ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਉਹ ਅੰਦਰ ਹੈ ਤੁਹਾਡੇ, ਸਾਹਾਂ ਵਿਚ, ਸਾਹਾਂ ਦੀ ਖੁਸ਼ਬੋਈ ਵਿਚ। ਜਾਗਦੀਆਂ ਅੱਖਾਂ ਵਿਚ, ਸੁੱਤੇ ਹੋਏ ਸੁਪਨਿਆਂ ਵਿਚ। ਬੱਸ ਉਹੀ ਤਾਂ ਹੈ- ਨੱਚਦੀਆਂ, ਗਾਉਂਦੀਆਂ ‘ਵਾਵਾਂ ਵਿਚ, ਦਰੱਖਤਾਂ ਦੇ ਪੈਰਾਂ ਵਿਚ ਸੁੱਤੇ ਹੋਏ ਪੱਤਿਆਂ ਵਿਚ। ਬੱਸ ਉਹੀ ਤਾਂ ਹੈ- ਚਾਨਣੀ ਰਾਤ ਵਿਚ, ਹਨੇਰੇ ਦੀ ਬੁਕਲ ਵਿਚ, ਘੂਕ ਸੁੱਤੀ ਕਾਲੀ ਰਾਤ ਵਿਚ। ਬੱਸ ਉਹੀ ਤਾਂ ਹੈ- ਪੰਛੀਆਂ ਦੇ ਗੀਤਾਂ ਵਿਚ, ਨਦੀ ਦੇ ਨਾਦ ਵਿਚ, ਬੁੱਢੇ ਦੀਆਂ ਝੁਰੜੀਆਂ ਵਿਚ, ਬੱਚੇ ਦੀ ਮੁਸਕਾਨ ਵਿਚ। ਬੱਸ ਉਹੀ ਤਾਂ ਹੈ- ਸੁੱਤੀਆਂ ਰੂਹਾਂ ਵਿਚ, ਫੁੱਲਾਂ ਦੀ ਖੁਸ਼ਬੂ ਵਿਚ। ਬੱਸ ਉਹੀ ਤਾਂ ਹੈ- ਕੁਦਰਤਿ ਕਵਣ ਕਹਾ ਵੀਚਾਰੁ॥
ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਓ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨਹਣੁ
ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ
ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ
ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ
ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ
ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ॥
(ਮਹਲਾ ਪਹਿਲਾ, ਪੰਨਾ 464)
ਕਿਵੇਂ ਦੇਖੋਗੇ, ਉਹ ਸੁਆਦ, ਉਹ ਵਿਸਮਾਦ- ਤੁਹਾਡੇ ਵੱਸ ਦਾ ਰੋਗ ਨਹੀਂ।
ਆਪਣਾ ਆਪ ਮਾਰੋਗੇ ਤਾਂ ਜਾਣੋਗੇ ਉਸ ਨੂੰ। ਹਨੇਰਾ ਅੰਦਰ ਹੈ। ਕਿਧਰੇ ਮਨ ਦੀ ਗੁਫ਼ਾ ਵਿਚ ਬੈਠਾ ਹੈ, ਚੁੱਪ ਕੀਤਾ ਹੋਇਆ। ਅੰਦਰ ਤੁਸੀਂ ਕੁਝ ਹੋਰ ਹੋ, ਦਿਖਾ ਕੁਝ ਹੋਰ ਰਹੇ ਹੋ, ਬਣ ਕੁਝ ਹੋਰ ਰਹੇ ਹੋ। ਜ਼ਹਿਰ ਹੈ ਅੰਦਰ, ਸੱਪ ਵਰਗਾ। ਚੇਤਨਾ ਸੁੰਗੜ ਗਈ ਹੈ, ਰੂਹ ਮਰ ਗਈ ਹੈ। ਪੈਂਡਾ ਲੰਮਾ ਹੈ, ਕਠਿਨ ਵੀ ਹੈ; ਦਿਨ, ਮਹੀਨੇ, ਸਾਲਾਂ, ਸਦੀਆਂ ਦਾ। ਸ਼ਾਇਦ ਆਨੰਤ ਦੀ ਯਾਤਰਾ ਹੈ। ਕਰ ਸਕੋਗੇ? ਮਰਨਾ ਪੈਣਾ ਹੈ ਮਨਸੂਰ ਵਾਂਗ। ਸੂਲੀ ਚੜ੍ਹਨਾ ਪੈਣਾ ਹੈ ਈਸਾ ਵਾਂਗ। ਜ਼ਹਿਰ ਪੀਣਾ ਪੈਣਾ ਹੈ ਸੁਕਰਾਤ ਵਾਂਗ, ਮੀਰਾ ਵਾਂਗ। ਪੀ ਸਕੋਗੇ? ਫੋਕੀਆਂ ਟਾਹਰਾਂ ਮਾਰਨਾ ਤੁਹਾਡਾ ਸੁਭਾਅ ਹੈ। ਚਲਿੱਤਰ ਹੀ ਚਲਿੱਤਰ ਹਨ ਤੁਹਾਡੇ ਕੋਲ।
॥ਸਲੋਕ ਮਹਲਾ ਪਹਿਲਾ॥
ਹਉ ਵਿਚਿ ਆਇਆ ਹਉ ਵਿਚਿ ਗਇਆ॥
ਹਉ ਵਿਚਿ ਜੰਮਿਆ ਹਉ ਵਿਚ ਮੁਆ॥
ਹਉ ਵਿਚਿ ਦਿਤਾ ਹਉ ਵਿਚਿ ਲਇਆ॥
ਹਉ ਵਿਚਿ ਖਟਿਆ ਹਉ ਵਿਚਿ ਗਇਆ॥
ਹਉ ਵਿਚਿ ਸਚਿਆਰੁ ਕੂੜਿਆਰੁ॥
ਹਉ ਵਿਚਿ ਪਾਪ ਪੁੰਨ ਵੀਚਾਰੁ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ॥
ਹਉ ਵਿਚਿ ਹਸੈ ਹਉ ਵਿਚਿ ਰੋਵੈ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ॥
ਹਉ ਵਿਚਿ ਜਾਤੀ ਜਿਨਸੀ ਖੋਵੈ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥
ਮੋਖ ਮੁਕਤਿ ਕੀ ਸਾਰ ਨ ਜਾਣਾ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ॥
ਹਉਮੈ ਕਰਿ ਕਰਿ ਜੰਤ ਉਪਾਇਆ॥
ਹਉਮੈ ਬੂਝੈ ਤਾ ਦਰੁ ਸੂਝੈ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
ਨਾਨਕ ਹੁਕਮੀ ਲਿਖੀਐ ਲੇਖੁ॥
ਜੇਹਾ ਵੇਖਹਿ ਤੇਹਾ ਵੇਖੁ॥
ਤੁਸੀਂ ਟੁਕੜਿਆਂ ਵਿਚ ਜੀ ਰਹੇ ਹੋ। ਬਿਮਾਰ ਹੋ ਤੁਸੀਂ। ਪਿੰਡ-ਪਿੰਡ, ਨਗਰ-ਨਗਰ ਸਾਧ ਹਨ, ਸੰਤ ਹਨ, ਬਾਬੇ ਤੇ ਮਹੰਤ ਹਨ। ਉਹ ਰੋਗੀ ਹਨ, ਭੋਗੀ ਹਨ। ਸਹਿਜ ਤੋਂ ਸੱਖਣੇ, ਬਚੋਗੇ ਕਿਵੇਂ? ਬਚ ਸਕੋਗੇ? ਤੁਹਾਡੇ ਅੰਦਰ ਦਾ ਹਨੇਰਾ ਬਾਹਰ ਦੇ ਹਨੇਰੇ ਤੋਂ ਜ਼ਿਆਦਾ ਖਤਰਨਾਕ ਹੈ। ਹੰਕਾਰ ਕਿਤੋਂ ਨਾ ਕਿਤੋਂ ਇਸ਼ਾਰਾ ਜ਼ਰੂਰ ਕਰਦਾ ਹੈ। ਜਿਹੜੀਆਂ ਅੱਖਾਂ ਵਿਚ ਹਉਮੈ ਦੀ ਨੀਂਦ ਹੋਵੇ, ਉਹ ਅਨੰਤ ਦੇ ਸੁਪਨੇ ਨਹੀਂ ਦੇਖ ਸਕਦੀਆਂ। ਹਰ ਡੁੱਬਦਾ ਸੂਰਜ ਤੁਹਾਡੇ ਡੁੱਬਣ ਦੀ ਖਬਰ ਦੇ ਰਿਹਾ ਹੈ। ਮਿਟ ਰਹੇ ਹੋ ਹਰ ਰੋਜ਼। ਤੁਸੀਂ ਸ਼ਿਕਾਇਤਾਂ ਨਾਲ ਭਰੇ ਹੋ। ਜੇ ਮਿਲਦਾ ਨਹੀਂ, ਤਾਂ ਸ਼ਿਕਾਇਤ- ਮੈਨੂੰ ਦਿੱਤਾ ਨਹੀਂ, ਦੂਜਿਆਂ ਦੇ ਘਰ ਭਰ ਰਿਹਾ ਏਂ। ਜੋ ਮਿਲਦਾ ਹੈ, ਉਸ ਨਾਲ ਵੀ ਸਬਰ ਨਹੀਂ- ਮੈਨੂੰ ਥੋੜ੍ਹਾ ਦਿੱਤਾ, ਦੁਸ਼ਮਣ ਨੂੰ ਜ਼ਿਆਦਾ ਦੇ ਰਿਹਾ ਏਂ। ਦੁੱਖ ਬਾਹਰੋਂ ਨਹੀਂ ਆਉਂਦੇ, ਆਪ ਸਹੇੜ ਰਹੇ ਹੋ। ਹਰ ਜਨਮ ਵਾਧਾ ਕਰੀ ਜਾ ਰਹੇ ਹੋ। ਕੰਨ ਰਸ, ਜ਼ਬਾਨ ਰਸ ਦੇ ਮਾਰੇ ਹੋ ਤੁਸੀਂ। ਗਿਆਨ ਰਸ ਤੁਹਾਥੋਂ ਕੋਹਾਂ ਦੂਰ ਹੈ। ਤੁਹਾਡੀ ਚਿੰਤਾ, ਤੁਹਾਡੀਆਂ ਮੰਗਾਂ ਹਨ। ਜਿਹੋ ਜਿਹਾ ਮੈਂ ਚਾਹਿਆ, ਉਹੋ ਜਿਹਾ ਨਹੀਂ ਹੋ ਰਿਹਾ। ਜੋ ਹੋ ਰਿਹਾ ਹੈ, ਉਹ ਨਹੀਂ ਸੀ ਹੋਣਾ ਚਾਹੀਦਾ। ਸੱਚ ਦੇ ਵਿਪਰੀਤ ਖੜ੍ਹੇ ਹੋ, ਸੱਚ ਨੂੰ ਆਪਣੇ ਪੱਖ ਵਿਚ ਕਰਨ ਲਈ ਯਤਨਸ਼ੀਲ ਹੋ। ਸੁੱਤੇ ਨੂੰ ਜਗਾਇਆ ਜਾ ਸਕਦਾ ਹੈ, ਕੁੰਭਕਰਨੀ ਨੀਂਦ ਨੂੰ ਕਿਵੇਂ ਤੋੜੇਗੇ? ਅਗਿਆਨੀ ਨੂੰ ਸਮਝਾਇਆ ਜਾ ਸਕਦਾ ਹੈ; ਜੋ ਗਿਆਨੀ ਬਣ ਖਲੋਤਾ ਹੈ, ਉਸ ਨੂੰ ਕਿਵੇਂ ਸਮਝਾਉਗੇ? ਤੁਸੀਂ ਜੋ ਸੁਣਨਾ ਚਾਹੁੰਦੇ ਹੋ, ਉਹੀ ਸੁਣਦੇ ਹੋ। ਜੋ ਦੱਸਿਆ ਜਾਂਦਾ ਹੈ, ਉਸ ਦੇ ਆਪਣੇ ਹੀ ਅਰਥ ਕੱਢ ਲੈਂਦੇ ਹੋ। ਇਕ ਨਸ਼ਾ ਹੈ ਤੁਹਾਡੇ ਅੰਦਰ-ਬਾਹਰæææ ਦੌਲਤ ਦਾ, ਸ਼ੁਹਰਤ ਦਾ; ਪਰਿਵਾਰ ਦਾ, ਗਿਆਨ ਦਾ। ਇਹ ਨਸ਼ਾ ਜਗਾਉਂਦਾ ਨਹੀਂ, ਸੁਲਾਉਂਦਾ ਹੈ। ਬੇਹੋਸ਼ੀ ਦਾ ਨਸ਼ਾ ਹੈ ਇਹ। ਸੂਰਜ ਨਿਕਲ ਆਇਆ ਹੈ, ਤੁਸੀਂ ਬੂਹੇ ਬੰਦ ਕਰੀ ਬੈਠੋ ਹੋ, ਚਾਨਣ ਤੋਂ ਡਰ ਲਗਦਾ ਹੈ।
ਤੁਹਾਡੀ ਜਾਣਕਾਰੀ ਕੀ ਹੈ? ਉਧਾਰੀ ਹੈ, ਬੇਹੀ ਹੈ, ਪਰਾਈ ਹੈ। ਗ੍ਰੰਥ-ਸ਼ਾਸਤਰ ਕਿੰਨੇ ਹੀ ਪੜ੍ਹੋ, ਧਰਮ ਨਾਲ ਸਬੰਧ ਨਹੀਂ ਬਣੇਗਾ। ਤੁਸੀਂ ਹੀ ਤਾਂ ਹੋ ਜੋ ਦੁਕਾਨ ਚਲਾ ਰਹੇ ਸੀ। ਤੁਸੀਂ ਹੀ ਤਾਂ ਹੋ ਜੋ ਮੰਦਰ ਜਾ ਰਹੇ ਹੋ। ਤੁਹਾਡਾ ਹੋਣਾ ਹੀ ਤੁਹਾਡੀ ਬੇਹੋਸ਼ੀ ਹੈ। ਕੋਈ ਪੁਰਖਿਆਂ ਨੂੰ ਪੂਜ ਰਿਹਾ ਹੈ, ਕੋਈ ਮੜ੍ਹੀਆਂ ਪੂਜ ਰਿਹਾ ਹੈ, ਕੋਈ ਤੀਰਥੀਂ ਇਸ਼ਨਾਨ ਕਰ ਰਿਹਾ ਹੈ। ਕੋਈ ਪੱਥਰ ਦੀਆਂ ਮੂਰਤੀਆਂ ਨੂੰ ਮੱਥਾ ਟੇਕ ਰਿਹਾ ਹੈ। ਮੱਥਾ ਮਨ ਦਾ ਟੇਕਣਾ ਹੈæææ ਹੇ ਸੱਚੇ ਪਾਤਸ਼ਾਹ! ਮਨ ਦਾ ਹਨੇਰਾ ਦੂਰ ਕਰ।æææ ਕੋਈ ਸੰਸਾਰ ਮੰਗ ਰਿਹਾ ਹੈ, ਕੋਈ ਧਨ ਤੇ ਕੋਈ ਪੁੱਤਰ ਮੰਗ ਰਿਹਾ ਹੈ। ਧਰਮ ਦਾ ਇਨ੍ਹਾਂ ਨਾਲ ਕੁਝ ਲੈਣਾ-ਦੇਣਾ ਨਹੀਂ। ਤੁਹਾਡਾ ਧਿਆਨ, ਤੁਹਾਡਾ ਗਿਆਨ ਤੇ ਤੁਹਾਡਾ ਤਿਆਗ, ਤੁਹਾਡੀ ਆਕੜ ਦਾ ਚਿੰਨ੍ਹ ਹੈ। ਮੈਂ ਜਾਣਦਾ ਹਾਂ, ਸਭ ਕੁਝ ਜਾਣਦਾ ਹਾਂ, ਝੁਕਣ ਲਈ ਤਿਆਰ ਨਹੀਂ। ਜਦ ਤੱਕ ਆਕੜ ਨਾਲ ਭਰੇ ਹੋਏ ਹੋ, ਤੁਹਾਨੂੰ ਪਰਮਾਤਮਾ ਦੀ ਲੋੜ ਨਹੀਂ। ਜਿਸ ਦੀ ਤੁਹਾਨੂੰ ਲੋੜ ਨਹੀਂ, ਉਹ ਤੁਹਾਨੂੰ ਕਿਵੇਂ ਮਿਲੇਗਾ? ਤੁਹਾਡੀ ਪ੍ਰਾਰਥਨਾ ਸੰਸਾਰੀ ਹੈ। ਉਸ ਨਾਲ ਧਰਮ ਦਾ ਕੋਈ ਲੈਣਾ-ਦੇਣਾ ਨਹੀਂ। ਸੁੱਕੇ ਪੱਤਿਆਂ ਵਾਂਗ ਤੁਹਾਡੀ ਸੋਚ ਵੀ ਸੁੱਕ ਗਈ ਹੈ। ਸੜਿਆਂਦ ਹਵਾ ਨੂੰ ਦੂਸ਼ਿਤ ਕਰ ਦਿੰਦੀ ਹੈ।
ਕਿਸ ਤਰ੍ਹਾਂ ਸੱਚੇ ਬਣੀਏ? ਕਿਵੇਂ ਸਚਿਆਰੇ ਹੋਈਏ? ਕਿਸ ਮਾਰਗ ‘ਤੇ ਚੱਲੀਏ? ਉਸ ਨੂੰ ਪ੍ਰਵਾਨ ਹੋਣ ਲਈ ਝੂਠ ਦੀ ਕੰਧ ਕਿਵੇਂ ਟੁੱਟੇ? ਬਾਬੇ ਦਾ ਫਰਮਾਨ ਹੈ- ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ਉਸ ਦੇ ਹੁਕਮ ਨੂੰ ਮੰਨ ਲਈਏ, ਉਸ ਦੇ ਹੋ ਜਾਈਏæææ ਬੱਸ ਉਸ ਦੀ ਮਰਜ਼ੀ, ਜਿਵੇਂ ਉਹ ਕਰਾਏ, ਜਿਵੇਂ ਉਹ ਜੀਵਾਏ, ਜੀਵੀਏ। ਜਿਥੇ ਲੈ ਜਾਏ, ਉਥੇ ਜਾ ਰਹੀਏ। ਏਕ ਦਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥ ਸਭ ਉਸ ਦੀਆਂ ਬਖਸ਼ਿਸ਼ਾਂ ਹਨ। ਉਸ ਦੇ ਸ਼ੁਕਰਾਨੇ ਨਾਲ ਭਰੇ ਮੰਦਰ ਜਾਓ, ਗੁਰਦੁਆਰੇ ਜਾਓ- ਤੂੰ ਬਹੁਤ ਦਿੱਤਾ, ਬਿਨ ਮੰਗਿਆ ਦਿੱਤਾæææ ਦਾਤਾ! ਕਿਵੇਂ ਤੇਰਾ ਸ਼ੁਕਰੀਆ ਕਰਾਂ! ਹਰ ਸਾਹ ਉਸ ਦੀ ਦੇਣ ਹੈ। ਆਵੇ ਨਾ ਆਵੇ, ਉਸ ਦੀ ਮਰਜ਼ੀ।
“ਹੇ ਅਰਜਨ! ਤੂੰ ਇਹ ਨਾ ਸੋਚ ਕਿ ਤੂੰ ਕਰਮ ਕਰ ਰਿਹਾ ਏਂ। ਤੇਰਾ ਸੋਚਣਾ ਗ਼ਲਤ ਹੈ। ਤੇਰੇ ਕੀਤੇ ਕੁਝ ਨਹੀਂ ਹੋਣ ਵਾਲਾ। ਤੇਰਾ ਯੁੱਧ ਕਰਨਾ ਜਾਂ ਨਾ ਕਰਨਾ, ਉਸ ਦਾ ਹੁਕਮ ਹੈ। ਤੂੰ ਹੁਕਮੀ ਹੋ ਜਾ। ਆਪਣਾ ਕਰਮ ਕਰ। ਕਰਮ ਦੇ ਫ਼ਲ ਦੀ ਚਿੰਤਾ ਨਾ ਕਰ। ਕਰਮ ਨਾ ਕਰਨ ਨਾਲ ਕੋਈ ਬੰਦਾ ਕਰਮ ਤੋਂ ਮੁਕਤ ਨਹੀਂ ਹੋ ਸਕਦਾ, ਤੇ ਕੰਮ ਛੱਡ ਦੇਣ ਨੂੰ ਸੰਨਿਆਸ ਨਹੀਂ ਕਿਹਾ ਜਾਂਦਾ। ਇਹ ਸਿੱਧੀ ਨਹੀਂ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਹਰ ਹਾਲਤ ਵਿਚ ਵਿਅਕਤੀ ਨੂੰ ਕਰਮ ਕਰਨਾ ਪੈਂਦਾ ਹੈ। ਤੇਰੇ ਲਈ ਜੋ ਕਾਰਜ ਨਿਸ਼ਚਿਤ ਹੈ, ਸੋ ਤੂੰ ਕਰ; ਕਿਉਂਕਿ ਕਰਮ ਕਰਨਾ ਕਰਮਹੀਣ ਹੋਣ ਤੋਂ ਚੰਗਾ ਹੈ। ਹੇ ਅਰਜਨ! ਤੂੰ ਇੱਛਾ ਮੁਕਤ ਹੋ ਕੇ ਸਦਾ ਯੋਗ ਕਰਮ ਕਰਦਾ ਰਹਿ, ਕਿਉਂਕਿ ਨਿਸ਼ਕਾਮ ਕਰਮ ਕਰਨ ਵਾਲਾ ਮਨੁੱਖ ਸਰਬੋਤਮ ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਂਦਾ ਹੈ।”
ਮੋਦੀਖਾਨੇ ਸੁਲਤਾਨਪੁਰ ਵਿਚ ਬੈਠਾ ਬਾਬਾ ਨਾਨਕ ਤੇਰਾ ਤੇਰਾ ਕਰਦਾ ਤੇਰਾ ਹੋ ਗਿਆ, ਆਪਾ ਵਿਸਰ ਗਿਆ। ਬਾਬਾ ਉਸੇ ਦਾ ਰੂਪ ਹੋ ਗਿਆ।
“ਰਾਮ ਰਾਮ ਕਰਦੀ ਨੀ ਮੈਂ ਆਪਾ ਰਾਮਾ ਹੋਈ।”
“ਇਹ ਜੋ ਹੋ ਰਿਹਾ ਹੈ, ਜੋ ਹੋਣ ਜਾ ਰਿਹਾ ਹੈ, ਉਸੇ ਦਾ ਹੁਕਮ ਹੈ। ਤੇਰਾ ਮੇਰਾ ਕੁਝ ਨਹੀਂ। ਬਸ ਆਤਮਾ ਨੇ ਤਾਂ ਬਸਤਰ ਬਦਲਣੇ ਹਨ। ਮੀਰ ਸੀ! ਸਹਿਜ ਹੋ ਜਾਓ, ਸ਼ਾਂਤ ਹੋ ਜਾਓ। ਉਸ ਦੇ ਹੁਕਮ ਨੂੰ ਮੰਨੋ।” ਤੱਤੀ ਤਵੀ ‘ਤੇ ਬੈਠੇ ਸਤਿਗੁਰੂ ਬੋਲੇ।
“ਜੋ ਹੁਕਮ ਵਿਚ ਆ ਗਿਆ, ਉਹ ਪਾ ਗਿਆ। ਜੋ ਉਸ ਨਾਲੋਂ ਟੁੱਟ ਗਿਆ, ਉਹ ਮੁੱਕ ਗਿਆ। ਇਕ ਥਿੜਕਿਆ ਕਦਮ ਜਨਮਾਂ ਦੀਆਂ ਵਿੱਥਾਂ ਪਾ ਦਿੰਦਾ ਹੈ।”
“ਜਿਹੜਾ ਮਨੁੱਖ ਅੱਲਾਹ ਵਿਚ ਵਿਸ਼ਵਾਸ ਕਰ ਕੇ ਕਰਮ ਕਰਦਾ ਹੈ, ਅੱਲਾਹ ਉਸ ਨੂੰ ਉਨ੍ਹਾਂ ਕਰਮਾਂ ਦਾ ਇਨਾਮ ਦਿੰਦਾ ਹੈ।” (ਕੁਰਾਨ)
“ਮਨੁੱਖ ਦੇ ਮਰਨ ਪਿਛੋਂ ਆਤਮਾ ਨਹੀਂ, ਕਰਮ ਜਾਂਦੇ ਹਨ। ਅਖੰਡ ਦਿਸ ਰਹੇ ਤੱਤ ਖੰਡਿਤ ਹੋਣਗੇ ਤੇ ਘੁਲ ਜਾਣਗੇ। ਤਲਾਸ਼ ਕਰੋ ਜੋ ਅਮਰ ਹੈ। ਧਰਮ ਬਿਨਾਂ ਹੋਰ ਕੁਝ ਅਮਰ ਨਹੀਂ।” (ਧੱਮਪਦ)
“ਜੋ ਕਾਮਨਾ ਤੇ ਅਹੰਭਾਵ ਦਾ ਤਿਆਗ ਕਰ ਕੇ ਕਰਮ ਕਰਦਾ ਹੈ, ਉਹ ਧਰਮੀ ਹੈ। ਉਸ ਨੂੰ ਸੁੱਖ ਤੇ ਪਰਮ ਅਨੰਦ ਮਿਲਦਾ ਹੈ।” (ਗੀਤਾ)
“ਅਨੇਕਾਂ ਦੀਵਿਆਂ ਦੀ ਇਕਸਾਰ ਜਗਦੀ ਜੋਤ ਹੈ ਧਰਮ। ਧਰਮ ਤੋੜਦਾ ਨਹੀਂ, ਜੋੜਦਾ ਹੈ। ਵੰਡੀਆ ਪਾਉਂਦਾ ਨਹੀਂ, ਵੰਡੀਆਂ ਮੇਲਦਾ ਹੈ।”
ਮਨ ਨੂੰ ਮਾਰਨਾ ਨਹੀਂ, ਪ੍ਰੇਮ ਨਾਲ ਸਹਿਜ ਕਰਨਾ ਹੈ। ਬਿਨਾਂ ਪ੍ਰੇਮ ਆਦਮੀ ਅਤ੍ਰਿਪਤ ਹੈ। ਜਿਹੜੀ ਚੀਜ਼ ਪ੍ਰੇਮ ਰਹਿਤ ਹੈ, ਉਹ ਪਾਪ ਹੈ। ਪ੍ਰੇਮ ਦੀਆਂ ਅਨੰਤ ਜੂਨਾਂ ਦਾ ਜੋੜ ਪਰਮਾਤਮਾ ਹੈ। ਪ੍ਰੇਮ ਦੀ ਪ੍ਰਾਪਤੀ ਪਰਮਾਤਮਾ ਦੀ ਪ੍ਰਾਪਤੀ ਹੈ। ਪ੍ਰੇਮ ਤੋਂ ਸੱਖਣੇ ਲੋਕ ਹੀ ਜੰਗਾਂ ਪੈਦਾ ਕਰਦੇ ਹਨ। ਹਿਟਲਰ, ਮਸੋਲਿਨੀ, ਸਟਾਲਿਨ, ਚੰਗੇਜ਼ ਖਾਂ ਕਾਤਲ ਬਣਦੇ ਹਨ, ਪ੍ਰੇਮੀ ਨਹੀਂ। ਜਿਥੇ ਪ੍ਰੇਮ ਨਹੀਂ, ਉਥੇ ਸੇਵਾ ਨਹੀਂ। ਤੁਹਾਡੀ ਸੇਵਾ ਓਪਰੀ-ਓਪਰੀ ਹੈ? ਅੰਦਰ ਤਾਂ ਦੁਸ਼ਮਣੀ, ਈਰਖਾ, ਵੈਰ-ਵਿਰੋਧ ਦੀ ਅੱਗ ਬਲ ਰਹੀ ਹੈ। ਪ੍ਰੇਮ ਦੀ ਸੁਗੰਧ ਹੀ ਸੇਵਾ ਹੈ। ਜਿਥੇ ਸੋਚ ਮਰ ਗਈ, ਚੇਤਨਾ ਮਰ ਗਈ; ਉਥੇ ਫਿਰ ਸੇਵਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਪ੍ਰੇਮ ਦੇਣਾ ਹੈ, ਲੈਣਾ ਨਹੀਂ। ਆਪਣੇ ਸੁਭਾਅ ਤੋਂ ਹਟ ਜਾਓ, ਉਸ ਦੇ ਹੁਕਮ ਨੂੰ ਜੀਵਨ ਜਾਚ ਬਣਾਓ।
ਜਿਥੇ ਪ੍ਰੇਮ ਹੈ, ਉਥੇ ਮੰਗ ਨਹੀਂ
ਜਿਥੇ ਮੰਗ ਹੈ, ਉਥੇ ਅੱਯਾਸ਼ੀ ਹੈ।
ਪ੍ਰੇਮ ਅਨੁਭਵ ਹੈ:
ਖਾਕ ਕੋ ਬੁੱਤ, ਬੁੱਤ ਕੋ ਦੇਵਤਾ ਕਰਤਾ ਹੈ ਇਸ਼ਕ।
ਇੰਤਹਾ ਯੇ ਹੈ ਕਿ ਬੰਦੇ ਕੋ ਖੁਦ ਕਰਤਾ ਹੈ ਇਸ਼ਕ। (ਸਾਹਿਰ ਲੁਧਿਆਣਵੀ)
ਪ੍ਰੇਮ ਅਹਿਸਾਸ ਹੈ:
ਹਮ ਨੇ ਦੇਖੀ ਹੈ ਉਨ ਆਖੋਂ ਮੈਂ ਮਹਿਕਤੀ ਖੁਸ਼ਬੂ
ਹਾਥ ਸੇ ਛੂ ਕੇ ਇਸੇ ਰਿਸ਼ਤੋਂ ਕਾ ਨਾਮ ਨਾ ਦੋ।
ਸਿਰਫ਼ ਅਹਿਸਾਸ ਹੈ ਰੂਹ ਸੇ ਮਹਿਸੂਸ ਕਰੋ
ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ।
(ਸਮਾਪਤ)
Leave a Reply