ਗੁਰਬਖਸ਼ ਸਿੰਘ ਸੋਢੀ
ਫੋਟੋਗ੍ਰਾਫੀ ਦੇ ਖੇਤਰ ਵਿਚ ਸੰਸਾਰ ਪੱਧਰ ਉਤੇ ਚੋਖਾ ਨਾਮਣਾ ਖੱਟਣ ਵਾਲੀ ਸ਼ੀਰੀਂ ਨਿਸ਼ਾਂਤ ਇਰਾਨ ਵਿਚ ਜੰਮੀ-ਪਲੀ ਅਤੇ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਵੱਸਦੀ ਹੈ। ਉਸ ਦੀ ਕਲਾ ਅਤੇ ਕਲਾਕਾਰੀ ਦੀਆਂ ਧੁੰਮਾਂ ਹਰ ਪਾਸੇ ਹਨ। ਉਸ ਦੀ ਫੋਟੋਗ੍ਰਾਫ਼ੀ ਦਰਸ਼ਕ ਨੂੰ ਇਸ ਤਰ੍ਹਾਂ ਕੀਲਦੀ ਹੈ ਜਿਸ ਤਰ੍ਹਾਂ ਕੋਈ ਗਵੱਈਆ ਸੁਰ ਅਤੇ ਤਾਲ ਨਾਲ ਆਪਣੇ ਸਰੋਤਿਆਂ ਨੂੰ ਮੰਤਰ-ਮੁਗਧ ਕਰਦਾ ਹੈ। ਉਸ ਦੀ ਫੋਟੋਗ੍ਰਾਫ਼ੀ ਸਾਧਾਰਨ ਨਹੀਂ ਹੁੰਦੀ। ਉਹ ਮਨੁੱਖੀ ਦੇਹ ਨੂੰ ਪਹਿਲਾਂ ਚਿੱਤਰਕਾਰ ਵਾਂਗ ਵਰਤਦੀ ਹੈ ਅਤੇ ਫਿਰ ਨਾਲੋ-ਨਾਲ ਵੀਡੀਓਗ੍ਰਾਫ਼ੀ ਵੀ ਕਰਦੀ ਹੈ। ਅਸਲ ਵਿਚ ਫਿਲਮ ਕੈਮਰੇ ਨਾਲ ਉਸ ਦਾ ਬਹੁਤ ਗਹਿਰਾ ਅਤੇ ਆਪ-ਮੁਹਾਰਾ ਰਿਸ਼ਤਾ ਹੈ। ਉਹ ਫਿਲਮ ਕੈਮਰੇ ਦੀ ਭਾਸ਼ਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਉਸ ਵੱਲੋਂ ਕੀਤੀ ਵੀਡੀਓਗ੍ਰਾਫ਼ੀ ਦੰਗ ਕਰਨ ਵਾਲੀ ਹੈ। ਇਸੇ ਲਈ ਜਦੋਂ ਉਸ ਨੇ ਇਰਾਨੀ ਲੇਖਕਾ ਸ਼ਾਹਰਨੁਸ਼ ਪਰਸੀਪੁਰ ਦੇ ਨਾਵਲ ‘ਵਿਮੈਨ ਵਿਦਾਊਟ ਮੈਨ’ ਦੇ ਆਧਾਰ ‘ਤੇ 2009 ਵਿਚ ਇਸੇ ਨਾਂ ਤਹਿਤ ਫਿਲਮ ਬਣਾਈ ਤਾਂ ਇਸ ਦੀਆਂ ਲੋਕੇਸ਼ਨਾਂ ਅਤੇ ਵੀਡੀਓਗ੍ਰਾਫ਼ੀ ਦੇਖ ਕੇ ਲੋਕ ਹੈਰਾਨ ਰਹਿ ਗਏ।
ਸ਼ੀਰੀਂ ਨਿਸ਼ਾਂਤ ਦਾ ਜਨਮ 26 ਮਾਰਚ 1957 ਨੂੰ ਹੋਇਆ। ਉਹ ਆਪਣੇ ਮਾਪਿਆਂ ਦੇ ਪੰਜ ਬੱਚਿਆਂ ਵਿਚੋਂ ਚੌਥੇ ਨੰਬਰ ਉਤੇ ਸੀ। ਉਹਦਾ ਪਿਤਾ ਡਾਕਟਰ ਅਤੇ ਮਾਂ ਘਰੇਲੂ ਔਰਤ ਸੀ। ਪਿਤਾ ਪੱਛਮ ਦਾ ਬੜਾ ਕਾਇਲ ਸੀ ਅਤੇ ਉਹਨੇ ਆਪਣੇ ਬੱਚਿਆਂ ਨੂੰ ਕੈਥੋਲਿਕ ਬੋਰਡਿੰਗ ਸਕੂਲਾਂ ਤੋਂ ਪੜ੍ਹਾਈ ਕਰਵਾਈ। ਇਹੀ ਨਹੀਂ, ਉਹਨੇ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਹੱਲਾਸ਼ੇਰੀ ਦਿੱਤੀ ਅਤੇ ਸੰਸਾਰ ਨੂੰ ਦੇਖਣ-ਪਰਖਣ ਵਾਲੇ ਇਲਮ ਨਾਲ ਜੋੜਿਆ।
ਇਰਾਕ ਵਿਚ 1979 ‘ਚ ਅਜੇ ਧਾਰਮਿਕ ਇਨਕਲਾਬ ਨਹੀਂ ਸੀ ਆਇਆ ਕਿ ਸ਼ੀਰੀਂ ਪੜ੍ਹਨ ਲਈ ਲਾਸ ਏਂਜਲਸ (ਅਮਰੀਕਾ) ਆ ਗਈ। ਇਸ ਤੋਂ ਬਾਅਦ ਉਹ ਸੈਨ ਫਰਾਂਸਿਸਕੋ ਚਲੀ ਗਈ ਅਤੇ ਉਥੇ ਡੂਮੀਨੀਕਲ ਕਾਲਜ ਵਿਚ ਪੜ੍ਹਾਈ ਕੀਤੀ। ਬਾਅਦ ਵਿਚ ਉਸ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ-ਬਰਕਲੇ ਵਿਚ ਉਚ ਪੜ੍ਹਾਈ ਹਾਸਲ ਕੀਤੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਨਿਊ ਯਾਰਕ ਚਲੀ ਗਈ ਅਤੇ ਉਥੇ ਕੋਰੀਅਨ ਕਿਓਰੇਟਰ ਕਿਓਂਗ ਪਾਰਕ ਨਾਲ ਵਿਆਹ ਕਰਵਾ ਲਿਆ। ਕਿਓਂਗ ਪਾਰਕ ਉਦੋਂ ‘ਸਟੋਰਫ਼ਰੰਟ ਫਾਰ ਆਰਟ ਐਂਡ ਆਰਕੀਟੈਚਰ’ ਦਾ ਡਾਇਰੈਕਟਰ ਸੀ। ਇਹ ਸੰਸਥਾ ਉਸ ਨੇ ਆਪ ਬਣਾਈ ਸੀ। ਸ਼ੀਰੀਂ ਨੇ ਇਹ ਸੰਸਥਾ ਚਲਾਉਣ ਲਈ ਪੂਰੀ ਵਾਹ ਲਾਈ। ਇਸ ਸਮੇਂ ਦੌਰਾਨ ਉਹ ਆਪਣੀ ਕਲਾ ਵੱਲ ਵੀ ਬਹੁਤਾ ਧਿਆਨ ਨਹੀਂ ਦੇ ਸਕੀ। ਇਸੇ ਦੌਰਾਨ ਕਿਓਂਗ ਪਾਰਕ ਨਾਲ ਰਿਸ਼ਤਾ ਵੀ ਡੋਲ ਗਿਆ ਅਤੇ 1990 ਵਿਚ ਉਹ ਇਰਾਨ ਪਰਤ ਗਈ। ਇਸ ਸਮੇਂ ਨੂੰ ਉਹ ਆਪਣਾ ਸਭ ਤੋਂ ਮਾੜਾ ਸਮਾਂ ਮੰਨਦੀ ਹੈ। ਫਿਰ 2001-2002 ਵਿਚ ਨਿਸ਼ਾਂਤ ਨੇ ਗਾਇਕਾ ਸੂਸਨ ਡੇਹਿਮ ਨਾਲ ਰਲ ਕੇ ਕੰਮ ਸ਼ੁਰੂ ਕੀਤਾ ਅਤੇ ਵੱਖ-ਵੱਖ ਥਾਂਈਂ ਆਪਣੀਆਂ ਨੁਮਾਇਸ਼ਾਂ ਲਾਉਣੀਆਂ ਸ਼ੁਰੂ ਕੀਤੀਆਂ। ਨਾਲ ਹੀ ਫਿਲਮਾਂ ਵਾਲੇ ਪਾਸੇ ਧਿਆਨ ਧਰਿਆ। ਇਸ ਤੋਂ ਬਾਅਦ ਤਾਂ ਮੀਡੀਆ ਵਿਚ ਉਹ ਛਾਅ ਹੀ ਗਈ। ਉਸ ਦੀ ਕਲਾ ਅਤੇ ਕਲਾਕਾਰੀ ਬਾਰੇ ਅਖਬਾਰਾਂ ਨੇ ਦਿਲ ਖੋਲ੍ਹ ਕੇ ਲਿਖਿਆ। ‘ਦਿ ਨਿਊ ਯਾਰਕਰ’ ਵਰਗੀਆਂ ਅਖਬਾਰਾਂ ਨੇ ਉਸ ਦੇ ਪ੍ਰੋਫ਼ਾਈਲ ਛਾਪੇ। ‘ਹਫ਼ਿੰਗਟਨ ਪੋਸਟ’ ਦੇ ਆਲੋਚਕ ਜੀæ ਰੋਜ਼ਰ ਡੈਨਸਨ ਨੇ 2010 ਵਿਚ ਸ਼ੀਰੀਂ ਨਿਸ਼ਾਂਤ ਨੂੰ ‘ਦਹਾਕੇ ਦੀ ਕਾਲਾਕਾਰ’ ਆਖਿਆ।
ਸ਼ੀਰੀਂ ਨੇ ਅੱਜ ਕੱਲ੍ਹ ਇਰਾਨੀ ਮੂਲ ਦੇ ਕਲਾਕਾਰ ਅਤੇ ਫਿਲਮਸਾਜ਼ ਸ਼ੁਜਾ ਅਜ਼ਾਰੀ ਨਾਲ ਜੋੜੀ ਬਣਾਈ ਹੋਈ ਹੈ। ‘ਵਿਮੈਨ ਵਿਦਊਟ ਮੈਨ’ ਫਿਲਮ ਇਨ੍ਹਾਂ ਦੋਹਾਂ ਜਣਿਆਂ ਨੇ ਰਲ ਕੇ ਡਾਇਰੈਕਟ ਕੀਤੀ ਸੀ। ਸੁਜ਼ਾ ਨੇ ਇਸ ਤੋਂ ਇਲਾਵਾ ‘ਵਿੰਡੋਜ਼’, ‘ਕੇ’ ਆਦਿ ਫਿਲਮਾਂ ਬਣਾਇਆ ਹਨ। ਅੱਜ ਕੱਲ੍ਹ ਉਹ ਵੀ ਪੱਕੇ ਤੌਰ ‘ਤੇ ਨਿਊ ਯਾਰਕ ਵਿਚ ਰਹਿ ਰਿਹਾ ਹੈ।
Leave a Reply