ਪਿਆਜ਼ੀ ਚੁੰਨੀ

ਬਲਵੰਤ ਗਾਰਗੀ
ਡਾਕਟਰ ਪਸ਼ੌਰਾ ਸਿੰਘ ਵਿਚ ਖਾਨਦਾਨੀ ਅਣਖ ਤੇ ਖੜਕਾ-ਦੜਕਾ ਸੀ।
ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਵੀ ਕਲਾ ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਬੀਵੀ ਨੂੰ ਕੁਟਿਆ, ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿਤੇ ਤੇ ਫੇਰ ਗੁਸੇ ਵਿਚ ਝੱਗਾਂ ਛਡਦਾ ਹੋਇਆ ਉਸ ਦੀ ਹਿੱਕ ਉਤੇ ਚੜ੍ਹ ਬੈਠਾ। ਪੇਟੀ ਨਾਲ ਲਟਕਦਾ ਛੁਰਾ ਕਢ ਕੇ ਸੰਘੀ ਨਪ ਕੇ ਗਰਜਿਆ, “ਦੇਖਣੀ ਏਂ! ਸਿਰ ਕੱਟ ਕੇ ਕਿੱਲੀ ਉਤੇ ਟੰਗ ਦੇਸਾਂ!”
ਉਸ ਦਿਨ ਪਿਛੋਂ ਉਸ ਦੀ ਬੀਵੀ ਬੱਕਰੀ ਵਾਂਗ ਉਸ ਦੇ ਨਾਲ-ਨਾਲ ਤੁਰ ਕੇ ਦੁਕਾਨ ‘ਤੇ ਆਉਂਦੀ, ਸਾਰਾ ਦਿਨ ਉਥੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁਪ-ਚਾਪ ਉਸ ਦੇ ਨਾਲ ਘਰ ਮੁੜਦੀ।
ਦੂਰ-ਦੂਰ ਦੇ ਪਿੰਡਾਂ ਤੀਕ ਪਿਸ਼ੌਰਾ ਸਿੰੰਘ ਦੀ ਚਰਚਾ ਸੀ। ਕਿਸੇ ਨੂੰ ਦਾੜ੍ਹ ਪੀੜ ਹੁੰਦੀ ਜਾਂ ਕਿਸੇ ਸ਼ੁਕੀਨ ਨੇ ਦੰਦਾਂ ਵਿਚ ਮੇਖਾਂ ਠੁਕਵਾਉਣੀਆਂ ਹੁੰਦੀਆਂ, ਜਾਂ ਕਿਸੇ ਬੁਢੇ ਨੇ ਨਵੇਂ ਦੰਦ ਲਗਵਾਉਣੇ ਹੁੰਦੇ, ਤਾਂ ਸਿਧੇ ਡਾਕਟਰ ਪਸ਼ੌਰਾ ਸਿੰਘ ਕੋਲ ਆਉਂਦੇ।
ਇਸ ਦੇ ਇਲਾਵਾ ਖੁੰਢਾਂ ਉਤੇ ਬੈਠੇ ਜੱਟਾਂ ਦੇ ਮੁੰਡੇ ਤੇ ਢਾਬੇ ਉਤੇ ਚਾਹ ਪੀਂਦੇ ਬੱਸਾਂ ਦੇ ਡਰਾਈਵਰ ਵੀ ਉਸ ਦੀਆਂ ਗੱਲਾਂ ਕਰਦੇ। ਇਨ੍ਹਾਂ ਵਿਚੋਂ ਕਈ ਮਨਚਲੇ ਦਾੜ੍ਹ ਪੀੜ ਦੇ ਪੱਜ, ਹਾਏ ਹਾਏ ਕਰਦੇ ਉਸ ਦੀ ਹੱਟੀ ਉਤੇ ਹੋ ਆਏ ਸਨ ਜਿਥੇ ਉਸ ਦੀ ਸੁਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ।
ਪਸ਼ੌਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ। ਪਿਲਪਿਲੇ ਮਸੂੜੇ, ਵਿਰਲਾਂ ਵਾਲੀ ਪੀਲੀ ਦੰਦਰਾਲ। ਪਰ ਉਹ ਆਖਦਾ, “ਧੋਬੀ ਦੇ ਆਪਣੇ ਕੱਪੜੇ ਸਦਾ ਮੈਲੇ ਹੀ ਥੀਸਨ।” ਉਹ ਆਪਣੀ ਮਹਿੰਦੀ ਰੰਗੀ ਦਾੜ੍ਹੀ, ਫੌਜੀਆਂ ਵਾਂਗ ਚੜ੍ਹਾ ਕੇ ਰੱਖਦਾ। ਪੂੰਝੇ ਵਾਲੀ ਨੀਲੀ ਪੱਗ ਤੇ ਪਤਲੂਨ ਦੀ ਪੇਟੀ ਨਾਲ ਲਟਕਦੇ ਛੁਰੇ ਦਾ ਬੜੇ ਫਖਰ ਨਾਲ ਜ਼ਿਕਰ ਕਰਦਾ। ਜੇ ਇਲਾਕੇ ਦਾ ਕੋਈ ਥਾਣੇਦਾਰ ਜਾਂ ਪਟਵਾਰੀ ਦੁਕਾਨ ਅਗੋਂ ਦੀ ਲੰਘਦਾ, ਤਾਂ ਉਹ ਬੜੇ ਤਪਾਕ ਨਾਲ ਉਸ ਨੂੰ ਫਤਿਹ ਬੁਲਾਉਂਦਾ ਤੇ ਹੱਥ ਜੋੜ ਕੇ ਆਖਦਾ, “ਸਾਡੇ ਵਲ ਵੀ ਧਿਆਨ ਰਖਣਾ! ਤੁਹਾਡੇ ਸਦਕੇ ਦਾਸ ਵੀ ਚਾਰ ਪੈਸੇ ਖੱਟ ਲੇਸੀ!”
ਹੱਟੀ ਦੇ ਬਾਹਰ ਦੋ ਬੋਰਡ ਲਟਕਦੇ ਸਨ। ਇਕ ਆਦਮੀ ਬਗੈਰ ਦੰਦਾਂ ਦੇ ਹੱਸ ਰਿਹਾ ਹੈ, ਦੂਜਾ ਨਵੇਂ ਦੰਦਾਂ ਦਾ ਸੈਟ ਲਾਈ ਬੈਠਾ ਮੁਸਕਰਾ ਰਿਹਾ ਹੈ। ਇਕ ਮੈਲੇ ਪਰਦੇ ਪਿਛੇ ਦੰਦਾਂ ਦਾ ਮੁਆਇਨਾ ਕਰਨ ਵਾਲੀ ਲੰਮੀ ਗਦੇਦਾਰ ਕੁਰਸੀ ਪਈ ਹੁੰਦੀ, ਜਿਸ ਨੂੰ ਉਹ ਰਾਵਲਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ। ਕੋਲ ਫੱਟੇ ‘ਤੇ ਕਈ ਪ੍ਰਕਾਰ ਦੇ ਜਮੂਰ ਤੇ ਖੁਰਚਣ ਵਾਲੇ ਔਜ਼ਾਰ ਪਏ ਹੁੰਦੇ। ਇਕ ਪਾਸੇ ਸਟੂਲ ਉਤੇ ਉਸ ਦੀ ਸੋਹਣੀ ਪੋਠੋਹਾਰਨ ਬੀਵੀ ਬੈਠੀ ਹੁੰਦੀ, ਜਿਸ ਦੀ ਪਿਆਜ਼ੀ ਚੁੰਨੀ ਵਾਰ-ਵਾਰ ਉਸ ਦੀਆਂ ਛਾਤੀਆਂ ਤੋਂ ਤਿਲਕਦੀ ਰਹਿੰਦੀ।
ਸਾਰੀ ਮੰਡੀ ਵਿਚ ਪਸ਼ੌਰਾ ਸਿੰਘ ਦੇ ਜਮੂਰ ਤੇ ਪਿਆਜ਼ੀ ਚੁੰਨੀ ਦਾ ਜ਼ਿਕਰ ਸੀ। ਲੋਕ ਡਾਕਟਰ ਨੂੰ ਜਮੂਰ ਤੇ ਉਸ ਦੀ ਬੀਵੀ ਨੂੰ ਪਿਆਜ਼ੀ ਚੁੰਨੀ ਨਾਲ ਯਾਦ ਕਰਦੇ। ਇਹ ਕੁਝ ਠੀਕ ਵੀ ਸੀ। ਪਸ਼ੌਰਾ ਸਿੰਘ ਨੇ ਜਮੂਰ ਵਾਂਗ ਹੀ ਪਿਆਜ਼ੀ ਚੁੰਨੀ ਨੂੰ ਫੜਿਆ ਹੋਇਆ ਸੀ।
ਗੱਲ ਇਸ ਤਰ੍ਹਾਂ ਹੋਈ ਕਿ ਪਸ਼ੌਰਾ ਸਿੰਘ ਦੀ ਪਹਿਲੀ ਬੀਵੀ ਤੇ ਦੋ ਧੀਆਂ ਪਾਕਿਸਤਾਨ ਵਿਚ ਹੀ ਕਤਲ ਹੋ ਗਈਆ ਸਨ। ਜਦੋਂ ਉਹ ਇਸ ਮੰਡੀ ਵਿਚ ਆਇਆ ਤਾਂ ਸਿਰਫ ਆਪਣੀ ਬੁਢੀ ਮਾਂ ਤੇ ਪੁਰਾਣੀ ਕੁਰਸੀ ਨੂੰ ਹੀ ਨਾਲ ਲਿਆ ਸਕਿਆ ਸੀ। ਉਸ ਦੇ ਗੁਆਂਢ ਵਿਚ ਇਕ ਅੰਨ੍ਹੀ ਪੋਠੋਹਾਰਨ ਤੇ ਉਸ ਦੀ ਜਵਾਨ ਧੀ ਆ ਵਸੇ ਸਨ। ਥੋੜ੍ਹੇ ਦਿਨ ਪਿਛੋਂ ਉਹ ਪਸ਼ੌਰਾ ਸਿੰਘ ਦੇ ਵੱਡੇ ਮਕਾਨ ਵਿਚ ਹੀ ਰਹਿਣ ਲਗੇ। ਉਨ੍ਹਾਂ ਨੂੰ ਪਸ਼ੌਰਾ ਸਿੰਘ ਦਾ ਆਸਰਾ ਸੀ। ਮਰਨ ਲਗਿਆਂ ਅੰਨ੍ਹੀ ਬੁੱਢੀ ਨੇ ਆਪਣੀ ਜਵਾਨ ਧੀ ਦਾ ਵਿਆਹ ਪਸ਼ੌਰਾ ਸਿੰਘ ਨਾਲ ਕਰ ਦਿਤਾ ਸੀ।
ਇਕ ਦਿਨ ਦੁਕਾਨ ਤੋਂ ਵਿਹਲਾ ਹੋ ਕੇ ਪਸ਼ੌਰਾ ਸਿੰਘ ਆਪਣੀ ਬੀਵੀ ਨਾਲ ਘਰ ਪਰਤ ਰਿਹਾ ਸੀ। ਬਾਜ਼ਾਰ ਵਿਚ ਕੁੰਜ਼ੜੇ ਦੀ ਦੁਕਾਨ ਉਤੇ ਉਹ ਸਬਜ਼ੀ ਲੈਣ ਲਈ ਰੁਕ ਗਏ। ਉਹ ਭਿੰਡੀਆਂ ਦਾ ਭਾਅ ਕਰਨ ਲੱਗਾ ਤੇ ਉਸ ਦੀ ਬੀਵੀ ਇਕ ਪਾਸੇ ਖੜੇ ਹੋ ਕੇ ਉਸ ਨੂੰ ਉਡੀਕਣ ਲਗੀ। ਜਦ ਉਹ ਭਿੰਡੀਆਂ ਚੁਣ ਕੇ ਤੁਲਵਾ ਕੇ ਮੁੜਿਆ, ਤਾਂ ਉਸ ਦੇਖਿਆ ਕਿ ਪੱਕੇ ਰੰਗ ਦਾ ਇਕ ਪਤਲਾ ਲੰਮਾ ਆਦਮੀ ਖੰਭੇ ਹੇਠ ਖੜਾ ਹੈ ਤੇ ਉਸ ਦੀ ਬੀਵੀ ਉਸ ਵਲ ਦੇਖ ਕੇ ਮੁਸਕਰਾ ਰਹੀ ਹੈ।
ਪਸ਼ੌਰਾ ਸਿੰਘ ਨੇ ਭਿੰਡੀਆਂ ਸੁੱਟ ਕੇ ਬੀਵੀ ਦਾ ਗੱਲ ਜਾ ਫੜਿਆ। ਉਸ ਨੂੰ ਝੰਜੋੜਦਾ ਤੇ ਮਾਰਦਾ ਹੋਇਆ ਬਕਿਆ, “ਤੂੰ ਉਸ ਕਲਾਲਾਂ ਦੇ ਕੁਤੇ ਦਾ ਖਹਿੜਾ ਨਹੀਂ ਛਡਸੈਂ? ਮੈਂ ਤੇਰੀ ਪਿਆਜ਼ੀ ਚੁੰਨੀ ਫਾੜ ਕੇ ਕਿਲੀ ਉਤੇ ਟੰਗ ਦੇਸਾਂ।”
ਲੋਕ ਦੁਕਾਨਾਂ ਦੇ ਥੜ੍ਹਿਆਂ ਉਤੇ ਖੜ੍ਹੇ ਹੋ ਕੇ ਤੱਕਣ ਲਗੇ, ਪਰ ਕੋਈ ਨੇੜੇ ਨਾ ਆਇਆ। ਸਭ ਨੂੰ ਪਸ਼ੌਰਾ ਸਿੰਘ ਦੇ ਗੁੱਸੇ ਤੇ ਸ਼ੱਕੀ ਸੁਭਾਅ ਦਾ ਪਤਾ ਸੀ। ਜੇ ਕੋਈ ਹਮਦਰਦੀ ਵਜੋਂ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਪਸ਼ੌਰਾ ਸਿੰਘ ਨੇ ਉਸ ਦਾ ਮੱਕੂ ਵੀ ਠੱਪ ਦੇਣਾ ਸੀ। ਉਹ ਉਸ ਨੂੰ ਥੱਪੜ ਮਾਰਦਾ ਹੋਇਆ ਸਾਰੀ ਮੰਡੀ ਵਿਚੋਂ ਦੀ ਰੋਂਦੀ ਨੂੰ ਘਰ ਲੈ ਗਿਆ।
ਇਸ ਪਿਛੋਂ ਬਾਰੂ ਕੁੰਜੜੇ ਤੇ ਮੁਨਸ਼ੀ ਗੰਗਾ ਰਾਮ ਨੇ ਸਿਰਫ ਇਹੋ ਆਖਿਆ, “ਭਾਈ ਸਾਨੂੰ ਕੀ, ਉਸ ਦੀ ਬੀਵੀ ਐ, ਜੋ ਮਰਜੀ ਕਰੇ।”
ਇਸ ਤਰ੍ਹਾਂ ਛੇ ਮਹੀਨੇ ਲੰਘ ਗਏ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਰੋਟੀ ਖਾ ਕੇ ਦਸ ਵਜੇ ਦੁਕਾਨ ਉਤੇ ਆਉਂਦੇ। ਸਾਰਾ ਦਿਨ ਉਹ ਦੁਕਾਨ ਉਤੇ ਕੰਮ ਕਰਦਾ। ਜਦ ਕੋਈ ਗਾਹਕ ਨਾ ਹੁੰਦਾ ਤਾਂ ਉਹ ਰਬੜ ਦੇ ਮਸੂੜ੍ਹਿਆਂ ਵਾਲੇ ਦੰਦਾਂ ਦੇ ਸੈਟ ਬਣਾਉਣ ਵਿਚ ਰੁਝਿਆ ਰਹਿੰਦਾ। ਬੀਵੀ ਨਾਲ ਦਿਨ ਵਿਚ ਮਸਾਂ ਦੋ-ਚਾਰ ਵਾਰ ਹੀ ਗੱਲ ਹੁੰਦੀ।
ਇਕ ਦਿਨ ਉਹ ਘਰੋਂ ਦੁਕਾਨ ਵਲ ਆ ਰਹੇ ਸਨ। ਜੂਨ ਦਾ ਮਹੀਨਾ ਸੀ। ਦਸ ਵਜੇ ਹੀ ਸੂਰਜ ਭੱਠ ਵਾਂਗ ਤਪ ਰਿਹਾ ਸੀ। ਪਸ਼ੌਰਾ ਸਿੰਘ ਤੇ ਉਸ ਦੀ ਬੀਵੀ ਬਾਜ਼ਾਰ ਵਿਚ ਜਾ ਰਹੇ ਸਨ। ਉਸ ਦੀ ਬੀਵੀ ਰਤਾ ਕੁ ਪਿਛੇ ਰਹਿ ਗਈ ਸੀ। ਉਹ ਖੜ੍ਹਾ ਹੋ ਕੇ ਤਿਖੀ ਆਵਾਜ਼ ਵਿਚ ਬੋਲਿਆ, “ਪੈਰਾਂ ਨੂੰ ਮਹਿੰਦੀ ਲਾਈ ਸਾਈ। ਛੇਤੀ ਤੁਰ, ਹੱਟੀ ਤੇ ਗਾਹਕ ਉਡੀਕਦੇ ਹੋਸਨ।”
ਉਸ ਦੀ ਬੀਵੀ ਖਲੋ ਗਈ। ਉਸ ਨੇ ਚੀਖ ਮਾਰੀ ਤੇ ਜੁੱਤੀ ਸੁਟ ਕੇ ਨੰਗੇ ਪੈਰੀਂ ਪਿਛੇ ਨੂੰ ਨੱਸ ਪਈ। ਪਸ਼ੌਰਾ ਸਿੰਘ ਨੇ ਲਲਕਾਰ ਕੇ ਆਖਿਆ, “ਹਰਾਮਜ਼ਾਦੀਏ ਮੈਂ ਤਾਂæææ” ਉਹ ਉਸ ਦੇ ਮਗਰ ਉਹਨੂੰ ਫੜਨ ਲਈ ਦੌੜ ਪਿਆ।
ਬੀਵੀ ਇਕ ਥਾਂ ਖੜ੍ਹੀ ਹੋ ਗਈ ਤੇ ਤਣ ਕੇ ਬੋਲੀ, “ਅਗੇ ਵਧਿਆ ਤਾਂ ਮੈਂ ਤੇਰਾ ਢਿਡ ਪਾੜ ਦੇਸਾਂ!” ਉਸ ਨੇ ਵਾਲ ਖਿਲਾਰ ਲਏ ਤੇ ਚੰਡੀ ਦਾ ਰੂਪ ਧਾਰ ਕੇ ਗਰਜੀ, “ਮੈਂ ਅੱਗ ਲਾਉਣੀ ਐਂ ਤੇਰੀ ਹੱਟੀ ਨੂੰ! ਦਾੜੀ ਪੁੱਟ ਕੇ ਕਿਲੀ ਉਤੇ ਟੰਗ ਦੇਸਾਂ!” ਉਸ ਨੇ ਕਖ-ਡੋਰੀਏ ਦੀ ਚੁੰਨੀ ਪਾੜ ਕੇ ਉਸ ਦੇ ਮੂੰਹ ਉਤੇ ਦੇ ਮਾਰੀ ਅਤੇ ਬਾਜ਼ਾਰ ਦੇ ਵਿਚਕਾਰ ਢਾਕਾਂ ਉਤੇ ਹੱਥ ਰੱਖ ਕੇ ਉਚੀ-ਉਚੀ ਹੱਸਣ ਲੱਗੀ। ਪਸ਼ੌਰਾ ਸਿੰਘ ਸਕਤੇ ਵਿਚ ਆ ਗਿਆ, ਉਹ ਬੋਲਿਆ, “ਕੀ ਬਕਨੀ ਏਂ?”
ਉਹ ਹੋਰ ਉਚੀ-ਉਚੀ ਹੱਸੀ। ਉਸ ਨੇ ਆਪਣੀ ਛਾਤੀ ਦਾ ਗਲਵਾਂ ਪਾੜ ਕੇ ਜ਼ੋਰ ਨਾਲ ਛਾਤੀਆਂ ਉਤੇ ਦੁਹਥੜ ਮਾਰੇ ਤੇ ਫਿਰ ਕੂਕਾਂ ਮਾਰਦੀ ਹੋਈ ਨੱਸ ਗਈ।
ਪਸ਼ੌਰਾ ਸਿੰਘ ਦਾ ਸਾਹ ਸਤ ਜਾਂਦਾ ਰਿਹਾ। ਉਹ ਉਥੇ ਹੀ ਖੜ੍ਹਾ ਰਹਿ ਗਿਆ। ਲੋਕ ਇਕਠੇ ਹੋ ਗਏ।
ਮੁਨਸ਼ੀ ਗੰਗਾ ਰਾਮ ਬੋਲਿਆ, “ਮਗਜ਼ ਨੂੰ ਗਰਮੀ ਚੜ੍ਹ ਗਈ!”
ਬਾਰੂ ਕੁੰਜੜੇ ਨੇ ਆਖਿਆ, “ਵਿਚਾਰੇ ਡਾਕਟਰ ਦਾ ਘਰ ਉਜੜ ਗਿਆ!”
ਪਸ਼ੌਰਾ ਸਿੰਘ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਨੀਵੀਂ ਪਾ ਕੇ ਦੁਕਾਨ ਵਲ ਤੁਰ ਪਿਆ।
ਸਾਰੀ ਮੰਡੀ ਵਿਚ ਇਹ ਗਲ ਧੁੰਮ ਗਈ ਕਿ ਪਸ਼ੌਰਾ ਸਿੰਘ ਦੀ ਬੀਵੀ ਪਾਗਲ ਹੋ ਗਈ।
ਉਹ ਖੁਲ੍ਹੇ ਗਲਮੇ, ਖੁਲ੍ਹੇ ਵਾਲੀਂ, ਨੰਗੇ ਪੈਰੀਂ ਢਾਬਿਆਂ ਤੇ ਮੋਟਰਾਂ ਦੇ ਅੱਡੇ ‘ਤੇ ਤੁਰੀ ਫਿਰਦੀ। ਢਾਬੇ ਉਤੇ ਬੈਠਾ ਕੋਈ ਬਦਮਾਸ਼ ਜੱਟ ਮੁੱਛਾਂ ਨੂੰ ਵਟ ਦੇ ਕੇ ਉਸ ਦੇ ਹੁਸਨ ਵਲ ਦੇਖਦਾ। ਉਸ ਨੂੰ ਚਾਹ ਪਿਲਾਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਤੇ ਫੇਰ ਪਿਛਲੀ ਕੋਠੜੀ ਵਿਚ ਲੈ ਵੜਦਾ। ਜਦੋਂ ਉਹ ਚਾਹ ਪੀ ਕੇ ਬਾਹਰ ਨਿਕਲਦੀ ਤਾਂ ਉਸ ਦੀਆਂ ਅੱਖਾਂ ਵਿਚ ਖੁਮਾਰ ਤੇ ਖੁਸ਼ੀ ਹੁੰਦੀ।
ਮੋਟਰਾਂ ਦੇ ਡਰਾਈਵਰਾਂ ਨਾਲ ਉਸ ਦਾ ਖਾਸ ਮੇਲ ਸੀ। ਕਦੇ-ਕਦੇ ਦਿਨ ਢਲੇ ਉਹ ਲਾਰੀ ਨੂੰ ਸਾਧਾਂ ਦੀ ਝਿੜੀ ਲਾਗੇ ਲਿਜਾ ਖੜ੍ਹੀ ਕਰਦੇ। ਉਸ ਦੀ ਛੱਤ ਉਤੇ ਡਾਕਟਰ ਦੀ ਬੀਵੀ ਮਸਤੀ ਵਿਚ ਪਈ ਹੁੰਦੀ। ਇਸ ਸਮੇਂ ਉਸ ਦਾ ਪਾਗਲਪਣ ਲਥਾ ਹੁੰਦਾ। ਉਹ ਹਲਕੀ ਫੁਲ ਖੁਸ਼ੀ ਵਿਚ ਝੂੰਮਦੀ ਕਦੇ ਸਾਧ ਦੇ ਡੇਰੇ ਜਾ ਵੜਦੀ ਜਾਂ ਬਿਜਲੀ ਘਰਾਂ ਦੇ ਕੁਆਟਰਾਂ ਵਿਚ ਜਾ ਸੌਂਦੀ।
ਕਦੀ-ਕਦੀ ਉਹ ਕਲਾਲਾਂ ਦੇ ਮੁੰਡੇ ਨੂੰ ਮਿਲਣ ਉਸ ਦੀ ਬਗੀਚੀ ਵਿਚ ਜਾਂਦੀ। ਉਥੇ ਜਾ ਕੇ ਉਹ ਹਲਟੀ ਉਤੇ ਨਹਾਉਂਦੀ, ਕਪੜੇ ਬਦਲਦੀ ਤੇ ਉਚੇ ਲੰਮੇ ਮੁਸਕੀ ਰੰਗ ਦੇ ਕਲਾਲ ਲਈ ਰੋਟੀ ਪਕਾਉਂਦੀ। ਉਸ ਰਾਤ ਉਹ ਉਥੇ ਹੀ ਸੌਂਦੀ ਤੇ ਉਸ ਨੂੰ ਆਖਦੀ, “ਇਸ ਪਸ਼ੌਰੇ ਦੇ ਬੱਚੇ ਦੇ ਵਲ ਕੱਢ ਕੇ ਛਡਸਾਂ।”
ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜੁਲਮ ਸਦਕਾ ਇਹ ਵਿਚਾਰੀ ਪਾਗਲ ਹੋ ਗਈ ਹੈ। ਸਿਰਫ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਇਹ ਪਤਾ ਸੀ ਕਿ ਉਸ ਵਿਚ ਅਤ੍ਰਿਪਤ ਇਸਤਰੀ ਦੀ ਜ਼ਿਦ ਸੀ, ਜਿਸ ਨੇ ਲੋਕ-ਲਾਜ ਦੀ ਚੁੰਨੀ ਲਾਹ ਕੇ ਇਸ ਦੀਆਂ ਫੀਤੀਆਂ ਕਰ ਦਿਤੀਆਂ ਸਨ। ਉਹ ਤੁਫਾਨੀ ਨਦੀ ਵਾਂਗ ਮਰਿਆਦਾ ਦੀਆਂ ਹੱਦਾਂ ਤੋੜ ਕੇ ਅੰਨ੍ਹੇ ਵਾਹ, ਬਿਫਰੀ ਹੋਈ ਵਗ ਤੁਰੀ ਸੀ।
ਡਾਕਟਰ ਪਸ਼ੌਰਾ ਸਿੰਘ ਦੀ ਹੱਟੀ ਸੁੰਨੀ ਤੇ ਘਰ ਵੀਰਾਨ ਸੀ। ਬੀਵੀ ਨੂੰ ਮੋੜ ਲਿਆਉਣ ਦੇ ਉਸ ਨੇ ਬੜੇ ਜਤਨ ਕੀਤੇ, ਪਰ ਕੋਈ ਪੇਸ਼ ਨਾ ਗਈ। ਉਹ ਢਾਬਿਆਂ ਤੇ ਮੋਟਰਾਂ ਦੇ ਅੱਡੇ ਉਤੇ ਕਈ ਵਾਰ ਪੁਛਦਾ ਫਿਰਦਾ। ਉਸ ਦੀ ਗੱਲਬਾਤ ਵਿਚ ਤਰਲਾ ਤੇ ਨਮੋਸ਼ੀ ਸੀ। ਉਹ ਸਾਧਾਂ ਤੇ ਗੰਡੇ-ਤਾਵੀਜ਼ ਕਰਨ ਵਾਲਿਆਂ ਕੋਲ ਗਿਆ। ਕਈ ਸੁਖਾਂ ਸੁਖੀਆਂ ਪਰ ਸਭ ਕੁਝ ਵਿਅਰਥ।
ਕਈ ਵਾਰ ਉਹ ਪਛਤਾਉਂਦਾ ਕਿ ਉਸ ਨੇ ਬੀਵੀ ਨੂੰ ਭਰੇ ਬਾਜ਼ਾਰ ਵਿਚ ਕਿਉਂ ਕੁਟਿਆ ਸੀ। ਕਈ ਵਾਰ ਉਹ ਗੁਸੇ ਵਿਚ ਕਚੀਚੀਆਂ ਵਟਦਾ ਤੇ ਬੀਵੀ ਨੂੰ ਗਾਲ੍ਹਾਂ ਕਢਦਾ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕੀ ਕਰੇ।
ਹੌਲੀ-ਹੌਲੀ ਉਸ ਨੂੰ ਡਰਾਈਵਰਾਂ ਵਾਲੀ ਗੱਲ ਦਾ ਵੀ ਪਤਾ ਲੱਗ ਗਿਆ। ਉਹ ਬੀਵੀ ਨੂੰ ਢੂੰਡਦਾ ਹੋਇਆ, ਮੱਥਾ ਪਟਕਦਾ, ਕਿਸਮਤ ਨੂੰ ਕੋਸਦਾ ਮੋਟਰਾਂ ਦੇ ਅੱਡੇ ਉਤੇ ਜਾ ਨਿਕਲਿਆ। ਬਾਰਸ਼ ਪੈ ਰਹੀ ਸੀ ਤੇ ਅੱਡੇ ਉਤੇ ਚਿਕੜ ਸੀ। ਇਕ ਲਾਰੀ ਖਾਲੀ ਸੀ ਕਿਉਂਜੁ ਉਸ ਦੇ ਸਭ ਮੁਸਾਫਰ ਜਾ ਚੁਕੇ ਸਨ। ਲਾਰੀ ਦੀ ਛੱਤ ਉਤੇ ਤਰਪਾਲ ਪਈ ਸੀ ਤੇ ਉਸ ਹੇਠ ਬੁਘਾ ਡਰਾਈਵਰ ਉਸ ਦੀ ਬੀਵੀ ਨਾਲ ਸ਼ਰਾਬ ਪੀਂਦਾ ਪਿਆ ਸੀ। ਪਸ਼ੌਰਾ ਸਿੰਘ ਨੇ ਢਾਬੇ ਵਾਲੇ ਤੋਂ ਪੁਛਿਆ ਤਾਂ ਤਿੰਨ ਸ਼ਰਾਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵਲ ਸੈਨਤ ਕੀਤੀ ਤੇ ਖਿੜ੍ਹ-ਖਿੜ੍ਹਾ ਕੇ ਹਸ ਪਏ। ਪਸ਼ੌਰਾ ਸਿੰਘ ਦੇ ਸਿਰ ਉਤੇ ਸੌ ਘੜੇ ਪਾਣੀ ਦੇ ਪੈ ਗਏ। ਉਹ ਹਾਰਿਆ ਹੋਇਆ ਘਰ ਮੁੜ ਆਇਆ।
ਚਾਰ ਮਹੀਨਿਆਂ ਵਿਚ ਪਸ਼ੌਰਾ ਸਿੰਘ ਦੀਆਂ ਹੜਬਾਂ ਨਿਕਲ ਆਈਆਂ। ਪਤਲੂਣ ਦੀ ਪੇਟੀ ਨਾਲ ਲਟਕਦੇ ਛੁਰੇ ਤੇ ਫੌਜੀਆਂ ਵਾਂਗ ਚਾੜ੍ਹੀ ਦਾੜ੍ਹੀ ਦਾ ਸਾਰਾ ਘੁਮੰਡ ਜਾਂਦਾ ਰਿਹਾ।
ਇਕ ਦਿਨ ਉਹ ਦੁਕਾਨ ਤੋਂ ਮੁੜਿਆ ਤਾਂ ਉਸ ਦੀ ਬੀਵੀ ਘਰ ਬੈਠੀ ਸੀ। ਉਹ ਬਹੁਤ ਹੈਰਾਨ ਹੋਇਆ। ਉਸ ਨੂੰ ਇਉਂ ਲੱਗਾ ਜਿਵੇਂ ਉਹ ਕਿਸੇ ਬੇਗਾਨੇ ਘਰ ਜਾ ਵੜਿਆ ਹੋਵੇ। ਦੋਹਾਂ ਦੀ ਮੁਲਾਕਾਤ ਬੜੀ ਉਪਰੀ ਸੀ। ਉਸ ਦਾ ਦਿਲ ਡਰ ਨਾਲ ਕੰਬਣ ਲਗਾ। ਕੀ ਪਤਾ ਬੀਵੀ ਮੁੜ ਨਸ ਜਾਵੇ। ਉਸ ਨੇ ਬਹੁਤ ਧੀਰਜ ਤੇ ਸੰਕੋਚ ਨਾਲ ਉਸ ਨੂੰ ਰੋਟੀ ਖਾਣ ਲਈ ਪੁਛਿਆ। ਬੀਵੀ ਨੇ ਪਸ਼ੌਰਾ ਸਿੰਘ ਦੇ ਧੀਮੇ ਸੁਭਾਅ ਨੂੰ ਜਾਂਚ ਕੇ ਸਿਰ ਹਿਲਾ ਦਿਤਾ।
ਪਸ਼ੌਰਾ ਸਿੰਘ ਨੇ ਪੁਚਕਾਰ ਕੇ ਆਖਿਆ, “ਮੁਰਗਾ ਖਾਸੇਂ?”
ਬੀਵੀ ਨੇ ਉਸ ਵਲ ਬੜੇ ਠਰ੍ਹੰਮੇ ਨਾਲ ਤਕਿਆ ਤੇ ਸਿਰ ਹਿਲਾ ਕੇ ਬੋਲੀ, “ਹਾਂ।”
ਇਸ ਨਿਕੀ ਜਿਹੀ ਗੱਲਬਾਤ ਪਿਛੇ ਸੈਂਕੜੇ ਅਣਕਹੀਆਂ ਗੱਲਾਂ ਵੀ ਸਨ।
ਪਸ਼ੌਰਾ ਸਿੰਘ ਖੜ੍ਹੇ ਪੈਰੀਂ ਬਾਜ਼ਾਰ ਗਿਆ ਤੇ ਬੀਵੀ ਲਈ ਨਵੀਂ ਚੁੰਨੀ, ਕੱਜਲ, ਦੰਦਾਸਾ, ਬਾਦਾਮ ਤੇ ਮੁਰਗਾ ਲੈ ਆਇਆ। ਬੜੇ ਪਿਆਰ ਨਾਲ ਉਸ ਨੇ ਇਹ ਚੀਜ਼ਾਂ ਆਪਣੀ ਬੀਵੀ ਅਗੇ ਭੇਟ ਕੀਤੀਆਂ। ਉਸ ਵਿਚ ਮੁੜ ਪੁਰਾਣਾ ਪਿਆਰ ਜਾਗ ਪਿਆ। ਨਾਲ ਹੀ ਡਰ, ਪਛਤਾਵਾ ਤੇ ਬੇਇਜ਼ਤੀ ਦਾ ਸੰਸਾ। ਮਨ ਦੇ ਅੰਦਰ ਕਿਧਰੇ ਗੁੱਸੇ ਦੀ ਚਿਣਗ ਵੀ ਮਘ ਰਹੀ ਸੀ।
ਉਹ ਉਸ ਦਾ ਹਥ ਫੜ ਕੇ ਗੁਸੇ ਵਿਚ ਬੋਲਿਆ, “ਕੁਤੀਏ, ਜੇ ਖੇਹ ਖਾਣੀ ਏਂ, ਤਾਂ ਘਰ ਵਿਚ ਬੈਠ ਕੇ ਖਾਹ। ਮੈਂ ਜਾ ਕੇ ਉਸ ਕਲਾਲ ਨੂੰ ਇਥੇ ਲੈ ਆਸਾਂ।”
ਉਸ ਨੇ ਪੇਟੀ ਨਾਲ ਲਟਕਦਾ ਛੁਰਾ ਲਾਹ ਕੇ ਸੰਦੂਕ ਵਿਚ ਰਖ ਦਿਤਾ ਤੇ ਸਾਈਕਲ ਉਤੇ ਚੜ੍ਹ ਕੇ ਕਲਾਲਾਂ ਦੇ ਮੁੰਡੇ ਨੂੰ ਬੁਲਾਉਣ ਬਗੀਚੀ ਵਲ ਤੁਰ ਪਿਆ।
ਉਸ ਦੀ ਬੀਵੀ ਨੇ ਅਖਾਂ ਵਿਚ ਕਜਲ ਪਾਇਆ, ਨਵੀਂ ਪਿਆਜ਼ੀ ਚੁੰਨੀ ਲੀਤੀ ਤੇ ਵਿਹੜੇ ਵਿਚ ਚੁਲ੍ਹੇ ਉਤੇ ਮੁਰਗਾ ਭੁੰਨਣ ਲਗੀ।
ਸਾਰੇ ਮੁਹਲੇ ਵਿਚ ਮਸਾਲੇ ਵਾਲੇ ਮੁਰਗ਼ੇ ਦੇ ਤੜਕਣ ਦੀ ਮਹਿਕ ਫੈਲ ਗਈ।
ਗੁਆਂਢ ਵਿਚ ਮੁਨਸ਼ੀ ਗੰਗਾ ਰਾਮ ਨੇ ਹੁਕੇ ਦੀ ਘੁਟ ਭਰ ਕੇ ਆਖਿਆ, “ਸ਼ੁਕਰ ਏ , ਪਸ਼ੌਰਾ ਸਿੰਘ ਦਾ ਘਰ ਮੁੜ ਵਸ ਗਿਆ!”

Be the first to comment

Leave a Reply

Your email address will not be published.