ਢਾਡੀ ਸੀਤਲ ਦੇ ਹੋਣਹਾਰ ਸ਼ਾਗਿਰਦ ਕੁਲਵੰਤ ਸਿੰਘ ਬੀ.ਏ.

ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971
ਨਾਮਵਰ ਤੇ ਵਿਦਵਾਨ ਢਾਡੀ ਕੁਲਵੰਤ ਸਿੰਘ ਬੀæਏæ ਦਾ ਜਨਮ ਸਰਲੀ ਕਲਾਂ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ 15 ਸਤੰਬਰ 1936 ਨੂੰ ਸ਼ ਪ੍ਰੀਤਮ ਸਿੰਘ ਅਤੇ ਗੁਰਬਚਨ ਕੌਰ ਦੇ ਘਰੇ ਹੋਇਆ। ਉਹ ਅਜੇ ਪੰਜਵੀਂ ਵਿਚ ਹੀ ਪੜ੍ਹਦੇ ਸਨ, ਜਦੋਂ ਦੇਸ਼ ਦੀ ਵੰਡ ਹੋ ਗਈ। ਉਹ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਸਰਲੀ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆ ਗਏ, ਤੇ ਖਡੂਰ ਸਾਹਿਬ ਦੇ ਸਕੂਲ ਵਿਚ ਪੰਜਵੀਂ ਵਿਚ ਦਾਖ਼ਲ ਹੋ ਗਏ। ਖਡੂਰ ਸਾਹਿਬ ਦੇ ਹੋਲੇ ਮਹੱਲੇ ‘ਤੇ ਪਹਿਲੀ ਵਾਰ ਸੋਹਣ ਸਿੰਘ ਸੀਤਲ ਨੂੰ ਸੁਣਿਆ ਤੇ ਕੀਲੇ ਗਏ। ਦਿਲ ਵਿਚ ਅਹਿਸਾਸ ਜਾਗਿਆ ਕਿ ਸੀਤਲ ਜੀ ਵਰਗਾ ਬਣਾਂ, ਤੇ ਸਟੇਜ ਉਤੇ ਬੋਲਾਂ। ਇਸ ਚਾਹ ਨੇ ਉਨ੍ਹਾਂ ਨੂੰ ਸੋਹਣ ਸਿੰਘ ਸੀਤਲ ਦੁਆਰਾ ਲਿਖਿਆ ਸਿੱਖ ਇਤਿਹਾਸ ਪੜ੍ਹਨ ਦੀ ਲਗਨ ਲਾਈ। ਉਨ੍ਹਾਂ ਸਭ ਤੋਂ ਪਹਿਲਾਂ ‘ਸੀਤਲ ਸੁਨੇਹੇ’, ‘ਸੀਤਲ ਕਿਰਨਾਂ’, ‘ਸਿੱਖ ਰਾਜ ਕਿਵੇਂ ਬਣਿਆ’, ‘ਸਿੱਖ ਰਾਜ ਕਿਵੇਂ ਗਿਆ’ ਅਤੇ ‘ਦੁਖੀਏ ਮਾਂ-ਪੁੱਤ’ ਆਦਿ ਕਿਤਾਬਾਂ ਅੰਮ੍ਰਿਤਸਰੋਂ ਲਿਆ ਕੇ ਪੜ੍ਹੀਆਂ।
ਸ਼ਿਮਲੇ ਦੇ ਭਾਰਗਵ ਮਿਉਂਸਿਪਲ ਕਾਲਜ ਤੋਂ ਖੇਤੀਬਾੜੀ ਵਿਚੋਂ ਗ੍ਰੈਜੂਏਸ਼ਨ ਕਰ ਕੇ ਖੇਤੀਬਾੜੀ ਇੰਸਪੈਕਟਰ ਬਣ ਗਏ। ਹਰ ਸਾਲ ਪਹਿਲੀ ਜੇਠ ਨੂੰ ਪਿੰਡ ਸਰਲੀ ਕਲਾਂ ਵਿਚ ਜੋੜ ਮੇਲਾ ਲਗਦਾ ਸੀ। ਵਿਦਵਾਨ ਢਾਡੀ ਸ਼ ਪਿਆਰਾ ਸਿੰਘ ਪੰਛੀ ਇਸ ਜੋੜ ਮੇਲੇ ‘ਤੇ ਆਉਂਦੇ ਹੁੰਦੇ ਸਨ। ਚੰਗੇ ਪੜ੍ਹੇ-ਲਿਖੇ ਹੋਣ ਕਰ ਕੇ ਪਿੰਡ ਵਾਲਿਆਂ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਦੀ ਲਾ ਦਿੱਤੀ। ਸ਼ ਪੰਛੀ ਨੇ ਇਨ੍ਹਾਂ ਦੀ ਬੋਲਣ ਕਲਾ ਦੀ ਸਟੇਜ ਤੋਂ ਤਾਰੀਫ ਕੀਤੀ। ਇਸ ਨਾਲ ਇਨ੍ਹਾਂ ਨੂੰ ਹੋਰ ਉਤਸ਼ਾਹ ਮਿਲਿਆ। ਬਾਅਦ ਵਿਚ ਕੁਲਵੰਤ ਸਿੰਘ ਨੇ ਸ਼ ਪੰਛੀ ਨਾਲ ਮੇਲ-ਮਿਲਾਪ ਰੱਖਿਆ ਤੇ ਢਾਡੀ ਕਲਾ ਅਪਨਾਉਣ ਦਾ ਪੱਕਾ ਮਨ ਬਣਾ ਲਿਆ।
ਇਸ ਦੇ ਨਾਲ ਹੀ ਉਨ੍ਹਾਂ ਸੀਤਲ ਸਾਹਿਬ ਦੁਆਰਾ ਰਚਿਆ ਸਾਰਾ ਸਾਹਿਤ ਪੜ੍ਹਿਆ ਤੇ ਉਨ੍ਹਾਂ ਨੂੰ ਆਪਣਾ ਉਸਤਾਦ ਧਾਰ ਲਿਆ। ਸ਼ ਪਿਆਰਾ ਸਿੰਘ ਪੰਛੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਵਿਖੇ ਦੀਵਾਨ ਕਰਨ ਗਏ। ਦੀਵਾਨ ਛੇ ਦਿਨ ਚੱਲਣਾ ਸੀ। ਇਕ ਦਿਨ ਉਹ ਸਾਥੀਆਂ ਸਮੇਤ ਸਵਖਤੇ ਖੇਤਾਂ ਵੱਲ ਜੰਗਲ ਪਾਣੀ ਗਏ, ਸੱਪ ਨੇ ਡੱਸ ਲਿਆ। ਬੜਾ ਇਲਾਜ ਕੀਤਾ, ਪਰ ਉਹ ਬਚ ਨਾ ਸਕੇ ਅਤੇ 13 ਅਗਤਸਰ 1965 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ ਪੰਛੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਾਥੀ ਸ਼ਾਮ ਸਿੰਘ ਦਬੁਰਜੀ, ਸਵਰਨ ਸਿੰਘ ਦਬੁਰਜੀ ਤੇ ਸਾਰੰਗੀ ਮਾਸਟਰ ਪੂਰਨ ਸਿੰਘ ਅਲਾਦੀਨਪੁਰ (ਨੇੜੇ ਤਰਨ ਤਾਰਨ) ਰਲ ਕੇ ਕੁਲਵੰਤ ਸਿੰਘ ਬੀæਏæ ਕੋਲ ਆਏ, ਤੇ ਆਪਣਾ ਜਥੇਦਾਰ ਬਣਨ ਦੀ ਬੇਨਤੀ ਕੀਤੀ। ਪਹਿਲਾ ਦੀਵਾਨ ਇਨ੍ਹਾਂ ਨੇ ਮਲੋਟ ਕਰਨਾ ਸੀ। ਬੀæਏæ ਦੇ ਇਕ ਸਾਥੀ ਸਵਰਨ ਸਿੰਘ ਦਬੁਰਜੀ ਨੇ ਦੱਸਿਆ ਕਿ ਪਹਿਲਾ ਦੀਵਾਨ ਹੋਣ ਕਰ ਕੇ ਉਹ ਕੁਝ ਝਿਜਕਦੇ ਸਨ, ਪਰ ਜਦੋਂ ਸਟੇਜ ‘ਤੇ ਬੋਲੇ, ਤਾਂ ਸੰਗਤ ਨੇ ਬੜਾ ਸਲਾਹਿਆ। ਪ੍ਰਸ਼ੰਸਾ ਮਿਲਣ ਨਾਲ ਇਨ੍ਹਾਂ ਦਾ ਸਵੈ-ਵਿਸ਼ਵਾਸ ਵਧ ਗਿਆ। ਲੋਕ ਧਾਰਮਿਕ ਦੀਵਾਨਾਂ ‘ਤੇ ਬੁਲਾਉਣ ਲੱਗ ਪਏ। ਇਉਂ ਇਹ ਪੱਕੇ ਢਾਡੀ ਬਣ ਗਏ ਤੇ ਨੌਕਰੀ ਛੱਡ ਦਿੱਤੀ। ਉਹ ਸਿੱਖ ਇਤਿਹਾਸ ਨੂੰ ਤੱਥਾਂ ਦੇ ਆਧਾਰ ‘ਤੇ ਪੇਸ਼ ਕਰਦੇ। ਉਨ੍ਹਾਂ ਦੀ ਸ਼ਬਦ ਚੋਣ ਤੇ ਉਚਾਰਨ ਅਛੋਪਲੇ ਹੀ ਸਰੋਤਿਆਂ ਦੇ ਦਿਲ ਵਿਚ ਖੁਭ ਜਾਂਦੇ। ਪੜ੍ਹੇ-ਲਿਖੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਖਾਸ ਸਥਾਨ ਬਣਾ ਲਿਆ। ਸੰਗਤ ਨੂੰ ਜਦੋਂ ਕਦੇ ਉਨ੍ਹਾਂ ਦੇ ਕਿਸੇ ਦੀਵਾਨ ਵਿਚ ਆਉਣ ਦਾ ਪਤਾ ਲੱਗ ਜਾਂਦਾ, ਤਾਂ ਉਹ ਆਪਣੇ ਕੰਮ ਛੱਡ ਕੇ ਦੀਵਾਨ ਸੁਣਦੇ। ਉਹ ਹਰ ਮੱਸਿਆ ‘ਤੇ ਅਕਾਲ ਤਖਤ ਦੇ ਢਾਡੀ ਦੀਵਾਨ ਵਿਚੋਂ ਆਉਂਦੇ ਸਨ। ਮੈਂ ਵੀ ਹਰ ਮੱਸਿਆ ਸਕੂਲੋਂ ਛੁੱਟੀ ਲੈ ਕੇ ਉਨ੍ਹਾਂ ਨੂੰ ਸੁਣਨ ਜਾਣਾ।
ਈਰਖਾ ਮਨੁੱਖੀ ਸੁਭਾਅ ਹੈ। ਸਮਕਾਲੀ ਢਾਡੀ ਜਥੇ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਅਕਾਲ ਤਖਤ ਦੇ ਦੀਵਾਨ ਵਿਚ ਸੰਗਤ ਆਪ ਨੂੰ ਉਡੀਕਦੀ ਰਹਿੰਦੀ ਸੀ। ਜਦ ਉਨ੍ਹਾਂ ਆ ਕੇ ਸਟੇਜ ‘ਤੇ ਬੈਠ ਜਾਣਾ ਤਾਂ ਸੰਗਤ ਨੇ ਸਟੇਜ ਸਕੱਤਰ ਨੂੰ ਸਿਫਾਰਸ਼ਾਂ ਕਰਨੀਆਂ ਕਿ ਬੀæਏæ ਸਾਹਿਬ ਦੇ ਜਥੇ ਨੂੰ ਲਾਓ। ਦੂਜੇ ਢਾਡੀਆਂ ਦਾ ਇਲਜ਼ਾਮ ਸੀ ਕਿ ਬੀæਏæ ਨੇ ਸੰਗਤ ਦੇ ਕੁਝ ਬੰਦਿਆਂ ਨੂੰ ਸਿਖਾਇਆ ਹੁੰਦਾ ਹੈ ਕਿ ਉਹ ਉਸ ਦੇ ਜਥੇ ਦੀ ਮੰਗ ਕਰਨ। ਜਦ ਬੀæਏæ ਨੂੰ ਇਸ ਇਲਜ਼ਾਮ ਦਾ ਇਲਮ ਹੋਇਆ ਤਾਂ ਉਨ੍ਹਾਂ ਨੂੰ ਬੜਾ ਦੁਖ ਹੋਇਆ। ਉਨ੍ਹਾਂ ਸਟੇਜ ਤੋਂ ਇਸ ਇਲਜ਼ਾਮ ਦਾ ਜ਼ਿਕਰ ਕੀਤਾ ਤੇ ਆਪਣੀ ਗੱਲ ਸਾਫ-ਸਾਫ ਰੱਖੀ।
ਮੈਂ ਅਟਾਰੀ ਲਾਗੇ ਕਾਉਂਕੇ (ਅੰਮ੍ਰਿਤਸਰ) ਪਿੰਡ ਅਧਿਆਪਕ ਸਾਂ। ਪਿੰਡ ਵਿਚ ਪੰਜ ਅੱਸੂ ਨੂੰ ਕਿਸੇ ਸੰਤ ਦੀ ਯਾਦ ਵਿਚ ਸਾਲਾਨਾ ਮੇਲਾ ਲਗਦਾ ਸੀ। ਢਾਡੀ, ਕਵੀਸ਼ਰ ਤੇ ਰਾਗੀ ਬਿਨਾਂ ਬੁਲਾਏ ਉਸ ਮੇਲੇ ‘ਤੇ ਆ ਕੇ ਕੀਰਤਨ ਕਰਦੇ ਸਨ, ਪਰ ਉਨ੍ਹਾਂ ਦਾ ਸਿੱਖ ਇਤਿਹਾਸ ਬਾਰੇ ਗਿਆਨ ਸੀਮਤ ਹੁੰਦਾ। ਮੈਂ ਬਾਪੂ ਸੀਤਲ ਵਰਗੇ ਵਿਦਵਾਨ ਨੂੰ ਸੁਣਿਆ ਹੋਇਆ ਸੀ। ਮੈਂ ਪਿੰਡ ਦੇ ਪੜ੍ਹੇ-ਲਿਖੇ ਬੰਦਿਆਂ ਨਾਲ ਗੱਲ ਕੀਤੀ, ਕਿ ਕਿਉਂ ਨਾ ਕੋਈ ਵਿਦਵਾਨ ਢਾਡੀ ਜੋੜ ਮੇਲੇ ‘ਤੇ ਸੱਦਿਆ ਕਰੀਏ। ਉਹ ਸਹਿਮਤ ਹੋ ਗਏ, ਤੇ ਇਸ ਕੰਮ ਦੀ ਮੇਰੀ ਡਿਊਟੀ ਲਾ ਦਿੱਤੀ। ਮੈਂ ਪਹਿਲੀ ਵਾਰ ਕੁਲਵੰਤ ਸਿੰਘ ਬੀæਏæ ਨੂੰ ਸੱਦਿਆ। ਉਸ ਵਕਤ ਉਨ੍ਹਾਂ ਦੇ ਜਥੇ ਦੇ ਸਾਥੀ ਸਨ- ਸ਼ਾਮ ਸਿੰਘ ਦਬੁਰਜੀ, ਸਵਰਨ ਸਿੰਘ ਦਬੁਰਜੀ ਤੇ ਸਾਰੰਗੀ ਮਾਸਟਰ ਦਲੀਪ ਸਿੰਘ ਗੋਰੇ ਨੰਗਲ। ਇਹ ਜਥਾ ਪੰਜਾਬ ਵਿਚ ਨਾਮਣਾ ਖੱਟ ਚੁੱਕਾ ਸੀ। ਬੀæਏæ ਸਾਹਿਬ ਨੇ ਪਹਿਲੀ ਵਾਰ ਸਟੇਜ ਤੋਂ ਸ਼ਾਮ ਸਿੰਘ ਅਟਾਰੀ ਦੀ ਵਾਰ ਸੁਣਾਈ, ਤੇ ਦੱਸਿਆ ਕਿ ਕਿਵੇਂ ਸ਼ਾਮ ਸਿੰਘ ਦੇ ਵਡੇਰੇ ਜੈਸਲਮੇਰ (ਰਾਜਸਥਾਨ) ਤੋਂ ਆਏ ਅਤੇ ਪਿੰਡ ਕਾਉਂਕੇ ਕਲਾਂ (ਲੁਧਿਆਣਾ) ਵਸਾਇਆ। ਸਿੱਖ ਰਾਜ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਸ਼ ਸ਼ਾਮ ਸਿੰਘ ਦੇ ਬਜ਼ੁਰਗਾਂ ਕੌਰਾ ਤੇ ਗੌਰਾ ਕਿਵੇਂ ਅੰਮ੍ਰਿਤ ਛਕ ਕੇ ਕੌਰਾ ਤੋਂ ਕੌਰ ਸਿੰਘ ਤੇ ਗੌਰਾ ਤੋਂ ਗੌਰ ਸਿੰਘ ਬਣੇ। ਕਾਉਂਕੇ ਕਲਾਂ (ਲੁਧਿਆਣਾ) ਛੱਡ ਕੇ ਅਟਾਰੀ ਲਾਗੇ ਪਿੰਡ ਕਾਉਂਕੇ ਵਸਾਇਆ। ਆਪਣੇ ਪਿੰਡ ਦਾ ਇਤਿਹਾਸ ਸੁਣ ਕੇ ਲੋਕ ਅਸ਼-ਅਸ਼ ਕਰ ਉਠੇ। ਜਿੰਨਾ ਚਿਰ ਮੈਂ ਕਾਉਂਕੇ ਪਿੰਡ ਰਿਹਾ, ਲੋਕ ਹਰ ਸਾਲ ਉਨ੍ਹਾਂ ਨੂੰ ਸੱਦਦੇ ਰਹੇ। ਹਰ ਦੀਵਾਨ ‘ਤੇ ਉਹ ਸੋਹਣ ਸਿੰਘ ਸੀਤਲ ਨੂੰ ਯਾਦ ਕਰਦੇ।
1980 ਉਹ ਆਪਣੇ ਢਾਡੀ ਜਥੇ ਨਾਲ ਕੈਨੇਡਾ ਪੁੱਜੇ ਅਤੇ ਅੱਡ-ਅੱਡ ਸ਼ਹਿਰਾਂ ਵਿਚ ਦੀਵਾਨ ਸਜਾਏ ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਨੇ ਬਹੁਤ ਪਸੰਦ ਕੀਤਾ। ਪਿਛੋਂ ਉਹ ਕੈਨੇਡਾ ਹੀ ਵਸ ਗਏ। 1978 ਵਿਚ ਸਿੱਖ ਨਿਰੰਕਾਰੀ ਕਾਂਡ ਤੋਂ ਬਾਅਦ ਪੰਜਾਬ ਵਿਚ ਸੰਤ ਭਿੰਡਰਾਂਵਾਲੇ ਦੀ ਅਗਵਾਈ ਵਿਚ ਹਾਲਾਤ ਗਰਮ ਸਿਆਸਤ ਵੱਲ ਮੋੜਾ ਕੱਟ ਗਏ। ਉਹ ਵੀ ਕੈਨੇਡਾ ਵਿਚ ਗਰਮ ਸਿਆਸਤ ਨਾਲ ਜੁੜ ਗਏ ਅਤੇ ਸਿੱਖਾਂ ਦੇ ਹੱਕਾਂ ਬਾਰੇ ਸਟੇਜ ਤੋਂ ਗੱਲ ਕੀਤੀ। ਇਹ ਗੱਲ ਭਾਰਤੀ ਹੁਕਮਰਾਨਾਂ ਨੂੰ ਚੁਭਦੀ ਸੀ। ਪੰਜਾਬ ਵਿਚ ਸਿੱਖਾਂ ਅਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਮੰਗਣ ਵਾਲਿਆਂ ਨੂੰ ਅਤਿਵਾਦੀ ਤੇ ਵੱਖਵਾਦੀ ਕਹਿ ਕੇ ਭੰਡਿਆ ਗਿਆ। ਮਗਰੋਂ ਗੱਲ ਰਵਾਇਤੀ ਅਕਾਲੀਆਂ ਦੇ ਵਸੋਂ ਬਾਹਰ ਹੋ ਗਈ। ਸਾਕਾ ਨੀਲਾ ਤਾਰਾ ਵਰਗੀ ਮੰਦਭਾਗੀ ਘਟਨਾ ਵਾਪਰੀ। ਬੀæਏæ ਸਾਹਿਬ ਨੇ ਸਦਾ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਅਤੇ ਸਦਾ ਸੱਚੋ-ਸੱਚ ਕਿਹਾ। ਸੱਚ ਕਹਿਣ ਕਰ ਕੇ ਆਪ ਵੀਹ ਸਾਲ ਪੰਜਾਬ ਨਾ ਜਾ ਸਕੇ। ਜਦ 1997 ਵਿਚ ਅਕਾਲੀ ਸਰਕਾਰ ਪੰਜਾਬ ਵਿਚ ਬਣੀ, ਤਾਂ ਆਪਣੇ ਸ਼ਾਗਿਰਦ ਢਾਡੀ ਬਲਦੇਵ ਸਿੰਘ ਐਮæਏæ ਦੀ ਕੋਸ਼ਿਸ਼ ਸਦਕਾ ਉਹ 1999 ਵਿਚ ਪੰਜਾਬ ਜਾ ਸਕੇ।
ਮਾਰਚ 1999 ਵਿਚ ਮੈਂ ਤੇ ਬਲਦੇਵ ਸਿੰਘ ਐਮæਏæ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ, ਨੇ ਫਿਰ ਕਾਉਂਕੇ ਪਿੰਡ ਵਿਚ ਉਨ੍ਹਾਂ ਦਾ ਦੀਵਾਨ ਕਰਾਇਆ। ਜਿਥੇ ਪਹਿਲਾਂ ਸਾਰਾ ਪੰਡਾਲ ਸੰਗਤ ਨਾਲ ਭਰਿਆ ਹੁੰਦਾ ਸੀ, ਉਥੇ ਹਾਜ਼ਰੀ ਬਹੁਤ ਘੱਟ ਸੀ। ਵੇਖ ਕੇ ਦੁਖੀ ਮਨ ਨਾਲ ਉਨ੍ਹਾਂ ਕਿਹਾ, “ਜਦੋਂ ਮੈਂ ਪਹਿਲੀ ਵਾਰ ਕਾਉਂਕੇ ਪਿੰਡ ਵਿਚ ਆਇਆ ਸੀ, ਬੜੀਆਂ ਰੌਣਕਾਂ ਸੀ। ਲੋਕ ਨਸ਼ਿਆਂ ਤੋਂ ਦੂਰ, ਸਿੱਖੀ ਸਰੂਪ ਤੇ ਕਿਰਤ ਨਾਲ ਜੁੜੇ ਹੋਏ ਸਨ। ਅਕਾਲੀ ਲੀਡਰਸ਼ਿਪ ਨੌਜਵਾਨ ਸ਼ਕਤੀ ਨੂੰ ਸੇਧ ਦੇਣ ਵਿਚ ਨਾਕਾਮ ਰਹੀ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕੌਮ ਨੂੰ ਕੋਈ ਬਾਬਾ ਬੰਦਾ ਸਿੰਘ ਵਰਗਾ ਰਹਿਨੁਮਾ ਮਿਲ ਜਾਵੇ, ਤਾਂ ਸ਼ਾਇਦ ਉਹ ਪੁਰਾਣੀਆਂ ਰੌਣਕਾਂ ਫਿਰ ਪਰਤ ਆਉਣ।”
ਕੈਨੇਡਾ ਵਿਚ ਉਹ ਵੈਨਕੂਵਰ ਸ਼ਹਿਰ ਵਿਚ ਰਹਿੰਦੇ ਸਨ। 2010 ਵਿਚ ਉਨ੍ਹਾਂ ਨੂੰ ਦਮਦਮੀ ਟਕਸਾਲ ਵਾਲੇ ਬਾਬਾ ਧਰਮ ਸਿੰਘ ਨੇ ਬਾਬਾ ਬੰਦਾ ਸਿੰਘ ਦੇ ਸ਼ਹੀਦੀ ਦਿਵਸ ‘ਤੇ ਟਰੇਸੀ ਸੱਦਿਆ। ਉਨ੍ਹਾਂ ਦੇ ਟਰੇਸੀ ਆਉਣ ਬਾਰੇ ਮੈਂ ਅਖਬਾਰਾਂ ਵਿਚ ਇਸ਼ਤਿਹਾਰ ਪੜ੍ਹਿਆ। ਸ਼ ਹਰਮਿੰਦਰ ਸਿੰਘ ਫਰੀਮਾਂਟ ਵਾਲੇ ਵੀ ਮੇਰੇ ਵਾਂਗ ਬੀæਏæ ਦੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਬੀæਏæ ਸਾਹਿਬ ਦੀਆਂ ‘ਸਿੱਖ ਰਾਜ ਕਿਵੇਂ ਗਿਆ’ ਆਦਿ ਸੀæਡੀਜ਼ ਵਧੀਆਂ ਤਰੀਕੇ ਨਾਲ ਰਿਕਾਰਡ ਕੀਤੀਆਂ ਹਨ। ਇਹ ਸੀæਡੀਜ਼ ਉਹ ਨਾਲ ਲੈ ਗਿਆ। ਬੜੇ ਪਿਆਰ ਨਾਲ ਮਿਲੇ। ‘ਗੁਰਮਤਿ ਪ੍ਰਕਾਸ਼’ ਜਿਸ ਨੂੰ ਸ਼੍ਰੋਮਣੀ ਕਮੇਟੀ ਬੜੇ ਸਸਤੇ ਮੁੱਲ ‘ਤੇ ਛਾਪ ਕੇ ਧਰਮ ਪ੍ਰਚਾਰ ਕਰਦੀ ਹੈ, ਦੇ ਸੰਪਾਦਕ ਸਿਮਰਜੀਤ ਸਿੰਘ ਤੇ ਜਗਜੀਤ ਸਿੰਘ ਨੇ ਸੋਹਣ ਸਿੰਘ ਸੀਤਲ ਦੇ ਸੌ ਸਾਲਾ ਜਨਮ ਦਿਨ ‘ਤੇ ਅਗਸਤ 2009 ਨੂੰ ਸੀਤਲ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ। ਮੈਂ ਇਕ ਕਾਪੀ ਕੁਲਵੰਤ ਸਿੰਘ ਬੀæਏæ ਨੂੰ ਭੇਟ ਕੀਤੀ ਜਿਸ ਵਿਚ ਉਨ੍ਹਾਂ ਦਾ ਤੇ ਮੇਰਾ, ਸੀਤਲ ਸਾਹਿਬ ਬਾਰੇ ਲੇਖ ਛਪਿਆ ਸੀ। ਸੀਤਲ ਸਾਹਿਬ ਦੀ ਫੋਟੋ ਵਾਲਾ ‘ਗੁਰਮਤਿ ਪ੍ਰਕਾਸ਼’ ਮੱਥੇ ਨਾਲ ਕੇ ਸੋਹਣ ਸਿੰਘ ਸੀਤਲ ਪ੍ਰਤੀ ਸ਼ਰਧਾ ਪ੍ਰਗਟ ਕੀਤੀ, ਤੇ ਮੈਨੂੰ ਕਹਿਣ ਲੱਗੇ, “ਮੈਂ ਸੀਤਲ ਜੀ ਦੀ ਨਾਦੀ ਸੰਤਾਨ (ਉਸਤਾਦ ਸ਼ਗਗਿਰਦ ਦਾ ਰਿਸ਼ਤਾ) ਹਾਂ। ਸੀਤਲ ਜੀ ਮੈਨੂੰ ਕਿਹਾ ਕਰਦੇ ਸਨ, ‘ਮਨੁੱਖ ਦੇ ਦੁਨੀਆਂ ਵਿਚ ਜਿਉਣ ਦੇ ਦੋ ਢੰਗ ਹਨ। ਇਕ ਖੁਸ਼ਾਮਦ ਕਰ ਕੇ, ਤੇ ਦੂਜਾ ਗੁਣ ਪੈਦਾ ਕਰ ਕੇ। ਖੁਸ਼ਾਮਦ ਦੀ ਉਮਰ ਥੋੜ੍ਹੀ ਹੁੰੰਦੀ ਹੈ, ਪਰ ਗੁਣ ਦੀ ਉਮਰ ਜ਼ਿਆਦਾ ਹੁੰਦੀ ਹੈ।’ ਉਨ੍ਹਾਂ ਦੀ ਇਹ ਗੱਲ ਮੈਂ ਦਿਲ ਦਿਮਾਗ਼ ਵਿਚ ਬਿਠਾ ਲਈ ਤੇ ਸਿੱਖ ਇਤਿਹਾਸ ਦਾ ਬੜੀ ਲਗਨ ਨਾਲ ਅਧਿਆਨ ਕੀਤਾ ਜਿਸ ਨੇ ਮੇਰੇ ਵਿਚ ਸਟੇਜ ‘ਤੇ ਬੋਲਣ ਦੀ ਯੋਗਤਾ ਪੈਦਾ ਕੀਤੀ। ਮੈਂ ਉਨ੍ਹਾਂ ਦਾ ਇਹ ਕਰਜ਼ਾ ਸਾਰੀ ਉਮਰ ਉਤਾਰ ਨਹੀਂ ਸਕਦਾ।”
1999 ਤੋਂ ਬਾਅਦ ਉਹ ਲਗਾਤਾਰ ਪੰਜਾਬ ਜਾਂਦੇ ਰਹੇ। ਇਨ੍ਹਾਂ ਵੀਹਾਂ ਸਾਲਾਂ ਵਿਚ ਪੰਜਾਬ ਦਾ ਖਾੜਕੂ ਲਹਿਰ ਵੇਲੇ ਤੋਂ ਵੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਪੰਜਾਬ ਦੀ ਜਵਾਨੀ ਨੂੰ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਂ ‘ਤੇ ਨਸ਼ਿਆਂ, ਨੰਗੇਜ਼ਵਾਦ ਤੇ ਅਸ਼ਲੀਲਤਾ ਵੱਲ ਧਕੇਲ ਦਿੱਤਾ ਗਿਆ ਸੀ। ਨੌਜਵਾਨ ਪੀੜ੍ਹੀ ਕੁਰਾਹੇ ਪੈ ਚੁੱਕੀ ਸੀ। ਇਹ ਵੇਖ ਕੇ ਉਨ੍ਹਾਂ ਦਾ ਮਨ ਬੜਾ ਦੁਖੀ ਹੋਇਆ। ਉਥੇ ਉਨ੍ਹਾਂ ਦਾ ਮੇਲ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਸਰਹਾਲੀ ਵਾਲਿਆਂ ਨਾਲ ਹੋਇਆ। ਬਾਬਾ ਜੀ ਦੇ ਪਿਆਰ ਤੇ ਸਤਿਕਾਰ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਦਾ ਹਰ ਹੁਕਮ ਸਿਰ ਮੱਥੇ ਮੰਨਿਆ। ਇਲਾਕੇ ਦੀ ਸੰਗਤ ਦੀ ਮੰਗ ‘ਤੇ ਸਿੱਖੀ ਪ੍ਰਚਾਰ ਲਈ ਅਨੇਕਾਂ ਢਾਡੀ ਦਰਬਾਰ ਕੀਤੇ ਤਾਂ ਕਿ ਕੌਮ ਨਿਰਾਸ਼ਾ ਦੇ ਆਲਮ ਵਿਚੋਂ ਉਭਰ ਸਕੇ। ਸਟੇਜ ਤੋਂ ਬੇਬਾਕ ਹੋ ਕੇ ਧਾਰਮਿਕ ਤੇ ਰਾਜਨੀਤਕ ਲੀਡਰਾਂ ਦੀਆਂ ਖਾਮੀਆਂ ਨੂੰ ਲੋਕਾਂ ਸਾਹਮਣੇ ਨਸ਼ਰ ਕਰਦੇ। ਉਹ ਸੱਚ ਕਹਿਣ ਤੋਂ ਡਰਦੇ ਨਹੀਂ ਸਨ। ਇਨ੍ਹਾਂ ਹੀ ਢਾਡੀ ਕਲਾ ਤੋਂ ਪ੍ਰਭਾਵਿਤ ਹੇ ਕੇ ਕਈ ਉਨ੍ਹਾਂ ਦੇ ਸ਼ਾਗਿਰਦ ਬਣ ਗਏ ਜਿਨ੍ਹਾਂ ਵਿਚ ਮਿਲਖਾ ਸਿੰਘ ਮੌਜੀ, ਬਲਦੇਵ ਸਿੰਘ ਐਮæਏæ, ਲਖਵਿੰਦਰ ਸਿਘ ਸੋਹਲ ਅਤੇ ਨਿਰਮਲ ਸਿੰਘ ਨੂਰ ਸ਼ਾਮਲ ਹਨ।
ਅਕਤੂਬਰ 2011 ਨੂੰ ਉਹ ਕੈਨੇਡਾ ਤੋਂ ਪੰਜਾਬ ਗਏ। ਮੈਂ ਵੀ ਉਸ ਵਕਤ ਪੰਜਾਬ ਵਿਚ ਗਿਆ ਹੋਇਆ ਸੀ। ਮੈਨੂੰ ਢਾਡੀ ਬਲਦੇਵ ਸਿੰਘ ਐਮæਏæ ਨੇ ਉਨ੍ਹਾਂ ਦੇ ਆਉਣ ਦੀ ਖਬਰ ਦਿੱਤੀ। ਮੇਰੀ ਬੜੀ ਪ੍ਰਬਲ ਰੀਝ ਸੀ ਕਿ ਉਨ੍ਹਾਂ ਨੂੰ ਮਿਲ ਕੇ ਅਜੋਕੇ ਹਾਲਾਤ, ਕੁਰਾਹੇ ਪਈ ਜਵਾਨੀ, ਨਸ਼ਿਆਂ ਦੇ ਛੇਵੇਂ ਦਰਿਆ ਅਤੇ ਧਾਰਮਿਕ ਲੀਡਰਾਂ ਤੇ ਸਿੱਖ ਸੰਸਥਾਵਾਂ ਦੇ ਨਿਘਾਰ ਬਾਰੇ ਵਿਚਾਰ-ਚਰਚਾ ਕਰਾਂ। ਆਪਣੇ ਇਲਾਕੇ ਵਿਚ ਉਨ੍ਹਾਂ ਦੀ ਸਲਾਹ ਨਾਲ ਢਾਡੀ ਦਰਬਾਰ ਕਰਾਵਾਂ ਜਿਸ ਵਿਚ ਇਨ੍ਹਾਂ ਕੁਰੀਤੀਆਂ ਨੂੰ ਲੋਕਾਂ ਅਤੇ ਜਵਾਨੀ ਨੂੰ ਜਾਣੂ ਕਰਾ ਕੇ ਉਨ੍ਹਾਂ ਨੂੰ ਕੋਈ ਚੰਗੀ ਸੇਧ ਦਾ ਗਿਆਨ ਕਰਾਇਆ ਜਾਵੇ; ਪਰ ਮੇਰੀ ਇਹ ਰੀਝ ਅਧੂਰੀ ਹੀ ਰਹਿ ਗਈ। ਬਾਬਾ ਅਵਤਾਰ ਸਿੰਘ ਸਰਹਾਲੀ ਤੇ ਸਰਪੰਚ ਗੁਰਮੁਖ ਸਿੰਘ ਚੱਬਾ ਦੇ ਸਹਿਯੋਗ ਨਾਲ ਉਨ੍ਹਾਂ ਦੋ ਦੀਵਾਨ ਗੁਰਦੁਆਰਾ ਰੋਡੀ ਸਾਹਿਬ ਬਾਬਾ ਦਿਆਲ ਸਿੰਘ ਪਿੰਡ ਵਰਪਾਲ ਤੇ ਗੁਰਦੁਆਰਾ ਸੰਗਰਾਣਾ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਚੱਬਾ ਮਾਤਾ ਸੁਲਖਣੀ (ਅੰਮ੍ਰਿਤਸਰ) ਵਿਖੇ ਕੀਤੇ। ਇਲਾਕੇ ਦੀਆਂ ਸੰਗਤ ਨੇ ਉਨ੍ਹਾਂ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ। ਉਹ ਆਪਣੇ ਹੋਣਹਾਰ ਸ਼ਾਗਿਰਦ ਮਿਲਖਾ ਸਿੰਘ ਮੌਜੀ ਪਾਸ ਸਰਹਾਲੀ (ਅੰਮ੍ਰਿਤਸਰ) ਵਿਖੇ ਠਹਿਰੇ ਹੋਏ ਸਨ ਕਿ ਦਿਲ ਦੀ ਤਕਲੀਫ਼ ਮਹਿਸੂਸ ਕੀਤੀ। ਉਸੇ ਵੇਲੇ ਤਰਨ ਤਾਰਨ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਦੇ ਐਸਕੌਰਟ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ। ਜਦ ਤਰਨ ਤਾਰਨ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਬੀæਏæ ਸਾਹਿਬ ਨੇ ਸਾਥੀਆਂ ਨੂੰ ਕਿਹਾ ਕਿ ਮੈਂ ਹੁਣ ਠੀਕ-ਠਾਕ ਹਾਂ, ਤੁਸੀਂ ਮੈਨੂੰ ਐਸਕੌਰਟ ਹਸਪਤਾਲ ਵਿਚ ਦਾਖ਼ਲ ਨਾ ਕਰਾਓ। ਮੈਂ ਕੈਨੇਡਾ ਵਾਪਸ ਚਲਾ ਜਾਂਦਾ ਹਾਂ, ਉਥੇ ਮੇਰਾ ਇਲਾਜ ਇਸ ਹਸਪਤਾਲ ਨਾਲੋਂ ਵਧੀਆ ਹੋਵੇਗਾ। ਉਨ੍ਹਾਂ ਦਾ ਕਹਿਣਾ ਮੰਨ ਕੇ ਵਾਪਸ ਪਿੰਡ ਸਰਹਾਲੀ ਮਿਲਖਾ ਸਿੰਘ ਮੌਜੀ ਦੇ ਗ੍ਰਹਿ ਵਿਖੇ ਆ ਗਏ ਜਿਥੇ 9 ਨਵੰਬਰ 2011 ਨੂੰ ਰਾਤ ਦੇ ਦਸ ਵਜੇ ਦਿਲ ਦੀ ਧੜਕਣ ਬੰਦ ਹੋਣ ਕਰ ਕੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪੰਥ ਦੇ ਇਸ ਮਹਾਨ ਪੰਥਕ ਢਾਡੀ ਦੇ ਤੁਰ ਜਾਣ ਕਾਰਨ ਜੋ ਖਲਾਅ ਪੈਦਾ ਹੋਇਆ ਹੈ, ਉਸ ਦੀ ਪੂਰਤੀ ਮੁਸ਼ਕਲ ਹੈ।
ਸੋਹਣ ਸਿੰਘ ਸੀਤਲ ਕਿਹਾ ਕਰਦੇ ਸਨ, “ਮੌਤ ਨਾਲ ਮਰ ਜਾਣਾ ਹੀ ਜ਼ਿੰਦਗੀ ਨਹੀਂ। ਜੋ ਲੋਕ ਲੋਕਾਂ ਵਾਸਤੇ ਕੁਝ ਕਰ ਜਾਂਦੇ ਹਨ, ਉਹ ਸਦਾ ਜ਼ਿੰਦਾ ਰਹਿੰਦੇ ਹਨ। ਬੀæਏæ ਸਾਹਿਬ ਆਪਣੀ ਢਾਡੀ ਕਲਾ ਰਾਹੀਂ ਅੱਜ ਵੀ ਜ਼ਿੰਦਾ ਹਨ।”
ਸੀਤਲ ਸਦਾ ਜਹਾਨ ‘ਤੇ ਜੀਂਵਦਾ ਏ,
ਜਿਹਦਾ ਮਰ ਗਿਆਂ ਦੇ ਪਿਛੋਂ ਜਸ ਹੋਵੇ।

Be the first to comment

Leave a Reply

Your email address will not be published.