ਲੋਹੇ ਦੇ ਹੱਥ

ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਨੇ ਆਪਣੇ ਪਿੰਡ ਨੰਗਲ ਸ਼ਾਮਾ ਨਾਲ ਕੀਤੀਆਂ ਗੱਲਾਂ ਹਨ। ਇਹ ਅਸਲ ਵਿਚ ਨੰਗਲ ਸ਼ਾਮਾ ਦੀਆਂ ਗੱਲਾਂ ਵੀ ਨਹੀਂ, ਇਹ ਤਾਂ ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ, ਪਰ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਐਤਕੀਂ ‘ਲੋਹੇ ਦੇ ਹੱਥ’ ਨਾਂ ਦੇ ਅਧਿਆਇ ਵਿਚ ਉਹਨੇ ਆਪਣੇ ਪਿੰਡ ਦੇ ਲੁਹਾਰ ਅਰਜਨ ਸਿੰਘ ਦੇ ਬਹਾਨੇ ਕਿਰਤੀਆਂ ਦੀਆਂ ਗੱਲਾਂ ਕੀਤੀਆਂ ਹਨ; ਕਿਰਤ ਕਰਦਿਆਂ ਜਿਨ੍ਹਾਂ ਦੇ ਹੱਥ ਲੋਹੇ ਦੇ ਬਣ ਗਏ ਹੁੰਦੇ ਹਨ। -ਸੰਪਾਦਕ

ਦਲਬੀਰ ਸਿੰਘ
ਇਹ ਜ਼ਿਕਰ ਆ ਚੁੱਕਾ ਹੈ ਕਿ ਸਕੂਲ ਸਾਹਮਣੇ ਵਾਲੇ ਚੌਰਾਹੇ ਵਿਚੋਂ ਸੱਜੇ ਪਾਸੇ ਖੇਡ ਦਾ ਮੈਦਾਨ ਸੀ। ਇਸ ਵੇਲੇ ਇਸ ਪਾਸੇ ਦੀ ਫਿਰਨੀ ਕੱਢੀ ਗਈ ਹੈ। ਕਿਸੇ ਸਮੇਂ ਇਹ ਫਿਰਨੀ ਨਹੀਂ ਸੀ ਹੁੰਦੀ। ਸਿਰਫ਼ ਕੱਚਾ ਰਸਤਾ ਹੁੰਦਾ ਸੀ ਜਿਹੜਾ ਖੇਡ ਮੈਦਾਨ ਵਿਚੋਂ ਲੰਘਦਾ ਹੁੰਦਾ ਸੀ। ਬਾਬਿਆਂ ਦੀ ਕੰਧ ਤੋਂ ਅੱਗੇ ਹੀ ਬਾਕਾਇਦਾ ਪਰ ਕੱਚੀ ਫਿਰਨੀ ਸੀ। ਹੁਣ ਇਹ ਫਿਰਨੀ ਪੱਕੀ ਕਰ ਦਿਤੀ ਗਈ ਹੈ।
ਸਕੂਲ ਦੀ ਮਗਰਲੀ ਕੰਧ ਦੇ ਪਿਛਲੇ ਪਾਸੇ ਉਹ ਥਾਂ ਹਾਲੇ ਵੀ ਖਾਲੀ ਪਈ ਸੀ ਜਿਥੇ ਕਿਸੇ ਵੇਲੇ ਲੁਹਾਰਾਂ ਦੇ ਅਰਜਨ ਸਿੰਘ ਦਾ ਖਰਾਸ ਹੁੰਦਾ ਸੀ। ਖਰਾਸ ਦੇ ਨਾਲ ਵਾਲਾ ਥਾਂ ਵੀ ਖਾਲੀ ਪਿਆ ਹੁੰਦਾ ਸੀ। ਇਸ ਖਾਲੀ ਥਾਂ ਉਤੇ ਅਕਸਰ ਪਿੰਡ ਦੀਆਂ ਸੁਆਣੀਆਂ ਪਾਥੀਆਂ ਪੱਥਦੀਆਂ ਹੁੰਦੀਆਂ ਸਨ। ਅਰਜਨ ਸਿੰਘ ਪਿੰਡ ਦਾ ਬਹੁਤ ਮਿਹਨਤੀ ਲੁਹਾਰ ਹੁੰਦਾ ਸੀ। ਕੱਦ ਦਾ ਭਾਵੇਂ ਛੋਟਾ ਸੀ ਪਰ ਸਰੀਰ ਉਸ ਦਾ ਬਹੁਤ ਗੱਠਿਆ ਹੋਇਆ ਸੀ। ਉਸ ਦੇ ਹੱਥਾਂ ਦੀਆਂ ਉਂਗਲਾਂ ਉਸ ਦੇ ਲਗਾਤਾਰ ਸਖ਼ਤ ਕੰਮ ਕਰਨ ਕਾਰਨ ਬਹੁਤ ਖੁਰਦਰੀਆਂ ਹੋ ਗਈਆਂ ਸਨ। ਮੈਂ ਕਈ ਵਾਰੀ ਉਸ ਦੀਆਂ ਉਂਗਲਾ ਵੇਖ ਕੇ ਹੈਰਾਨ ਹੁੰਦਾ ਸਾਂ। ਇਹ ਮਿਹਨਤੀ ਅਤੇ ਸਿਰੜੀ ਕਾਮੇ ਦੀਆਂ ਉਂਗਲਾਂ ਸਨ।
ਉਸ ਦੇ ਖਰਾਸ ਦੀ ਉਦੋਂ ਤਕ ਕਾਫ਼ੀ ਵਰਤੋਂ ਹੁੰਦੀ ਰਹੀ ਸੀ ਜਦੋਂ ਤਕ ਹਰੀਜਨਾਂ ਦੇ ਦੌਲਤੀ ਨੇ ਬਿਜਲੀ ਨਾਲ ਚੱਲਣ ਵਾਲੀ ਚੱਕੀ ਨਹੀਂ ਸੀ ਲਾ ਲਈ। ਇਹ ਸਾਡੇ ਪਿੰਡ ਦੀ ਦੀ ਪਹਿਲੀ ਚੱਕੀ ਸੀ। ਆਮ ਤੌਰ ‘ਤੇ ਪਿੰਡ ਦੇ ਜੱਟ ਆਪਣੇ ਬਲਦਾਂ ਦੀ ਜੋੜੀ ਲੈ ਕੇ ਖਰਾਸ ਦੀ ਗਾਧੀ ਅੱਗੇ ਜੋੜ ਲੈਂਦੇ ਤੇ ਆਪਣਾ ਆਟਾ ਪੀਹ ਕੇ ਲੈ ਜਾਂਦੇ। ਲਗਭਗ ਹਰ ਘਰ ਵਿਚ ਭਾਵੇਂ ਹੱਥ ਨਾਲ ਚੱਲਣ ਵਾਲੀ ਚੱਕੀ ਹੁੰਦੀ ਸੀ, ਫਿਰ ਵੀ ਖਰਾਸ ਦੀ ਸਹੂਲਤ ਨੇ ਸੁਆਣੀਆਂ ਦੇ ਕੰਮ ਵਿਚ ਕਮੀ ਕਰ ਦਿਤੀ ਸੀ। ਜ਼ਰੂਰੀ ਨਹੀਂ ਸੀ ਕਿ ਜਦੋਂ ਕੋਈ ਬੰਦਾ ਖਰਾਸ ਦੀ ਵਰਤੋਂ ਕਰ ਰਿਹਾ ਹੋਵੇ, ਉਸ ਵੇਲੇ ਅਰਜਨ ਸਿੰਘ ਹਾਜ਼ਰ ਹੋਵੇ, ਇਸ ਲਈ ਮੈਨੂੰ ਨਹੀਂ ਪਤਾ ਕਿ ਖਰਾਸ ਵਰਤਣ ਬਦਲੇ ਉਸ ਨੂੰ ਕੁਝ ਮਿਲਦਾ ਸੀ ਜਾਂ ਨਹੀਂ। ਇੰਨਾ ਜ਼ਰੂਰ ਪਤਾ ਹੈ ਕਿ ਖਰਾਸ ਦੀ ਵਰਤੋਂ ਉਤੇ ਕਦੀ ਕਿਸੇ ਨੂੰ ਟੋਕਿਆ ਨਹੀਂ ਸੀ ਗਿਆ। ਕੋਹਲੂ ਵਾਂਗ ਹੀ ਖਰਾਸ ਬਾਰੇ ਵੀ ਸ਼ਾਇਦ ਮੇਰੀ ਬੇਟੀ ਵਾਂਗ, ਬਹੁਤ ਸਾਰੇ ਪਾਠਕਾਂ ਨੂੰ ਪਤਾ ਨਾ ਹੋਵੇ। ਕੋਹਲੂ ਦੇ ਬੈਲ ਵਾਂਗ ਇਕ ਚੱਕਰ ਵਿਚ ਘੁੰਮਦੇ ਰਹਿਣ ਦੇ ਮੁਹਾਵਰੇ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਕੋਹਲੂ ਐਸੀ ਮਸ਼ੀਨ ਹੁੰਦੀ ਸੀ ਜਿਸ ਨੂੰ ਗੇੜ ਕੇ ਆਮ ਤੌਰ ‘ਤੇ ਸਰ੍ਹੋਂ ਦਾ ਤੇਲ ਕੱਢਿਆ ਜਾਂਦਾ ਸੀ। ਉਂਜ ਕਿਸੇ ਵੀ ਕਿਸਮ ਦੇ ਤੇਲ ਦੀ ਕਸ਼ੀਦਗੀ ਕੋਹਲੂ ਰਾਹੀਂ ਹੋ ਸਕਦੀ ਸੀ। ਖ਼ਰਾਸ ਵੀ ਉਸੇ ਤਰ੍ਹਾਂ ਹੀ ਗੇੜਿਆ ਜਾਂਦਾ ਸੀ ਜਿਵੇਂ ਕੋਹਲੂ ਜਾਂ ਖੂਹ।
ਖੂਹ ਦਾ ਪਾਣੀ ਕੱਢਣ ਲਈ ਵੀ ਬਲਦ ਇਕ ਚੱਕਰ ਵਿਚ ਘੁੰਮਦੇ ਸਨ। ਖੂਹ ਗੇੜਦੇ ਸਮੇਂ ਦੋ ਗਰਾਰੀਆਂ ਦੇ ਦੰਦੇ ਆਪਸ ਵਿਚ ਫਸ ਕੇ ਸ਼ਾਫਟ ਰਾਹੀਂ ਮਾਲ੍ਹ ਨੂੰ ਗੇੜਦੇ ਸਨ ਪਰ ਕੋਹਲੂ ਅਤੇ ਖਰਾਸ ਵਿਚ ਗਰਾਰੀਆਂ ਨਹੀਂ, ਸਗੋਂ ਬਲਦਾਂ ਦੇ ਚੱਕਰ ਦੇ ਘੇਰੇ ਅੰਦਰ ਪਿਆ ਭਾਰੀ ਪੱਥਰ ਘੁੰਮਦਾ ਸੀ। ਗੰਡ ਵਿਚ ਲਾਊਡ ਸਪੀਕਰ ਵਰਗਾ ਕੁੱਪਾ ਹੁੰਦਾ ਸੀ ਜਿਸ ਵਿਚ ਦਾਣੇ ਪਾ ਦਿੱਤੇ ਜਾਂਦੇ ਸਨ। ਇਹ ਦਾਣੇ ਹੌਲੀ-ਹੌਲੀ ਗੰਡ ਵਿਚ ਡਿਗਦੇ ਜਾਂਦੇ ਸਨ ਅਤੇ ਦੋਹਾਂ ਪੱਥਰਾਂ ਵਿਚਾਲੇ ਘਿਸੜਨ ਵਿਚ ਆ ਕੇ ਪੀਸੇ ਜਾਂਦੇ ਸਨ। ਇਕ ਪਾਸੇ ਪੀਪਾ ਰੱਖਿਆ ਹੁੰਦਾ ਸੀ ਜਿਸ ਵਿਚ ਆਟਾ ਆਈ ਜਾਂਦਾ ਸੀ। ਸਾਡੇ ਪਿੰਡ ਦਾ ਇਹ ਪਹਿਲਾ ਅਤੇ ਇਕੋ-ਇਕ ਖਰਾਸ ਸੀ ਜਿਹੜਾ ਬਿਜਲੀ ਨਾਲ ਚੱਲਣ ਵਾਲੀ ਚੱਕੀ ਚਾਲੂ ਹੋਣ ਮਗਰੋਂ ਬੇਕਾਰ ਹੋ ਗਿਆ ਸੀ। ਇਸ ਲਈ ਅਰਜਨ ਸਿੰਘ ਨੇ ਚੱਕੀ ਦੇ ਪੁੜ ਚੁੱਕ ਕੇ ਖਰਾਸ ਵਾਲੀ ਥਾਂ ਖਾਲੀ ਕਰ ਦਿੱਤੀ ਸੀ। ਖਰਾਸ ਦੇ ਨਾਲ ਹੀ ਉਸ ਦੀ ਭੱਠੀ ਹੁੰਦੀ ਸੀ, ਜਿੱਥੇ ਉਸ ਦਾ ਸਵਾ ਮਣ ਪੱਕੇ ਦਾ ਅਹਿਰਨ ਹੁੰਦਾ ਸੀ। ਭੱਠੀ ਨੂੰ ਹਵਾ ਦੇਣ ਲਈ ਉਸ ਕੋਲ ਰਬੜ ਦਾ ਬਣਿਆ ਭਬਕਾ ਹੁੰਦਾ ਸੀ। ਇਕ ਜਣਾ ਇਸ ਭਬਕੇ ਉਤੇ ਲੱਗੇ ਦਸਤੇ ਨੂੰ ਚੁੱਕ ਕੇ ਉਪਰ ਕਰਦਾ ਸੀ ਜਿਸ ਨਾਲ ਉਸ ਵਿਚ ਹਵਾ ਭਰ ਜਾਂਦੀ ਸੀ। ਫਿਰ ਇਹ ਭਬਕਾ ਹੇਠਾਂ ਨੂੰ ਧੱਕਿਆ ਜਾਂਦਾ ਸੀ। ਹਵਾ ਭੱਠੀ ਵਿਚਲੇ ਕੋਲਿਆਂ ਨੂੰ ਮਘਾ ਕੇ ਲਾਲ ਕਰਦੀ ਸੀ।
ਕੋਲਿਆਂ ਵਿਚ ਪਿਆ ਲੋਹਾ ਜਦੋਂ ਐਨ ਕੋਲਿਆ ਵਾਂਗ ਹੀ ਗਰਮ ਤੇ ਲਾਲ ਹੋ ਜਾਂਦਾ ਸੀ ਤਾਂ ਉਹ ਸੰਨ੍ਹੀ ਨਾਲ ਚੁੱਕ ਕੇ ਇਸ ਨੂੰ ਅਹਿਰਨ ਉਤੇ ਰੱਖ ਦਿੰਦਾ ਸੀ। ਫ਼ਿਰ ਕੋਈ ਗੱਭਰੂ ਜਿਸ ਦੀ ਦਾਤਰੀ ਜਾਂ ਖੁਰਪਾ ਜਾਂ ਕਹੀ ਤਿਆਰ ਕਰਨੀ ਹੁੰਦੀ ਸੀ, ਉਸ ‘ਤੇ ਵਦਾਣ ਨਾਲ ਸੱਟਾਂ ਮਾਰਦਾ ਸੀ। ਅਰਜਨ ਸਿੰਘ ਦੇ ਉਸਤਾਦ ਹੱਥ ਗਰਮ ਲੋਹੇ ਨੂੰ ਜ਼ਰੂਰਤ ਮੁਤਾਬਕ ਘੁਮਾਈ ਜਾਂਦੇ ਸਨ।
ਇਸ ਤਰ੍ਹਾਂ ਵਾਰ-ਵਾਰ ਗਰਮ ਕਰ ਕੇ ਵਾਰ-ਵਾਰ ਸੱਟਾਂ ਮਾਰੀਆਂ ਜਾਂਦੀਆਂ ਸਨ। ਆਖਰ ਜਦੋਂ ਲੋਹਾ ਲੋੜੀਂਦਾ ਰੂਪ ਧਾਰਨ ਕਰ ਜਾਂਦਾ ਸੀ ਤਾਂ ਅਰਜਨ ਸਿੰਘ ਆਖਰੀ ਛੋਹਾਂ ਖੁਦ ਆਪਣੀ ਭਾਰੀ ਹਥੌੜੀ ਨਾਲ ਸੱਟਾਂ ਮਾਰ ਕੇ ਦਿਆ ਕਰਦਾ ਸੀ।
ਮੇਰੇ ਦਾਦਾ ਜੀ ਭਾਵੇਂ ਤਰਖਾਣਾ ਕੰਮ ਕਰਦੇ ਸਨ ਤੇ ਕਦੇ-ਕਦੇ ਛੋਟੀ ਭੱਠੀ ਉਤੇ ਲੋਹਾ ਗਰਮ ਕਰ ਕੇ ਲੋਹੇ ਦਾ ਛੋਟਾ-ਮੋਟਾ ਕੰਮ ਵੀ ਕਰ ਲੈਂਦੇ ਸਨ ਪਰ ਲੋਹੇ ਦਾ ਅਸਲ ਕੰਮ ਅਰਜਨ ਸਿਘ ਦੀ ਭੱਠੀ ਉਤੇ ਹੀ ਹੁੰਦਾ ਸੀ। ਛੋਟੇ ਹੁੰਦਿਆਂ ਅਸੀਂ ਕਈ ਵਾਰੀ ਸ਼ੋਕ-ਸ਼ੌਕ ਵਿਚ ਭੱਠੀ ਵਿਚ ਹਵਾ ਮਾਰਨ ਦਾ ਕੰਮ ਕਰਦੇ ਸਾਂ। ਰਤਾ ਕੁ ਵੱਡੇ ਹੋਏ ਤਾਂ ਵਦਾਣ ਚਲਾਉਣ ਦਾ ਕੰਮ ਵੀ ਕਈ ਵਾਰੀ ਕੀਤਾ ਪਰ ਬਹੁਤੀ ਵਾਰੀ ਇਹ ਕੰਮ ਉਸੇ ਕਿਸਾਨ ਨੂੰ ਕਰਨਾ ਪੈਂਦਾ ਸੀ ਜਿਸ ਦਾ ਕੋਈ ਸੰਦ-ਸੰਦੌੜ ਤਿਆਰ ਕਰਨਾ ਹੁੰਦਾ ਸੀ।
ਮਗਰੋਂ ਜਾ ਕੇ ਅਰਜਨ ਸਿੰਘ ਨੇ ਸਾਈਕਲ ਦਾ ਪਹੀਆ ਲੈ ਕੇ ਉਸ ਦੇ ਐਨ ਵਿਚਕਾਰ ਹੈਂਡਲ ਲਾ ਲਿਆ ਅਤੇ ਉਸ ਨੂੰ ਦੋ ਮੁੰਨਿਆਂ ਉਤੇ ਖੜ੍ਹਾ ਕਰ ਲਿਆ। ਪਹੀਏ ਦੇ ਰਿੰਗ ਦੁਆਲੇ ਟਾਇਰਾਂ ਦੇ ਪਟੇ ਦੀ ਮਾਲ੍ਹ ਲੰਘਾ ਕੇ ਅੱਗੇ ਭੱਠੀ ਵਿਚ ਹਵਾ ਦੇਣ ਵਾਲੇ ਪੱਖੇ ਨਾਲ ਬੱਝੀ ਛੋਟੀ ਚੱਕਰੀ ਵਿਚ ਦੀ ਘੁਮਾ ਦਿੱਤੀ। ਹੁਣ ਭੱਠੀ ਵਿਚ ਦੀ ਹਵਾ ਮਾਰਨੀ ਸੁਖਾਲੀ ਹੋ ਗਈ ਸੀ। ਸਾਈਕਲ ਦੇ ਰਿੰਗ ਨੂੰ ਸਿਰਫ਼ ਗੋਲ ਚੱਕਰ ਵਿਚ ਘੁੰਮਾਉਣ ਦੀ ਜ਼ਰੂਰਤ ਹੁੰਦੀ ਸੀ ਕਿ ਭੱਠੀ ਵਿਚ ਲਗਾਤਾਰ ਹਵਾ ਜਾਂਦੀ ਰਹਿੰਦੀ ਸੀ। ਇਹ ਤਰੀਕਾ ਸੌਖਾ ਵੀ ਸੀ ਅਤੇ ਇਸ ਨਾਲ ਹਵਾ ਵੀ ਚੰਗੀ ਤਰ੍ਹਾਂ ਲਗਦੀ ਸੀ।
ਇਸੇ ਅਰਜਨ ਸਿੰਘ ਦਾ ਆਪਣੇ ਹੱਥੀਂ ਬਣਾਇਆ ਸਾਈਕਲ ਉਨ੍ਹੀਂ ਦਿਨੀਂ ਉਸ ਦੇ ਕਾਰਖਾਨੇ ਵਿਚ ਕਿੱਲੀ ਉਤੇ ਲਟਕਿਆ ਹੁੰਦਾ ਸੀ। ਇਸ ਦੇ ਚੱਕੇ ਆਮ ਸਾਈਕਲਾਂ ਨਾਲੋਂ ਵੱਡੇ ਸਨ। ਅਸੀਂ ਉਸ ਸਾਈਕਲ ਦੀ ਵਰਤੋਂ ਹੁੰਦੀ ਕਦੇ ਨਹੀਂ ਦੇਖੀ ਪਰ ਬਜ਼ੁਰਗ ਦੱਸਦੇ ਸਨ ਕਿ ਅਰਜਨ ਸਿੰਘ ਇਸ ਸਾਈਕਲ ਉਤੇ ਸਵਾਰ ਹੋ ਕੇ ਕਈ ਵਾਰੀ ਚਿੰਤਪੁਰਨੀ ਮਾਤਾ ਦੇ ਮੰਦਰ ਜਾ ਆਇਆ ਸੀ। ਚਿੰਤਪੁਰਨੀ ਦਾ ਮੰਦਰ ਸਾਡੇ ਪਿੰਡ ਤੋਂ ਚਾਲੀ-ਪੰਜਾਹ ਕਿਲੋਮੀਟਰ ਤਾਂ ਹੋਵੇਗਾ ਹੀ। ਦਿਲਚਸਪ ਗੱਲ ਇਹ ਸੀ ਕਿ ਉਸ ਸਾਈਕਲ ਵਿਚ ਸਾਰੇ ਦੇ ਸਾਰੇ ਪੁਰਜ਼ੇ ਖੁਦ ਉਸ ਨੇ ਆਪਣੇ ਕਰਖਾਨੇ ਵਿਚ ਹੀ ਬਣਾਏ ਸਨ। ਇਹ ਸਾਈਕਲ ਕਿਥੇ ਗਿਆ, ਇਸ ਦਾ ਕਿਸੇ ਨੂੰ ਪਤਾ ਨਹੀਂ। ਉਦੋਂ ਇੰਨੀ ਅਕਲ ਨਹੀਂ ਸੀ, ਅੱਜ ਸੋਚਦਾ ਹਾਂ ਕਿ ਜੇ ਉਹ ਸਾਂਭ ਲਿਆ ਹੁੰਦਾ ਤਾਂ ਅੱਜ ਉਹ ਅਜਾਇਬ ਘਰ ਵਿਚ ਹੁੰਦਾ ਪਰ ਵੇਲਾ ਹੀ ਲੰਘ ਗਿਆ।
ਜਿਨ੍ਹੀਂ ਦਿਨੀਂ ਮੈਂ ਜਵਾਨੀ ਵਿਚ ਪੈਰ ਧਰ ਰਿਹਾ ਸੀ, ਅਰਜਨ ਸਿੰਘ ਦਾ ਕਾਰਖਾਨਾ ਆਮ ਤੌਰ ‘ਤੇ ਵਿਹਲਾ ਹੀ ਹੁੰਦਾ ਸੀ। ਖਰਾਸ ਦੇ ਪੁੜਾਂ ਵਿਚੋਂ ਇਕ ਤਾਂ ਸਾਬਤ ਹੀ ਪਿਆ ਸੀ ਪਰ ਇਕ ਦੇ ਦੋ ਟੋਟੇ ਹੋ ਚੁੱਕੇ ਸਨ। ਜ਼ੋਰ ਕਰਨ ਵਾਲੇ ਮੁੰਡੇ ਉਸ ਦੇ ਅਹਿਰਨ ਨੂੰ ਚੁੱਕ ਕੇ ਆਪਣੀ ਤਾਕਤ ਦਾ ਵਿਖਾਵਾ ਕਰਦੇ। ਅਹਿਰਨ ਤਾਂ ਬਹੁਤ ਸਾਰੇ ਮੁੰਡੇ ਚੁੱਕ ਲੈਂਦੇ ਸਨ। ਫ਼ਰਕ ਸਿਰਫ਼ ਇੰਨਾ ਸੀ, ਕਈ ਮਸਾਂ ਗੋਡਿਆਂ ਜਾਂ ਢਿੱਡ ਤੱਕ ਲਿਜਾ ਸਕਦੇ ਸਨ ਪਰ ਕੁਝ ਤਕੜੇ ਮੁੰਡੇ ਉਸ ਨੂੰ ਦੋਹਾਂ ਬਾਹਾਂ ਦੇ ਭਾਰ ਨਾਲ ਸਿਰ ਦੇ ਉਤੋਂ ਦੀ ਤੋਲ ਦਿੰਦੇ ਸਨ। ਨਿੱਕੇ ਹੁੰਦਿਆਂ ਇਕ ਵਾਰੀ ਗਿਰਧਾਰੀ ਭਲਵਾਨ ਨੂੰ ਅੱਧਾ ਪੁੜ ਦੋਹਾਂ ਬਾਹਾਂ ਵਿਚ ਚੁੱਕ ਕੇ ਕੁਝ ਕਦਮ ਤੁਰਦੇ ਦੇਖਿਆ ਸੀ। ਉਸ ਤੋਂ ਬਾਅਦ ਕੋਈ ਇਕੱਲਾ ਬੰਦਾ ਉਸ ਪੁੜ ਨੂੰ ਨਹੀਂ ਸੀ ਚੁੱਕ ਸਕਿਆ। ਹਾਂ, ਦੋ ਮੁੰਡੇ ਦੋਹੀਂ ਪਾਸੀਂ ਹੱਥਾ ਪਾ ਕੇ ਉਸ ਅੱਧੇ ਪੁੜ ਨੂੰ ਜ਼ਰੂਰ ਚੁੱਕ ਲੈਂਦੇ ਸਨ। ਇਸ ਤਰ੍ਹਾਂ ਅਰਜਨ ਸਿੰਘ ਦਾ ਕਾਰਖਾਨਾ ਤੇ ਅਰਜਨ ਸਿੰਘ ਦਾ ਖਰਾਸ ਪਿੰਡ ਦੇ ਨੌਜਵਾਨਾਂ ਦੇ ਸ਼ਕਤੀ ਪ੍ਰਦਰਸ਼ਨ ਦੀ ਥਾਂ ਬਣ ਗਿਆ ਸੀ।
ਪਰ ਇਹ ਦੋਵੇਂ ਖਤਮ ਕਿਉਂ ਹੋ ਗਏ?æææ ਬੇਟੀ ਦੇ ਇਸ ਸਵਾਲ ਦੇ ਜਵਾਬ ਵਿਚ ਮੈਂ ਉਸ ਨੂੰ ਤਕਨੀਕ ਦੇ ਵਿਕਾਸ ਕਰਨ ਨਾਲ ਪੁਰਾਣੀਆਂ ਤਕਨੀਕਾਂ ਦੇ ਵੇਲਾ ਵਿਹਾ ਜਾਣ ਦੀ ਕਹਾਣੀ ਦੱਸਦਾ ਹਾਂ। ਮੈਂ ਦੱਸਦਾ ਹਾਂ ਕਿ ਉਸ ਦੀ ਕਿਤਾਬ ਵਿਚ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇਕ ਸਵਾਰ’ ਤਕਨੀਕ ਦੇ ਵਿਕਾਸ ਦੇ ਮੁਕਾਬਲੇ ਪੁਰਾਣੀ ਤਕਨੀਕ ਦੇ ਹਾਰ ਜਾਣ ਦੀ ਉਦਾਹਰਣ ਹੈ। ਕਿਵੇਂ ਇਸ ਕਹਾਣੀ ਵਿਚਲਾ ਤਾਂਗੇ ਵਾਲਾ ਵੱਧ ਤੋਂ ਵੱਧ ਸਵਾਰੀਆਂ ਹਾਸਲ ਕਰਨ ਲਈ ਅੱਡੇ ਵਿਚ ਹੀ ਚੱਕਰ ਲਾਈ ਜਾਂਦਾ ਹੈ। ਇੰਨੇ ਨੂੰ ਬੱਸ ਆ ਜਾਂਦੀ ਹੈ ਅਤੇ ਸਵਾਰੀਆਂ ਉਤਰ ਕੇ ਬੱਸ ਵਿਚ ਚੜ੍ਹ ਜਾਂਦੀਆਂ ਹਨ। ਤਾਂਗੇ ਵਾਲਾ ਫਿਰ ‘ਕੋਈ ਇਕ ਸਵਾਰ’ ਦੀ ਹੇਕ ਲਾਉਣ ਲਗਦਾ ਹੈ।
ਮੈਂ ਦੱਸਦਾ ਹਾਂ ਕਿ ਇਸ ਵੇਲੇ ਖੰਨੇ ਅਤੇ ਮੰਡੀ ਗੋਬਿੰਦਗੜ੍ਹ ਵਿਚ ਇਕ ਵੀ ਤਾਂਗਾ ਦਿਖਾਈ ਨਹੀਂ ਦਿੰਦਾ। ਸਿਰਫ਼ ਖੰਨੇ ਅਤੇ ਮੰਡੀ ਗੋਬਿੰਦਗੜ੍ਹ ਹੀ ਨਹੀਂ, ਹੁਣ ਤਾਂ ਪੰਜਾਬ ਦੇ ਕਿਸੇ ਪਿੰਡ ਵਿਚ ਵੀ ਤਾਂਗਾ ਨਹੀਂ ਦਿਸਦਾ। ਕਿਸੇ ਅਜਾਇਬ ਘਰ ਵਿਚ ਪਿਆ ਹੋਵੇ ਤਾਂ ਪਿਆ ਹੋਵੇ। ਇਸ ਦੀ ਥਾਂ ਹੁਣ ਤਾਂ ਕਾਰਾਂ ਦੀ ਇੰਨੀ ਭਰਮਾਰ ਹੈ ਕਿ ਉਨ੍ਹਾਂ ਦੀਆਂ ਸਭ ਕਿਸਮਾਂ ਦੇ ਨਾਂ ਤੱਕ ਵੀ ਚੇਤੇ ਨਹੀਂ ਹਨ। ਵਿਆਹ ਸ਼ਾਦੀਆਂ ਦੇ ਮੌਕੇ ਵਧੀਆ ਤੋਂ ਵਧੀਆ ਕਾਰ ਵਿਚ ਡੋਲੀ ਲਿਆਂਦੀ ਜਾਂਦੀ ਹੈ। ਕਈ ਥਾਂ ਤਾਂ ਲਿਮੋਜ਼ੀਨ ਵੀ ਮਿਲ ਜਾਂਦੀਆਂ ਹਨ।
ਮੇਰੀ ਬੇਟੀ ਇਹ ਸੁਣ ਕੇ ਹੈਰਾਨ ਹੈ ਕਿ ਮੇਰੀ ਸੁਰਤ ਤੱਕ ਵੀ ਸਾਡੇ ਪਿੰਡ ਵਿਚ ਵਿਆਹ ਵਾਲੀਆਂ ਦੋ ਬਲਦਾਂ ਵਾਲੀਆਂ ਐਸੀਆਂ ਗੱਡੀਆਂ ਸਨ ਜਿਨ੍ਹਾਂ ਦਾ ਜ਼ਿਕਰ ਲੋਕ ਗੀਤਾਂ ਵਿਚ ਆਉਂਦਾ ਹੈ। ਇਹ ਸਾਧਾਰਨ ਗੱਡੇ ਵਰਗੀਆਂ ਪਰ ਆਕਾਰ ਵਿਚ ਛੋਟੀਆਂ ਹੁੰਦੀਆਂ ਹਨ। ਇਨ੍ਹਾਂ ਉਤੇ ਬਾਂਸ ਦੀਆਂ ਛਿੱਪਰਾਂ ਮੋੜ ਕੇ ਛਤਰੀ ਬਣਾਈ ਹੁੰਦੀ ਸੀ। ਇਨ੍ਹਾਂ ਉਤੇ ਕੱਪੜੇ ਪਾਉਣ ਨਾਲ ਇਹ ਚਾਰੇ ਪਾਸੇ ਤੋਂ ਢਕੀਆਂ ਜਾਂਦੀਆਂ ਸਨ। ਚੇਤੇ ਵਿਚੋਂ ਵਿੱਸਰ ਗਿਆ ਹੈ ਕਿ ਕਿਸ-ਕਿਸ ਦੀ ਜੰਜ ਸੀ, ਪਰ ਇਕ ਜਾਂ ਦੋ ਵਿਆਹਾਂ ਵਿਚ ਪਿੰਡੋਂ ਗਈ ਜੰਜ ਨਾਲ ਇਹ ਗੱਡੀਆਂ ਵੀ ਸ਼ਿੰਗਾਰ ਕੇ ਲਿਜਾਈਆਂ ਗਈਆਂ ਸਨ ਤੇ ਦੁਲਹਨਾਂ ਨੂੰ ਇਨ੍ਹਾਂ ਵਿਚ ਬਿਠਾ ਕੇ ਲਿਆਂਦਾ ਗਿਆ ਸੀ।
ਉਸ ਦਿਨ ਬੇਟੀ ਨੂੰ ਸਮਝ ਨਹੀਂ ਸੀ ਆਈ ਕਿ ਮੈਂ ਕੀ ਕਹਿ ਰਿਹਾ ਹਾਂ ਅਤੇ ਗੱਡੀ ਤੋਂ ਮੇਰੀ ਕੀ ਮੁਰਾਦ ਹੈ, ਪਰ ਕੁਝ ਮਹੀਨੇ ਮਗਰੋਂ ਟੈਲੀਵਿਜ਼ਨ ਉਤੇ ਆਈ ‘ਮਦਰ ਇੰਡੀਆ’ ਫ਼ਿਲਮ ਵਿਚ ਮੈਂ ਉਸ ਨੂੰ ਦਿਖਾਇਆ ਕਿ ਗੱਡੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸਨ। ਉਂਜ, ਮੈਂ ਸਮਝਾਉਣ ਉਤੇ ਵੀ ਇਹ ਨਹੀਂ ਸਾਂ ਸਮਝਾ ਸਕਿਆ ਕਿ ਖਰਾਸ ਕਿਸ ਤਰ੍ਹਾਂ ਦਾ ਹੁੰਦਾ ਸੀ ਅਤੇ ਅਰਜਨ ਸਿੰਘ ਦੀ ਭੱਠੀ ਕਿਸ ਤਰ੍ਹਾਂ ਹੁੰਦੀ ਸੀ। ਕਾਰਨ ਇਹ ਸੀ ਕਿ ਹੁਣ ਉਥੇ ਨਾ ਤਾਂ ਖਰਾਸ ਹੈ ਤੇ ਨਾ ਹੀ ਭੱਠੀ। ਉਸ ਦੀ ਥਾਂ ਨੂੰ ਹੁਣ ਚਾਰ ਦੀਵਾਰੀ ਨਾਲ ਵਗਲਿਆ ਹੋਇਆ ਹੈ। ਵੱਡਾ ਗੇਟ ਲੱਗਾ ਹੋਇਆ ਹੈ। ਅੰਦਰ ਦੋ ਜਾਂ ਤਿੰਨ ਟਰੱਕ ਖੜ੍ਹੇ ਸਨ। ਪਿੰਡ ਵਿਚ ਹੀ ਕਿਸੇ ਨੇ ਦੱਸਿਆ ਸੀ ਕਿ ਅਰਜਨ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਨੇ ਇੱਥੇ ਤਿੰਨ ਕਮਰੇ ਛੱਤ ਲਏ ਹਨ ਤੇ ਕਾਰੋਬਾਰ ਲਈ ਟਰੱਕ ਪਾ ਲਏ ਹਨ। ਖਰਾਸ ਦੀ ਨਿਸ਼ਾਨੀ ਧਰਤੀ ਤੋਂ ਪੂਰੀ ਤਰ੍ਹਾਂ ਮਿਟ ਗਈ ਹੈ ਪਰ ਮੇਰੇ ਚੇਤੇ ਵਿਚੋਂ ਅਰਜਨ ਸਿੰਘ ਦੀ ਯਾਦ ਨਹੀਂਂ ਮਿਟੀ। ਉਸ ਦੇ ਭਾਰੇ ਅਤੇ ਖੁਰਦਰੇ ਹੱਥ ਹਾਲੇ ਵੀ ਮੈਨੂੰ ਉਵੇਂ ਹੀ ਚੇਤੇ ਹਨ।
ਮੈਂ ਕੁਝ ਸਾਹਿਤ ਪੜ੍ਹਿਆ ਹੈ ਜਿਸ ਵਿਚ ਬਹੁਤ ਸਾਰੇ ਲੇਖਕਾਂ ਨੇ ਮਿਹਨਤੀ ਲੋਕਾਂ ਦੇ ਹੱਥਾਂ ਦਾ ਜ਼ਿਕਰ ਕੀਤਾ ਹੈ, ਪਰ ਕੋਈ ਵੀ ਆਪਣੇ ਲਫ਼ਜ਼ਾਂ ਰਾਹੀਂ ਕਿਸੇ ਮਿਹਨਤੀ ਦੇ ਸਖ਼ਤ, ਅੱਗ ਤੇ ਲੋਹੇ ਦੀ ਪਕੜ ਕਾਰਨ ਕਾਲੇ, ਪੇਪੜੀਆਂ ਵਾਲੇ ਸਖ਼ਤ, ਅਰਜਨ ਸਿੰਘ ਲੁਹਾਰ ਦੇ ਹੱਥਾਂ ਵਰਗੇ ਹੱਥਾਂ ਦਾ ਵਰਣਨ ਨਹੀਂ ਕਰ ਸਕਿਆ। ਮੇਰੀ ਕਲਮ ਵੀ ਉਸ ਦੇ ਹੱਥਾਂ ਦਾ ਵਰਣਨ ਕਰਨ ਦੇ ਅਸਮਰਥ ਹੈ। ਮੈਂ ਸਿਰਫ਼ ਮਹਿਸੂਸ ਹੀ ਕਰ ਸਕਦਾ ਹਾਂ। ਉਸ ਦੇ ਹੱਥ ਬੱਸ ਲੋਹੇ ਦੇ ਹੱਥ ਸਨ।
ਮੇਰੀ ਬੇਟੀ ਮੇਰੇ ਹੱਥ ਫੜ ਕੇ ਕਹਿੰਦੀ ਹੈ, “ਪਾਪਾ ਤੁਹਾਡੇ ਹੱਥ ਤਾਂ ਬਹੁਤ ਨਰਮ ਹਨ। ਕਿਉਂ?” ਕਿਸੇ ਦਿਨ ਉਸ ਨੂੰ ਦੱਸਾਂਗਾ ਕਿ ਮੇਰੇ ਹੱਥ ਨਰਮ ਕਿਉਂ ਹਨ ਤੇ ਇਹ ਅਰਜਨ ਸਿੰਘ ਲੁਹਾਰ ਦੇ ਹੱਥਾਂ ਵਰਗੇ ਕਿਉਂ ਨਹੀਂ ਹਨ।
(ਚੱਲਦਾ)

Be the first to comment

Leave a Reply

Your email address will not be published.