ਹਿੰਦੀ ਕਥਾਕਾਰ/ਨਾਵਲਕਾਰ ਗਿਆਨ ਪ੍ਰਕਾਸ਼ ਵਿਵੇਕ (ਜਨਮ 30 ਜਨਵਰੀ 1949) ਨੇ ‘ਪਿੰਡ ਦਾ ਚਿਹਰਾ’ ਲੇਖ ਵਿਚ ਆਪਣੇ ਪਿੰਡ ਬਹਾਦਰਗੜ੍ਹ (ਹਰਿਆਣਾ) ਦੇ ਨੈਣ-ਨਕਸ਼ ਉਘਾੜਦਿਆਂ ਸੈਆਂ-ਹਜ਼ਾਰਾਂ ਪਿੰਡਾਂ ਦੀਆਂ ਗੱਲਾਂ ਛੋਹੀਆਂ ਹਨ। ਇਨ੍ਹਾਂ ਪਿੰਡਾਂ ਵਿਚ ਵਸਦੇ ਆਮ ਲੋਕਾਂ ਦੀ ਆਮ ਚਰਚਾ ਕੀਤੀ ਹੈ। ਇਨ੍ਹਾਂ ਲੋਕਾਂ ਬਾਰੇ ਪੜ੍ਹਦਿਆਂ ਆਪਣੇ ਆਲੇ-ਦੁਆਲੇ ਵੱਸਦੇ ਜਾਂ ਨਿੱਤ ਮਿਲਦੇ ਲੋਕਾਂ ਦੇ ਨੈਣ-ਨਕਸ਼ ਖੁਦ-ਬਖੁਦ ਲੱਭਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੀਆਂ ਹੋਰ ਰਚਨਾਵਾਂ ਵੀ ਇਸੇ ਰੰਗ ਵਾਲੀਆਂ ਹਨ। ਇਨ੍ਹਾਂ ਵਿਚੋਂ ਨਾਵਲਾਂ ‘ਗਲੀ ਨੰਬਰ’ ਤੇਰਹ’, ‘ਅਸਤਿਤਵ’, ‘ਦਿੱਲੀ ਦਰਵਾਜ਼ਾ’ ਅਤੇ ‘ਆਖੇਟ’ ਨੂੰ ਪਾਠਕਾਂ ਨੇ ਖੂਬ ਹੁੰਗਾਰਾ ਭਰਿਆ ਹੈ। ‘ਬਦਲੀ ਹੂਈ ਦੁਨੀਆਂ’, ‘ਇਕੀਸ ਕਹਾਨੀਆਂ’, ‘ਮੁਸਾਫਿਰਖਾਨਾ’, ‘ਸੇਵਾ ਨਗਰ ਕਹਾਂ ਹੈ’ ਤੇ ‘ਸ਼ਿਕਾਰਗਾਹ’ ਉਨ੍ਹਾਂ ਦੇ ਕਹਾਣੀ ਸੰਗ੍ਰਿਹ ਹਨ। ਉਨ੍ਹਾਂ ਇਕ ਕਵਿਤਾ ਸੰਗ੍ਰਿਹ ‘ਗੁਫਤਗੂ ਆਵਾਮ ਸੇ ਹੈ’ ਵੀ ਛਪਵਾਇਆ ਹੈ। ਉਹ ਅੱਜ ਕੱਲ੍ਹ ਬਹਾਦਰਗੜ੍ਹ ਵਿਚ ਹੀ ਵੱਸਦੇ ਹਨ। -ਸੰਪਾਦਕ
ਗਿਆਨ ਪ੍ਰਕਾਸ਼ ਵਿਵੇਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਇਹ ਮਾਮੂਲੀ ਪਿੰਡ ਹੈ। ਬਹੁਤ ਸਾਧਾਰਨ। ਇੰਨਾ ਸਾਦਾ ਕਿ ਕਦੀ ਕਸਬਾ ਲਗਦਾ, ਕਦੀ ਸ਼ਹਿਰ। ਸਮਾਧ ਵਰਗਾ ਖਾਮੋਸ਼। ਇੰਨਾ ਪਾਕ-ਸਾਫ ਜਿਵੇਂ ਪੀਰ ਦੀ ਦਰਗਾਹ। ਕਹਿਣ ਨੂੰ ਸ਼ਹਿਰ, ਪਰ ਰੇਲਵੇ ਸਟੇਸ਼ਨ ਦੇ ਮੁਸਾਫਿਰਖਾਨੇ ਵਰਗਾ। ਤੇ ਬਾਸ਼ਿੰਦੇ? ਪੁਰਾਣੀ ਗਠੜੀ ਕੱਛ ਵਿਚ ਦੱਬੀ ਹਰੇ ਬੈਂਚ ਉਪਰ ਬੈਠੇ ਅਨਜਾਣ ਰੇਲ ਗੱਡੀ ਨੂੰ ਉਡੀਕਦੇ! ਜਿਵੇਂ ਗੋਦੋ ਦੀ ਉਡੀਕ ਵਿਚ ਵਲਾਦੀਮੀਰ ਤੇ ਰੇਸਤਾਂਗਸ।
ਇੰਤਜ਼ਾਰ ਵਿਚ ਗੁੰਮ ਲੋਕਾਂ ਦਾ ਪਿੰਡ। ਹਰ ਬੰਦਾ ਆਪਣੀ ਕੀਮਤੀ ਚੀਜ਼ ਲੱਭ ਰਿਹੈ। ਅਜੀਬ ਗੱਲ। ਹਰ ਇਕ ਦਾ ਕੁਝ ਨਾ ਕੁਝ ਗੁਆਚਿਆ ਹੋਇਆ। ਕਿਸੇ ਕੋਲ ਧਾਗਾ ਸੀ ਤਾਂ ਸੂਈ ਗੁੰਮ ਹੋ ਗਈ, ਕਿਸੇ ਨੇ ਕਿਤੇ ਜਾਣਾ ਸੀ ਪਰ ਪੈਰ ਗੁੰਮ ਹੋ ਗਏ, ਜਿਸ ਕੋਲ ਪੈਰ ਸਨ ਉਸ ਦਾ ਰਸਤਾ ਗੁਆਚ ਗਿਆ। ਕਿਸੇ ਕੋਲ ਜੇਬਾਂ ਸਨ, ਜੇਬਾਂ ਵਿਚ ਸਿੱਕੇ, ਪਰ ਖਰੀਦਣ ਦੀ ਇੱਛਾ ਗੁੰਮ ਗਈ ਸੀ। ਕੁਝ ਬੰਦੇ ਦੁਕਾਨਾਂ ਸਾਹਮਣੇ ਖਲੋ ਕੇ ਸਜਿਆ ਪਿਆ ਸਮਾਨ ਦੇਖਦੇ ਰਹਿੰਦੇ, ਫਿਰ ਇਛਾਵਾਂ ਦੀਆਂ ਮੁਰਝਾਈਆਂ ਉਂਗਲੀਆਂ ਫੜ ਕੇ ਚੱਲ ਪੈਂਦੇ, ਜੇਬਾਂ ਸਨ ਪਰ ਖਾਲੀ।
ਬਹੁਤੇ ਬੰਦੇ ਅਜਿਹੇ ਜਿਹੜੇ ਉਦਾਸ ਰਹਿੰਦੇ। ਆਪਣੇ ਹਾਸੇ ਲੱਭਦੇ ਰਹਿੰਦੇ। ਹਾਸਾ ਲੱਭਣਾ ਉਨਾ ਹੀ ਔਖਾ ਜਿੰਨਾ ਡਿਗੇ ਹੰਝੂ ਨੂੰ ਵਾਪਸ ਅੱਖ ਵਿਚ ਪਾ ਲੈਣਾ। ਘੱਟ ਆਵਾਜ਼ਾਂ ਵਾਲਾ ਪਿੰਡ। ਕਦੇ-ਕਦੇ ਤਾਂ ਇਹ ਪਿੰਡ ਬੜਾ ਸੂਖਮ ਲਗਦਾ, ਜਿਵੇਂ ਆਪਣੇ ਦਰਦ ਨੂੰ ਲੋਰੀਆਂ ਸੁਣਾਏ।
ਬਹਾਦਰਗੜ੍ਹ ਨਾਂ ਦੇ ਇਸ ਪਿੰਡ ਨੂੰ ਕਿਸੇ ਬਹਾਦਰਖਾਨ ਨੇ ਵਸਾਇਆ ਸੀ। ਪਿੰਡ ਅਜੇ ਵਸਣ ਲੱਗਾ ਸੀ, ਪੰਛੀ ਪਹਿਲਾਂ ਵੱਸ ਗਏ। ਹਵਾਵਾਂ ਅਤੇ ਧੁੱਪਾਂ ਵੱਸ ਗਈਆਂ। ਹਵਾਵਾਂ ਦੀਵਿਆਂ ਨਾਲ ਲੁਕਣਮੀਟੀ ਖੇਡਦੀਆਂ ਤੇ ਧੁੱਪ, ਸਵੇਰ ਸਾਰ ਕੰਧਾਂ ਉਪਰ ਖੁਸ਼-ਆਮਦੀਦ ਲਿਖ ਦਿੰਦੀ। ਬਹਾਦਰਗੜ੍ਹ ਵਿਚ ਇਕ ਕਿਲ੍ਹਾ ਸੀ, ਇਕ ਨਗਾਰਖਾਨਾ ਤੇ ਇਕ ਨਵਾਬ ਦੀ ਹਵੇਲੀ। ਕਿਲ੍ਹਾ ਢਹਿ ਗਿਆ ਸੀ। ਕੁਝ ਬੁਰਜ ਖਲੋਤੇ ਸਨ ਜਿਨ੍ਹਾਂ ਦੇ ਪੈਰਾਂ ਵਿਚ ਸਫਰ ਦਾ ਥਕੇਵਾਂ ਸੀ ਤੇ ਚਿਹਰੇ ਉਪਰ ਵਕਤ ਦੇ ਨਿਸ਼ਾਨ।
ਜਿਥੇ ਕਿਲ੍ਹਾ ਹੁੰਦਾ ਸੀ, ਉਥੇ ਹੁਣ ਕਿਲ੍ਹਾ ਮੁਹੱਲਾ ਹੈ। ਕਿਲ੍ਹੇ ਮੁਹੱਲੇ ਦੇ ਸਭ ਵਸਨੀਕ ਰਫੂਜੀ, ਉਨ੍ਹਾਂ ਦੀ ਬੋਲੀ, ਵਿਹਾਰ ਤੇ ਦੁੱਖ ਇਕੋ ਜਿਹੇ। ਇਕ ਦੂਜੇ ਨੂੰ ਮਿਲਦੇ ਤਾਂ ਝਿਜਕ ਜਾਂਦੇ, ਜਿਵੇਂ ਉਜਾੜੇ ਦਾ ਮਾਤਮ ਮਨਾ ਰਹੇ ਹੋਣ। ਚੁੱਪ-ਚਪੀਤੇ ਲੋਕ ਬੋਲਦੇ, ਲਗਦਾ ਜਿਵੇਂ ਯਾਦਾਂ ਦੀ ਉਨ ਦਾ ਗੋਲਾ ਉਧੜਦਾ ਜਾਵੇ। ਦੂਰ ਚਲੇ ਜਾਂਦੇæææ ਮੁਲਤਾਨæææ ਰਾਵੀæææ ਸਿੰਧæææ ਡੇਰਾ ਇਸਮਾਈਲ ਖਾਨæææ ਖਜੂਰ ਦੇ ਦਰਖਤæææ ਰੇਤਲੇ ਟਿੱਬੇ।
ਪਾਕਿਸਤਾਨ ਸੁੱਟ ਆਏ, ਯਾਦਾਂ ਚੁੱਕ ਲਿਆਏ। ਯਾਦਾਂ ਕੋਲ ਤੰਗ ਕਰਨ ਤੋਂ ਬਿਨਾਂ ਹੋਰ ਕੁਝ ਹੈ ਈ ਨਹੀਂ, ਅੱਖਾਂ ਵਿਚ ਚੁਭਦੀਆਂ, ਹੰਝੂ ਬਣ ਕੇ ਡਿਗਦੀਆਂ। ਬੇਸੁਰੇ ਲਹਿਜੇ ਵਿਚ ਕਾਫੀਆਂ ਗਾਉਣ ਲੱਗ ਜਾਂਦੇ,
ਆਪਣਾ ਦੱਸ ਟਿਕਾਣਾ
ਕਿੱਥੋਂ ਆਇਆ ਕਿਥੇ ਜਾਣਾ।
ਜਿਸ ਠਾਣੇ ਦਾ ਮਾਣ ਕਰੇਂਦਾ
ਉਸ ਨੇ ਨਾਲ ਨਾ ਜਾਣਾ।
ਖਾਮੋਸ਼ੀ ਦੇ ਪਿੰਡ ਚੱਲ ਵੱਸੀਏ
ਜਿਥੇ ਮੁਲਕ ਸਮਾਣਾ।
ਆਪਣਾ ਦੱਸ ਟਿਕਾਣਾ।
ਇਨ੍ਹਾਂ ਕਾਫੀਆਂ ਦੀ ਸੁਰ ਦੁਖਦਾਈ ਹੁੰਦੀ। ਕਦੀ ਜੀਵਨ ਦਿਸਦਾ, ਕਦੀ ਮੌਤ। ਇਕ ਦੂਜੇ ਨੂੰ ਇਉਂ ਮਿਲਦੇ ਜਿਵੇਂ ਪਰਦੇਸ ਵਿਚ ਇਤਫਾਕਨ ਕੋਈ ਆਪਣਾ ਮਿਲ ਗਿਆ ਹੋਵੇ। ਮਿੱਠੇ ਤੇ ਉਦਾਸ ਬੋਲ ਬੋਲਦੇ। ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਕੁਝ ਪਿੰਡਾਂ ਵਿਚ ਬੀਆਬਾਨ ਵਸ ਜਾਂਦਾ ਹੈ ਜਿਵੇਂ ਬਹਾਦਰਗੜ੍ਹ ਵਿਚ। ਇਸ ਪਿੰਡ ਦਾ ਚਿਹਰਾ ਵੀਰਾਨ ਹੈ, ਇਉਂ ਲਗਦਾ ਹੈ ਜਿਵੇਂ ਪਿੰਡ ਨਾ ਹੋ ਕੇ ਇਹ ਕੋਈ ਰਾਮਚੰਦਰ ਹੋਵੇ, ਬਣਵਾਸ ਭੋਗਦਾ ਰਾਜਾ। ਇੰਨਾ ਗਰੀਬ ਪਿੰਡ ਕਿ ਇਤਿਹਾਸ ਨੇ ਬੇਦਖਲ ਹੀ ਕਰ ਦਿਤਾ। ਇਹ ਪਿੰਡ ਨਿਕਾ ਜਿਹਾ ਭੂਗੋਲ ਹੈ। ਇੰਨਾ ਛੋਟਾ ਭੂਗੋਲ ਜਿਸ ਨੂੰ ਧਰਤੀ ਨੇ ਕੈਲੰਡਰ ਵਾਂਗ ਉਂਗਲ ‘ਤੇ ਲਟਕਾ ਲਿਆ।
ਇਸ ਪਿੰਡ ਦੇ ਦੇਸੀ ਠਾਠਾਂ ਦਾ ਕੀ ਕਹਿਣਾ, ਇੰਨਾ ਦੇਸੀ ਕਿ ਇਸ ਦੇ ਕੋਸ਼ ਵਿਚ ਕਾਲੋਨੀ ਨਾਂ ਦਾ ਸ਼ਬਦ ਨਹੀਂ। ਬਸਤੀਆਂ ਹਨæææ ਨਵੀਂ ਬਸਤੀæææ ਜੱਟਾਂ ਵਾਲਾ ਚੌਂਤਰਾæææ ਕਿਲ੍ਹਾ ਮੁਹੱਲਾæææ ਝੀਲ ਮੁਹੱਲਾ, ਸਰਹੰਦੀ ਦਰਵਾਜ਼ਾ।
ਇਹ ਪਿੰਡ ਅਸਲ ਵਿਚ ਕਸਬਾ ਹੈ। ਕਸਬਾ ਕੁਝ ਔਖਾ ਲਫਜ਼ ਹੈ ਜਿਸ ਕਰ ਕੇ ਸਾਰੀਆਂ ਕਸਬਾਈ ਹਰਕਤਾਂ, ਹਰਾਰਤਾਂ, ਹੁੱਜਤਾਂ ਅਤੇ ਹੱਦਬੰਦੀਆਂ ਦੇ ਬਾਵਜੂਦ ਲੋਕ ਕਹਿੰਦੇ ਇਹਨੂੰ ਸ਼ਹਿਰ ਹੀ ਨੇ। ਲੋਕ ਖਾਨਦਾਨੀ ਖੁਸ਼ੀਆਂ ਅਤੇ ਖਾਨਦਾਨੀ ਦੁੱਖਾਂ ਨਾਲ ਜਿਉਂਦੇ ਰਹਿਣ ਦੇ ਆਦੀ ਹੋ ਗਏ ਹਨ, ਇੰਨੇ ਸਾਦੇ ਕਿ ਆਲਸ ਨੂੰ ਸ਼ਾਨ ਸਮਝਦੇ, ਇੰਨੇ ਫੱਕਰ ਕਿ ਸੱਟਾਂ ਉਪਰ ਹੱਸਦੇ, ਇੰਨੇ ਮਸਤਾਨੇ ਕਿ ਮੁਸਕਾਣ ਦੀ ਓਟ ਪਿਛੇ ਹੰਝੂਆਂ ਦੀ ਦੁਕਾਨ ਸਜਾ ਲੈਂਦੇ।
ਸੁਸਤ ਰਫਤਾਰ ਪਿੰਡ ਹੈ। ਗੱਡਾ ਖਿੱਚੀ ਜਾਂਦੀ ਬਲਦਾਂ ਦੀ ਜੋੜੀ। ਗੱਡੇ ਵਿਚ ਗੁੜ। ਗੱਡੇ ਵਿਚ ਘਰ। ਰੁਕਿਆ ਹੋਇਆ ਪਿੰਡ, ਪਿੰਡ ਵਿਚ ਤੁਰਦਾ ਫਿਰਦਾ ਘਰ। ਗੱਡੇ ਵਿਚ ਵੱਸਿਆ ਘਰ। ਥੋੜ੍ਹੀਆਂ ਸੜਕਾਂ, ਥੋੜ੍ਹੀਆਂ ਖਾਹਸ਼ਾਂ। ਇਥੋਂ ਸ਼ੁਰੂ, ਉਥੇ ਜਾ ਕੇ ਸੜਕ ਖਤਮ। ਦਖਲ ਬੇਦਖਲ ਦਾ ਨਾਂ ਜ਼ਿੰਦਗੀ ਹੈ, ਹੈ ਕਿ ਨਹੀਂ; ਪਤਾ ਨਹੀਂ। ਖੇਡ ਵਾਂਗ। ਦੇਖਣ ਨੂੰ ਇਉਂ ਲਗਦਾ ਜਿਵੇਂ ਪਿੰਡ ਵਸਾਉਣ ਵਾਲਾ ਇਸ ਨੂੰ ਅਧੂਰਾ ਛੱਡ ਕੇ ਕਿਸੇ ਜ਼ਰੂਰੀ ਕੰਮ ਚਲਾ ਗਿਆ ਹੋਵੇ। ਅੱਧਾ-ਅਧੂਰਾ ਪਿੰਡ, ਅੱਧੇ-ਅਧੂਰੇ ਸੁਫਨੇ।
ਛੋਟੇ ਪਿੰਡ ਵਿਚ ਕਿੰਨੇ ਸਾਰੇ ਟੋਭੇ, ਜਿਵੇਂ ਪਾਣੀ ਦੇ ਸਿੱਕੇ ਜਮ੍ਹਾਂ ਕਰ ਲਏ ਹੋਣ। ਕਈ ਖੂਹ ਸਨ, ਸਭ ਦਾ ਪਾਣੀ ਖਾਰਾ। ਖਾਰੇ ਪਾਣੀ ਦੀ ਸਾਖੀ ਹੈ। ਪਿਆਸੇ ਫਕੀਰ ਨੂੰ ਪਾਣੀ ਨਾ ਪਿਲਾਇਆ, ਤਾਂ ਉਹ ਸਰਾਪ ਦੇ ਗਿਆ। ਚੰਗਾ ਹੋਵੇਗਾ ਫਿਰ ਵੀ, ਜੋ ਖਾਰੇ ਪਾਣੀ ਦਾ ਸਰਾਪ ਦੇ ਗਿਆ, ਜੇ ਖੂਹ ਸੁਕਾਉਣ ਦਾ ਸਰਾਪ ਦੇ ਜਾਂਦਾ? ਕਈ ਥਾਂਵਾਂ ‘ਤੇ ਛਬੀਲਾਂ ਲੱਗ ਗਈਆਂ, ਪਰਦੇਸੀ ਆਖਦੇ- ਮੰਦਰ ਘੱਟ ਨੇ ਤੇ ਛਬੀਲਾਂ ਵਧੀਕ। ਬਈ, ਪਿਆਸ ਦਾ ਰਿਸ਼ਤਾ ਪਾਣੀ ਨਾਲ, ਪਾਣੀ ਦਾ ਰਿਸ਼ਤਾ ਛਬੀਲ ਨਾਲ। ਕਿੰਨੇ ਭਲੇ ਲੋਕ ਜਿਨ੍ਹਾਂ ਨੂੰ ਪਿਆਸ ਦੇ ਮਾਅਨਿਆਂ ਦਾ ਪਤਾ ਸੀ, ਇਕ ਦੂਜੇ ਦੀ ਤ੍ਰੇਹ ਦੀ ਤੜਫ ਜਾਣ ਲੈਂਦੇ, ਇਸ ਕਰ ਕੇ ਇੰਨੀਆਂ ਛਬੀਲਾਂ ਲਾ ਦਿਤੀਆਂ। ਤਾਂ ਹੀ ਮੰਦਰ ਘੱਟ ਸਨ, ਕਿਉਂਕਿ ਪਿਆਸ ਬੁਝਾਣਾ ਇਬਾਦਤ ਕਰਨ ਵਰਗਾ ਹੁੰਦਾ ਹੈ।
ਗੁੰਬਦ ਵਾਲੀ ਛਬੀਲ ਉਤੇ ਹੱਥ ਵਿਚ ਗੰਗਾਸਾਗਰ ਫੜੀ ਪਾਣੀ ਪਿਲਾਉਂਦਾ ਬੰਦਾ ਦਰਿਆ ਵਰਗਾ ਲਗਦਾ, ਬੱਦਲ ਵਰਗਾ ਜਾਂ ਫਿਰ ਕੀਰਤਨ ਵਰਗਾ। ਪਾਣੀ ਦੀ ਧਾਰ ਪਿਆਸੇ ਅਤੇ ਪਿਆਊ ਵਿਚਕਾਰ ਰਿਸ਼ਤਾ ਜੋੜਦੀ।
ਇਹ ਬਹਾਦਰਗੜ੍ਹ ਪਿੰਡ, ਗੁੰਬਦ ਜਿਹਾ ਲਗਦਾ ਜਿਸ ਹੇਠ ਜ਼ਿੰਦਗੀ ਗੁੰਮਨਾਮ ਲੈਅ ਵਾਂਗ ਗੂੰਜਦੀ ਮਹਿਸੂਸ ਹੁੰਦੀ, ਨੀਂਦ ਦਾ ਮੈਲਾ ਕੰਬਲ ਉਤਾਰ ਕੇ ਆਵਾਜ਼ਾਂ ਸਵੇਰ ਸਾਰ ਨੰਗੇ ਪੈਰੀਂ ਨਿਕਲ ਤੁਰਦੀਆਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ; ਜਿਵੇਂ ਖਾਮੋਸ਼ੀ ਦੇ ਥਾਨ ਉਪਰ ਰੰਗ-ਬਰੰਗੀਆਂ ਵੇਲ-ਬੂਟੀਆਂ। ਹਲਾਂ ਪਿਛੇ ਹਾਲੀਆਂ ਦੀਆਂ ਆਵਾਜ਼ਾਂ। ਦੋਧੀਆਂ ਦੇ ਸਾਈਕਲਾਂ ਦੀਆਂ ਟੱਲੀਆਂ ਦੀਆਂ ਆਵਾਜ਼ਾਂ। ਖੂਹ ਵਿਚ ਬਾਲਟੀਆਂ ਭਰਨ ਦੀਆਂ। ਰਾਮ-ਰਾਮ, ਭਜਨ। ਤਾਰ ‘ਤੇ ਬੈਠੀਆਂ ਚਿੜੀਆਂ ਦੀਆਂ ਆਵਾਜ਼ਾਂ। ਪੌੜੀਆਂ ਉਤਰਦੀ ਧੁੱਪ ਦੀ ਨਾ ਸੁਣਾਈ ਦੇਣ ਵਾਲੀ ਆਵਾਜ਼। ਸ਼ੋਰ ਸ਼ਰਾਬੇ ਦਾ ਨਹੀਂ, ਕਲ-ਕਲ ਝਰਨੇ ਵਰਗੀਆਂ ਮੱਧਮ ਆਵਾਜ਼ਾਂ ਦਾ ਪਿੰਡ। ਕਦੀ ਲਗਦਾ ਕਟੀਆਂ ਪਤੰਗਾਂ ਵਾਂਗ ਆਵਾਜ਼ਾਂ ਨਸੀਬ ਦੇ ਬੁਰਜ ਵਿਚ ਅਟਕ ਗਈਆਂ ਜਾਂ ਫਿਰ ਨਗਾਰਖਾਨੇ ਦੇ ਚਬੂਤਰੇ ‘ਤੇ ਆ ਗਿਰੀਆਂ। ਇਸ ਪਿੰਡ ਦੀ ਸਾਦਗੀ ਕਿਸੇ ਨਿਆਮਤ ਵਰਗੀ ਸੀ। ਤਿਉਹਾਰ ਵਰਗੀ। ਦਿਨ-ਰਾਤ ਘਲਾੜੀਆਂ ਗੰਨੇ ਪੀੜਦੀਆਂ, ਰਸ, ਗੁੜ। ਪੇਂਡੂ ਕਿੰਨੇ ਫੱਕਰ। ਇਕੋ ਗੁਰਮੰਤਰ ਸਿਖਿਆ- ਭੋਲੇ ਭਾਵ ਮਿਲੇ ਰਘੁਰਾਈ। ਵੱਡੇ ਚੱਕਾਂ ਵਿਚ ਗੁੜ ਠੰਢਾ ਹੋਈ ਜਾਂਦਾ, ਦੂਰ ਤੱਕ ਗੁੜ ਦੀ ਖੁਸ਼ਬੂ ਫੈਲਦੀ। ਕਿਲ੍ਹੇ ਮੁਹੱਲੇ ਦੇ ਬੱਚੇ ਘਲਾੜੀ ਨੇੜੇ ਜਾ ਖਲੋਂਦੇæææ ਕਿਸੇ ਉਮੀਦ ਨਾਲ। ਖਾਲੀ ਹੱਥ ਕੋਈ ਨਾ ਪਰਤਦਾ। ਹਰ ਇਕ ਦੀ ਜੇਬ ਵਿਚ ਗੁੜ ਦੀ ਰੋੜੀ। ਗੁੜ ਦੀ ਡਲੀ ਨਾਲ ਅਸੀਸ ਵੀ ਮਿਲਦੀ- ਜਿਉਂਦੇ ਰਹੋ, ਖੂਬ ਪੜ੍ਹੋ ਲਿਖੋæææ ਨਾਮ ਰੋਸ਼ਨ ਕਰੋ। ਵਾਪਸ ਆਉਂਦੇ ਬੱਚਿਆਂ ਨੂੰ ਲਗਦਾ, ਗੁੜ ਦੀ ਡਲੀ ਨਾਲ ਇਕ-ਇਕ ਮੰਦਰ ਵੀ ਲੈ ਆਏ।
ਬਹਾਦਰਗੜ੍ਹ ਪਿੰਡ ਦਾ ਸਰਮਾਇਆ ਬੱਸ ਚਾਰ ਸੜਕਾਂ- ਰੇਲਵੇ ਰੋਡ, ਨਜਫਗੜ੍ਹ ਰੋਡ, ਸੈਫਦੀਪੁਰ ਰੋਡ ਤੇ ਝੱਜਰ ਰੋਡ। ਤਬੀਅਤ ਦੇ ਫੱਕਰ, ਲਹਿਜੇ ਦੇ ਅੱਖੜ ਲੋਕ। ਬਾਸ਼ਊਰ ਦਾਰਸ਼ਨਿਕ ਵੀ। ਜਾਂਦੇ-ਜਾਂਦੇ ਰੁਕ ਜਾਂਦੇ। ਆਪਣੇ ਆਪ ਨੂੰ ਸਵਾਲ ਕਰਦੇ- ਰਸਤਾ ਕਿਥੇ ਜਾਂਦੈ? ਆਪੇ ਆਖ ਦਿੰਦੇ- ਰਸਤੇ ਕਿਤੇ ਨਹੀਂ ਜਾਂਦੇ, ਯਾਤਰੀ ਜਾਂਦੇ ਹਨ।
-ਕੀ ਯਾਤਰਾ ਦਾ ਰਿਸ਼ਤਾ ਪੈਰਾਂ ਨਾਲ ਹੈ? ਫਿਰ ਸਵਾਲ ਕਰਦੇ।
-ਯਾਤਰਾ ਦਾ ਰਿਸ਼ਤਾ ਪੈਰਾਂ ਨਾਲ ਹੋਵੇ, ਤਾਂ ਥਾਂ ਬਦਲੀਦਾ ਹੈ; ਯਾਤਰਾ ਦਾ ਰਿਸ਼ਤਾ ਮਨ ਨਾਲ ਹੋਵੇ ਤਾਂ ਧਿਆਨੀ ਯਾਤਰਾ ਹੋ ਜਾਂਦੀ ਹੈ।
ਖਾਮੋਸ਼ ਜਿਹਾ ਪਿੰਡ ਕਦੀ ਕਦਾਈਂ ਧਿਆਨੀ ਯਾਤਰਾ ਕਰਦਾ ਲਗਦਾ। ਪਿੰਡ ਵਿਚ ਇਕ ਸਿਨੇਮਾ ਹਾਲ ਸੀ ਜਿਸ ਦਾ ਨਾਮ ਸੀ- ਕੁੰਦਨ। ਚਲਦੀ ਫਿਲਮ ਵੇਲੇ ਬਿਜਲੀ ਗੁਲ ਹੋ ਜਾਂਦੀ ਤਾਂ ਲੋਕ ਤੈਸ਼ ਵਿਚ ਆ ਜਾਂਦੇ। ਦਰਸ਼ਕਾਂ ਦੀ ਭੂਮਿਕਾ ਬਦਲ ਜਾਂਦੀ। ਹੋ-ਹੱਲਾ ਕਰਦੇ ਖੁਦ ਅਭਿਨੇਤਾ ਬਣ ਜਾਂਦੇ। ਸੀਟੀਆਂ, ਸ਼ੋਰ, ਕੁਰਸੀਆਂ ਥਪਥਪਾਉਂਦੇæææ ਬਿਜਲੀ ਆਉਣ ਤੱਕ। ਬਿਜਲੀ ਆਉਂਦੀ, ਫਿਰ ਹਨੇਰਾæææ ਫਿਰ ਫਿਲਮæææ ਪਿਆਰæææ ਗੀਤæææ ਰੋਮਾਂਸ਼ææ ਸੁਫਨਾæææ ਸੱਚ।
ਛੇ ਤੋਂ ਨੌਂ ਵਜੇ ਵਾਲਾ ਸ਼ੋਅ ਸੁੰਨਾ ਰਹਿੰਦਾ। ਸ਼ੋਅ ਹੋਏਗਾ ਵੀ ਕਿ ਨਹੀਂ, ਇਸ ਦਾ ਪੱਕਾ ਪਤਾ ਨਾ ਲਗਦਾ। ਔਰਤਾਂ ਦੇ ਚੁੱਲ੍ਹੇ-ਚੌਂਕੇ ਦਾ ਸਮਾਂ ਹੈ, ਦੁਕਾਨਦਾਰ ਦੁਕਾਨਾਂ ਬੰਦ ਥੋੜ੍ਹਾ ਕਰਨਗੇ, ਨੌਕਰੀ ਪੇਸ਼ਾ ਲੋਕ ਸਟੇਸ਼ਨ ਤੋਂ ਸਾਈਕਲ ਚੁੱਕ ਕੇ ਘਰ ਮੁੜਦੇ, ਸਿਨੇਮੇ ਨਾਲੋਂ ਘਰ ਜ਼ਰੂਰੀ ਹੁੰਦਾ। ਕਸ਼ਿਸ਼ ਅਤੇ ਇੰਤਜ਼ਾਰ ਦਾ ਨਾਮ ਘਰ ਹੈ।
ਕੁੰਦਨ ਸਿਨੇਮੇ ਦਾ ਮਾਲਕ ਮੋਹਨ ਲਾਲ ਬਾਹਰ ਖਲੋਤਾ ਦਰਸ਼ਕਾਂ ਉਪਰ ਸਰਸਰੀ ਨਜ਼ਰ ਮਾਰਦਾ। ਆਪਣੇ ਕਿਸੇ ਕਾਰਿੰਦੇ ਨੂੰ ਵਾਜ ਮਾਰਦਾ। ਗੇਟਕੀਪਰ, ਟਿਕਟ ਕੱਟਣ ਵਾਲਾ, ਪ੍ਰੋਜੈਕਟਰ ਚਲਾਉਣ ਵਾਲਾ, ਕੰਧਾਂ ‘ਤੇ ਪੋਸਟਰ ਚਿਪਕਾਣ ਵਾਲਾ; ਕਾਰਿੰਦਾ ਕੋਈ ਵੀ ਹੋ ਸਕਦਾ ਸੀ।
ਸ਼ੋਅ ਦੇਖਣ ਆਏ ਲੋਕਾਂ ਦੀ ਗਿਣਤੀ ਸ਼ੁਰੂ ਹੁੰਦੀ। ਗਿਣਨ ਦਾ ਆਪੋ ਆਪਣਾ ਢੰਗ ਹੁੰਦਾ। ਕੋਈ ਸਿਰਾਂ ਦੀ ਗਿਣਤੀ ਕਰਦਾ, ਕੋਈ ਧੜਾਂ ਦੀ। ਗਿਣਤੀ ਅਕਸਰ ਗਲਤ ਹੁੰਦੀ, ਕਿਉਂਕਿ ਲੋਕਾਂ ਦੀ ਭੀੜ ਸਰਕਦੀ ਰਹਿੰਦੀ। ਗਿਣਨ ਵਾਲਾ ਉਲਝ ਜਾਂਦਾ। ਗਿਣਤੀ ਘੱਟ ਤਾਂ ਸ਼ੋਅ ਰੱਦ। ਵੀਰਾਨੀ ਛਾ ਜਾਂਦੀ। ਸੱਨਾਟਾ। ਮੋਹਨ ਲਾਲ ਉਦਾਸ ਦਿਖਾਈ ਦਿੰਦਾ। ਮੋਹਨ ਲਾਲ ਦੇ ਮਨ ਦੀ ਕੋਈ ਨਹੀਂ ਜਾਣਦਾ। ਸਲੇਟ ਵਰਗਾ ਚਿਹਰਾ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹਮੇਸ਼ ਇਕੋ ਗੀਤ ਕਈ ਵਾਰ ਲੁਆਉਂਦਾ- ਚਲ ਉੜ ਜਾ ਰੇ ਪੰਛੀ ਕਿ ਅਬ ਯੇ ਦੇਸ ਹੂਆ ਬੇਗਾਨਾæææ।
ਦੇਰ ਪਹਿਲਾਂ ਇਸ ਥਾਂ ‘ਤੇ ਟੀਨ ਦਾ ਛੱਪਰ ਜਿਹਾ ਸੀæææ ਚਲਦਾ ਫਿਰਦਾ ਵੀ ਸੀ, ਉਦੋਂ ਇਸ ਦਾ ਨਾਮ ਮੋਹਨ ਟਾਕੀਜ਼ ਸੀ। ਖਾਲੀ ਉਜਾੜ ਜਿਹੀ ਥਾਂ ਸੀ। ਸ਼ਹਿਰ ਦੇ ਉਜਾੜ ਵਿਚ ਵਸਿਆ ਹੋਇਆ ਮੇਲਾ। ਮੋਹਨ ਲਾਲ ਛੋਟੇ ਕੱਦ ਦਾ ਵੱਡਾ ਇਨਸਾਨ ਸੀ। ਮੋਹਨ ਲਾਲ ਨੂੰ ਇਹ ਉਜਾੜ ਥਾਂ ਇੰਨਾ ਪਸੰਦ ਆ ਗਿਆ ਕਿ ਛੱਪਰ ਪੱਕੇ ਖੰਭਿਆਂ ਵਿਚ ਜੜ ਦਿਤਾ, ਮੁੜ ਨਹੀਂ ਉਖਾੜਿਆ। ਟੀਨ ਟੱਪਰ ਸਿਨੇਮਾ, ਟੀਨ ਟੱਪਰ ਮੋਹਨ ਲਾਲ, ਢਿੱਲਾ-ਮੱਠਾ। ਕਿਸੇ ਸੋਚ ਵਿਚ ਡੁੱਬਿਆ ਹੋਇਆ। ਉਂਗਲੀਆਂ ਵਿਚ ਚਾਰਮੀਨਾਰ ਸਿਗਰਟ ਹੁੰਦੀ ਤੇ ਲਾਵਾਰਿਸ ਯਾਤਰਾ ਉਤੇ ਨਿਕਲੇ ਧੂੰਏਂ ਦੇ ਪਿਛੇ-ਪਿਛੇ ਤੁਰਦਾ ਮੋਹਨ ਲਾਲ। ਲਗਦਾ ਆਪਣੇ ਅੰਦਰ ਕਿਸੇ ਨਾਲ ਗੱਲਾਂ ਕਰ ਰਿਹਾ ਹੈ ਚੁਪ-ਚਾਪ। ਕਦੇ ਲਗਦਾ ਇਸ ਦੁਨੀਆਂ ਦਾ ਨਹੀਂ, ਉਹ ਕਿਸੇ ਹੋਰ ਗ੍ਰਹਿ ਤੋਂ ਉਤਰਿਆ ਹੈ ਜਿਸ ਨੂੰ ਇਸ ਧਰਤੀ ਦੇ ਲੋਕਾਂ ਦਾ ਮਜਾਜ਼ ਸਮਝ ਨਹੀਂ ਆਇਆ।
ਕਦੇ-ਕਦੇ ਬਹੁਤ ਲੋਕ ਫਿਲਮ ਦੇਖਣ ਆ ਜਾਂਦੇ ਪਰ ਟਿਕਟ ਖਰੀਦ ਕੇ ਫਿਲਮ ਦੇਖਣ ਵਾਲੇ ਘੱਟ ਹੁੰਦੇ, ਅੱਧੇ ਕੁ। ਟਿਕਟ ਖਰੀਦ ਕੇ ਫਿਲਮ ਦੇਖਣ ਵਿਚ ਕਈਆਂ ਨੂੰ ਬੇਇਜ਼ਤੀ ਲਗਦੀ। ਟੀਨ ਦੀ ਚਾਦਰ ਦੀ ਕਿਸੇ ਨੁੱਕਰ ਨੂੰ ਜ਼ੋਰ ਲਾ ਕੇ ਪਰੇ ਸਰਕਾਂਦੇ ਤੇ ਪੂਰੀ ਮੁਸ਼ੱਕਤ ਬਾਅਦ ਅੰਦਰ ਘੁਸਦੇ। ਕਦੀ ਕਮੀਜ਼ ਫਟਦੀ ਕਦੀ ਜਿਸਮ ਝਰੀਟਾਂ ਕਾਰਨ ਲਹੂ-ਲੁਹਾਣ ਹੁੰਦਾ।
ਕਿਸੇ ਕੋਨੇ ਵਿਚ ਖਲੋਤਾ ਮੋਹਨ ਲਾਲ ਇਹ ਤਮਾਸ਼ਾ ਦੇਖਦਾ ਮੁਸਕਰਾਂਦਾ ਰਹਿੰਦਾ। ਕਿਸੇ ਨੂੰ ਕੁਝ ਨਾ ਆਖਦਾ, ਉਦੋਂ ਕੁਝ ਉਦਾਸ ਹੋ ਜਾਂਦਾ ਜਦੋਂ ਕਿਸੇ ਦੇ ਵਧੀਕ ਝਰੀਟਾਂ ਵੱਜ ਜਾਂਦੀਆਂ ਜਾਂ ਕਮੀਜ਼ ਫਟ ਜਾਂਦੀ। ਕੋਈ ਮੁੰਡਾ ਕੋਸ਼ਿਸ਼ਾਂ ਦੇ ਬਾਵਜੂਦ ਅੰਦਰ ਨਾ ਘੁਸ ਸਕਦਾ ਤਾਂ ਮੋਹਨ ਲਾਲ ਉਸ ਨੂੰ ਬੁਲਾ ਲੈਂਦਾ, ਜੇਬ ਵਿਚੋਂ ਫ੍ਰੀ ਪਾਸ ਕੱਢ ਕੇ ਦਸਤਖਤ ਕਰਦਾ ਤੇ ਆਖਦਾ- ਹਜ਼ੂਰ ਅੱਜ ਦਾ ਸ਼ੋਅ ਮੇਰੇ ਵਲੋਂ ਤੁਹਫਾ।
ਬੰਦਾ ਕੁਝ ਉਲਝ ਜਾਂਦਾ, ਮੋਹਨ ਲਾਲ ਮੁਸਕਾਉਂਦਾ। ਇਸ ਸਿਨੇਮਾ ਦੁਆਲੇ ਚੱਕਰ ਲਾਉਣ ਦੇ ਇਲਾਵਾ ਹੋਰ ਕੋਈ ਕੰਮ ਨਹੀਂ। ਧੂੰਆਂ ਉਗਲ ਰਿਹਾ ਹੈ ਕਿ ਦਰਦ? ਲੋਕ ਉਸ ਦੇ ਕਿਰਦਾਰ ‘ਤੇ ਹੈਰਾਨ ਹੁੰਦੇ। ਉਹ ਲੋਕਾਂ ‘ਤੇ ਹੈਰਾਨ ਹੁੰਦਾ। ਸੋਚਦਾ- ਜਿਨ੍ਹਾਂ ਨੂੰ ਟੀਨਾਂ ਵਿਚੋਂ ਦੀ ਘੁਸ ਕੇ ਫਿਲਮ ਦੇਖਣ ਦਾ ਸੁਆਦ ਆਉਂਦਾ ਹੈ, ਮੈਂ ਉਨ੍ਹਾਂ ਲਈ ਬੇਸੁਆਦੀ ਕਾਹਨੂੰ ਕਰਾਂ?
ਉਸ ਅੰਦਰ ਦੁਖ ਦਾ ਰੰਗਮੰਚ ਚਲਦਾ। ਦੁਖ ਬਿਨਾਂ ਉਸ ਦਾ ਕੋਈ ਸਕਾ ਨਹੀਂ। ਅੰਨ੍ਹੇ ਧੂਏਂ ਰਾਹੀਂ ਦੁੱਖ ਦੀ ਵਿਆਖਿਆ ਕਰਦਾ ਦਿਖਾਈ ਦਿੰਦਾ। ਘੱਟ ਬੋਲਦਾ ਕਿਉਂਕਿ ਅੰਦਰ ਵਧੀਕ ਸ਼ੋਰ ਹੁੰਦਾæææ ਇਹ ਸ਼ੋਰ ਕੇਵਲ ਮੋਹਨ ਲਾਲ ਨੂੰ ਸੁਣਦਾ। ਅੰਦਰਲਾ ਸ਼ੋਰ ਬਾਹਰਲੀਆਂ ਆਵਾਜ਼ਾਂ ਤੋਂ ਡਰਦਾ ਤ੍ਰਹਿੰਦਾ। ਪ੍ਰੋਜੈਕਟਰ ਚੱਲਣ ਲਗਦਾ ਤਾਂ ਓਪਰੇਟਰ ਦੀਨਾ ਨਾਥ ਦੇ ਬਰਾਬਰ ਖਿੜਕੀ ਵਿਚ ਆਪ ਵੀ ਬੈਠ ਜਾਂਦਾ। ਦੀਨਾ ਨਾਥ ਨੂੰ ਉਸ ਦੀ ਉਦਾਸੀ ਦਾ ਪਤਾ ਸੀ। ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਕਿਸੇ ਗੱਲੋਂ ਨਾਰਾਜ਼ ਹੋ ਕੇ ਚਲੀ ਗਈ ਸੀ। ਮੋਹਨ ਲਾਲ ਬੁਲਾਉਣ ਨਹੀਂ ਗਿਆ, ਆਪ ਆਈ ਨਹੀਂ। ਕੁਝ ਪ੍ਰੇਮ ਇਸ ਤਰ੍ਹਾਂ ਵੀ ਖ਼ਤਮ ਹੁੰਦੇ ਨੇæææ ਚੁਪ-ਚੁਪੀਤੇ। ਸ਼ੌਕ ਨਾਲ ਤਿਣਕੇ ਇਕੱਠੇ ਕਰਨ ਵਾਲੇ, ਸ਼ਾਨ ਨਾਲ ਆਲ੍ਹਣਾ ਖਿੱਲਰਦਾ ਦੇਖਦੇ ਹਨ।
ਇਕ ਰਾਤ ਪ੍ਰੋਜੈਕਟਰ ਦੇ ਸਪੂਲ ਉਤੇ ਆਖਰੀ ਰੀਲ ਘੁੰਮ ਰਹੀ ਸੀ। ਮੋਹਨ ਲਾਲ ਦੇ ਜੀਵਨ ਦੀ ਆਖਰੀ ਰੀਲ। ਦਿਲ ਦਾ ਦੌਰਾ ਪਿਆæææ ਬਸ਼ææ ਉਥੇ ਹੀ ਖ਼ਤਮ। ਮੋਹਨ ਲਾਲ ਵੀ ਫਿਲਮ ਦੇ ਉਸ ਸੀਨ ਵਾਂਗ ਹੋ ਗਿਆ ਜਿਥੇ ਹੀਰੋ ਦੇ ਮਰਨ ਬਾਅਦ ਕੁਝ ਨਹੀਂ ਬਚਦਾ ਸਿਵਾਇ ਦਰਦæææ ਹੰਝੂæææ ਯਾਦਾਂæææ ਮਾਰਮਿਕ ਕਿੱਸੇ ਦੇ।
Leave a Reply