ਹਰਫਾਂ ਦੀ ਹੱਟ ਸ਼ਮਸ਼ੇਰ ਸੰਧੂ

ਸ਼ਮਸ਼ੇਰ ਸੰਧੂ ਦੀ ਬਹੁਤੀ ਪਛਾਣ ‘ਗੀਤਾਂ ਵਾਲੇ ਸੰਧੂ’ ਕਰ ਕੇ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਕਦੀ ਕਹਾਣੀਆਂ ਲਿਖਦਾ ਸੀ, ਬੜੀਆਂ ਜਾਨਦਾਰ ਕਹਾਣੀਆਂ। ਸ਼ਬਦਾਂ ਦਾ ਜਾਦੂ ਤਾਂ ਉਹਦੇ ਕੋਲ ਹੈ ਹੀ ਸੀ, ਇਸ ਲਈ 20ਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਪੰਜਾਬ ਵਿਚ ਜਦੋਂ ਸਭਿਆਚਾਰਕ ਮੇਲਿਆਂ ਦੀ ਹਨੇਰੀ ਉਠੀ, ਤਾਂ ‘ਪੰਜਾਬੀ ਟ੍ਰਿਬਿਊਨ’ ਵਿਚ ਗਾਇਕਾਂ-ਗੀਤਕਾਰਾਂ ਬਾਰੇ ਫੀਚਰ ਲਿਖਦਾ-ਲਿਖਦਾ ਸੰਧੂ ਗੀਤ-ਸੰਗੀਤ ਦੀ ਨਵੀਂ ਉਠ ਰਹੀ ਮਾਰਕੀਟ ਵਿਚ ਬਤੌਰ ਗੀਤਕਾਰ ਫਿੱਟ ਹੋ ਗਿਆ। ਗੀਤਕਾਰੀ ਨਾਲ ਉਸ ਅੰਦਰ ਲੁਕੀ ਇਹ ਨਿਵੇਕਲੀ ਪ੍ਰਤਿਭਾ ਦਿਨਾਂ ਵਿਚ ਹੀ ਜੱਗ-ਜ਼ਾਹਿਰ ਹੋ ਗਈ। ਗੱਜਣਵਾਲੇ ਸੁਖਮਿੰਦਰ ਨੇ ਆਪਣੇ ਇਸ ਲੇਖ ‘ਹਰਫਾਂ ਦੀ ਹੱਟ ਸ਼ਮਸ਼ੇਰ ਸੰਧੂ’ ਵਿਚ ਉਸ ਦੌਰ ਦਾ ਧਿਆਨ ਧਰ ਕੇ ਹੀ ਕੁਝ ਗੱਲਾਂ-ਬਾਤਾਂ ਕੀਤੀਆਂ ਹਨ। -ਸੰਪਾਦਕ

ਗੱਜਣਵਾਲਾ ਸੁਖਮਿੰਦਰ
ਫੋਨ: 91-99151-06449
ਸੰਧੂ ਸ਼ਮਸ਼ੇਰ, ਕੋਈ ਵਲ ਨਾ ਕੋਈ ਫੇਰ। ਪਹਿਲੀ ਨਜ਼ਰæææ ਨਰਮ, ਮ੍ਰਿਦਲ ਤੇ ਬਹੁਤ ਮਿਲਾਪੜਾ। ਅਪਣੱਤ ਭਰਿਆ ਹੱਥ, ਪੋਲਾ-ਪੋਲਾ ਨਿੱਘਾ ਜਿਹਾ। ਤੋਰ ‘ਚ ਕਾਹਲ ਨਹੀਂ, ਮਸਤ ਚਾਲ। ਖਰਾ, ਸਾਫ, ਖੋਟ ਤੋਂ ਰਹਿਤ।æææ ਪਰ ਸੰਧੂ ਨੂੰ ਪੜ੍ਹਨਾ ਬਹੁਤ ਔਖਾ। ਆਸਾਨ ਨਹੀਂ। ਕੋਈ ਸੁਆਲ ਕਰੋ, ਪ੍ਰਸ਼ਨ ਨੂੰ ਪਰਸਨਲ (ਜਾਤੀ) ਜਾਣ, ਸੰਭਲ ਕੇ ਜਵਾਬ ਦੇਣ ਦੀ ਕੋਸ਼ਿਸ਼ ਵਿਚ ਰਹਿਣ ਵਾਲਾ।
ਗੀਤ-ਸੰਗੀਤ ਦੀ ਦੁਨੀਆਂ ‘ਚ ਪੂਰੀ ਤਰ੍ਹਾਂ ਭਿਜਿਆ ਹੋਇਆ। ਕਮਾਲ ਦਾ ਚੇਤਾ ਹੈ; ਚੰਗੇ ਮਾੜੇ ਸਭ ਸ਼ਾਇਰਾਂ ਦੀਆਂ ਰਚਨਾਵਾਂ ਦੇ ਮੁਖੜੇ, ਅੰਤਰੇ ਰੋਮ-ਰੋਮ ‘ਚ ਵਸੇ ਪਏ ਹਨ। ਪਾਸ਼, ਪਾਤਰ, ਸ਼ਿਵ, ਜਗਤਾਰ ਤੇ ਸਾਰੇ ਦਾ ਸਾਰਾ ਦੀਦਾਰ ਸੰਧੂ ਜ਼ੁਬਾਨੀ ਯਾਦæææ ਜਿਥੋਂ ਮਰਜ਼ੀ ਸੁਣ ਲਉ। ਕਿਸਮਤ ਦਾ ਧਨੀ ਹੈ। ਘਾਟੇ ਵਾਲੀ ਲਕੀਰ ਹੈਨੀ। ਹਮੇਸ਼ਾ ਖੱਟਿਆ ਹੀ ਖੱਟਿਆ ਹੈ।
ਸੰਧੂ ਗੀਤ-ਸੰਗੀਤ ਦਾ ਇੰਤਹਾਈ ਜ਼ੀਰਕ ਬੰਦਾ ਜਿਸ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹਰਫਾਂ ਦੀ ਦੁਨੀਆਂ ਦੇ ਹਵਾਲੇ ਹੋਇਆ। ਲੇਖਕ ਅਤੇ ਗੀਤ-ਗਵੱਈਆ ਸਰਕਲ ਵਿਚ ਸੰਧੂ ਨੇ ਚਾਹੇ ਪਹਿਲਾਂ ਹੀ ਸਰਦਾ-ਪੁੱਜਦਾ ਸਥਾਨ ਹਾਸਲ ਕਰ ਲਿਆ ਸੀ, ਪਰ ਵੱਡੀ ਸਥਾਪਤੀ ਸੁਰਜੀਤ ਬਿੰਦਰੱਖੀਏ ਵੇਲੇ ਹੋਈ। ਜਿੰਨਾ ਚਿਰ ਬਿੰਦਰੱਖੀਆ ਰਿਹਾ, ਸੰਧੂ ਲਿਖਣ-ਲਖਾਉਣ ਗਾਉਣ-ਵਜਾਉਣ ਵਾਲਿਆਂ ਦੀਆਂ ਉਤਲੀਆਂ ਸਫਾਂ ‘ਚ ਰਿਹਾ।
ਜ਼ਰੂਰੀ ਨਹੀਂ ਰਾਗ ‘ਚ ਹੀ ਲਿਖਿਆ ਹੋਵੇ, ਤੇ ਰਾਗ ਵਿਚ ਹੀ ਗਾਇਆ ਹੋਵੇ ਤਾਂ ਹੀ ਦੁਨੀਆਂ ਨੂੰ ਚੰਗਾ ਲੱਗਦਾ। ਵੱਖ-ਵੱਖ ਵਰਗਾਂ ਨੂੰ, ਵੱਖ-ਵੱਖ ਉਮਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰ੍ਹਾਂ ਦੀ ਗੀਤਕਾਰੀ-ਗਾਇਕੀ ਹੁੰਦੀ ਹੈ। ਅਨੰਦ ਲਈ ਇਸ ਦੀਆਂ ਇਕ ਨਹੀਂ, ਅਨੇਕਾਂ ਸ਼ੇਡਜ਼ ਹੋ ਸਕਦੀਆਂ। ਬਿੰਦਰੱਖੀਆ ਕੋਈ ਕਲਾਸੀਕਲ ਰਾਗ ਘਰਾਣੇ ਦੀ ਉਪਜ ਨਹੀਂ ਸੀ, ਨਾ ਹੀ ਉਸ ਉਤੇ ‘ਸਾ ਰੇ ਗਾ ਮਾ ਪਾ’ ਦਾ ਲੇਪਣ ਸੀ। ਉਹ ਤਾਂ ਸਿੱਧ-ਪਧਰਾ ਉਚੇ ਧੋੜੇ, ਥੜ੍ਹੇ, ਮਣੇ ‘ਤੇ ਖੜ੍ਹੋ ਕੇ ਜ਼ੋਰ ਲਾ ਕੇ ਗਾਉਣ ਵਾਲ ਗਾਇਕ ਸੀ। ਉਸ ਦੀ ਉਚੀ ਸੁਰ ‘ਚ ਛੱਡੀ ਗੱਲ ਲੋਕਾਂ ਨੂੰ ਛੁਰਲੀ ਵਾਂਗ ਸਿੱਧੀ ਅਸਮਾਨੀਂ ਚੜ੍ਹਦੀ ਲਗਦੀ, ਖੁਸ਼ ਕਰਦੀ ਲਗਦੀ। ਉਸ ਦੀ ਆਵਾਜ਼ ਵਿਚ, ਉਸ ਦੇ ਸਵੱਰ ਵਿਚ ਪਿੰਡ ਦੀ ਮਿੱਟੀ ਦੀ, ਪੰਜਾਬੀ ਜੁੱਸੇ ਨਾਲ ਮੇਲ ਖਾਂਦੀ, ਖਾਸ ਕਸ਼ਿਸ਼ਮਈ ਮਹਿਕ ਸੀ ਜੋ ਪਿੰਡ ਦਾ ਗੁਣ-ਗਾਇਨ ਕਰਦੀ ਸੀ। ਸੰਧੂ ਦੇ ਹਰਫ ਵੀ ਸਮਕਾਲੀਆਂ ਨਾਲੋਂ ਖਾਸ ਹਟ ਕੇ ਨਹੀਂ ਹਨ, ਆਮ ਸਰਲ ਸਾਧਾਰਨ ਸਨ ਪਰ ਸਮਾਂ ਸੀਮਾ ਮੁਕੱਦਰੀ ਹੋ ਜਾਣ ਕਰ ਕੇ ਸੰਧੂ ਦੇ ਅੱਖਰ ਬਿੰਦਰੱਖੀਏ ਦੇ ਸੁਭਾਵਿਕ ਫੋਕ ਰਾਗ ‘ਚ ਫਿਟ ਹੋ ਕੇ ਗੁਣੀਏ ‘ਚ ਹੋ ਗਏ।
ਖੱਟਿਆ ਦੋਨਾਂ ਨੇ ਬਹੁਤ, ਪਰ ਹੱਟੀ ਸੰਧੂ ਦੀ ਚੱਲੀ। ਸਿਖਰਲੇ ਟੰਬੇ ਦੇ ਨੇੜ ਪਹੁੰਚੇ ਤਾਂ ਜਿਵੇਂ ਸੰਧੂਆਂ ਬਾਰੇ ਧਾਰਨਾ ਹੈ ਕਿ ਇਨ੍ਹਾਂ ਦੀ ਸੁੱਤਿਆਂ ਦੀ ਅੱਖ ਖੁੱਲ੍ਹੀ ਰਹਿੰਦੀ ਹੈ, ਸੰਧੂ ਦੀ ਅੱਖ ਖੁੱਲ੍ਹੀ ਰਹੀ। ਸੰਧੂ ਚਤੁਰ ਸੀ, ਇਹ ਸੰਭਲ ਕੇ ਚੱਲਿਆ ਤੇ ਆਪਣੇ ਗਾਇਕ ਹੀਰੋ ਨੂੰ ਸੰਭਲ ਕੇ ਚੱਲਣ ਲਈ ਰਾਹਬਰੀ ਵੀ ਕਰਦਾ ਰਿਹਾ; ਪਰ ਬਿੰਦਰੱਖੀਆ, ਸੰਧੂ ਵਾਂਗ ਹੈਵੀਵੇਟ ਨਾ ਹੋਣ ਕਰ ਕੇ, ਛੇਕੜ ਸੱਟਾਂ ਖਾ ਗਿਆ; ਵੱਡੀ ਸੱਟ ਖਾ ਗਿਆ; ਅਣਜਾਣੇ ‘ਚ, ਤਾਸ਼ ਨੂੰ ਚੰਗੀ ਤਰ੍ਹਾਂ ਫੈਂਟ ਕੇ ਖੇਡਣ ਦੀ ਬਜਾਏ ਦੁੱਕੀਆਂ-ਤਿੱਕੀਆਂ ਦੀ ਛੋਟੀ ਤਾਸ਼ ਤੋਂ ਅੱਗੇ ਨ੍ਹੀਂ ਗਿਆ; ਪਰ ਸੰਧੂ-ਬਿੰਦਰੱਖੀਏ ਦੀ ਬੈਲੈਂਸ ਸ਼ੀਟ ਨੂੰ ਘੋਖੀਏ ਤਾਂ ਲੱਗਦਾæææ ਸੰਧੂ ਦੀ ਸ਼ੋਹਰਤ ਰੂਪੀ ਕੈਪੀਟਲ ਵਿਸ਼ਾਲ ਹੋ ਗਈ। ਸੰਗੀਤਕ ਵਰਤਾਰੇ ਵਿਚ ਅਕਸਰ ਗਵੱਈਏ ਦਾ ਨਾਂ ਹੀ ਉਭਰਦਾ ਹੁੰਦਾ। ਗੀਤਕਾਰ ਅਕਸਰ ਪਿੱਠਭੂਮੀ ਜੋਗਾ ਰਹਿ ਜਾਂਦਾ। ਲੋਕਾਂ ਨੂੰ ਤਾਂ ਲਿਖਣ ਵਾਲੇ ਦੇ ਨਾਂ ਦਾ ਵੀ ਚੇਤਾ ਨਹੀਂ ਰਹਿੰਦਾ; ਪਰ ਇਥੇ ਲੱਗਪੱਗ ਉਲਟ ਹੁੰਦਾ ਦਿਸਿਆ। ਲੋਕਾਂ ਨੂੰ ਬਿੰਦਰੱਖੀਏ ਦੇ ਨਾਂ ਨਾਲ ਸੰਧੂ ਦਾ ਨਾਂ ਲੈਣਾ ਜ਼ਰੂਰੀ ਲੱਗਿਆ; ਜਿਵੇਂ ਬਿੰਦਰੱਖੀਏ ਨੂੰ ਸੰਧੂ ਗੁਆਉਂਦਾ ਹੋਵੇ, ਸੰਧੂ ਤੋਂ ਬਿਨਾਂ ਬਿੰਦਰੱਖੀਆ ਗਾ ਨਾ ਸਕਦਾ ਹੋਵੇ। ਸਮੇਂ ਦਾ ਸਬੱਬ ਐਸਾ ਬਣਿਆ ਕਿ ਦੋਨਾਂ ਦੀ ਹੱਟ ‘ਤੇ ਚੁੰਗੇ ਦਾ ਵਾਰ ਆਈ ਗਿਆ। ਸੰਧੂ ਨੂੰ ਉਠਦੇ ਬਹਿੰਦੇ ਜੋ ਫੁਰਦਾ, ਜੋ ਵੀ ਲਕੀਰਾਂ ਖਿੱਚ-ਵਾਹ ਦਿੰਦਾ, ਉਸ ਦੇ ਸੰਤੁਲਤ ਅਸੰਤੁਲਤ ਹਰਫ ਬਿੰਦਰੱਖੀਏ ਦੇ ਮਾਧਿਅਮ ਰਾਹੀਂ ਸਾਰਾ ਕੁਝ ਜ਼ਾਇਜ਼-ਨਾਜ਼ਾਇਜ਼ ਕਾਬਲ-ਏ-ਗੌਰ ਹੋ ਗਿਆ। ਦੋਨਾਂ ਦਾ ਦੌਰ-ਏ-ਕਮਾਲ ਗੁਜ਼ਰਿਆ। ਸੰਧੂ ਲਿਖਦਾ ਗਿਆ, ਅਤੁਲ ਸ਼ਰਮਾ ਦੀਆਂ ਤਰੰਗਾਂ, ਬਿੰਦਰੱਖੀਏ ਦੇ ਮੂੰਹੋਂ ਜੋ ਅਰਾਗ-ਬੇਰਾਗ ਮਾਰਕੀਟ ‘ਚ ਆਇਆ, ਹੱਥੋ-ਹੱਥੀ ਨਿਕਲਦਾ ਗਿਆ। ਸੰਧੂ ਦੀ ਸ਼ਬਦੀ ਫਸਲ, ਮੰਡੀ ‘ਚ ਲੱਥਣ ਸਾਰ ਵਿਕਦੀ ਰਹੀ, ਤੁਲਦੀ ਰਹੀ। ਅਲੋਚਕ ਦੁਨੀਆਂ, ਸਫਲਤਾ ਦਾ ਰਾਜ਼ ਜਾਣਨ ਹਿਤ ਚਰਚਾ ਕਰਨ ਲੱਗੀ; ਸਵਾਲ ਉਪਜਦੀ ਆਖਦੀ- ਸਫਲਤਾ ਪਿੱਛੇ ਕਿਸ ਦਾ ਹੱਥ ਹੈ? ਕੋਈ ਕਹਿੰਦਾ ਬਿੰਦਰੱਖੀਏ ਦੀ ਆਵਾਜ਼ ਦਾ ਜਾਦੂ ਹੈ, ਕੋਈ ਕਹਿੰਦਾ ਸੰਧੂ ਦੇ ਹਰਫਾਂ ਦੀ ਖੇਡ ਹੈ। ਵੱਖ ਕਰ ਕੇ ਵੇਖਦੇ ਤਾਂ ਹਰ ਇਕ ਲਈ ਮੁਸ਼ਕਿਲ ਹੋ ਜਾਂਦਾ। ਉਪਮਾ ਦੀ ਗੱਲ ਇਕ ਦੇ ਹਿੱਸੇ ਨਾ ਆਈ; ਨਾ ਸੰਧੂ ਦੇ, ਨਾ ਬਿੰਦਰੱਖੀਏ ਦੇ ਹਿੱਸੇ; ਪਰ ਬਿਨਾਂ ਸ਼ੱਕ ਜੋ ਚਿਤਵਿਆ ਜੋ ਗਾਂਵਿਆ ਜੋ ਬਖੇਰਿਆ, ਬਹੁਤ ਬਖਤਾਰੀ, ਭਾਗਾਂ ਵਾਲਾ, ਸਾਰਾ ਸੌਦਾ ਖਰਾ ਨਿਕਲਿਆ। ਵਿਰੋਧੀਆਂ ਨੇ ਇਕ ਨਹੀਂ, ਹਜ਼ਾਰਾਂ ਗੱਲਾਂ ਕੀਤੀਆਂ। ਸੰਧੂ ਦੇ ਉਕਰੇ ਹਰਫਾਂ ਨੂੰ ਚਿਥਦੇ ਰਹੇ, ਲੋਕ ਫੋਕ ‘ਚੋਂ ਚੁੱਕੇ ਮੁੱਖੜੇ ਕਹਿ-ਕਹਿ ਘਰੋੜਾਂ ਕਰਦੇ ਰਹੇ, ਪਰ ਗੀਤਾਂ ਦੀ ਗੱਡੀ ਬਿਨਾਂ ਰੁਕਿਆਂ ਛੋਟੇ-ਮੋਟੇ ਸਟੇਸ਼ਨਾਂ ਤੋਂ ਦੀ ਛੜੱਪੇ ਮਾਰਦੀ ਉਡਦੀ ਗਈ।
ਗਵੱਈਏ ਅਕਸਰ ਕਿਸੇ ਦਾ ਲਿਖਿਆ ਗੀਤ, ਛੇਤੀ ਕੀਤੇ ਫੜਦੇ ਨਹੀਂ ਹੁੰਦੇ। ਅਭਿਮਾਨੀ ਧਾਰਨਾ ‘ਚ ਚਲੇ ਜਾਣ ਕਰ ਕੇ ਹੱਥ ਨਹੀਂ ਪਾਉਂਦੇ, ਹਜ਼ਾਰ ਨਖਰੇ ਕਰਦੇ ਹਨ; ਪਰ ਸੰਧੂ ਦਾ ਗੀਤ-ਗਾਇਕੀ ਦਾ ਘੇਰਾ ਵਸੀਹ ਤੇ ਵਧੀਕ ਹੋ ਜਾਣ ਕਰ ਕੇ, ਗਾਇਕ ਇਸ ਦੇ ਲਿਖੇ ਅੱਖਰ ਖੋਹਣ ਤਕ ਗਏ। ਕੁੱਲ ਮਿਲਾ ਕੇ ਗਾਇਕੀ ਤੇ ਗੀਤਕਾਰੀ ਦੇ ਖੇਤਰ ਵਿਚ ਸੰਧੂ-ਬਿੰਦਰੱਖੀਏ ਦਾ ਦੌਰ ਰਹੱਸ ਹੋ ਨਿਬਿੜਿਆ। ਮਿਥ ਬਣ ਕੇ ਰਹਿ ਗਈ- ਸਫਲਤਾ ਦਾ ਰਾਜ਼æææ ਸੰਧੂ ਜਾਂ ਬਿੰਦਰੱਖੀਆ।
ਸੰਧੂ ਸ਼ਮਸ਼ੇਰ ਪਿੰਡ ਦੀਆਂ ਸੱਥਾਂ, ਗਲੀਆਂ, ਮਿੰਨੀ ਬੱਸਾਂ ਤੇ ਲਿੰਕ ਰੋਡਾਂ ਨਾਲੋਂ ਚਾਹੇ ਚਿਰਾਂ ਦਾ ਟੁੱਟਿਆ ਹੈ, ਪਰ ਮਿੱਟੀ ਦੀਆਂ ਯਾਦਾਂ ਦੀ ਚੀਸ ਅਜੇ ਵੀ ਇਸ ਦੇ ਹਿਰਦੇ ‘ਚੋਂ ਪਿੱਛਾ ਨਹੀਂ ਛੱਡ ਰਹੀ। ਰੋਜ਼ੀ-ਰੋਟੀ ਖਾਤਰ ਪਿੰਡ ਛੱਡਿਆ; ਚੰਡੀਗੜ੍ਹ ਪੱਕੀ ਰਿਹਾਇਸ਼ ਬਣਾ ਲਈ। ਫੁੱਲਾਂ ਪਾਰਕਾਂ ਵਾਲੇ ਸੁਹਣੇ ਸ਼ਹਿਰ ਨਾਲ ਅੱਖ ਮਿਲਾ ਲਈ, ਪਰ ਸੁਤਾਅ ਇਸ ਦੀ ਅੱਜ ਵੀ ਪੇਂਡੂ ਦੁਨੀਆਂ ਵਿਚ ਪਿੰਡ ਦੀ ਫਿਰਨੀ ‘ਤੇ ਫਿਰ ਰਹੀ ਹੁੰਦੀ ਹੈ। ਜਦ ਕਿਤੇ ਵੀ ਕਿਸੇ ਮਜਲਸ ‘ਚ ਬੈਠਿਆਂ ਸੰਧੂ ਨਾਲ ਆਪਸੀ ਲੰਮੀ ਮਗਜ਼ ਖਪਾਈ ਹੁੰਦੀ, ਤਾਂ ਮਜ਼ਾਕਰਾਤ ਦਾ ਤੀਜਾ ਹਿੱਸਾ ਗੁਆਚੇ ਸੰਸਕਾਰਾਂ ਤੇ ਸੁੰਨੇ ਘਰਾਂ ਦੇ ਜ਼ਿਕਰਾਂ ਦੇ ਹਵਾਲੇ ਹੀ ਹੋ ਰਿਹਾ ਹੁੰਦਾ ਹੈ।
ਭਰੇ ਮੇਲੇ ਬਹੁਤ ਸੋਹਣੇ ਹੁੰਦੇ। ਬੰਦਾ ਜਦ ਪਿੰਡ ਛੱਡ ਕੇ ਸ਼ਹਿਰ ‘ਚ ਆ ਵਸਦਾ ਤਾਂ ਉਸ ਵੇਲੇ ਉਹ ਮਾਤਰ ਪਿੰਡ ਦਾ ਘਰ ਹੀ ਨਹੀਂ ਛੱਡ ਰਿਹਾ ਹੁੰਦਾ, ਉਹ ਉਸ ਵੇਲੇ ਹੋਰ ਬਹੁਤ ਕੁਝ ਉਮਰਾਂ ਦਾ ਇਕੱਤਰ ਕੀਤਾ ਹੋਇਆ ਅਹਿਸਾਸਾਂ ਦਾ ਅਸਬਾਬ ਵੀ ਛੱਡ ਰਿਹਾ ਹੁੰਦਾ। ਘਰ ਦੀਆਂ ਕੰਧਾਂ-ਕੌਲੇ ਚਾਹੇ ਬਹੁਤਾ ਮਹੱਤਵ ਨਹੀਂ ਰੱਖਦੇ ਪਰ ਪਹਿਲੀ ਉਮਰ ਜਵਾਨੀ ਦੇ ਪਿੰਡ ਦੀ ਮਿੱਟੀ ਤੇ ਇਸ ਦੀ ਮਨੋਹਰ ਫਿਜ਼ਾ ‘ਚ ਹੰਢਾਏ ਪਲਾਂ ਦਾ ਵਿਛੋੜਾ ਬਹੁਤ ਅਸਹਿ ਹੁੰਦਾ ਹੈ। ਹੋਰਨਾਂ ਵਾਂਗ ਸੰਧੂ ਵੀ ਇਸ ਵੇਦਨਾ ਤੋਂ ਮੁਕਤ ਨਹੀਂ ਹੋ ਸਕਿਆ।
‘ਪੰਜਾਬੀ ਟ੍ਰਿਬਿਊਨ’ ਨੇ ਸੰਧੂ ਨੂੰ ਚੰਡੀਗੜ੍ਹ ਦਾ ਵਾਸੀ ਬਣਾ ਦਿੱਤਾ। ਇਹ ਪੰਜਾਬ ਦੇ ਸ਼ਹਿਰਾਂ ਨਾਲੋਂ ਸੋਹਣਾ ਤਾਂ ਬਹੁਤ ਹੈ, ਪਰ ਇਸ ਵਿਚ ਮੋਗੇ, ਜਗਰਾਵਾਂ, ਜਲੰਧਰਾਂ, ਬਠਿੰਡਿਆਂ ਵਰਗੀ ਮੁਹੱਬਤੀ ਸਾਂਝ ਹੈ ਨਹੀਂ। ਇਹ ਰੂਹ ਵਾਲੀ ਨੇੜਤਾ ਤੋਂ ਬਹੁਤ ਦੂਰ ਹੈ। ਇਥੋਂ ਦੇ ਨਿਵਾਸੀ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਖੁਸ਼ਕੀ ਦੇ ਲਿਬਾਸ ਵਿਚ ਰਹਿਣਾ ਪਸੰਦ ਕਰਦੇ ਹਨ। ਪੰਜਾਬ ਦੀ ਸਖਾਵਤ ਵਰਗੀ ਅਪਣੱਤ ਇਸ ਵਿਚੋਂ ਝਲਕਦੀ ਨਹੀਂ ਦਿਸਦੀ। ਪੰਜਾਹ-ਸੌ ਮੀਲ ਦੀ ਵਿੱਥ ‘ਤੇ ਹੋਣ ‘ਤੇ ਵੀ ਪਰਦੇਸੀ ਸਥਾਨ ਜਿਹਾ, ਪਰਦੇਸ ਦੀ ਦੂਰੀ ਵਰਗੀ ਫੀਲਿੰਗ ਦਿੰਦਾ ਲਗਦਾ। ਪੰਜਾਬ ਦੇ ਹਰ ਸ਼ਹਿਰ, ਹਰ ਕਸਬੇ ਦੀ ਖੂਬਸੂਰਤੀ ਇਹ ਹੈ ਕਿ ਉਸ ਵਿਚੋਂ ਨਿਕਲੀ ਹਰ ਕੱਚੀ ਪੱਕੀ ਸੜਕ ਬੰਦੇ ਨੂੰ ਪਿੰਡ ਨਾਲ ਜੋੜੀ ਰੱਖਦੀ ਹੈ। ਸ਼ਹਿਰ ‘ਚ ਚਲੇ ਜਾਣ ‘ਤੇ ਵੀ ਬੰਦੇ ਅੰਦਰੋਂ ਪਿੰਡ ਨੂੰ ਗੁਆਚਣ ਨਹੀਂ ਦਿੰਦੀ। ਬੰਦਾ ਮਰਗਾਂ ਮੰਗਣਿਆਂ ਦੇ ਬਹਾਨੇ ਪਿੰਡ ਵੱਲ ਹੋ ਤੁਰਦਾ। ਉਸ ਦਾ ਛੱਡੇ ਹੋਏ ਪਿੰਡ ‘ਚ ਰਾਤਾਂ ਕੱਟਣ ਨੂੰ ਜੀਅ ਕਰ ਆਉਂਦਾ। ਉਸ ਨੂੰ ਪਿੰਡ ਨਾਲ ਵਰਤ ਕੇ ਸੁਆਦ ਜਿਹਾ ਆਉਂਦਾ, ਪਰ ਇਸ ਚੰਡੀਗੜ੍ਹ ਸ਼ਹਿਰ ਨੂੰ ਨਜ਼ਰ-ਏ-ਬਦ ਇਹ ਹੈ ਕਿ ਚੰਡੀਗੜ੍ਹ ਵਿਚੋਂ ਕੋਈ ਵੀ ਸੜਕ, ਕੋਈ ਵੀ ਪਗਡੰਡੀ ਪਿੰਡ ਨਾਲ ਜੁੜਦੀ ਨਹੀਂ ਦਿਸਦੀ; ਕੋਈ ਦਿਲੀ ਜੁੰਬਿਸ਼ ਨਹੀਂ ਪੈਦਾ ਕਰਦੀ; ਪਿੰਡ ਨਾਲ ਜੋੜਦੀ ਨਹੀਂ ਦਿਸਦੀ। ਇਸ ਸ਼ਹਿਰ ਦੀ ਅਜੀਬ ਜਿਹੀ ਬਣਤਰ ਤੇ ਭੂਗੋਲਿਕ ਸਥਾਨਕਤਾ ਹੋਣ ਕਰ ਕੇ ਹਰ ਪਿੰਡ ਚੰਡੀਗੜ੍ਹ ਤੋਂ ਦੂਰ ਹੋ ਚੁੱਕਿਆ ਲਗਦਾ, ਬਹੁਤ ਦੂਰ ਰਹਿ ਗਿਆ, ਟੁੱਟ ਚੁੱਕਿਆ ਜਾਪਦਾ। ਪਿੰਡ ਵੀ ਆਪਣੇ ਆਪ ਨੂੰ ਬਹੁਤ ਅਲਪ-ਅਨੁਮਾਨਤ ਕਰਦਾ ਹੋਇਆ ਇਸ ਚੰਡੀਗੜ੍ਹ ਨਾਲੋਂ ਆਪਣੇ ਆਪ ਨੂੰ ਵੱਖਰਾ ਖਾਸ ਦੂਰੀ ‘ਤੇ ਸਥਿਤ ਕਰ ਲੈਂਦਾ ਜਾਪਦਾ। ਇਸ ਤਰ੍ਹਾਂ ਖਾਲਸ ਪੇਂਡੂ ਮੱਸ ਵਾਲਾ ਸੰਧੂ ਵਰਗਾ ਬੰਦਾ ਜਦ ਪਿੰਡ ਵਿਚੋਂ ਜੰਮ ਪਲ, ਵੱਡਾ ਹੋ ਕੇ ਇਸ ਸ਼ਹਿਰ ਵਿਚ ਸਥਾਈ ਡੇਰਾ ਲਗਾ ਲੈਂਦਾ ਹੈ ਤਾਂ ਉਹ ਦੂਹਰੀ ਮਾਨਸਿਕਤਾ ਵਾਲੀ ਪੀੜਾ ‘ਚ ਉਲਝ ਜਾਂਦਾ। ਭਾਈਚਾਰੇ ਤੋਂ ਰਹਿਤ, ਮਨਫੀ ਮਾਹੌਲ ਦੀ ਮਾਰ ਤੇ ਦੂਜਾ ਪਿੰਡ ਦੇ ਮੂਲ ਤੋਂ ਜੁਦਾ ਹੋਣ ਦੀ ਤੜਫ।
ਸੰਧੂ ਸੰਵੇਦਨਸ਼ੀਲ ਹੈ। ਦਿਲ ਦਾ ਬਹੁਤ ਨਰਮ। ਅੰਦਰ ਜੱਟਾਂ ਵਰਗਾ ਤਾਸੁਰ ਨਹੀਂ, ਕ੍ਰੋਧਤ ਹੋ ਕੇ ਉਬਾਲਾ ਖਾਣ ਵਾਲੀ ਤਾਸੀਰ ਨਹੀਂ। ਭਾਵੁਕ ਪ੍ਰਸੰਗ ਸੁਣਨੇ ਇਸ ਦੀ ਵੱਡੀ ਠਰੰਮੇ ਵਾਲੀ ਰੁਚੀ ਹੈ। ਸੁਣਨਸਾਰ ਰੋ ਪੈਂਦਾ। ਜਦ ਹੇਜ ਵੈਰਾਗ ਦੀ ਲੋੜ ਸਮਝਦਾ ਤਾਂ ਵਹਿਣਾਂ ‘ਚ ਪੈਣ ਲਈ ਨੁਸਰਤ ਫਤਹਿ ਅਲੀ ਇਸ ਦਾ ਮਹਿਬੂਬ ਫਨਕਾਰ ਹੈ। ਰੋਣ ਲਈ ਉਸ ਨੂੰ ਸੁਣਦਾ। ਸੁਣ ਕੇ ਰੋਣ ਲੱਗ ਪੈਂਦਾ ਹੈ ਤਾਂ ਫਿਰ ਸਾਡੇ ਵਰਗਿਆਂ ਨਾਲ ਉਸ ਦੇ ਗੀਤਾਂ ਨੂੰ ਸਾਂਝਾ ਕਰਨ ਦੀ ਭਾਵਨਾ ਪ੍ਰਬਲ ਹੋ ਜਾਂਦੀ ਹੈ। ਸਾਨੂੰ ਨੁਸਰਤ ਦੇ ਰੁਆਉਣੇ ਬੋਲ ਸੁਣਾਉਣ ਲੱਗ ਪੈਂਦਾ।
ਸੰਧੂ ਦੇ ਪੈਰਾਂ ‘ਚ ਥਿਰਤਾ ਨਹੀਂ। ਕਰਮਾਂ ਵਿਚ ਰਾਹਗੀਰੀ ਲਿਖੀ ਹੈ। ਟ੍ਰਿਬਿਊਨ ‘ਚ ਨੌਕਰੀ ਕਰਦਿਆਂ, ਦਫਤਰੋਂ ਛੁੱਟੀ ਹੋਣ ਸਾਰ ਡੇਰਾ ਕਿਸੇ ਸੰਗੀਤਕ ਡੇਰੇ ‘ਤੇ ਹੁੰਦਾ ਰਿਹਾ। ਸ਼ਾਮਾਂ ਢਲ ਜਾਂਦੀਆਂ ਮਿਊਜ਼ਿਕ ਸੈਂਟਰਾਂ ਵਿਚ ਮਿੱਤਰਾਂ ਨਾਲ ਸੰਵਾਦ ਰਚਾਉਂਦਿਆਂ, ਰਾਤਾਂ ਲੰਮੇਰੀਆਂ, ਗਹਿਰੀਆਂ ਹੋ ਜਾਂਦੀਆਂ ਰਹੀਆਂ। ਘਰ ਅਕਸਰ ਰਾਤ ਕੱਟਣ ਲਈ ਧਰਮਸ਼ਾਲਾ ਸਮਾਨ ਹੀ ਰਿਹਾ। ਛੁੱਟੀ ਵਾਲਾ ਦਿਨ ਕਿਸੇ ਦਾਅਵਤ ਨੂੰ ਸਮਰਪਤ ਹੋ ਜਾਂਦਾ। ਅੱਜ ਵੀ ਜਲੰਧਰ, ਬੰਗੇ, ਲੁਧਿਆਣੇ ਨੂੰ ਤੋਰਾ-ਫੇਰਾ ਬਣਿਆ ਰਹਿੰਦਾ ਹੈ। ਖੇਡ ਮੇਲਿਆਂ, ਸ਼ੂਟਿੰਗਾਂ ਤੇ ਚੈਨਲਾਂ ਤੋਂ ਵਿਹਲ ਹੀ ਨਹੀਂ।
ਸੰਧੂ ਦੇ ਦੱਸਣ ਅਨੁਸਾਰ ਛੋਟਾ ਹੁੰਦਾ ਇਹ (ਸੰਧੂ) ਮਾਪਿਆਂ ਦਾ ਲਾਡਲਾ ਰਿਹਾ। ਤਿੰਨਾਂ ਭਰਾਵਾਂ ਵਿਚੋਂ ਸਭ ਤੋਂ ਛੋਟਾ। ਘਰ ‘ਚ ਹਰ ਰਿਆੜ੍ਹ ਪੁਗਦੀ ਰਹੀ। ਨਿੱਕਾ ਹੁੰਦਾ ਫਿਲਮ ਵੇਖਣ ਦੀ ਜ਼ਿਦ ਕਰਦਾ ਤਾਂ ਬਾਪੂ ਸਾਈਕਲ ਪਿਛੇ ਬਿਠਾਉਂਦਾ ਤੇ ਫਿਲਮ ਵਿਖਾ ਲਿਆਉਂਦਾ। ਕਿਸੇ ਵੇਲੇ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਬਹੁਤ ਮਸ਼ਹੂਰ ਹੁੰਦਾ ਸੀ। ਦੋ ਦਿਨ ਲਗਦਾ ਸੀ, ਹੁਣ ਵੀ ਲਗਦਾ; ਪਰ ਪਹਿਲੇ ਵੇਲੇ ਦੀਆਂ ਧੁੰਮਾਂ ਤਾਂ ਦੂਰ-ਦੂਰ ਤਕ ਪਂੈਦੀਆਂ ਸਨ। ਲੋਕ ਮੇਲਾ, ਖੇਡਾ ਪੈਂਦਾ ਅਤੇ ਨਚਾਰ ਨੱਚਦੇ ਵੇਖਦੇ। ਸ਼ਹਿਰ ਦੇ ਸਿਨੇਮੇ ‘ਚ ਉਨ੍ਹੀਂ ਦਿਨੀਂ ਸਪੈਸ਼ਲ ਤੌਰ ‘ਤੇ ਪੰਜਾਬੀ ਫਿਲਮ ਲਗਦੀ। ਸੰਧੂ ਛੋਟਾ ਹੁੰਦਾ ਫਿਲਮ ਵੇਖਣ ਦੀ ਬਾਹਲੀ ਖਿੱਚ ਕਰਦਾ। ਇਕ ਵਾਰ ਉਥੇ ਰੌਸ਼ਨੀ ‘ਤੇ ਦਾਰਾ ਸਿੰਹੁ ਦੀ ਫਿਲਮ ਲੱਗੀ ਸੀ। ਆਪਣੇ ਬਾਪੂ ਨਾਲ ਮੇਲੇ ਗਏ ਸੰਧੂ ਨੇ ਫਿਲਮ ਦੇਖੀ। ਵਾਪਸ ਪਿੰਡ ਨੂੰ ਮੁੜੇ ਅਜੇ ਸ਼ਹਿਰੋਂ ਡੂਢ ਕੁ ਮੀਲ ਆਏ ਸੀ ਕਿ ਇਹ ਫਿਰ ਰਿਆੜ੍ਹ ਪੈ ਗਿਆ- ਬਾਪੂ, ਮੈਂ ਤਾਂ ਫਿਰ ਦਾਰੇ ਦੀ ਫਿਲਮ ਵੇਖਣੀ ਹੈ। ਬਾਪੂ ਕਹੇ- ਕਾਕਾ! ਘੰਟਾ ਤਾਂ ਹੋਇਆ ਫਿਲਮ ਵੇਖੀ ਨੂੰ, ਹੁਣ ਦੁਬਾਰਾ ਵੇਖ ਕੇ ਕੀ ਲੈਣਾ? ਕੱਲ੍ਹ ਸਹੀ, ਫੇਰ ਆ ਜਾਂ’ਗੇ; ਪਰ (ਸੰਧੂ) ਅੜੀ ਪੁਗਾ ਕੇ ਹਟਿਆ। ਬਾਪੂ ਨੂੰ ਉਸੇ ਵਕਤ ਸਾਈਕਲ ਪਿੱਛੇ ਮੋੜਨਾ ਪਿਆ ਤੇ ਵੇਖੀ ਹੋਈ ਫਿਲਮ ਦੁਬਾਰਾ ਵਿਖਾਉਣੀ ਪਈ।
ਸੰਧੂ ਸ਼ਮਸ਼ੇਰ ਦੇ ਪਿਤਾ ਪੁਰਖੇ ਪਾਕਿਸਤਾਨੋਂ ਆਏ। ਇਨ੍ਹਾਂ ਨੂੰ ਮਦਾਰਪੁਰੇ ਜ਼ਮੀਨ ਅਲਾਟ ਹੋਈ। ਬੇਟ ਦਾ ਇਹ ਇਲਾਕਾ ਬਾਹਲਾ ਵਿਕਸਤ ਨਹੀਂ ਸੀ। ਹੁਣ ਤਾਂ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ, ਪਹਿਲਾਂ ਕੋਈ ਨਹੀਂ ਸੀ ਪੁੱਛਦਾ। ਦੇਸ਼ ਆਜ਼ਾਦ ਹੋਣ ਵੇਲੇ ਲੱਗਪੱਗ ਸਾਰਾ ਪੰਜਾਬ ਹੀ ਸੌਖੀ ਸਥਿਤੀ ਵਿਚ ਨਹੀਂ ਸੀ। ਮਾਰੂ ਜ਼ਮੀਨਾਂ, ਸਾਰਾ ਕੁਝ ਰੱਬ ਆਸਰੇ ਸੀ। ਗਰੀਬ ਗੁਰਬਾ ਇਕ ਦੂਜੇ ਦੇ ਘਰਾਂ ‘ਚੋਂ ਮੰਗ ਤੰਗ ਕੇ ਲੱਸੀਆਂ ਪੀ-ਪੀ ਗੁਜ਼ਾਰਾ ਕਰਦਾ ਸੀ। ਸੰਧੂ ਕਿਆਂ ਦੀ ਜ਼ਮੀਨ ਵਾਹਵਾ ਸੀ, ਪਿੰਡ ‘ਚ ਚੰਗੀ ਬਣੀ ਸੀ। ਪਿੰਡਾਂ ਦੀਆਂ ਪੜ੍ਹਾਈਆਂ ਐਸੀਆਂ ਵੈਸੀਆਂ ਹੁੰਦੀਆਂ, ਪੜ੍ਹਨ ਵਾਲੇ ਸਾਰੇ ਜੁਆਕ ਵਿਹਲੇ ਹੀ ਲਗਦੇ ਹੁੰਦੇ। ਫੱਟੀ ਬਸਤਾ ਘਰੇ ਸੁੱਟ ਕੇ ਖੇਡਣ ਤੁਰ ਜਾਂਦੇ। ਸੰਧੂ ਦਾ ਬਾਲਪਨ ਵੀ ਰਲਵੇਂ-ਮਿਲਵੇਂ ਕੁਝ ਕੁ ਚੰਗੇ ਤੇ ਕੁਝ ਘਸੇ-ਪਿਟੇ ਹਾਣੀਆਂ ਨਾਲ ਹੀ ਖੇਡਦਿਆਂ ਬੀਤਿਆ। ਸੰਧੂ ਜ਼ਿਆਦਾਤਰ ਪਿੰਡ ਦੇ ਲਿਬੜਿਆਂ-ਤਿਬੜਿਆਂ ਕੰਮੀਕਾਰ ਦਿਹਾੜੀਦਾਰਾਂ ਦੇ ਜੁਆਕਾਂ ਨਾਲ ਖੇਡਦਾ ਰਹਿੰਦਾ। ਉਹ ਜ਼ਰਦੇ ਬੀੜੇ ਲਾਉਂਦੇ, ਸਿਗਰਟਾਂ ਪੀਂਦੇ। ਸੰਧੂ ਵੀ ਕੋਈ ਵੀਹ ਕੁ ਪਰਸੈਂਟ ਕੋਲ ਬੈਠਾ ਹੀ ਹਵਾ ‘ਚ ਉਡਦੇ ਧੂੰਏ ਸਦਕਾ ਹਿੱਸੇਦਾਰ ਹੋ ਜਾਂਦਾ। ਜਦ ਬੇ-ਟਾਈਮਾ ਘਰੇ ਜਾਂਦਾ ਤਾਂ ਬੇਬੇ ਕੋਲੋਂ ਪੁੱਠਾ ਸਿੱਧਾ ਸੁਣਨ ਨੂੰ ਮਿਲਦਾ- ਆ ਗਿਆਂ ਕੌਲੇ ਕੱਛ ਕੇ, ਕਲੋਨੀ ਵਾਲਿਆਂ ਦੀਆਂ ਬੀੜੀਆ ਦੇ ਧੂੰਏ ਸੁੰਘ ਕੇæææ।
1996 ਤੋਂ ਪਹਿਲਾਂ ਮੈਂ ਸੰਧੂ ਨੂੰ ਬਹੁਤਾ ਨਹੀਂ ਸਾਂ ਜਾਣਦਾ। ਦਿੱਲੀ ਤੋਂ ਬਦਲ ਕੇ ਜਦ ਮਾਰਚ ਵਿਚ ਮੈਂ ਚੰਡੀਗੜ੍ਹ ਆਇਆ ਤਾਂ ਸੰਧੂ ਬਾਰੇ ਪਤਾ ਲੱਗਾ। ਛੇਤੀ ਹੀ ਸਿੱਧਾ ਵਾਹ ਹੀ ਪੈ ਗਿਆ। ਮਰਹੂਮ ਸੰਪਾਦਕ ਹਰਭਜਨ ਹਲਵਾਰਵੀ ਵੇਲੇ ‘ਪੰਜਾਬੀ ਟ੍ਰਿਬਿਊਨ’ ਵਿਚ ਮੇਰਾ ਕਾਲਮ ‘ਖੇਤਾਂ ਦੇ ਨਾਲ-ਨਾਲ’ ਸ਼ੁਰੂ ਹੋਇਆ, ਤਾਂ ਉਸ ਵੇਲੇ ਅਖਬਾਰ ਦਾ ‘ਉਤਮ ਖੇਤੀ’ ਪੰਨਾ ਸੰਧੂ ਕੋਲ ਸੀ। ਹਲਵਾਰਵੀ ਤੋਂ ਅੱਗੇ ਬਦਲ-ਬਦਲ ਕੇ ਸ਼ੰਗਾਰਾ ਸਿੰਘ ਭੁੱਲਰ, ਗੁਰਬਚਨ ਸਿੰਘ ਭੁੱਲਰ, ਸਿੱਧੂ ਦਮਦਮੀ ਐਡੀਟਰ ਆਏ। ਉਦੋਂ ਤਕ ਮੈਗਜ਼ੀਨ ਸੈਕਸ਼ਨ, ‘ਫਿਲਮ ਸੰਸਾਰ’ ਤੇ ‘ਉਤਮ ਖੇਤੀ’ ਦੇ ਇਹ ਸਾਰੇ ਪੰਨੇ ਸੰਧੂ ਦੀ ਰੇਖ-ਦੇਖ ਹੇਠ ਤਿਆਰ ਹੁੰਦੇ ਰਹੇ। ਇਹ ਕਹਿ ਲਵੋ, ਸੰਧੂ ਕੋਈ ਬਾਰਾਂ ਸਾਲ ਮੇਰੇ ਕਾਲਮ ਦਾ ਸੰਪਾਦਕ ਰਿਹਾ।
ਸੰਧੂ ਸ਼ੁਰੂ ਦੇ ਸਾਲਾਂ ਵਿਚ ਬਹੁਤਾ ਗਾਲੜੀ ਨਹੀਂ ਸੀ। ਘੁੱਟਵਾਂ ਜਿਹਾ ਸੁਭਾਅ, ਨਾ ਬਹੁਤਾ ਖੁੱਲ੍ਹਦਾ ਸੀ। ਇਸ ਦੇ ਸਥਾਈ ਦੋਸਤ ਬਹੁਤ ਘੱਟ ਹਨ। ਖਾਸਾਂ ਵਿਚੋਂ ਖਾਸ ਲੁਧਿਆਣੇ ਵਾਲਾ ਕਾਕਾ, ਅਜੀਤਪਾਲ ਜੀਤੀ, ਪਿੰ੍ਰਸੀਪਲ ਸਰਵਣ ਸਿੰਘ, ਹਰਜੀਤ ਨਾਗਰਾ, ਦੁਆਬੇ ਵਾਲਾ ਬੀਸਲਾ, ਦੋ-ਚਾਰ ਹੋਰ ਹੋਣਗੇ। ਪ੍ਰੋਫੈਸ਼ਨ ਕਰ ਕੇ ਜਿਨ੍ਹਾਂ ਗਾਇਕਾਂ-ਗੀਤਕਾਰਾਂ ਵਿਚ ਬਹੁਤਾ ਵਿਚਰਦਾ ਰਿਹਾ, ਉਨ੍ਹਾਂ ਨਾਲ ਵੀ ਸਾਂਝ-ਭਿਆਲੀ ਕੋਈ ਬਹੁਤੀ ਸਥਿਰਤਾ ਵਾਲੀ ਨਹੀਂ। ਫੋਨ ਉਹਨੇ ਕਿਸੇ ਦਾ ਚੁੱਕਣਾ ਨਹੀਂ ਹੁੰਦਾ। ਅਸਲ ਵਿਚ ਸੰਧੂ ਜਾਣ-ਪਛਾਣ ਵਾਲਿਆਂ ਦਾ ਫੋਨ ਵੀ ਸੇਵ/ਸਟੋਰ ਨਹੀਂ ਕਰਦਾ, ਅਣਪਛਾਤਾ ਫੋਨ ਤਾਂ ਚੁੱਕਣਾ ਦੂਰ ਦੀ ਗੱਲ ਹੈ। ਸੇਵ ਹੋਇਆ ਫੋਨ ਵੀ ਉਦੋਂ ਸੁਣਦਾ ਜਦ ਬਿਲਕੁਲ ਫਰੀ, ਜਾਂ ਫਿਰ ਮਤਲਬੀ ਗੱਲ ਵਾਲਾ ਹੋਵੇ ਜਿਸ ਦੇ ਸੁਣੇ ਬਗੈਰ ਸਰ ਹੀ ਨਹੀਂ ਸਕਦਾ। ਫਿਰ ਤਾਂ ਭਾਈ ਘੰਟਾ-ਘੰਟਾ ਦਿਲ-ਲੱਗੀਆਂ ਹੋਈ ਜਾਂਦੀਆਂ।
ਸੰਧੂ ਦੇ ਜੀਵਨ ਵਿਚ ਭਰੋਵਾਲ ਵਾਲਾ ਮਰਹੂਮ ਗਾਇਕ ਦੀਦਾਰ ਸੰਧੂ ਪੂਰੀ ਤਰ੍ਹਾਂ ਰਮਿਆ ਹੈ। ਸੰਧੂ ਦੀ ਬਹੁਤੀ ਹਯਾਤੀ ਉਸ ਦੇ ਨਾਲ ਬੀਤੀ ਹੈ। ਸੰਧੂ ਦੀ ਮਹਿਫਿਲ ਵਿਚ ਦੀਦਾਰ ਸੰਧੂ ਦਾ ਜ਼ਿਕਰ ਨਾ ਆਵੇ, ਇਹ ਹੋ ਨਹੀਂ ਸਕਦਾ। ਇਕ ਵਾਰ ਦੀਦਾਰ ਸੰਧੂ ਦੇ ਗੀਤਾਂ ਦੀ ਗੱਲ ਚੱਲ ਪਵੇ, ਫਿਰ ਤਾਂ ਸੰਧੂ ਤੋਂ ਮਾਈਕ ਖੋਹਣਾ ਮੁਸ਼ਕਿਲ ਹੋ ਜਾਂਦਾ। ਭਰੋਵਾਲ ਦੇ ਟਿੱਬਿਆਂ ਤੋਂ ਲੈ ਕੇ ਲੁਧਿਆਣੇ ਵਾਲੇ ਉਸ ਦੇ ਦਫਤਰ ਦੀਆਂ ਕਹਾਣੀਆਂ ਅਤੇ ਉਸ ਨਾਲ ਗਾਉਣ ਵਾਲੀਆਂ ਦੀਆਂ ਰੁੱਖੀਆਂ-ਮਿੱਸੀਆਂ ਗੱਲਾਂ ਉਤਰੀਆਂ ਹੀ ਆਉਂਦੀਆਂ। ਦੀਦਾਰ ਦੀ ਤੂੰਬੀ ਤੇ ਦਾਰੂ ਦੀਆਂ ਲਘੂ ਕਥਾਵਾਂ ਮੁੱਕਦੀਆਂ ਹੀ ਨਹੀਂ। ਦੀਦਾਰ ਸੰਧੂ ਤੇ ਸ਼ਮਸ਼ੇਰ ਸੰਧੂ ਦੀ ਦੋਸਤੀ ਦੇ ਖਾਸ ਤਿੰਨ ਕਾਰਨ ਹਨ- ਇਕ ਤਾਂ ਦੋਨੋਂ ਸੰਧੂ, ਦੂਜਾ ਦੋਨਾਂ ਦਾ ਪਿਛੋਕੜ ਲਹਿੰਦਾ ਪੰਜਾਬ ਸੀ, ਤੇ ਤੀਜਾ ਸਾਹਿਤਕ ਮੱਸ। ਦੀਦਾਰ ਜੋ ਵੀ ਗੀਤ ਲਿਖਦਾ, ਸੰਧੂ ਨੂੰ ਪੜ੍ਹਾਉਂਦਾ, ਸੋਧ ਕਰਾਉਂਦਾ।
ਸ਼ਮਸ਼ੇਰ ਸੰਧੂ ਨੇ ਗੀਤਾਂ ਦੀਆਂ ਬੜੀਆਂ ਐਲਬਮਾਂ ਦਿੱਤੀਆਂ। ਸੈਂਕੜੇ ਗੀਤ ਲਿਖੇ, ਫਿਲਮਾਏ ਤੇ ਅਨੇਕਾਂ ਸਿੰਗਰਾਂ ਤੋਂ ਗੁਆਏ; ਪਰ ਮਹਿਫਿਲਾਂ ਵਿਚ ਇਹ ਜ਼ਿਕਰ ਸੰਧੂ ਨੇ ਕਦੇ ਨਹੀਂ ਕੀਤਾ ਕਿ ਫਲਾਣੇ ਗੀਤ ਦਾ ਪਿਛੋਕੜ ਇਹ ਹੈ, ਇਸ ਕਾਰਨ ਮੈਂ ਇਹ ਗੀਤ ਰਚਿਆ। ਕਦੇ ਵੀ ਗੱਲ ਸਾਂਝੀ ਨਹੀਂ ਕੀਤੀ ਕਿ ਫਲਾਣਾ ਯਾਰ ਬੋਲਦਾ ਜਾਂ ਦੁਪੱਟਾ ਤੇਰਾ ਸੱਤ ਰੰਗ ਦਾ, ਜਾਂ ਗੁਟਕੂੰ ਕਰੇ ਕਬੂਤਰ ਚੀਨਾ ਆਦਿ ਦੇ ਲਿਖਣ ਪਿਛੇ ਕੀ ਇਤਿਹਾਸ ਸੀ? ਇਹ ਕਿਉਂ ਲ਼ਿਖਿਆ, ਇਸ ਦਾ ਫੁਰਨਾ ਕਿਵੇਂ ਫੁਰਿਆ? ਦੂਜੇ ਬੰਨੇ, ਸੰਧੂ ਜਦੋਂ ਦੀਦਾਰ ਸੰਧੂ ਦੇ ਗੀਤਾਂ ਦੀ ਗੱਲ ਕਰਦਾ ਹੁੰਦਾ, ਤਾਂ ਉਸ ਦੇ ਸਾਰੇ ਗੀਤਾਂ ਦੇ ਲਿਖਣ ਦੇ, ਅਹੁੜਨ ਦੇ ਕਾਰਨਾਂ ਦਾ ਵਿਸਥਾਰ ਸਹਿਤ ਚਾਨਣਾ ਪਾ ਰਿਹਾ ਹੁੰਦਾ।
ਸ਼ਮਸ਼ੇਰ ਸੰਧੂ ਹਮੇਸ਼ਾ ਸਰਲ ਤੇ ਤਣਾਉ ਰਹਿਤ ਜੀਵਨ ਦੀ ਕੋਸ਼ਿਸ਼ ‘ਚ ਹੁੰਦਾ। ਪੰਗੇ ਵਾਲੇ ਤੇ ਚਿੰਤਾਗ੍ਰਸਤ ਪਲਾਂ ਤੋਂ ਪਾਸਾ ਵੱਟਣਾ ਸੰਧੂ ਦਾ ਸੁਭਾਅ ਬਣ ਚੁੱਕਿਆ। ਹਰ ਉਸ ਕਾਰਜ ‘ਚ ਸ਼ਾਮਲ ਹੋਣ ਤੋਂ ਟਾਲਾ ਕਰਨ ਦੇ ਯਤਨ ‘ਚ ਹੁੰਦਾ ਜਿਥੋਂ ਮੌਜ ‘ਚ ਵਿਘਨ ਪੈਣ ਦੀ ਸੰਭਾਵਨਾ ਬਣ ਰਹੀ ਹੋਵੇ। ਉਸ ਦੀ ਧਾਰਮਿਕ ਪ੍ਰਵਿਰਤੀ ਬਹੁਤ ਸਰਲ ਹੈ। ਪਾਸ਼ ਨਾਲ ਸੰਧੂ ਦੀ ਬਹੁਤ ਨੇੜਤਾ ਰਹੀ। ਉਸ ਨੂੰ ਬੜੀ ਬਾਰੀਕੀ ਨਾਲ ਵਾਚਿਆ, ਉਸ ਨਾਲ ਰਾਤਾਂ ਕੱਟੀਆਂ, ਪੰਗੇ ਲੈਂਦਿਆਂ ਸੱਟਾਂ ਵੀ ਖਾਧੀਆਂ। ਉਸ ਦੀ ਲਿਖਤ ਨੂੰ ਰੂਹ ਤੋਂ ਮਾਣਿਆ। ਉਸ ਦੀਆਂ ਰਚਨਾਵਾਂ ਦੀਆਂ ਸਤਰਾਂ ਵੀ ਜ਼ੁਬਾਨੀ ਚੇਤੇ ਹਨ। ਪਾਸ਼ ਦੇ ਜੀਵਨ ਦੀਆਂ ਖਾਸ ਘਟਨਾਵਾਂ ਜੋ ਸਨਮੁੱਖ ਵਾਪਰੀਆਂ, ਉਨ੍ਹਾਂ ‘ਤੇ ਆਧਾਰਤ ‘ਇਕ ਪਾਸ਼ ਇਹ ਵੀ’ ਕਿਤਾਬ ਲਿਖੀ ਜੋ ਖੂਬ ਚਰਚਿਤ ਹੋਈ। ਇਸ ਤੋਂ ਇਲਾਵਾ ਖੱਬੀ ਵਿਚਾਰਧਾਰਾ ਵਾਲੇ ਹੋਰ ਬਹੁਤ ਸਾਰੇ ਕਾਮਰੇਡ ਮਿੱਤਰ ਹਨ ਪਰ ਸੰਧੂ ਉਤੇ ਕਾਮਰੇਡੀ, ਮਾਰਕਸਿਜ਼ਮ ਦਾ ਮਲੰਮਾ ਨਹੀਂ ਚੜ੍ਹਿਆ। ਇਸ ਦੀ ਸੰਗਤ ਵਿਚ ਧਾਰਮਿਕ ਵਿਅਕਤੀਆਂ ਦੇ ਪ੍ਰਵੇਸ਼ ਦਾ ਵੀ ਬਹੁਤਾ ਜ਼ਿਕਰ ਨਹੀਂ, ਨਾ ਉਸ ਉਤੇ ਧਾਰਮਿਕਤਾ ਦੀ ਕੋਈ ਝਾਲ ਹੈ। ਉਂਜ ਖੁਦ ਧਾਰਮਿਕ ਨਾ ਹੋ ਕੇ ਧਰਮ ਪ੍ਰਤੀ ਕੋਈ ਗਤੀਰੋਧ ਵੀ ਨਹੀਂ। ਕੁੱਲ ਮਿਲਾ ਕਿਸੇ ਵੀ ਇਜ਼ਮ ਦਾ ਨਾ ਹੋ ਕੇ ਮੌਜਾਂ ਵਾਲੀ ਜ਼ਿੰਦਗੀ ਬਤੀਤ ਕਰਨ ਦੇ ਰੌਂਅ ‘ਚ ਰਹਿਣ ਵਾਲਾ ਸ਼ਮਸ਼ੇਰ ਸਿੰਘ ਸੰਧੂ ਬਹੁਤ ਮਸਤ, ਮ੍ਰਿਦਲ ਤੇ ਮੌਜੀ ਬੰਦਾ ਹੈ।

Be the first to comment

Leave a Reply

Your email address will not be published.