ਲਿਪੀ ਅਤੇ ਕੁਝ ਹੋਰ ਪੱਖ

ਪੰਜਾਬੀ ਦਾ ਭਵਿੱਖ-4
ਗੁਰਬਚਨ ਸਿੰਘ ਭੁੱਲਰ
ਪੰਜਾਬੀ ਦਾ ਭਵਿੱਖ ਕਿਸ ਰਾਹ ਪਿਆ ਹੋਇਆ ਹੈ, ਇਹ ਤੱਥ ਅਸੀਂ ਦੋ ਪੈਮਾਨਿਆਂ ਅਨੁਸਾਰ ਦੇਖਾਂਗੇ। ਇਕ ਤਾਂ ਸੰਪਰਕ, ਗਿਆਨ ਅਤੇ ਸਭਿਆਚਾਰ ਦੇ ਵਸੀਲੇ ਵਜੋਂ; ਦੂਜਾ, ਮੁੱਖ ਆਧਾਰਾਂ ਦੀ ਮਜ਼ਬੂਤੀ ਦੇ ਪੱਖੋਂ।
ਆਮ ਬੋਲਚਾਲ ਅਤੇ ਆਮ ਸੰਪਰਕ ਵਿਚ ਪੰਜਾਬੀ ਅਜੇ ਵੀ ਕਾਫੀ ਵੱਡੇ ਭੂਗੋਲਿਕ ਖੇਤਰ ਵਿਚ ਵੱਡੀ ਹੱਦ ਤੱਕ ਵਰਤੋਂ ਵਿਚ ਹੈ। ਗਿਆਨ-ਵਿਗਿਆਨ ਦੇ ਵਿਕਾਸ ਦੇ ਨਾਲ ਨਾਲ ਇਸ ਉਤੇ ਅੰਗਰੇਜ਼ੀ ਦਾ ਜਾਇਜ਼ ਤੇ ਨਾਜਾਇਜ਼- ਦੋਵਾਂ ਕਿਸਮਾਂ ਦਾ ਛਾਪਾ ਵਧਦਾ ਜਾਂਦਾ ਹੈ। ਸਾਹਿਤ, ਲੋਕ-ਸਾਹਿਤ, ਵਿਚਾਰ-ਚਰਚਾ, ਲੋਰੀਆਂ, ਗੀਤਾਂ, ਵੈਣਾਂ, ਆਦਿ ਰਾਹੀਂ ਪਰਗਟ ਹੁੰਦਾ ਭਾਵਨਾਤਮਕ, ਦਾਰਸ਼ਨਿਕ ਅਤੇ ਸਭਿਆਚਾਰਕ ਪੱਖ ਹੀ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਇਹ ਪੱਖ ਨਵੀਆਂ ਸਮਾਜਕ, ਆਰਥਿਕ, ਵਿਗਿਆਨਕ ਹਾਲਤਾਂ ਵਿਚ ਲਗਾਤਾਰ ਸੁੰਗੜ ਰਿਹਾ ਹੈ।
ਕਿਸੇ ਵੀ ਭਾਸ਼ਾ ਨੂੰ ਖੜ੍ਹੀ ਰੱਖਣ ਲਈ ਭੂਗੋਲਿਕ ਖੇਤਰ, ਸ਼ਬਦ-ਭੰਡਾਰ, ਲਿਪੀ ਅਤੇ ਵਿਆਕਰਨ ਉਹਦੇ ਚਾਰ ਥੰਮ੍ਹ ਹੁੰਦੇ ਹਨ। ਜੇ ਇਨ੍ਹਾਂ ਚਾਰਾਂ ਦੇ ਪੱਖੋਂ ਪੰਜਾਬੀ ਨੂੰ ਪਰਖ ਕੇ ਦੇਖੀਏ, ਸਿੱਟੇ ਕੋਈ ਉਤਸ਼ਾਹਜਨਕ ਨਹੀਂ ਨਿਕਲਦੇ।
ਪਹਿਲਾ, ਪੰਜਾਬੀ ਦਾ ਭੂਗੋਲਿਕ ਖੇਤਰ, ਜੋ ਸੰਤਾਲੀ ਤੱਕ ਦੂਰ ਦੂਰ ਫੈਲਿਆ ਹੋਇਆ ਸੀ, ਵਾਰ ਵਾਰ ਟੁਕੜੇਬੰਦੀ ਦਾ ਸ਼ਿਕਾਰ ਹੋ ਕੇ ਥੋੜ੍ਹੇ ਜਿਹੇ ਇਲਾਕੇ ਤੱਕ ਸਿਮਟ ਗਿਆ ਹੈ।
ਦੂਜਾ, ਪੰਜਾਬੀ ਦਾ ਮੌਲਿਕ ਸ਼ਬਦ-ਭੰਡਾਰ, ਜੋ ਹਰ ਭਾਸ਼ਾ ਵਾਂਗ, ਆਪਣੇ ਬੋਲਣ ਵਾਲਿਆਂ ਦੇ ਵਿਚਾਰ-ਪ੍ਰਗਟਾਵੇ ਦੇ ਪੂਰੀ ਤਰ੍ਹਾਂ ਸਮਰੱਥ ਹੈ, ਬਦਕਿਸਮਤੀ ਨੂੰ ਆਪਣਿਆਂ ਹੱਥੋਂ ਹੀ ਖੁਰਦਾ ਜਾ ਰਿਹਾ ਹੈ। ਪੰਜਾਬ ਦੇ ਪ੍ਰਬੰਧਕ ਤੇ ਰਾਜਨੀਤਕ ਹਲਕਿਆਂ ਵਿਚ ਅਤੇ ਸਭ ਤੋਂ ਮਾੜੀ ਗੱਲ, ਅਕਾਦਮਿਕ ਖੇਤਰ ਵਿਚ ਅਜਿਹੇ ਲੋਕਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਨਾ ਤਾਂ ਪੰਜਾਬੀ ਨਾਲ ਕੋਈ ਮੋਹ ਹੈ, ਨਾ ਸਮਾਜ ਲਈ ਮਾਤਭਾਸ਼ਾ ਦੇ ਮਹੱਤਵ ਦਾ ਪਤਾ ਹੈ ਅਤੇ ਨਾ ਪੰਜਾਬੀ ਦੀ ਭਾਸ਼ਾਈ ਆਬਤਾਬ ਦੀ ਕੋਈ ਜਾਣਕਾਰੀ ਹੈ। ਇਹ ਲੋਕ ਪੰਜਾਬੀ ਦੇ ਸੁੱਚੇ ਟਕਸਾਲੀ ਸ਼ਬਦਾਂ ਦੀ ਥਾਂ ਓਪਰੀਆਂ ਭਾਸ਼ਾਵਾਂ ਦੇ ਸ਼ਬਦ ਆਮ ਹੀ ਵਰਤਦੇ ਹਨ।
ਤੀਜਾ, ਇਹ ਕਥਨ ਕਿਸੇ ਜਜ਼ਬਾਤੀ ਜਾਂ ਸੌੜੇ ਨਜ਼ਰੀਏ ਉਤੇ ਆਧਾਰਿਤ ਨਹੀਂ ਸਗੋਂ ਭਾਸ਼ਾ-ਵਿਗਿਆਨਕ ਕਸਵੱਟੀ ਉਤੇ ਖਰਾ ਉਤਰਦਾ ਹੈ ਕਿ ਪੰਜਾਬੀ ਲਈ ਇਕੋ-ਇਕ ਢੁਕਵੀਂ ਲਿਪੀ ਗੁਰਮੁਖੀ ਹੀ ਹੈ ਜੋ ਇਸ ਦੀ ਹਰ ਧੁਨੀ ਅਤੇ ਸ਼ਬਦ ਨੂੰ ਲਿਖਤ ਦਾ ਸਹੀ ਸਹੀ ਜਾਮਾ ਪੁਆ ਸਕਦੀ ਹੈ। ਪਰ ਇਸ ਦੇ ਬਾਵਜੂਦ ਮੁਸਲਮਾਨ ਭਾਈ, ਪਵਿੱਤਰ ਕੁਰਾਨ ਨਾਲ ਜੁੜੀ ਲਿਪੀ ਹੋਣ ਕਾਰਨ, ਸ਼ਾਹਮੁਖੀ ਨੂੰ ਸਤਿਕਾਰਦੇ ਹਨ, ਹਿੰਦੂ ਵੀਰਾਂ ਲਈ ‘ਦੇਵਤਿਆਂ ਦੀ ਬਣਾਈ’ ਦੇਵਨਾਗਰੀ ਤੋਂ ਬਿਨਾਂ ਸਭ ਕੂੜ ਹੈ ਅਤੇ ਸਿੱਖ ਸੱਜਣਾਂ ਲਈ ਗੁਰਮੁਖੀ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਹੈ। ਇਸ ਸੋਚ ਨੇ ਪੰਜਾਬੀ ਦਾ ਨੁਕਸਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ!
ਇਤਿਹਾਸ ਵਿਚ ਹਰ ਭੂਗੋਲਿਕ ਭਾਈਚਾਰੇ ਦੀ ਭਾਸ਼ਾ ਤੇ ਲਿਪੀ ਦਾ ਸਰੂਪ ਲੰਮੇ ਕਾਲ-ਖੰਡਾਂ ਦੌਰਾਨ ਬਦਲਦਾ ਰਿਹਾ ਹੈ। ਵਰਤਮਾਨ ਪੰਜਾਬ ਅਤੇ ਗੁਆਂਢ ਦਾ ਇਲਾਕਾ ਸਮੇਂ ਸਮੇਂ ਹੁੰਦੇ ਰਹੇ ਆਵਾਸਾਂ ਅਤੇ ਹਮਲਿਆਂ ਕਾਰਨ ਅਨੇਕ ਭਾਸ਼ਾਈ-ਸਭਿਆਚਾਰਕ ਅਸਰ ਕਬੂਲਦਾ ਰਿਹਾ ਹੈ। ਮੁੱਢਲੀ ਸੰਸਕ੍ਰਿਤ ਲਈ ਕੋਈ 3500 ਸਾਲ ਪਹਿਲਾਂ ਬ੍ਰਾਹਮੀ ਤੇ ਖਰੋਸ਼ਠੀ ਲਿਪੀਆਂ ਵਰਤੀਆਂ ਜਾਣ ਲੱਗੀਆਂ। ਕੋਈ ਇਕ ਹਜ਼ਾਰ ਸਾਲ ਦੇ ਸਮੇਂ ਵਿਚ ਮੁਢਲੀ ਸੰਸਕ੍ਰਿਤ ਨੇ ਟਕਸਾਲੀ ਵੇਦਿਕ ਸੰਸਕ੍ਰਿਤ ਦਾ ਰੂਪ ਧਾਰ ਲਿਆ ਅਤੇ ਲਿਪੀ ਦੇਵਨਾਗਰੀ ਦਾ ਰੂਪ ਧਾਰ ਗਈ ਜੋ ਅੱਜ ਕਈ ਭਾਰਤੀ ਭਾਸ਼ਾਵਾਂ ਲਈ ਵਰਤੀ ਜਾਂਦੀ ਹੈ। ਲਗਭਗ ਡੇਢ ਹਜ਼ਾਰ ਸਾਲ ਹੋਰ ਲੰਘੇ ਤਾਂ ਵਰਤਮਾਨ ਪੰਜਾਬੀ ਅਤੇ ਇਹਦੀ ਲਿਪੀ ਗੁਰਮੁਖੀ ਦੇ ਨੈਣ-ਨਕਸ਼ ਉਜਾਗਰ ਹੋਏ।
ਪਰ ਪੰਜਾਬ ਅਤੇ ਗੁਆਂਢ ਨੂੰ ਉਪਰੋਕਤ ਇਤਿਹਾਸ ਤੋਂ ਬਹੁਤ ਪਹਿਲਾਂ ਲਿਪੀ ਘੜਨ ਦਾ ਮਾਣ ਪ੍ਰਾਪਤ ਹੈ। ਇਹ ਸਿੰਧ ਵਾਦੀ ਦੀ ਸਭਿਅਤਾ ਦੀ ਲਿਪੀ ਹੈ। ਭਾਵੇਂ ਅਜੇ ਤੱਕ ਕੋਈ ਹਵਾਲਾ-ਬਿੰਦੂ ਨਾ ਮਿਲੇ ਹੋਣ ਕਾਰਨ ਸਿੰਧ ਲਿਪੀ ਉਠਾਲੀ ਨਹੀਂ ਜਾ ਸਕੀ, ਤਾਂ ਵੀ ਮਨੁੱਖ ਦੇ ਭਾਸ਼ਾਈ ਇਤਿਹਾਸ ਵਿਚ ਇਸ ਦੀ ਮਹੱਤਤਾ ਬਹੁਤ ਵੱਡੀ ਹੈ। ਇਹ ਲਿਪੀ ਚਿਨ੍ਹਾਂ ਦੇ ਰੂਪ ਵਿਚ ਸੀ ਜੋ ਮੋਹਰਾਂ, ਤਾਂਬੇ ਦੇ ਪੱਤਰਿਆਂ, ਕਾਂਸੀ ਦੇ ਸੰਦਾਂ, ਹਾਥੀ ਦੰਦ ਦੇ ਟੁਕੜਿਆਂ, ਮਿੱਟੀ ਦੇ ਭਾਂਡਿਆਂ, ਆਦਿ ਉਤੇ ਬਣਾਏ ਹੋਏ ਹਨ। ਹੁਣ ਤੱਕ ਇਸ ਸਭਿਅਤਾ ਦੇ ਕੋਈ 2200 ਥੇਹ ਪਛਾਣੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਕੁਝ ਦੀ ਪੁਟਾਈ ਸਮੇਂ ਕੋਈ 3700 ਵਸਤਾਂ ਅਜਿਹੀਆਂ ਮਿਲੀਆਂ ਹਨ ਜਿਨ੍ਹਾਂ ਉਤੇ ਸਥਾਨਕ ਅਸਰ ਕਾਰਨ ਪਏ ਕੂਝ ਫਰਕਾਂ ਨਾਲ ਸਿੰਧ ਲਿਪੀ ਉਕਰੀ ਹੋਈ ਮਿਲਦੀ ਹੈ। 80 ਫੀਸਦੀ ਵਸਤਾਂ ਮੋਹਿੰਜੋਦੜੋ ਤੇ ਹੜੱਪਾ ਵਿਚੋਂ ਮਿਲੀਆਂ ਹਨ। ਆਪਣੀ ਭਾਸ਼ਾ ਅਤੇ ਲਿਪੀ ਨਾਲ ਇਹ ਸਭਿਅਤਾ ਕਿੰਨੀ ਦੂਰ ਤੱਕ ਫੈਲੀ ਹੋਈ ਸੀ, ਇਸ ਦਾ ਅੰਦਾਜ਼ਾ ਥੇਹਾਂ ਦੇ ਟਿਕਾਣਿਆਂ ਤੋਂ ਸੌਖਾ ਹੀ ਲੱਗ ਜਾਂਦਾ ਹੈ। ਇਹਦਾ ਇਲਾਕਾ ਕੋਈ ਦਸ ਲੱਖ ਵਰਗ ਕਿਲੋਮੀਟਰ ਬਣ ਜਾਂਦਾ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਥੇਹਾਂ, ਜਿਨ੍ਹਾਂ ਦੀ ਪੁਟਾਈ ਨੇ ਸਾਡੇ ਸਾਹਮਣੇ ਮਨੁੱਖੀ ਇਤਿਹਾਸ ਦੇ ਵਡਮੁੱਲੇ ਪੰਨੇ ਖੋਲ੍ਹ ਦਿੱਤੇ, ਦਾ ਟਿਕਾਣਾ ਇਸ ਦੇ ਪਸਾਰ ਬਾਰੇ ਦੱਸ ਦਿੰਦਾ ਹੈ। ਹੜੱਪਾ ਪਾਕਿਸਤਾਨੀ ਪੰਜਾਬ ਵਿਚ ਹੈ ਅਤੇ ਰੋਪੜ ਭਾਰਤੀ ਪੰਜਾਬ ਵਿਚ। ਮੋਹਿੰਜੋਦੜੋ ਪਾਕਿਸਤਾਨੀ ਸਿੰਧ ਵਿਚ, ਰਾਖੀਗੜ੍ਹੀ ਹਰਿਆਣਾ ਵਿਚ, ਕਾਲੀਬੰਗਾਂ ਰਾਜਸਥਾਨ ਵਿਚ ਅਤੇ ਧੌਲਾਵੀਰਾ ਤੇ ਲੋਥਲ ਗੁਜਰਾਤ ਵਿਚ।
ਲਿਪੀ ਬਾਰੇ ਅਸਲ ਚਿੰਤਾਜਨਕ ਗੱਲ ਕਈ ਪੰਜਾਬੀ ਲੇਖਕਾਂ ਸਮੇਤ ਕੁਝ ਲੋਕਾਂ ਦੀ ਇਹ ਸਮਝ ਹੈ ਕਿ ਲਿਪੀ ਦਾ ਕੀ ਹੈ, ਕੋਈ ਵੀ ਵਰਤ ਲਵੋ! ਉਹ ਕਹਿੰਦੇ ਹਨ, ਬਹੁਤੀਆਂ ਲਿਪੀਆਂ ਵਿਚ ਲਿਖੀ ਪੰਜਾਬੀ ਬਹੁਤੇ ਲੋਕਾਂ ਤੱਕ ਪਹੁੰਚ ਸਕੇਗੀ। ਇਸ ਦਲੀਲ ਅਨੁਸਾਰ ਤਾਂ ਸਾਨੂੰ ਪੰਜਾਬੀ ਦੀ ਥਾਂ ਭਾਸ਼ਾ ਵੀ ਅੰਗਰੇਜ਼ੀ ਅਪਨਾ ਲੈਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰ ਕੇ ਅਸੀਂ ਬਹੁਤ ਵੱਧ ਲੋਕਾਂ ਨਾਲ ਜੁੜ ਸਕਾਂਗੇ। ਇਨ੍ਹਾਂ ਲੋਕਾਂ ਨੂੰ ਏਨੀ ਚੇਤਨਾ ਨਹੀਂ ਕਿ ਪੁਜਦੀ ਭਾਸ਼ਾ ਹੈ, ਲਿਪੀ ਨਹੀਂ। ਜੇ ਮੈਨੂੰ ਕੋਈ ਭਾਸ਼ਾ ਨਹੀਂ ਆਉਂਦੀ, ਮੈਂ ਆਪਣੇ ਲਈ ਪੜ੍ਹਨਜੋਗ ਕਿਸੇ ਲਿਪੀ ਵਿਚ ਲਿਖੀ ਉਸ ਭਾਸ਼ਾ ਦਾ ਕੀ ਕਰਾਂਗਾ? ਕੋਈ ਅੰਗਰੇਜ਼ ਰੋਮਨ ਵਿਚ ਲਿਖੀ ਹੋਈ ਪੰਜਾਬੀ ਦਾ ਕੀ ਕਰੇਗਾ? ਤੇ ਜੇ ਕਿਸੇ ਨੂੰ ਪੰਜਾਬੀ ਦੀ ਸਮਝ ਹੈ ਤਾਂ ਉਹ ਇਸ ਦੀ ਲਿਪੀ ਗੁਰਮੁਖੀ ਕਿਉਂ ਨਾ ਸਿੱਖੇ-ਜਾਣੇ?
ਇਹ ਮੱਤ ਪੇਸ਼ ਕਰਨ ਵਾਲੇ ਸੱਜਣਾਂ ਨੂੰ ਨਾ ਇਹ ਪਤਾ ਹੈ ਕਿ ਭਾਸ਼ਾ ਕੀ ਹੁੰਦੀ ਹੈ, ਨਾ ਇਹ ਜਾਣਕਾਰੀ ਹੈ ਕਿ ਲਿਪੀ ਕੀ ਹੁੰਦੀ ਹੈ ਅਤੇ ਨਾ ਹੀ ਇਹ ਸੋਝੀ ਹੈ ਕਿ ਇਨ੍ਹਾਂ ਦੋਵਾਂ ਦਾ ਆਪਸ ਵਿਚ ਕੀ ਰਿਸ਼ਤਾ ਹੈ ਤੇ ਸਮਾਜ ਨਾਲ ਕੀ ਨਾਤਾ ਹੈ! ਕਿਸੇ ਭੂਗੋਲਿਕ ਖੇਤਰ ਦੇ ਲੋਕਾਂ ਦੀ ਭਾਸ਼ਾ ਬਹੁਤ ਲੰਮੇ ਇਤਿਹਾਸਕ ਦੌਰ ਵਿਚ ਰੂਪ ਧਾਰਦੀ ਹੈ। ਉਹਦੀਆਂ ਕੁਝ ਧੁਨੀਆਂ ਹੋਰ ਭਾਸ਼ਾਵਾਂ ਨਾਲ ਸਾਂਝੀਆਂ ਹੋ ਸਕਦੀਆਂ ਹਨ ਤੇ ਹੁੰਦੀਆਂ ਹਨ ਪਰ ਕੁਝ ਧੁਨੀਆਂ ਉਸੇ ਦੀਆਂ ਹੀ ਵਿਸ਼ੇਸ਼ ਹੁੰਦੀਆਂ ਹਨ। ਹਰ ਭਾਸ਼ਾ ਦੀ ਲਿਪੀ ਦਾ ਵਿਕਾਸ ਵੀ ਉਹਦੇ ਨਾਲ ਨਾਲ ਹੀ ਹੁੰਦਾ ਹੈ। ਇਹੋ ਲਿਪੀ ਉਸ ਭਾਸ਼ਾ ਦੀਆਂ ਸਾਰੀਆ ਧੁਨੀਆਂ ਨੂੰ ਪਰਗਟ ਕਰਨ ਦੇ ਸਮਰੱਥ ਹੁੰਦੀ ਹੈ। ਹੋਰ ਕੋਈ ਲਿਪੀ ਅਜਿਹਾ ਨਹੀਂ ਕਰ ਸਕਦੀ। ਪੰਜਾਬੀ ਦੀਆਂ ਕੁਝ ਪੁਰਾਣੀਆਂ ਧੁਨੀਆਂ, ਜਿਵੇਂ ਘ, ਝ, ਢ, ਧ, ਭ, ਆਦਿ ਅਜਿਹੀਆਂ ਹਨ ਜਿਨ੍ਹਾਂ ਨੂੰ ਹੋਰ ਕਿਸੇ ਲਿਪੀ ਵਿਚ ਪਰਗਟ ਹੀ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ‘ਲ’ ਨਾਲੋਂ ਪਾਟ ਕੇ ਵਿਕਸਿਤ ਹੋਈ ਅਤੇ ਹੁਣ ਪੈਂਤੀ ਵਿਚ ਸ਼ਾਮਲ ਹੋ ਚੁੱਕੀ ‘ਲ਼’ ਦੀ ਧੁਨੀ ਹੋਰ ਲਿਪੀਆਂ ਵਿਚ ਪਰਗਟ ਨਹੀਂ ਕੀਤੀ ਜਾ ਸਕਦੀ।
ਸ਼ਾਹਮੁਖੀ ਦੀ ਗੱਲ ਨੂੰ ਉਰਦੂ ਜਾਣਨ ਵਾਲੇ ਸੱਜਣ ਚੰਗੀ ਤਰ੍ਹਾਂ ਸਮਝ ਸਕਣਗੇ। ਕੋਈ ਅੱਧੀ ਸਦੀ ਪਹਿਲਾਂ ਦੀ ਗੱਲ ਹੈ, ਜਲੰਧਰ ਰੇਡੀਓ ਤੋਂ ਸ਼ਾਹਮੁਖੀ ਵਿਚ ਲਿਖ ਕੇ ਪੰਜਾਬੀ ਪੜ੍ਹਨ ਵਾਲੇ ਇਕ ਸੱਜਣ ਨੇ ਕਲਗ਼ੀ ਨੂੰ ਕੁਲਫ਼ੀ ਪੜ੍ਹ ਦਿੱਤਾ ਸੀ। ਬੜਾ ਰੌਲਾ ਪਿਆ ਤੇ ਬੜਾ ਝੰਜਟ ਹੋਇਆ। ਚਲੋ ਇਹ ਤਾਂ ਦੂਰ ਦੀ ਗੱਲ ਹੈ, ਸੱਜਰੀ ਮਿਸਾਲ ਲਵੋ। ਕੁਛ ਸਮਾਂ ਪਹਿਲਾਂ ਦਿੱਲੀ ਦੇ ਇਕ ਦੋਮਾਸਕ ਨੇ ਪਾਕਿਸਤਾਨ ਵਿਚ ਸ਼ਾਹਮੁਖੀ-ਪੰਜਾਬੀ ਵਿਚ ਛਪੀਆਂ ਗ਼ਜ਼ਲਾਂ ਗੁਰਮੁਖੀ-ਪੰਜਾਬੀ ਵਿਚ ਛਾਪੀਆਂ। ਲਿਪੀ ਬਦਲਣ ਸਮੇਂ ਹੋਏ ਅਨੇਕ ਕਾਰਨਾਮਿਆਂ ਵਿਚੋਂ ਦੋ ਮਿਸਾਲਾਂ ਕਾਫੀ ਹਨ। ਮਿਸਰਾ ਸੀ, “ਹੌਲੀ ਹੌਲੀ ਵਿਥਾਂ ਵਧੀਆਂ ਜਿਵੇਂ ਮੁੱਠੀਉਂ ਕਿਰਦੀ ਰੇਤ।” ਲਿਪੀਕਾਰ ਨੇ ਕੀਤਾ, “…ਮੱਠੀਉਂ ਕਰਦੀ ਰੀਤ।” ਇਵੇਂ ਹੀ “ਚੰਨ ਵੀ ਉਹਨੂੰ ਵੇਖ ਕੇ ਖੜ੍ਹਾ ਰਿਹਾ ਬਨੇਰੇ ‘ਤੇ” ਦੇ ‘ਬਨੇਰੇ’ ਨੂੰ ‘ਹਨੇਰੇ’ ਲਿਖ ਦਿੱਤਾ। ਕਾਰਨ ਇਹ ਸੀ ਕਿ ਜੇ ਸੋਚਿਆ ਨਾ ਜਾਵੇ, ਇਹ ਲਫ਼ਜ਼ ਇਉਂ ਵੀ ਪੜ੍ਹੇ ਜਾ ਸਕਦੇ ਹਨ!
ਹੁਣ ਗੱਲ ਕਰੀਏ ਦੇਵਨਾਗਰੀ ਦੀ। ਪੰਜਾਬੀ ਲਈ (ਤੇ ਹੋਰ ਭਾਰਤੀ ਭਾਸ਼ਾਵਾਂ ਲਈ ਵੀ) ਆਨੀਂ-ਬਹਾਨੀਂ, ਕਿਸੇ ਭਾਸ਼ਾਈ ਆਧਾਰ ਤੋਂ ਬਿਨਾਂ, ਭਾਸ਼ਾਈ-ਸਾਮਰਾਜੀ ਸੋਚ ਜਾਂ ਫਿਰਕੂ ਰਾਜਨੀਤੀ ਕਾਰਨ ਦੇਵਨਾਗਰੀ ਲਿਪੀ ਦੀ ਮੰਗ ਕੀਤੀ ਜਾਂਦੀ ਰਹਿੰਦੀ ਹੈ, ਭਾਵੇਂ ਕਿ ਪੰਜਾਬ ਵਿਚ ਇਹ ਮੰਗ ਕਰਨ ਵਾਲੇ ਲੋਕ ਆਪ ਵੀ ਪੰਜਾਬੀ ਨੂੰ ਦੇਵਨਾਗਰੀ ਵਿਚ ਨਹੀਂ ਲਿਖਦੇ। ਇਕ ਦਿਲਚਸਪ ਤੱਥ; ਮੈਨੂੰ ਜੇ ਗੁਰਮੁਖੀ ਦੀ ਥਾਂ ਦੇਵਨਾਗਰੀ ਦੀ ਵਰਤੋਂ ਕਿਤੇ ਸੋਚ-ਸਮਝ ਕੇ ਬਾਕਾਇਦਾ ਕੀਤੀ ਮਿਲੀ ਹੈ, ਉਹ ਗੁਰਦੁਆਰਿਆਂ ਵਿਚ ਰੱਖੇ ਜਾਂਦੇ ਗੁਟਕਿਆਂ ਵਿਚ ਹੈ। ਸ਼ਰਧਾਲੂਆਂ ਨੂੰ ਬਾਣੀ ਤੱਕ ਪਹੁੰਚਣ ਵਾਸਤੇ ਉਸ ਦੀ ਲਿਪੀ ਸਿੱਖਣ ਲਈ ਪ੍ਰੇਰਨ ਦੀ ਥਾਂ ਬਾਣੀ ਦੀ ਹੀ ਲਿਪੀ ‘ਅਵਰ ਤੁਮਾਰੀ’ ਕਰ ਦਿੱਤੀ ਗਈ ਹੈ। ਇਕੋ ਮਿਸਾਲ ਕਾਫੀ ਹੈ। ਦੇਵਨਾਗਰੀ ਵਿਚ ਲਿਖ ਕੇ ਕਿਸੇ ਨੂੰ ਘਰ, ਝੂਲਾ, ਢੋਲ, ਧਰਤੀ ਅਤੇ ਭੋਲਾਭਾਲਾ ਪੜ੍ਹਨ ਵਾਸਤੇ ਕਹੋ ਅਤੇ ਦੇਖੋ ਕਿ ਉਹ ਇਨ੍ਹਾਂ ਦੇ ਸਹੀ ਪੰਜਾਬੀ ਉਚਾਰਨ ਦੀ ਥਾਂ ਕੀ ਉਚਰਦਾ ਹੈ!
ਅੰਗਰੇਜ਼ੀ ਦੀ ਲਿਪੀ ਰੋਮਨ ਦੀ ਗੱਲ ਤਾਂ ਰਹਿਣ ਹੀ ਦੇਈਏ ਤਾਂ ਚੰਗਾ! ਈਮੇਲ ਕਰਦਿਆਂ ਲੋਕ ਪੰਜਾਬੀ ਲਈ ਆਮ ਕਰਕੇ ਰੋਮਨ ਲਿਪੀ ਵਰਤਦੇ ਹਨ ਜਿਸ ਵਿਚ ਲਿਖੀ ਪੰਜਾਬੀ ਨੂੰ ਉਠਾਲਣਾ ਖਾਸੀ ਮੁਸ਼ੱਕਤ ਲੋੜਦਾ ਹੈ। ਅਜਿਹਾ ਇਸ ਤੱਥ ਦੇ ਬਾਵਜੂਦ ਹੋ ਰਿਹਾ ਹੈ ਕਿ ਕੰਪਿਊਟਰ ਵਿਚ ਗੁਰਮੁਖੀ-ਪੰਜਾਬੀ ਵਿਚ ਈਮੇਲ ਕਰਨ ਦੀ ਬਹੁਤ ਹੀ ਸੌਖੀ-ਸਰਲ ਸਹੂਲਤ ਪ੍ਰਾਪਤ ਹੈ। ਇਹਨੂੰ ਪੰਜਾਬੀ ਨਾਲ ਦਿਲੀ ਸਾਂਝ ਦੀ ਘਾਟ ਹੀ ਸਮਝੋ ਕਿ, ਮਿਸਾਲ ਵਜੋਂ, ਜਿਨ੍ਹਾਂ ਲੇਖਕਾਂ, ਪ੍ਰੋਫੈਸਰਾਂ, ਪਾਠਕਾਂ ਨੂੰ ਮੈਂ ਗੁਰਮੁਖੀ-ਪੰਜਾਬੀ ਲਿਖਣ ਦਾ ਇਹ ਤਰੀਕਾ ਦੱਸਿਆ ਹੈ, ਉਨ੍ਹਾਂ ਵਿਚੋਂ ਬਹੁਤ ਘੱਟ ਨੇ ਉਹ ਅਪਨਾਇਆ ਹੈ। ਇਉਂ ਪੰਜਾਬੀ ਦੀ ਇਕ ਲਿਪੀ ਵਜੋਂ ਕੰਪਿਊਟਰ ਰਾਹੀਂ ਸਹਿਜੇ ਸਹਿਜੇ ਰੋਮਨ ਦਾ ਪ੍ਰਵੇਸ਼ ਹੋ ਰਿਹਾ ਹੈ। ਮੋਤੀ ਤੇ ਮੋਟੀ ਨੂੰ ਰੋਮਨ ਵਿਚ ਕੀ ਫਰਕ ਕਰ ਕੇ ਲਿਖੋਗੇ? ਦੋਵੇਂ ੰੋਟ ਿਹਨ। ਧਅਸ ਦਸ ਹੈ ਕਿ ਦਾਸ? ਧਅਲ ਦਾਲ ਹੈ ਕਿ ਦਲ ਹੈ, ਡਾਲ ਹੈ ਕਿ ਡਲ ਹੈ? ਘਅਰਦ ਨੂੰ ਗਾਰਦ, ਗਰਦ, ਗਾਰਡ, ਗਰੜ ਵਿਚੋਂ ਕੀ ਪੜ੍ਹੋਗੇ?
ਪੰਜਾਬੀ ਵਾਸਤੇ ਇਸ ਦੀ ਵਿਗਿਆਨਕ ਲਿਪੀ ਗੁਰਮੁਖੀ ਦੀ ਥਾਂ ਕੋਈ ਹੋਰ ਲਿਪੀ ਲਿਆਉਣ ਵਾਲਿਆਂ ਦੀ ਨਿਰੋਲ ਰਾਜਨੀਤਕ ਤੇ ਧਾਰਮਿਕ-ਫਿਰਕੂ ਮੰਗ ਵਿਰੁਧ ਲੰਮੇ ਸੰਘਰਸ਼ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਕਾਨੂੰਨੀ ਮੇਲ ਹੋਇਆ ਹੈ। ਭਾਸ਼ਾ-ਵਿਗਿਆਨ ਦੇ ਵਿਰੁਧ ਗੱਲਾਂ ਲਿਖ-ਬੋਲ ਕੇ ਸੁੱਤੀਆਂ ਕਲਾਂ ਨਹੀਂ ਜਗਾਉਣੀਆਂ ਚਾਹੀਦੀਆਂ ਅਤੇ ਪੰਜਾਬੀ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ!
ਚੌਥਾ, ਹਰ ਭਾਸ਼ਾ ਦਾ ਨਿੱਤ-ਵਰਤੋਂ ਸਦਕਾ ਵਿਕਸਿਤ ਹੋਇਆ ਵਿਆਕਰਨ ਮੂੰਹੋਂ-ਮੂੰਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਪੁਜਦਾ ਰਹਿੰਦਾ ਹੈ। ਸਕੂਲੀ ਉਮਰ ਤੋਂ ਪਹਿਲਾਂ ਹੀ ਬੱਚਾ ਵਚਨ ਅਤੇ ਲਿੰਗ ਸਮੇਤ ਬਹੁਤ ਸਾਰਾ ਵਿਆਕਰਨ ਸਿੱਖ ਚੁੱਕਾ ਹੁੰਦਾ ਹੈ। ਉਹ ‘ਮੈਂ ਰੋਟੀ ਖਾਣੀ ਹੈ’ ਕਹਿੰਦਾ ਹੈ, ‘ਮੈਂ ਰੋਟੀ ਖਾਣਾ ਹੈ’ ਨਹੀਂ ਅਤੇ ‘ਮੈਂ ਪਾਣੀ ਪੀਣਾ ਹੈ’ ਬੋਲਦਾ ਹੈ, ‘ਮੈਂ ਪਾਣੀ ਪੀਣੀ ਹੈ’ ਨਹੀਂ। ਉਹ ‘ਇਕ ਰੋਟੀ ਲੈਣੀ ਹੈ’ ਆਖਦਾ ਹੈ, ‘ਇਕ ਰੋਟੀ ਲੈਣੀਆਂ ਹਨ’ ਨਹੀਂ। ਪਰ ਵੱਡੀਆਂ ਡਿਗਰੀਆਂ ਵਾਲੇ ਉਨ੍ਹਾਂ ਅਨੇਕ ‘ਵਿਦਵਾਨਾਂ’ ਦਾ ਕੀ ਕਰੀਏ ਜਿਹੜੇ ਇਨ੍ਹਾਂ ਤੋਤਲੇ ਬੱਚਿਆਂ ਦੇ ਬਰਾਬਰ ਵਿਆਕਰਨ ਵੀ ਨਹੀਂ ਜਾਣਦੇ? ਅਜਿਹੇ ਲੋਕਾਂ ਦੇ ਮੂੰਹੋਂ ਤੁਸੀਂ ਅਕਸਰ ਹੀ ‘ਮੱਕੀ ਦੀ ਰੋਟੀਆਂ’ ਤੇ ‘ਕੱਚ ਦੀ ਚੂੜੀਆਂ’ ਵਰਗੇ ਮਨੋਹਰ ਵਚਨ ਸੁਣੇ ਹੋਣਗੇ। ਕੁਛ ਸਮਾਂ ਪਹਿਲਾਂ ਦੂਰਦਰਸ਼ਨ ਤੋਂ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਦੀ ਪੇਸ਼ਕਾਰ ਬੀਬੀ ਪੰਜਾਬੀ ਨੂੰ ਬਿਲਕੁਲ ਬਣਾਉਟੀ ਲਹਿਜੇ ਵਿਚ ਤਾਂ ਬੋਲ ਹੀ ਰਹੀ ਸੀ, ‘ਸ਼ਹੀਦਾਂ ਦੀ ਕੁਰਬਾਨੀਆਂ’ ਜਿਹੇ ਭਾਸ਼ਾਈ ਮੋਤੀ ਵੀ ਬਖੇਰ ਰਹੀ ਸੀ! ਹੁਣ ਪੰਜਾਬੀ ‘ਮਿਲਿਆ’ ਦੀ ਥਾਂ ਅਕਸਰ ‘ਪਾਇਆ ਗਿਆ’ ਲਿਖਿਆ ਮਿਲਦਾ ਹੈ ਜਿਸ ਦੇ ਬੜੇ ਹਾਸੋਹੀਣੇ ਸਿੱਟੇ ਨਿਕਲਦੇ ਹਨ। ਅਖ਼ਬਾਰ ਮਰੀਜ਼ ਦੇ ਪੇਟ ਵਿਚ ਕੈਂਸਰ ਮਿਲਿਆ ਜਾਂ ਨਿਕਲਿਆ ਦੀ ਥਾਂ ਲਿਖਦੇ ਹਨ, ਮਰੀਜ਼ ਦੇ ਪੇਟ ਵਿਚ ਕੈਂਸਰ ਪਾਇਆ ਗਿਆ। ਅਰਥਾਤ, ਉਸ ਬਦਕਿਸਮਤ ਦੇ ਪਹਿਲਾਂ ਦੇ ਚੰਗੇ-ਭਲੇ ਪੇਟ ਵਿਚ ਹੁਣ ਕੈਂਸਰ ਪਾ ਦਿੱਤਾ ਗਿਆ ਹੈ!
(ਚਲਦਾ)

Be the first to comment

Leave a Reply

Your email address will not be published.