਨਾਲ ਸਿੱਝਦਾ ਰਿਹਾ ਜਿਹੜਾ ਪਤਾ ਹੀ ਨਹੀ ਲਗਦਾ ਸੀ ਕਿ ਪੜ੍ਹ ਕੀ ਰਿਹਾ ਸੀ। ਵਿਚਾਲੇ ਜਿਹੇ ਬਾਬੇ ਖੁਦ ਆ ਕੇ ਵੀ ਚਰਨ ਪਾ ਗਏ।æææ”
‘ਕਾਂਵਾਂ ਰੌਲੀ’ ਸ਼ਬਦ ਜੁੱਟ ਕਾਂਵਾਂ ਦੇ ਵਤੀਰੇ ਤੋਂ ਬਣਿਆ ਹੈ ਪਰ ਇਹ ਸਭ ਤੋਂ ਵਧ ਬੰਦਿਆਂ ‘ਤੇ ਢੁਕਦਾ ਹੈ। ਵਿਚਲੀ ਗੱਲ ਇਹ ਹੈ ਕਿ ਰੌਲਾ ਸ਼ਬਦ ਪਿਛੇ ਆਵਾਜ਼ ਕੱਢਣ ਦਾ ਭਾਵ ਕੰਮ ਕਰ ਰਿਹਾ ਹੈ। ਮੂੰਹ ਵਿਚੋਂ ਕੋਈ ਵੀ ਧੁਨੀ ਕੱਢਣ ਦਾ ਮਕਸਦ ਹੁੰਦਾ ਹੈ- ਆਪਣੇ ਮਨ ਦੇ ਭਾਵ ਪ੍ਰਗਟ ਕਰਨੇ। ਭਾਵਾਂ ਦੀ ਵਿਸ਼ੇਸ਼ਤਾ ਕਈ ਪ੍ਰਕਾਰ ਦੀ ਹੋ ਸਕਦੀ ਹੈ, ਹੈਰਾਨੀਜਨਕ, ਸਨੇਹਪੂਰਨ, ਘ੍ਰਿਣਾਭਰੇ, ਕ੍ਰੋਧਮਈ ਇਤਿਆਦਿ। ਇਸ ਲਈ ਆਵਾਜ਼ ਕੱਢਣ ਦੇ ਅਰਥਾਵੇਂ ਬਹੁਤ ਸਾਰੇ ਸ਼ਬਦ ਅਕਸਰ ਭਾਵਾਂ ਨਾਲ ਵੀ ਓਤਪੋਤ ਹੋ ਜਾਂਦੇ ਹਨ। ਮਿਸਾਲ ਵਜੋਂ ਬੋਲਣਾ ਸ਼ਬਦ ਹੀ ਲੈ ਲਵੋ। ਇਸ ਦਾ ਅਰਥ ਨਿਰ੍ਹਾ ਮੂੰਹ ਵਿਚੋਂ ਆਵਾਜ਼ ਕੱਢਣਾ ਹੀ ਨਹੀਂ, ਕਈ ਵਾਰੀ ਕਿਸੇ ਖਾਸ ਲਹਿਜੇ ਜਾਂ ਭਾਵ ਨੂੰ ਪ੍ਰਗਟਾਉਂਦੇ ਸ਼ਬਦ ਕਢਣਾ ਵੀ ਹੋ ਜਾਂਦਾ ਹੈ। ‘ਹਮ ਬੋਲੇਂਗੇ ਤੋ ਬੋਲੋਗੇ ਕਿ ਬੋਲਤਾ ਹੈ’ ਉਕਤੀ ਵਿਚ ‘ਬੋਲਤਾ ਹੈ’ ਦਾ ਅਰਥ ਹੈ ਸਾਫਗੋਈ ਕਰਨਾ। ਆਪੋ ਵਿਚ ਨਾ ਬੋਲਣਾ ਦਾ ਮਤਲਬ ਹੈ ਲੜੇ ਹੋਏ ਹੋਣਾ। ਬੋਲਤੀ ਬੰਦ ਹੋਣਾ ਦਾ ਮਤਲਬ ਕਿਸੇ ਦੇ ਬਹੁਤ ਭੈਅ ਥੱਲੇ ਆ ਜਾਣਾ ਹੈ। ਹੋਰ ਮਿਸਾਲਾਂ ਪਾਠਕ ਆਪ ਲੱਭ ਸਕਦੇ ਹਨ। ਅਸੀਂ ਰੌਲਾ ਸ਼ਬਦ ਦੇ ਹੋਰ ਸੁਜਾਤੀ ਸ਼ਬਦਾਂ ਦੇ ਅਰਥਾਂ ਦੀ ਗੱਲ ਕਰਦੇ ਹੋਏ ਇਹ ਗੱਲ ਸਪੱਸ਼ਟ ਕਰਾਂਗੇ।
ਰੌਲਾ ਸ਼ਬਦ ਦਾ ਬੀਅ ਯਾਨਿ ਧਾਤੂ ‘ਰੂ’ ਹੈ ਜਿਸ ਵਿਚ ਆਵਾਜ਼ ਕੱਢਣ, ਚੀਕਣ, ਕੂਕਣ, ਦਹਾੜਨ, ਗਰਜਣ ਆਦਿ ਦੇ ਭਾਵ ਹਨ। ਇਸ ਤੋਂ ਇਕ ਸ਼ਬਦ ਬਣਿਆ ਹੈ ‘ਰਵ’ ਜਿਸ ਤੋਂ ਅੱਗੇ ‘ਰਵਲ’ ਸ਼ਬਦ ਵਿਕਸਿਤ ਹੋਇਆ। ‘ਵ’ ਧੁਨੀ ਅਕਸਰ ‘ਓ/ਔ’ ਵਿਚ ਬਦਲ ਜਾਂਦੀ ਹੈ ਜਿਵੇਂ ਚਾਵਲ= ਚੌਲ; ਸਾਵਣ= ਸੌਣ; ਖਾਵੰਦ= ਖੌਂਦ; ਰਾਵਣ= ਰੌਣ ਆਦਿ। ਰਵਲ ਸ਼ਬਦ ਦਾ ਅਰਥ ਸ਼ੋਰ ਹੀ ਹੁੰਦਾ ਹੈ ਭਾਵੇਂ ਇਸ ਅਰਥ ਵਿਚ ਇਹ ਹੁਣ ਚਲਦਾ ਨਹੀਂ। ਇਸ ਤੋਂ ਬਣੇ ਰਾਵੀ ਦਾ ਇਕ ਅਰਥ ਸੁਣਾਉਣ ਵਾਲਾ ਵੀ ਹੁੰਦਾ ਹੈ। ਰਵ ਤੋਂ ਨਿਰਮਿਤ ਰਾਵਲ ਸ਼ਬਦ ਦਾ ਇਕ ਅਰਥ ਹੈ- ਸ਼ੋਰ ਕਰਨ ਵਾਲੇ। ਅਲਖ ਦੀ ਧੁਨੀ ਨਾਲ ਮੰਗਣ ਵਾਲੇ ਜੋਗੀਆਂ ਦੇ ਇਕ ਫਿਰਕੇ ਨੂੰ ਵੀ ਰਾਵਲ ਕਹਿੰਦੇ ਹਨ, “ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ॥” -ਗੁਰੂ ਨਾਨਕ ਦੇਵ। ਇਥੇ ਇਹ ਸ਼ਬਦ ਅਰਬੀ ਰਮਲ ਤੋਂ ਬਣਿਆ ਵੀ ਦੱਸਿਆ ਜਾਂਦਾ ਹੈ ਪਰ ਮੇਰੇ ਖਿਆਲ ਵਿਚ ਇਹ ਦਰੁਸਤ ਨਹੀਂ। ਇਸ ਦੀ ਚਰਚਾ ਫਿਰ ਕਦੇ ਕਰਾਂਗੇ।
ਰਾਵਲ ਦਾ ਇਕ ਅਰਥ ਚੌਕੀਦਾਰ ਵੀ ਹੈ ਜੋ ਰਾਤ ਨੂੰ ਸ਼ੋਰ ਮਚਾ ਕੇ ਲੋਕਾਂ ਨੂੰ ਜਗਾਉਂਦਾ ਹੈ, “ਪਕੜ ਚਲਾਇਆ ਰਾਵਲੇ।” ਰਾਵਲਾ ਜਾਂ ‘ਰਾਵਲ-ਰੌਲਾ’ ਸ਼ਬਦ ਜੁੱਟ ਦਾ ਮਤਲਬ ਹੁੰਦਾ ਹੈ ਪ੍ਰੇਸ਼ਾਨ। ਪਰਾਕ੍ਰਿਤ ਵਿਚ ਰਵ ਦਾ ਅਰਥ ਸ਼ੋਰ, ਗਰਜ ਆਦਿ ਹੈ। ਪਰਾਕ੍ਰਿਤ ਵਿਚ ਹੀ ਇਸ ਦਾ ਹੁਲੀਆ ‘ਰੋਲ’ ਬਣ ਗਿਆ ਸੀ। ਰਵ ਤੋਂ ਬਣੇ ਸ਼ਬਦ ਰਵਣ ਦਾ ਅਰਥ ਗਾਇਣ, ਆਲਾਪ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਬਹੁਤ ਵਾਰੀ ਆਇਆ ਹੈ, “ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ॥”, “ਰਵਣ ਗੁਣਾ ਕਟੀਐ ਜਮ ਜਾਲਾ॥” -ਗੁਰੂ ਅਰਜਨ ਦੇਵ। ਇਸ ਦੇ ਗਾਉਣ ਦੇ ਅਰਥਾਂ ਤੋਂ ਇਹ ਸ਼ਬਦ ਗਾਉਣ ਵਾਲੇ ਪੰਛੀ ਦੀ ਹੈਸੀਅਤ ਵਿਚ ਕੋਇਲ ਲਈ ਵੀ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਵਿਚ ਇਕ ਸ਼ਬਦ ਰਵਈਆ ਵੀ ਆਉਂਦਾ ਹੈ ਜਿਸ ਦਾ ਅਰਥ ਬੋਲਦਾ, ਚੀਕਦਾ ਜਾਂ ਉਚਾਰਦਾ ਹੈ, “ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ॥” -ਗੁਰੂ ਰਾਮ ਦਾਸ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਰਵ ਤੋਂ ਬਣੇ ਅਨੇਕਾਂ ਹੋਰ ਸ਼ਬਦ ਵੀ ਹਨ। ਜਿਨ੍ਹਾਂ ਵਿਚੋਂ ਕੁਝ ਇਕ ਹਨ, ਰਾਵਓ, ਰਾਵਏ, ਰਾਵਣਹਾਰ, ਰਾਵੇਸੀ, ਰਾਵਿਅੜੀ, ਰਵੰਤਾ, ਰਵੰਨਿ, ਰਵਿਆਸ ਆਦਿ।
‘ਰੂ’ ਧਾਤੂ ਤੋਂ ਹੀ ਇਕ ਬਹੁਤ ਹੀ ਮਹੱਤਵਪੂਰਨ ਸ਼ਬਦ ‘ਰੌ’ ਬਣ ਗਿਆ ਜਿਸ ਵਿਚ ਰੋਣ ਦੇ ਭਾਵ ਹਨ। ਰੋਣਾ ਵੀ ਦਿਲ ਦੇ ਗੁਭ-ਗੁਭਾਟ ਕੱਢਣਾ ਹੀ ਹੈ। ਰੋਣਾ ਤੋਂ ਰੋਂਦੂ, ਰੋਣ, ਰੋਜ, ਰੋਣਹਾਕਾ, ਰੁਵਾਂਸਾ, ਰੋਵਣਹਾਰ ਆਦਿ ਸ਼ਬਦ ਬਣੇ ਹਨ। ਰੋਣਾ ਦਾ ਸੰਸਕ੍ਰਿਤ ਰੂਪ ‘ਰੁਦ’ ਹੈ। ਇਸ ਤੋਂ ਰੁਦਨ ਸ਼ਬਦ ਬਣਿਆ ਜਿਸ ਦਾ ਅਰਥ ਹੈ- ਮੋਏ ਵਿਅਕਤੀ ਦਾ ਸਿਆਪਾ ਕਰਨਾ। ਗੁਰਮਤਿ ਵਿਚ ਇਸ ਰੁਦਨ ਦਾ ਨਿਸੇæਧ ਹੈ- “ਮਰੇ ਸਿੱਖ ਤੇ ਕਰੇ ਕੜਾਹ। ਤਿਸ ਕੁਟੰਬ ਰੁਦਨੈ ਬਹੁ ਨਾਹ। ਤਜੈਂ ਸ਼ੋਕ ਸਭ ਅਨਦ ਬਢਾਇ। ਨਹਿ ਪੀਟੈਂ ਤ੍ਰਿਯ ਮਿਲ ਸਮੁਦਾਇ। ਪਢੈਂ ਸ਼ਬਦ ਕੀਰਤਨ ਕੋ ਕਰੈਂ। ਸੁਨੈ ਬੈਠ ਬੈਰਾਗ ਸੁ ਧਰੈਂ।”
ਰੁਦਨ ਮਨੁਖ ਅਤੇ ਹੋਰ ਜਾਨਵਰਾਂ ਦਾ ਇਕ ਸਦੀਵੀ ਭਾਵ ਹੈ। ਉਂਜ ਤਾਂ ਜਦ ਬੱਚਾ ਰੋਣਾ ਖਤਮ ਕਰਨ ‘ਤੇ ਹੁੰਦਾ ਹੈ ਤਾਂ ਉਹ ਰੀਂ ਰੀਂ ਜਾਂ ਰੇਈਂ ਰੇਈਂ ਕਰਦਾ ਹੈ। ਪਰ ਰੀਂ ਰੀਂ ਕਰਨ ਦਾ ਭਾਵ ਬੱਚੇ ਵਲੋਂ ਕਿਸੇ ਚੀਜ਼ ਖਾਸ ਤੌਰ ‘ਤੇ ਦੁਧ ਦੀ ਮੰਗ ਕਰਨਾ ਹੁੰਦਾ ਹੈ। ਬਿਨਾ ਰੋਏ ਮਾਂ ਵੀ ਕਿਹੜਾ ਦੁਧ ਦਿੰਦੀ ਹੈ। ਉਂਜ ਵੀ ‘ਰੀਂ ਰੀਂ ਕਰਨਾ’ ਦਾ ਅਰਥ ਬਹੁਤ ਅਧੀਨਗੀ ਨਾਲ ਕਿਸੇ ਚੀਜ਼ ਦੀ ਮੰਗ ਜ਼ਾਹਿਰ ਕਰਨਾ ਹੈ। ਕਹਿੰਦੇ ਹਨ, ਗਰੀਬ ਦਾ ਕੋਈ ਰੋਣਾ ਵੀ ਨਹੀਂ ਸੁਣਦਾ। ਰੋਣ ਦੀ ਭੂਤਕਾਲੀ ਕਿਰਿਆ ਕਾਵਿਕ ਸ਼ਬਦ ਰੁੰਨਾ ਵੀ ਹੈ, “ਨਾਨਕ ਰੁੰਨਾ ਬਾਬਾ ਜਾਣੀਐ ਜੋ ਰੋਵੇ ਲਾਏ ਪਿਆਰੋ॥” -ਗੁਰੂ ਨਾਨਕ ਦੇਵ। “ਇਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ।” ਕਾਦਰ ਯਾਰ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ,
ਤੇ ਤੁਹਮਤ ਅਜ਼ਗੈਬ ਦੀ ਬੁਰੀ ਹੁੰਦੀ
ਪੂਰਨ ਘਤ ਊਂਧੀ ਰੁੰਨਾ ਜ਼ਾਰ ਜ਼ਾਰੀ।
ਕਹਿੰਦਾ ਵੱਸ ਨਾ ਬਾਬਲਾ ਕੁਝ ਮੇਰੇ
ਤੁਹਾਡੀ ਮਾਪਿਆਂ ਦੀ ਗਈ ਮਤ ਮਾਰੀ।
ਰਾਮਾਇਣ ਦੇ ਖਲਨਾਇਕ ਰਾਵਣ ਦਾ ਨਾ ਕੌਣ ਨਹੀਂ ਜਾਣਦਾ। ‘ਮਹਾਨ ਕੋਸ਼’ ਅਨੁਸਾਰ ਰਾਵਣ ਸ਼ਬਦ ਦਾ ਅਰਥ ਵੈਰੀਆਂ ਨੂੰ ਰੁਆ ਦੇਣ ਵਾਲਾ ਹੈ। ਰਾਵ ਸ਼ਬਦ ਦਾ ਅਰਥ ਚੀਕਣਾ, ਦਹਾੜਨਾ ਆਦਿ ਹੈ, ਸੋ ਰਾਵਣ ਦਾ ਅਰਥ ਜੋ ਜਾਨਵਰਾਂ ਦੀ ਤਰ੍ਹਾਂ ਦਹਾੜਦਾ ਹੈ, ਵੀ ਹੋ ਸਕਦਾ ਹੈ। ਰਾਵਣ ਦੇ ਕਿਰਦਾਰ ‘ਤੇ ਇਹ ਵਿਸ਼ੇਸ਼ਣ ਢੁਕਦਾ ਹੈ। ‘ਰੂ’ ਧਾਤੂ ਤੋਂ ‘ਰੁਦਿਰ’ ਸ਼ਬਦ ਵੀ ਬਣਿਆ ਹੈ ਜਿਸ ਦਾ ਅਰਥ ਭਿਆਨਕ, ਭਿਅੰਕਰ, ਡਰਾਵਣਾ ਹੈ। ਸ਼ਿਵ ਨੂੰ ਰੁਦਿਰ ਕਿਹਾ ਗਿਆ ਹੈ ਕਿਉਂਕਿ ਉਸ ਦਾ ਇਕ ਰੂਪ ਅਜਿਹਾ ਹੈ। ਦਿਲਚਸਪ ਹੈ ਕਿ ਰਾਵਣ ਨੂੰ ਸ਼ਿਵ ਦਾ ਭਗਤ ਦੱਸਿਆ ਗਿਆ ਹੈ। ਭਿਆਨਕ ਦੇ ਅਰਥਾਂ ਵਿਚ ਰੁਦ ਸ਼ਬਦ ਦੀ ਵਰਤੋਂ ਦੇਖੋ, “ਤਿਨ ਤਰਿਓ ਸਮੁਦ੍ਰ ਰੁਦ੍ਰ ਖਿਨ ਇਕ ਮਹਿ।” ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰੌਲੇ ਦੇ ਭਾਈਬੰਦ ਸ਼ਬਦਾਂ ਵਿਚ ਕਈ ਤਰ੍ਹਾਂ ਦੇ ਭਾਵ ਸਮਾਏ ਹੋਏ ਹਨ।
ਰੌਲਾ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਹੈ ‘ਰeੁ’ ਦਾ ਅਰਥ ਬੈਠੀ ਅਵਾਜ਼ ਵਿਚ ਚੀਕਾਂ ਮਾਰਨਾ ਨਿਸ਼ਚਿਤ ਕੀਤਾ ਗਿਆ ਹੈ। ਇਸ ਤੋਂ ਬਣੇ ਲਾਤੀਨੀ, ਸਪੈਨਿਸ਼, ਇਤਾਲਵੀ, ਸਲੈਵਿਕ, ਲਿਥੂਏਨੀਅਨ ਭਾਸ਼ਾਵਾਂ ਵਿਚ ਸ਼ਬਦ ਮਿਲਦੇ ਹਨ। ਲਾਤੀਨੀ ਵਿਚ ਇਕ ਸ਼ਬਦ ਹੈ ਰਅੁਚੁਸ ਜਿਸ ਦਾ ਅਰਥ ਬੈਠਵੀਂ, ਭਾਰੀ (ਆਵਾਜ਼) ਹੈ। ਇਸ ਤੋਂ ਅੰਗਰੇਜ਼ੀ ਸ਼ਬਦ ਰਅੁਚੁਸ ਬਣਿਆ ਜਿਸ ਦਾ ਲਗਭਗ ਇਹੀ ਅਰਥ ਹੁੰਦਾ ਹੈ।

Be the first to comment

Leave a Reply

Your email address will not be published.