ਕਿਰਤ ਜੇ ਫੈਲੇ ਅੰਬਰਾਂ ਤੀਕਰ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਛੇ ਫੁੱਟ ਦਾ ਸਰੀਰ ਮੁੱਠੀ ਵਿਚ ਘੁੱਟਿਆ ਪਿਆ ਸੀ। ਮਨ ਦੇ ਵੈਰਾਗ-ਵਿਹੜੇ ‘ਤੇ ਉਦਾਸੀ ਦੀਆਂ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ। ਮਨ ਬਾਣੀ ਪੜ੍ਹਨ ਦੀ ਹਾਮੀ ਨਹੀਂ ਸੀ ਭਰ ਰਿਹਾ। ਕੁਝ ਲਿਖਣ ਜਾਂ ਪੜ੍ਹਨ ਨੂੰ ਮਨ ਵਾਧੂ ਬੋਝ ਕਹਿ ਰਿਹਾ ਸੀ। ਆਪਣੀ ਜ਼ਿੰਦਗੀ ਦੀਆਂ ਬੀਤ ਗਈਆਂ ਘੜੀਆਂ, ਦਿਨ, ਮਹੀਨੇ, ਸਾਲਾਂ ਦੀ ਬੁਣਤੀ ਉਧੇੜਨ ਲੱਗ ਗਿਆ। ਪਰਿਵਾਰ ਸੀ, ਪਰ ਪੈਸੇ ਦੀ ਕਮੀ ਸੀ। ਪਰਮਾਤਮਾ ਪਾਸੋਂ ਪੈਸਾ ਮੰਗਿਆ ਤਾਂ ਪਰਿਵਾਰ ਤੋਂ ਵਿਛੜ ਗਿਆ। ਬਹੁਤਿਆਂ ਕੋਲ ਇਹ ਦੋਵੇਂ ਹੀ ਹਨ, ਪਰ ਮਨ ਦੀ ਸ਼ਾਂਤੀ ਤੇ ਟਿਕਾਓ ਫਿਰ ਵੀ ਨਹੀਂ ਜੁੜਦਾ।æææ ਸੋਚਾਂæææ ਜੇ ਇਸ ਵਾਰ ਲੇਖ ਨਾ ਭੇਜਿਆ ਤਾਂ ਪਾਠਕਾਂ ਨਾਲ ਧੋਖਾ ਹੋਵੇਗਾ। ਆਪਣੇ ਮਨ ਨਾਲ ਕਈ ਵਿਚਾਰਾਂ ਕਰਦਾ ਹਾਂ। ਅਚਾਨਕ ਫੋਨ ਦੀ ਘੰਟੀ ਵੱਜਦੀ ਹੈ। ਛੇ ਸੌ ਨੌਂæææ ਏਰੀਆ ਕੋਡ ਦਾ ਫੋਨ ਹੈ। ਮੈਂ ਅਣਦੇਖਿਆ ਕਰ ਦਿੰਦਾ ਹਾਂ। ਫੋਨ ਫਿਰ ਆਉਂਦਾ ਹੈ। ਮੈਂ ਫਿਰ ਨਹੀਂ ਚੁੱਕਦਾ। ਜਦ ਚੌਥੀ ਵਾਰ ਫੋਨ ਵੱਜਿਆ ਤਾਂ ਮੈਂ ਫੋਨ ਚੁੱਕਦਿਆਂ ‘ਹੈਲੋ’ ਕਿਹਾ।
“ਭਾਈ ਸਾਬ੍ਹ! ਜੇ ਫੋਨ ਚੁੱਕਣਾ ਨਹੀਂ ਹੁੰਦਾ, ਤਾਂ ਅਖ਼ਬਾਰ ਵਿਚ ਨੰਬਰ ਕਿਉਂ ਲਿਖਦੇ ਹੋ?” ਫੋਨ ਕਰਨ ਵਾਲੇ ਦਾ ਗਿਲਾ ਸੀ।
“ਮੈਂ ਥੋੜ੍ਹਾ ਜਿਹਾ ਬਿਜੀ ਸੀ, ਇਸ ਕਰ ਕੇ ਪਹਿਲੀ ਵਾਰ ਫੋਨ ਚੁੱਕ ਨਹੀਂ ਹੋਇਆ।” ਮੈਂ ਫਤਹਿ ਬੁਲਾਉਂਦਿਆਂ ਹੀ ਡਾਂਗ ਵਰਗਾ ਝੂਠ ਬੋਲਦਿਆਂ ਕਹਿ ਦਿੱਤਾ ਸੀ।
“ਮੈਂ ਗੁਰਦੁਆਰੇ ਬਹੁਤ ਘੱਟ ਜਾਂਦਾ ਹਾਂ, ਪਰ ਗੁਰੂ ਦੇ ਕਹੇ ਬਚਨਾਂ ‘ਤੇ ਸਦਾ ਫੁੱਲ ਚੜ੍ਹਾਉਂਦਾ ਹਾਂ।” ਫੋਨ ਕਰਨ ਵਾਲੇ ਨੇ ਕਿਹਾ। ਆਵਾਜ਼ ਤੋਂ ਉਹ ਸੱਤਰ ਸਾਲ ਤੋਂ ਉਪਰ ਲੱਗਦਾ ਸੀ।
“ਗੁਰਦੁਆਰੇ ਘੱਟ ਕਿਉਂ ਜਾਂਦੇ ਹੋ?” ਮੈਂ ਪੁੱਛਿਆ।
“ਭਾਈ ਸਾਬ੍ਹ! ਜੇ ਤੁਸੀਂ ਇਮਿਤਿਹਾਨ ਵਿਚੋਂ ਪਾਸ ਨਹੀਂ ਹੋਣਾ, ਤਾਂ ਸਕੂਲ ਜਾਣ ਦਾ ਕੀ ਫਾਇਦਾ। ਜੇ ਤੁਸੀਂ ਬਿਨ ਪੜ੍ਹਿਆਂ, ਬਿਨ ਸੁਣਿਆਂ, ਨਕਲਾਂ ਦਾ ਸਹਾਰਾ ਲੈ ਕੇ ਪਾਸ ਹੋਣ ਦੀ ਸੋਚੋਗੇ, ਤਾਂ ਸਮਝੋ ਆਪਣੇ ਅਧਿਆਪਕ ਤੋਂ ਨਹੀਂ, ਤੁਸੀਂ ਖੁਦ ਆਪਣੇ-ਆਪ ਤੋਂ ਸ਼ਰਮਿੰਦਾ ਹੋਵੋਗੇ। ਇਹੀ ਹਾਲ ਸਾਡੇ ਗੁਰਦੁਆਰਿਆਂ ਵਿਚ ਹੈ। ਜਾਂਦੇ ਅਸੀਂ ਜ਼ਰੂਰ ਹਾਂ, ਪਰ ਨਕਲਾਂ ਮਾਰਦੇ ਤੁਰੇ ਫਿਰਦੇ ਹਾਂ।” ਉਸ ਨੇ ਜਵਾਬ ਦਿੱਤਾ।
ਮੈਂ ਉਸ ਦੀਆਂ ਵਿੰਗੀਆਂ-ਟੇਢੀਆਂ ਗੱਲਾਂ ਵਿਚੋਂ ਕੁਝ ਲੱਭਣ ਲਈ ਫੌਜੀਆਂ ਵਾਂਗ ਤਿਆਰ-ਬਰ-ਤਿਆਰ ਹੋ ਗਿਆ ਅਤੇ ਗੱਲ ਅੱਗੇ ਤੋਰੀ। æææ ਤੇ ਉਹਨੇ ਆਪਣੀ ਕਹਾਣੀ ਛੇੜ ਲਈ:
ਮੈਂ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ। ਬਾਪ ਨਿੱਕੇ ਹੁੰਦੇ ਦਾ ਮਰ ਗਿਆ। ਨਾ ਕੋਈ ਖੱਬੇ ਨਾ ਸੱਜੇ। ਮਾਂ ਜਵਾਨੀ ਦੇ ਦਿਨਾਂ ਵਿਚ ਹੀ ਰੰਡੇਪੇ ਦੇ ਜਾਲ ਵਿਚ ਫਸ ਗਈ। ਜ਼ਮੀਨ ਗੁਜ਼ਾਰੇ ਜੋਗੀ ਸੀ। ਨਾਨਕਾ ਪਿੰਡ ਨੇੜੇ ਹੋਣ ਕਰ ਕੇ ਮਾਮੇ ਖੇਤੀਬਾੜੀ ਦਾ ਕੰਮ-ਕਾਜ ਕਰ ਜਾਂਦੇ। ਮਾਮਿਆਂ ਦੇ ਸਹਾਰੇ ਸਾਨੂੰ ਖਾਣ ਲਈ ਚਾਰ ਮਣ ਦਾਣੇ ਹੋ ਜਾਂਦੇ। ਸਾਡਾ ਨਾਨਾ ਰਿਟਾਇਰਡ ਸੂਬੇਦਾਰ ਸੀ। ਮਾਮੇ ਉਸ ਦੇ ਕਹਿਣੇ ਵਿਚ ਸਨ, ਤੇ ਮੇਰੀ ਮਾਂ ਅਤੇ ਮੇਰਾ ਪੂਰਾ ਖਿਆਲ ਰੱਖਦੇ ਸਨ। ਮਾਂ ਦਾ ਇਕੋ ਮਕਸਦ ਸੀ- ਮੈਨੂੰ ਪੜ੍ਹਾ ਕੇ ਪੜ੍ਹਾਉਣ ਜੋਗਾ ਕਰਨਾ। ਦੁੱਖਾਂ ਦੇ ਜੰਜਾਲਾਂ ਨੇ ਮੈਨੂੰ ਵੀ ਛੋਟੀ ਉਮਰੇ ਸਿਆਣਾ ਬਣਾ ਦਿੱਤਾ। ਮੈਂ ਹੋਰ ਮੁੰਡਿਆਂ ਵਿਚੋਂ ਅਲੱਗ ਹੀ ਰਹਿੰਦਾ। ਮੈਂ ਪੜ੍ਹ-ਲਿਖ ਕੇ ਅਧਿਆਪਕ ਬਣ ਗਿਆ। ਮੇਰੀ ਮਾਂ ਨੂੰ ਜਿਵੇਂ ਪਰਮਾਤਮਾ ਨੇ ਫਿਰ ਅੱਖਾਂ ਦੇ ਦਿੱਤੀਆਂ ਹੋਣ। ਉਹ ਤਾਂ ਆਪਣੇ ਨੈਣਾਂ ਦੀ ਜੋਤ ਦੁੱਖਾਂ ਦੇ ਝੱਖੜਾਂ ਨਾਲ ਬੁਝਾ ਚੁੱਕੀ ਸੀ, ਪਰ ਪਰਮਾਤਮਾ ਤੇ ਮਾਮਿਆਂ ਦੀ ਬਦੌਲਤ ਮੈਂ ਉਸ ਦੀ ਜ਼ਿੰਦਗੀ ਦੇ ਬੁਝਦੇ ਦੀਵੇ ਵਿਚ ਤਰੱਕੀ ਰੂਪੀ ਤੇਲ ਪਾਉਣ ਵਿਚ ਕਾਮਯਾਬ ਹੋ ਗਿਆ। ਮਾਂ ਦੇ ਚਿਹਰੇ ਦੀ ਰੌਣਕ ਪਰਤ ਆਈ ਸੀ।
ਐਤਵਾਰ ਸਕੂਲੋਂ ਛੁੱਟੀ ਹੁੰਦੀ, ਤਾਂ ਮਾਂ ਨਾਲ ਕੰਮ-ਕਾਜ ਕਰਵਾ ਦਿੰਦਾ। ਫਿਰ ਕੇਸੀਂ ਇਸ਼ਨਾਨ ਕਰ ਕੇ ਲਾਲੇ ਦੀ ਹੱਟੀ ਅਖ਼ਬਾਰ ਪੜ੍ਹਨ ਬੈਠ ਜਾਂਦਾ। ਉਥੇ ਹੋਰ ਵੀ ਬੰਦੇ ਜੁੜ ਜਾਂਦੇ, ਤੇ ਮੈਨੂੰ ਆਖਦੇ- ‘ਮਾਸਟਰਾ! ਸੁਣਾ ਅੱਜ ਦੀ ਕੋਈ ਨਵੀਂ ਤਾਜ਼ੀ ਖਬਰ।Ḕ ਮੈਂ ਉਨ੍ਹਾਂ ਨੂੰ ਖ਼ਬਰ ਸੁਣਾਉਂਦਾ। ਕਈ ਵਾਰ ਲਾਲਾ ਸਾਨੂੰ ਉਠਣ ਲਈ ਕਹਿ ਦਿੰਦਾ, ਉਥੇ ਬੈਠਣ ਨਾਲ ਉਸ ਦੀ ਗਾਹਕੀ ‘ਤੇ ਫਰਕ ਜੁ ਪੈਂਦਾ ਸੀ, ਪਰ ਕਈ ਵਾਰ ਉਹ ਵੀ ਮੈਨੂੰ ਸਿਆਣਿਆਂ ਵਿਚ ਗਿਣਦਾ ਅੰਦਰ ਬਿਠਾ ਲੈਂਦਾ ਸੀ। ਮੈਂ ਅੰਦਰ ਹੀ ਲੇਖਾਂ, ਕਹਾਣੀਆਂ ਨਾਲ ਸਮਾਂ ਲੰਘਾਉਂਦਾ ਰਹਿੰਦਾ। ਮੈਂ ਦੇਖਦਾ, ਬਹੁਤੇ ਗਾਹਕ ਸ਼ਾਇਦ ਗੁਰਦੁਆਰੇ ਜਾ ਕੇ ਫਰਿਆਦਾਂ ਘੱਟ ਕਰਦੇ ਹੋਣ, ਪਰ ਲਾਲੇ ਅੱਗੇ ਜਾ ਕੇ ਆਪਣੀਆਂ ਮਜਬੂਰੀਆਂ ਸੁਣਾ ਕੇ ਸੌਦਾ ਉਧਾਰ ਲੈਣ ਵਿਚ ਹੱਥ ਜ਼ਿਆਦਾ ਜੋੜਦੇ ਸਨ। ਲਾਲਾ ਵੀ ਬੱਕਰੀ ਵਾਂਗ ਮੇਂਗਣਾ ਪਾ ਕੇ ਹੀ ਦੁੱਧ ਦਿੰਦਾ ਸੀ। ਕਈਆਂ ਨੂੰ ਉਹ ਬਰੰਗ ਲਿਫ਼ਾਫੇ ਵਾਂਗ ਮੋੜ ਦਿੰਦਾ ਸੀ। ਇਹ ਸਭ ਕੁਝ ਦੇਖ ਕੇ ਮੇਰਾ ਮਨ ਅੰਦਰੋਂ ਅੰਦਰੀ ਡੁੱਲ੍ਹ ਜਾਂਦਾ ਸੀ। ਮੈਂ ਮਨੋ ਅਰਦਾਸ ਕਰਦਾ ਕਿ ਪਰਮਾਤਮਾ ਮੈਨੂੰ ਇੰਨਾ ਪੈਸਾ ਦੇ, ਫਿਰ ਕੋਈ ਲਾਲੇ ਅੱਗੇ ਸੌਦੇ ਲਈ ਹਾੜ੍ਹੇ ਨਾ ਕੱਢੇ ਤੇ ਖਾਲੀ ਨਾ ਮੁੜੇ। ਲਾਲਾ ਇਕ ਦੇ ਦੋ ਲਿਖ ਕੇ ਸੌਦਾ ਦਿੰਦਾ, ਤੇ ਨਾਲ ਚਾਰ ਹੋਰ ਟਕੋਰਾਂ ਜੜ ਦਿੰਦਾ ਸੀ। ਮੈਂ ਕਈ ਵਾਰ ਅਖ਼ਬਾਰ ਪੜ੍ਹਨ ਘੱਟ ਜਾਂਦਾ, ਪਰ ਮਜਬੂਰੀ ਵੱਸ ਲੋਕਾਂ ਨੂੰ ਲਾਲੇ ਦੇ ਹਾੜ੍ਹੇ ਕੱਢਣ ਦੇ ਦ੍ਰਿਸ਼ ਦੇਖਣ ਜਾਂਦਾ।
ਸਮਾਂ ਬੀਤਿਆæææ ਮਾਂ ਤੇ ਮਾਮਿਆਂ ਨੇ ਰਲ ਕੇ ਮੇਰਾ ਵਿਆਹ ਕਰ ਦਿੱਤਾ। ਕਹਿੰਦੇ- ‘ਕੁੜੀ ਦੇ ਭਰਾ ਅਮਰੀਕਾ ਵਿਚ ਨੇ, ਅੱਜ ਤੂੰ ਜਾਵੇਂਗਾ, ਕੱਲ੍ਹ ਨੂੰ ਆਪਣੇ ਮਾਮਿਆਂ ਦੇ ਪੁੱਤਾਂ ਨੂੰ ਸੱਦ ਲਵੇਂਗਾ।Ḕ ਮੈਂ ਵਿਆਹ ਕਰਵਾ ਲਿਆ। ਮੈਂ ਪੜ੍ਹਿਆ-ਲਿਖਿਆ ਸੀ, ਪਰ ਘਰਵਾਲੀ ਅਨਪੜ੍ਹ। ਬੱਸ ਮੇਲ ਇਸ ਕਰ ਕੇ ਹੋਇਆ ਕਿ ਉਸ ਦੇ ਭਰਾ ਅਮਰੀਕਾ ਸਨ। ਮੇਰੇ ਵਿਆਹ ਤੋਂ ਬਾਅਦ ਨਾਨਾ ਸਦਾ-ਸਦਾ ਲਈ ਤੁਰ ਗਿਆ। ਨਾਲ ਹੀ ਮਾਮਿਆਂ ਦਾ ਇਕੱਠ ਖਿੱਲਰ ਗਿਆ। ਉਨ੍ਹਾਂ ਦਾ ਹੁਣ ਆਉਣਾ-ਜਾਣਾ ਵੀ ਘੱਟ ਗਿਆ। ਇਕ ਤਾਂ ਉਨ੍ਹਾਂ ਦੀ ਆਪਣੀ ਕਬੀਲਦਾਰੀ ਵੱਡੀ ਹੋ ਗਈ ਸੀ; ਦੂਜਾ, ਮੈਂ ਆਪਣੇ ਪੈਰਾਂ ‘ਤੇ ਖੜ੍ਹ ਚੁੱਕਾ ਸੀ। ਮਾਂ ਨੂੰ ਉਨ੍ਹਾਂ ਦੀ ਘਾਟ ਰੜਕਦੀ ਰਹਿੰਦੀ। ਉਹ ਬੂਹੇ ਵੱਲ ਤੱਕਦੀ ਰਹਿੰਦੀ। ਦੋਵੇਂ ਨੂੰਹ-ਸੱਸ ਰਲ-ਮਿਲ ਸਮਾਂ ਗੁਜ਼ਾਰ ਰਹੀਆਂ ਸਨ। ਮੈਂ ਆਪਣੀ ਕਮਾਈ ਵਿਚੋਂ ਪੰਜਵਾਂ ਹਿੱਸਾ ਪਿੰਡ ਹੀ ਦਾਨ ਕਰਨ ਲੱਗ ਪਿਆ ਸੀ। ਗੁਰਦੁਆਰੇ ਦੇ ਸਪੀਕਰ ਵਿਚੋਂ ਆਪਣਾ ਨਾਮ ਸੁਣਨ ਲਈ ਦਾਨ ਉਥੇ ਨਹੀਂ ਕਰਦਾ ਸੀ, ਸਗੋਂ ਜਿਹੜਾ ਬੰਦਾ ਗਰੀਬ ਸੀ, ਉਸ ਨੂੰ ਲੋੜ ਮੁਤਾਬਕ ਸੌਦਾ-ਪੱਤਾ ਲਿਆ ਦੇਣਾ, ਤੇ ਕਹਿਣਾ- ‘ਭਰਾਵਾ ਕਿਸੇ ਕੋਲ ਗੱਲ ਨਾ ਕਰੀਂ ਕਿ ਮਾਸਟਰ ਨੇ ਸੌਦਾ-ਪੱਤਾ ਲਿਆ ਕੇ ਦਿੱਤਾ ਹੈ।Ḕ ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਮਲੰਗ ਮੰਡਲੀ ਘੱਟ ਹੁੰਦੀ ਸੀ। ਜਿਹੜੇ ਸਾਧ-ਸੰਤ ਸੀ, ਉਹ ਵੀ ਦਾਨੀ ਤੇ ਠੰਢੇ ਸੁਭਾਓ ਦੇ ਮਾਲਕ ਸਨ।æææ
“ਫਿਰ ਤੁਸੀਂ ਅਮਰੀਕਾ ਕਿਵੇਂ ਆਏ?” ਮੈਂ ਵਿਚਕਾਰੋਂ ਟੋਕਦਿਆਂ ਪੁੱਛਿਆ।
æææ ਦਿਲ ਰੱਖ! ਸਭ ਕੁਝ ਦੱਸਦਾ ਹਾਂ।æææ ਪੰਜਾਂ ਸਾਲਾਂ ਵਿਚ ਦੋ ਮੁੰਡੇ ਹੋ ਗਏ। ਮਾਂ ਮੇਰੀ ਦਾਦੀ ਬਣ ਗਈ। ਉਸ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ। ਘਰਵਾਲੀ ਦੇ ਭਰਾ ਨੇ ਸਾਡੇ ਪੇਪਰ ਭਰੇ ਸਨ। ਉਹ ਵਾਰੀ ਮੁਤਾਬਕ ਸਾਡੇ ਬੂਹੇ ਪਹੁੰਚ ਗਏ। ਮਾਂ ਨੂੰ ਚਾਹ ਤਾਂ ਬਥੇਰਾ ਹੋਇਆ, ਪਰ ਪੋਤਿਆਂ ਦੇ ਵਿਛੋੜੇ ਦਾ ਦਰਦ ਉਸ ਦੇ ਮੁੱਖ ਤੋਂ ਸਾਫ ਦਿਖਾਈ ਦਿੰਦਾ ਸੀ। ਮੈਂ ਆਪਣੇ ਆਪ ਲਈ ਅਮਰੀਕਾ ਨਹੀਂ ਆਇਆ, ਮੈ ਤਾਂ ਉਨ੍ਹਾਂ ਗਰੀਬਾਂ ਦੇ ਜੁੜੇ ਹੋਏ ਹੱਥਾਂ ਨੂੰ ਆਪਣੇ ਗਲ ਦੁਆਲੇ ਪਾਉਣੇ ਚਾਹੁੰਦਾ ਸੀ। ਮਾਂ ਨੂੰ ਛੱਡ ਮੈਂ ਪਰਿਵਾਰ ਸਮੇਤ ਅਮਰੀਕਾ ਪਹੁੰਚ ਗਿਆ। ਨਵਾਂ ਦੇਸ਼ ਨਵੀਂ ਬੋਲੀ। ਇੰਜ ਲੱਗਦਾ ਸੀ ਜਿਵੇਂ ਨਵਾਂ ਜਨਮ ਹੋਇਆ ਹੋਵੇ। ਫਿਰ ਕਦੇ ਗੈਸ ਸਟੇਸ਼ਨ ‘ਤੇ ਕੰਮ ਕੀਤਾ; ਕਦੇ ਟੈਕਸੀ ਚਲਾਉਣੀ। ਹੱਡ ਭੰਨਵੀਂ ਮਿਹਨਤ ਕਰ ਕੇ ਬੱਚੇ ਪੜ੍ਹਾ-ਲਿਖਾ ਲਏ। ਇਥੇ ਆ ਕੇ ਕਮਾਈ ਦਾ ਪੰਜਵਾਂ ਹਿੱਸਾ ਪਿੰਡ ਭੇਜਦਾ ਰਿਹਾ। ਕਈ ਵਾਰ ਮੈਂ ਵੀ ਬੇਸ਼ਕ ਤੰਗੀਆਂ-ਤੁਰਸੀਆਂ ਨਾਲ ਘੁਲਦਾ ਰਿਹਾ, ਪਰ ਮੇਰੀ ਇਹੀ ਕੋਸ਼ਿਸ਼ ਹੁੰਦੀ ਕਿ ਕਿਸੇ ਦੇ ਚੁੱਲ੍ਹੇ ਦੀ ਅੱਗ ਠੰਢੀ ਨਾ ਹੋਵੇ।
ਮਾਂ ਕੋਲ ਕਈ ਵਾਰ ਪਿੰਡ ਗੇੜਾ ਮਾਰ ਆਇਆ ਸੀ। ਉਹ ਨੂੰਹ ਤੇ ਪੋਤਿਆਂ ਨੂੰ ਮਿਲਣਾ ਚਾਹੁੰਦੀ ਸੀ। ਮੈਂ ਫਿਰ ਸਾਰਾ ਪਰਿਵਾਰ ਲੈ ਕੇ ਪਿੰਡ ਗਿਆ। ਮਾਂ ਪੂਰੀ ਖੁਸ਼। ਘਰ ਭਰਿਆ-ਭਰਿਆ ਲੱਗਦਾ ਸੀ। ਮਾਂ ਦੇ ਕਹਿਣ ‘ਤੇ ਮੈਂ ਮਾਮਿਆਂ ਦੇ ਦੋ ਮੁੰਡਿਆਂ ਨੂੰ ਇਥੇ ਏਜੰਟਾਂ ਰਾਹੀਂ ਸੱਦ ਲਿਆ ਸੀ। ਮਾਂ ਅਤੇ ਆਪਣੇ ਸਿਰੋਂ ਉਨ੍ਹਾਂ ਦਾ ਸਾਡੇ ਵੱਲ ਚੜ੍ਹਿਆ ਕਰਜ਼ਾ ਥੋੜ੍ਹਾ-ਬਹੁਤਾ ਮੈਂ ਉਤਾਰ ਦਿੱਤਾ ਸੀ। ਵਾਪਿਸ ਆਉਣ ਤੋਂ ਪੰਜ ਦਿਨ ਪਹਿਲਾਂ ਮਾਂ ਪੂਰੀ ਹੋ ਗਈ। ਆਪਣੇ ਹੱਥੀ ਮਾਂ ਦਾ ਸਸਕਾਰ ਕਰ ਦਿੱਤਾ, ਫਿਰ ਸ਼ਰੀਕਾ-ਕਬੀਲਾ ਕਹੇ- ‘ਪੋਤਿਆਂ ਵਾਲੀ ਹੋ ਕੇ ਤੁਰੀ ਹੈ, ਜਲੇਬੀਆਂ ਤਾਂ ਬਣਦੀਆਂ ਨੇ।Ḕ ਪਿੰਡ ਦੀਆਂ ਸਮਾਜਕ ਪਾਰਟੀਆਂ ਆ ਗਈਆਂ ਕਿ ਮਾਂ ਦੇ ਭੋਗ ‘ਤੇ ਪਿੰਡ ਵਾਸਤੇ ਕੀ ਦੇਵੋਗੇ? ਮਾਮੇ ਕਹਿੰਦੇ- ‘ਆਪਣੀ ਮਰਜ਼ੀ ਦੇਖ।Ḕ ਮੈਂ ਹਲਵਾਈ ਸੱਦਿਆ। ਉਸ ਤੋਂ ਸਾਰੇ ਪਕਵਾਨਾਂ ਦਾ ਹਿਸਾਬ ਕਿਤਾਬ ਲਾ ਕੇ ਤੋਰ ਦਿੱਤਾ। ਪਰਿਵਾਰ ਨਾਲ ਰਾਇ ਕਰ ਕੇ, ਦਾਨ ਦੀ ਰਕਮ ਜੋੜ ਲਈ। ਮਾਂ ਦੇ ਭੋਗ ‘ਤੇ ਦਾਲ-ਰੋਟੀ ਖੁਆਈ, ਕੋਈ ਰੁਪਇਆ ਦਾਨ ਨਾ ਕੀਤਾ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਚਲੇ ਗਏ। ਮੈਂ ਭੋਗ ਤੋਂ ਬਾਅਦ ਘਰਵਾਲੀ ਤੇ ਬੱਚੇ ਵਾਪਸ ਤੋਰ ਦਿੱਤੇ। ਜਿੰਨਾ ਖਰਚਾ ਮਾਂ ਦੇ ਭੋਗ ‘ਤੇ ਜਲੇਬੀਆਂ ਅਤੇ ਦਾਨ ਕਰਨ ਦਾ ਆਉਣ ਸੀ, ਉਨੇ ਪੈਸੇ ਇਕੱਠੇ ਕਰ ਕੇ, ਨਾਲੇ ਵਿਚ ਹੋਰ ਰੁਪਏ ਪਾ ਲਏ। ਜਿਹੜੇ ਘਰ ਗਰੀਬ ਸਨ, ਉਨ੍ਹਾਂ ਦਾ ਮੈਨੂੰ ਪਤਾ ਸੀ। ਦੋ-ਤਿੰਨਾਂ ਘਰਾਂ ਵਿਚ ਤਾਂ ਛੱਤ ਹੀ ਨਹੀਂ ਸੀ, ਉਨ੍ਹਾਂ ਨੂੰ ਛੱਤ ਪੁਆ ਦਿੱਤੀ। ਕਿਸੇ ਨੂੰ ਇਲਾਜ ਲਈ ਪੈਸੇ ਦੇ ਦਿੱਤੇ, ਕਿਸੇ ਨੂੰ ਸੌਦਾ-ਪੱਤਾ ਲਿਆ ਦਿੱਤਾ।
ਮਾਂ ਦੇ ਭੋਗ ‘ਤੇ ਮੁੜਦੇ ਲੋਕਾਂ ਨੇ ਇਹੀ ਕਹਿਣਾ ਸੀ- ‘ਦਾਲ ਵਿਚ ਲੂਣ ਜ਼ਿਆਦਾ ਸੀ, ਸਬਜ਼ੀ ਵਿਚ ਲੂਣ ਘੱਟ ਸੀ, ਜਲੇਬੀਆਂ ਨੂੰ ਚਾਣੀ (ਚਾਸ਼ਣੀ) ਬਾਹਲੀ ਲੱਗੀ ਸੀ’, ਪਰ ਜੋ ਮੈਂ ਮਾਂ ਦੇ ਭੋਗ ਤੇ ਦਾਨ ਕਰ ਆਇਆ, ਉਸ ਨਾਲ ਮੈਨੂੰ ਸੰਤੁਸ਼ਟੀ ਸੀ।
“ਤੁਸੀਂ ਬਹੁਤ ਵਧੀਆ ਕਾਰਜ ਕੀਤਾ।” ਮੈਂ ਹੁੰਗਾਰਾ ਭਰਿਆ।
æææ ਗੁਰਦੁਆਰੇ ਵਿਚ ਲੰਗਰ ਲਾਉਣਾ ਜਾਂ ਦਾਨ ਕਰਨਾ ਮਾੜਾ ਨਹੀਂ, ਪਰ ਦੇਖੋ-ਦੇਖੀ ਨਕਲ ਕਰਨੀ ਮਾੜੀ ਹੈæææ ਕਿ ਉਸ ਨੇ ਦੋ ਸਬਜ਼ੀਆਂ ਬਣਾਈਆਂ, ਅਸੀਂ ਚਾਰ ਬਣਾਉਣੀਆਂ ਹਨ। ਉਨ੍ਹਾਂ ਨੇ ਜਲੇਬੀਆਂ ਬਣਾਈਆਂ ਹਨ, ਅਸੀਂ ਗੁਲਾਬ ਜਾਮਣ ਤੇ ਰਸਗੁੱਲੇ ਬਣਾਉਣੇ ਹਨ। ਗੁਰਦੁਆਰੇ ਵਿਚ ਐਨੀ ਪ੍ਰਕਾਰ ਦਾ ਭੋਜਨ ਹੁੰਦਾ ਹੈ ਕਿ ਬੰਦਾ ਸੋਚਦਾ ਰਹਿੰਦਾ ਹੈ ਕਿ ਮੈਂ ਕੀ ਖਾਵਾਂ, ਤੇ ਕੀ ਛੱਡਾਂ। ਜੇ ਅਖੰਡ ਪਾਠ ਕਰਵਾਉਣ ਵਾਲਾ ਸੋਚੇ ਕਿ ਸਾਦਾ ਲੰਗਰ ਤਿਆਰ ਕਰਨਾ ਹੈ ਤੇ ਬਾਕੀ ਬਚੀ ਰਕਮ ਆਪਣੇ ਪਿੰਡ ਲੋੜਵੰਦਾਂ ਨੂੰ ਭੇਜੀ ਜਾਵੇ, ਲੋੜਵੰਦਾਂ ਦੇ ਘਰ ਮਹੀਨੇ ਦੇ ਲੰਗਰ ਦਾ ਰਾਸ਼ਨ ਦਿੱਤਾ ਜਾਵੇ। ਕਿਸੇ ਕੋਲ ਕੱਪੜੇ ਨਹੀਂ ਹਨ, ਉਨ੍ਹਾਂ ਨੂੰ ਕੱਪੜੇ ਲੈ ਕੇ ਦਿੱਤੇ ਜਾਣ। ਅਸੀਂ ਫੋਕੀ ਵਡਿਆਈ ਨੂੰ ਆਪਣੇ ਜੀਵਨ ਵਿਚੋਂ ਮਨਫੀ ਕਰ ਕੇ ਲੋੜਵੰਦਾਂ ਦੀ ਸਹਾਇਤਾ ਜਮ੍ਹਾਂ ਕਰ ਲਈਏ ਤਾਂ ਜ਼ਿਆਦਾ ਖੁਸ਼ੀ ਹੋਵੇਗੀ ਤੇ ਸਾਡੀ ਇਹ ਨਕਲ ਸਾਡੇ ਗੁਰੂ ਜੀ ਨੂੰ ਵੀ ਚੰਗੀ ਲੱਗੇਗੀ ਤੇ ਅਸੀਂ ਆਪਣੀ ਜ਼ਿੰਦਗੀ ਦੇ ਇਮਤਿਹਾਨ ਵਿਚੋਂ ਵੀ ਪਾਸ ਹੋ ਜਾਵਾਂਗੇ।
“ਲੋਕ ਭਲਾਈ ਦੀ ਇਹ ਸੇਵਾ ਨਿਰੰਤਰ ਜਾਰੀ ਹੈ?” ਮੈਂ ਪੁੱਛਿਆ।
æææ ਹੁਣ ਮੇਰੇ ਪੁੱਤ ਚੰਗੀਆਂ ਜੌਬਾਂ ‘ਤੇ ਹਨ। ਮੇਰੀ ਉਮਰ ਸੱਤਰ ਤੋਂ ਉਪਰ ਹੈ। ਮੈਂ ਅੱਜ ਵੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਵਿਚ ਲਾਉਂਦਾ ਹਾਂ। ਮੇਰੀ ਰੀਸੇ ਪਿੰਡ ਦੇ ਇਕ ਬੰਦੇ ਨੇ ਸ਼ਗਨ ਸਕੀਮ ਸ਼ੁਰੂ ਕੀਤੀ ਹੈ। ਗਰੀਬ ਦੀ ਧੀ ਦੇ ਵਿਆਹ ‘ਤੇ ਉਹ ਪੰਜ ਹਜ਼ਾਰ ਰੁਪਏ ਦਾਨ ਦਿੰਦਾ ਹੈ, ਪਰ ਉਹ ਦਾਨ ਦੇਣ ਤੋਂ ਪਹਿਲਾਂ ਪੱਤਰਕਾਰ ਸੱਦ ਕੇ ਖ਼ਬਰ ਤੇ ਫੋਟੋ ਅਖ਼ਬਾਰ ਵਿਚ ਲਵਾਉਂਦਾ ਹੈ। ਉਸ ਦਾ ਦਾਨ ਹਉਮੈ ਨਾਲ ਭਰਿਆ ਹੋਇਆ ਹੈ, ਪਰ ਮੈਂ ਸਭ ਕੁਝ ਗੁਪਤ ਕਰਦਾ ਹਾਂ। ਮੇਰਾ ਫੋਨ ਕਰਨ ਦਾ ਮਕਸਦ ਇਹੀ ਸੀ ਕਿ ਤੁਸੀਂ ਆਪਣੀ ਕਲਮ ਰਾਹੀਂ ਲੋਕਾਂ ਨੂੰ ਇਹ ਸੁਨੇਹਾ ਦੇਵੋ ਕਿ ਗਰੀਬਾਂ ਦਾ ਮੂੰਹ ਹੀ ਗੁਰੂ ਕੀ ਅਸਲੀ ਗੋਲਕ ਹੁੰਦੀ ਹੈ। ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ। ਜੋ ਤੁਹਾਡਾ ਧਰਮ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ, ਉਸ ‘ਤੇ ਅਮਲ ਕਰੋ। ਹਰ ਪਰਵਾਸੀ ਵੀਰ ਜੇ ਸਿਰਫ ਆਪਣਾ ਪਿੰਡ ਹੀ ਇਸ ਕਾਰਜ ਵਿਚ ਸ਼ਾਮਿਲ ਕਰ ਲਵੇ ਤਾਂ ਅਸੀਂ ਬਹੁਤ ਲੋਕਾਂ ਨੂੰ ਭੁੱਖੇ ਢਿੱਡ ਸੌਣ ਤੋਂ ਬਚਾ ਲਵਾਂਗੇ।
“ਤੁਹਾਡਾ ਖਿਆਲ ਸਹੀ ਹੈ। ਮੈਂ ਤੁਹਾਡਾ ਸੁਨੇਹਾ ਪਾਠਕਾਂ ਤੱਕ ਪਹੁੰਚਾਵਾਂਗਾ।” ਫਿਰ ਅਸੀਂ ਫਤਹਿ ਬੁਲਾ ਕੇ ਫੋਨ ਬੰਦ ਕਰ ਲਏ। ਬਾਬੇ ਦੀਆਂ ਗੱਲਾਂ ਨੇ ਮੈਥੋਂ ਕਲਮ ਚੁਕਵਾਈ, ਹੁਣ ਬਾਕੀ ਸਭ ਤੁਹਾਡੇ ‘ਤੇæææ।

Be the first to comment

Leave a Reply

Your email address will not be published.