ਜਤਿੰਦਰ ਮੌਹਰ
ਫੋਨ: 91-97799-34747
ਲਿਬੀਆ ਦੇ ਪ੍ਰਧਾਨ ਰਹੇ ਮਰਹੂਮ ਮੁਆਮਰ ਗ਼ੱਦਾਫ਼ੀ ਨੇ ਸੰਨ 1981 ਵਿਚ ਆਪਣੇ ਮੁਲਕ ਦੇ ਮਹਾਨ ਸੂਰੇ ਦੀ ਯਾਦ ਵਿਚ ਅੰਗਰੇਜ਼ੀ ਫਿਲਮ ‘ਉਮਰ ਮੁਖਤਾਰ: ਮਾਰੂਥਲ ਦਾ ਸ਼ੇਰ’ ਬਣਾਈ ਸੀ। ਇਹ ਫਿਲਮ ਲਿਬੀਆ ਦੀ ਕੌਮੀ ਮੁਕਤੀ ਲਹਿਰ ਦੇ ਮਹਾਂਨਾਇਕ ਉਮਰ ਮੁਖਤਾਰ ਦੀ ਅੰਤਲੀ ਜ਼ਿੰਦਗੀ ਦੇ ਵਰ੍ਹਿਆਂ ਨੂੰ ਪਰਦਾ ਪੇਸ਼ ਕਰਦੀ ਅਮਰ ਕਿਰਤ ਹੈ। ਫਿਲਮ ਦੇ ਹਦਾਇਤਕਾਰ ਮੁਸਤਫ਼ਾ ਅਕਡ ਹਨ। ਅਦਾਕਾਰ ਐਂਥਨੀ ਕੁਇਨ ਨੇ ਇਸ ਫਿਲਮ ਵਿਚ ਉਮਰ ਦੀ ਯਾਦਗਾਰੀ ਭੂਮਿਕਾ ਨਿਭਾਈ ਸੀ। ਇਸ ਫਿਲਮ ਦੀ ਮਸ਼ਹੂਰੀ ਅਜੇ ਵੀ ਕਾਇਮ ਹੈ। ਸੰਨ 2009 ਵਿਚ ਗ਼ੱਦਾਫ਼ੀ ਨੇ ਰੋਮ (ਇਟਲੀ) ਦੀ ਯਾਤਰਾ ਕੀਤੀ। ਯਾਤਰਾ ਸਮੇਂ ਉਹਦੀ ਛਾਤੀ ਉਤੇ ਉਮਰ ਮੁਖਤਾਰ ਦੀ ਤਸਵੀਰ ਲੱਗੀ ਹੋਈ ਸੀ ਅਤੇ ਉਮਰ ਦਾ ਵੱਡਾ ਮੁੰਡਾ ਉਹਦੇ ਨਾਲ ਸੀ।
ਉਮਰ ਮੁਖਤਾਰ ਇਟਲੀ ਦੇ ਫ਼ਾਸ਼ੀਵਾਦੀ ਹਾਕਮਾਂ ਵਿਰੁਧ ਗੁਰੀਲਾ ਸੰਗਰਾਮ ਦਾ ਮਹਾਨ ਜੁਝਾਰੂ ਸੀ। ਸੰਨ 1911 ਵਿਚ ਇਟਲੀ ਦੇ ਲਿਬੀਆ ਉਤੇ ਕਬਜ਼ੇ ਤੋਂ ਬਾਅਦ ਮੁਸੋਲਿਨੀ ਆਪਣੀ ਚੜ੍ਹਤ ਉਤੇ ਸੀ ਅਤੇ ਉਹਦਾ ਮਸਤਾਇਆ ਬੁੱਚੜ ਜਰਨੈਲ ਗਰਜ਼ਿਆਨੀ ਖੂਨ ਦੇ ਸੋਹਲੇ ਗਾ ਰਿਹਾ ਸੀ। ਇਸੇ ਗਰਜ਼ਿਆਨੀ ਨੂੰ ਉਮਰ ਮੁਖਤਾਰ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਲਿਬੀਆ ਭੇਜਿਆ ਗਿਆ। ਉਮਰ ਨੇ ਵੀਹ ਸਾਲ ਫ਼ਾਸ਼ੀਵਾਦੀਆਂ ਨੂੰ ਵਾਹਣੀ ਪਾਈ ਰੱਖਿਆ ਅਤੇ ਗੁਰੀਲਾ ਹਮਲਿਆਂ ਨਾਲ ਰੋਮਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਉਹਦੇ ਗੁਰੀਲਾ ਜੰਗ ਦੇ ਹੁਨਰ ਨੂੰ ਦੁਸ਼ਮਣ ਵੀ ਸਲਾਹੁੰਦੇ ਸਨ। ਉਮਰ ਹੱਥੋਂ ਮੂੰਹ ਦੀ ਖਾਣ ਤੋਂ ਬਾਅਦ ਫ਼ਾਸ਼ੀਵਾਦੀਆਂ ਨੇ ਲਿਬੀਆ ਦੀ ਆਵਾਮ ਉਤੇ ਅਤਿ ਦੀ ਭਿਆਨਕ ਹਿੰਸਾ ਵਰਤਾਈ। ਨਾਬਰਾਂ ਦੇ ਅਸਰ ਹੇਠਲੇ ਇਲਾਕੇ ਗੇਬਲ ਵਿਚੋਂ ਕੱਢ ਕੇ ਲੱਖਾਂ ਜੀਆਂ ਨੂੰ ਤਸ਼ੱਦਦੀ ਡੇਰਿਆਂ ਵਿਚ ਤਾੜ ਦਿੱਤਾ ਗਿਆ। ਇਹਦਾ ਮਕਸਦ ਆਬਾਦੀ ਨੂੰ ਪਿੰਡਾਂ ਵਿਚੋਂ ਕੱਢ ਕੇ ਉਮਰ ਮੁਖਤਾਰ ਅਤੇ ਉਹਦੇ ਜੁਝਾਰੂਆਂ ਦੀ ਸ਼ਾਹਰਗ ਨੂੰ ਵੱਢਣਾ ਸੀ। ਇਸ ਤ੍ਰਾਸਦੀ ਨੂੰ ਕੇਂਦਰੀ ਭਾਰਤ ਵਿਚ ਸਰਕਾਰ ਵਲੋਂ ਚਲਾਈ ਗਈ ‘ਸਲਵਾ ਜੂਡਮ’ ਨਾਮੀ ਬਦਨਾਮ ਮੁਹਿੰਮ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਇਸ ਮੁਹਿੰਮ ਦਾ ਮਕਸਦ ਕਬਾਇਲੀਆਂ ਨੂੰ ਪਿੰਡਾਂ ਅਤੇ ਜੰਗਲਾਂ ਵਿਚੋਂ ਕੱਢ ਕੇ ਤਾੜੂ-ਡੇਰਿਆਂ ਵਿਚ ਲਿਆਉਣਾ ਸੀ, ਤਾਂ ਕਿ ਮਾਓਵਾਦੀ ਗੁਰੀਲਿਆਂ ਨੂੰ ਮਿਲ ਰਹੀ ਹਰ ਤਰ੍ਹਾਂ ਦੀ ਹਮਾਇਤ ਖਤਮ ਕੀਤੀ ਜਾ ਸਕੇ। ਜਿਨ੍ਹਾਂ ਕਬਾਇਲੀਆਂ ਨੇ ਪਿੰਡ ਛੱਡਣ ਤੋਂ ਇਨਕਾਰ ਕੀਤਾ, ਉਨ੍ਹਾਂ ਦੇ ਘਰ ਫੂਕ ਦਿੱਤੇ ਗਏ। ਕਤਲੇਆਮ ਅਤੇ ਬਲਾਤਕਾਰ ਦੇ ਸਾਕੇ ਵਰਤਾਏ ਗਏ। ਮਾਓਵਾਦੀ ਗੁਰੀਲਿਆਂ ਵਲੋਂ ਇਸ ਖ਼ੂਨੀ ਮੁਹਿੰਮ ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਗਿਆ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਮੁਹਿੰਮ ਵਾਪਸ ਲੈ ਲਈ ਗਈ। ਹੁਣ ਮਾਓਵਾਦੀ ਗੁਰੀਲਿਆਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ਉਤੇ ‘ਗ੍ਰੀਨ ਹੰਟ’ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਹਦਾ ਮਕਸਦ ਗੁਰੀਲਿਆਂ ਅਤੇ ਆਮ ਕਬਾਇਲੀਆਂ ਨੂੰ ਜੰਗਲ ਵਿਚੋਂ ਖਦੇੜਨਾ ਹੈ। ਕੇਂਦਰੀ ਭਾਰਤ ਦੇ ਜੰਗਲ ਕੁਦਰਤੀ ਖਣਿਜਾਂ ਨਾਲ ਭਰੇ ਹੋਏ ਹਨ। ਦਿਉਕੱਦ ਬਹੁ-ਕੌਮੀ ਕੰਪਨੀਆਂ ਦੀ ਅੱਖ ਇਨ੍ਹਾਂ ਖਣਿਜਾਂ ਉਤੇ ਹੈ। ਮੁਲਕ ਦੀ ਸਰਕਾਰ ਇਨ੍ਹਾਂ ਕੰਪਨੀਆਂ ਦੀ ਦਲਾਲ ਬਣੀ ਹੋਈ ਹੈ। ਇਹ ‘ਨੇਕ ਕੰਮ’ ਗੁਰੀਲਿਆਂ ਅਤੇ ਕਬਾਇਲੀਆਂ ਨੂੰ ਖਦੇੜੇ ਬਿਨਾਂ ਹੋਣਾ ਸੰਭਵ ਨਹੀਂ ਜਾਪਦਾ। ਮਸ਼ਹੂਰ ਚਿੰਤਕ ਅਰੁੰਧਤੀ ਰਾਏ ਨੇ ਇਸ ‘ਜੰਗ’ ਨੂੰ ‘ਰਾਜਤੰਤਰ ਦੀ ਆਪਣੀ ਹੀ ਆਵਾਮ ਵਿਰੁਧ ਜੰਗ’ ਆਖਿਆ ਹੈ।
ਫ਼ਾਸ਼ੀਵਾਦੀ ਜਰਨੈਲ ਗ਼ਰਜ਼ਿਆਨੀ ਨੇ ਉਮਰ ਮੁਖਤਾਰ ਵਰਗੇ ਨਾਬਰਾਂ ਦੇ ਵਿਰੁਧ ਵੱਡੀ ਮੁਹਿੰਮ ਸੰਨ 1929 ਵਿਚ ਸ਼ੁਰੂ ਕੀਤੀ। ਮਿਸਰ ਸਰਹੱਦ ਤੋਂ ਨਾਬਰਾਂ ਨੂੰ ਮਿਲਦੀ ਜੰਗੀ ਅਤੇ ਮਾਲੀ ਮਦਦ ਦਾ ਰਾਹ ਕੱਟ ਦਿੱਤਾ ਗਿਆ। 11 ਸਤੰਬਰ 1931 ਨੂੰ ‘ਹਰੀਆਂ ਪਹਾੜੀਆਂ’ ਦੇ ਨੇੜਿਉਂ ਲੰਮੀ ਜੰਗ ਤੋਂ ਬਾਅਦ ਉਮਰ ਮੁਖਤਾਰ ਨੂੰ ਫੜ ਲਿਆ ਗਿਆ। ਉਮਰ ਮੁਖਤਾਰ ਕਿਹਾ ਕਰਦਾ ਸੀ, “ਅਸੀਂ ਹਥਿਆਰ ਨਹੀਂ ਸੁੱਟਾਂਗੇ। ਅਸੀਂ ਜਿੱਤਾਂਗੇ ਜਾਂ ਮਰਾਂਗੇ।” ਉਹਨੇ ਆਪਣੇ ਸ਼ਬਦ ਆਪਣੀ ਜਾਨ ਦੇ ਕੇ ਨਿਭਾਏ। ਉਹਨੇ ਅਦਾਲਤ ਵਿਚ ਬੇਖੌਫ਼ ਕਿਹਾ ਸੀ, “ਮੈਂ ਧਾੜਵੀਆਂ ਵਿਰੁਧ ਸਾਰੀਆਂ ਲੜਾਈਆਂ ਵਿਚ ਹਿੱਸਾ ਲਿਆ ਹੈ। ਬੇਸ਼ੱਕ ਮੈਂ ਕਈਆਂ ਵਿਚ ਸ਼ਾਮਲ ਨਾ ਰਿਹਾ ਹੋਵਾਂ, ਪਰ ਉਹ ਸਾਰੇ ਹੁਕਮ ਮੈਂ ਹੀ ਦਿੱਤੇ ਸਨ। ਮੈਂ ਆਪਣੇ ਕੀਤੇ ਕਿਸੇ ਕੰਮ ਲਈ ਸ਼ਰਮਿੰਦਾ ਨਹੀਂ ਹਾਂ, ਕਿਉਂਕਿ ਮੈਂ ਅੱਲ੍ਹਾ ਦੀ ਇੱਛਾ ਮੁਤਾਬਕ ਸਭ ਕੁਝ ਕੀਤਾ ਹੈ।”
ਉਮਰ ਮੁਖਤਾਰ ਦੇ ਇਨ੍ਹਾਂ ਸ਼ਬਦਾਂ ਤੋਂ ਬੱਬਰ ਅਕਾਲੀ ਲਹਿਰ ਦੇ ਸੂਰੇ ਯਾਦ ਆਉਂਦੇ ਹਨ। ਫਗਵਾੜੇ ਨੇੜਲੇ ਬਬੇਲੀ ਪਿੰਡ ਦੇ ਸਾਕੇ ਵਿਚ ਪਹਿਲੀ ਸਤੰਬਰ 1923 ਨੂੰ ਦੋ ਹਜ਼ਾਰ ਪੁਲਿਸ ਦੀ ਨਫ਼ਰੀ ਨੇ ਚਾਰ ਬੱਬਰਾਂ ਨੂੰ ਘੇਰਾ ਪਾ ਲਿਆ। ਘਿਰੇ ਬੱਬਰਾਂ ਵਿਚ ਸਤਾਰਾਂ ਸਾਲਾਂ ਦਾ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਵੀਹ ਸਾਲਾਂ ਦਾ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਪੈਂਤੀ ਸਾਲਾਂ ਦਾ ਬੱਬਰ ਬਿਸ਼ਨ ਸਿੰਘ ਮਾਂਗਟ ਅਤੇ ਸੰਤਾਲੀ ਸਾਲਾਂ ਦੇ ਬੱਬਰ ਜਥੇਦਾਰ ਕਰਮ ਸਿੰਘ ਦੌਲਤਪੁਰ ਸ਼ਾਮਲ ਸਨ। ਪੁਲਿਸ ਕਪਤਾਨ ਸਮਿੱਥ ਨੇ ਚਾਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਮੁਆਫ਼ੀ ਦਾ ਵਾਅਦਾ ਕੀਤਾ। ਮੌਕੇ ਦੇ ਗਵਾਹ ਦੱਸਦੇ ਹਨ ਕਿ ਚਾਰੇ ਬੱਬਰ ਉਚੀ ਆਵਾਜ਼ ਵਿਚ ਬੋਲੇ, “ਬਿੱਲਿਆ, ਗੁਰੂ ਦੇ ਸੱਚੇ ਸਿੰਘ ਸ਼ਹੀਦ ਹੋਣਾ ਜਾਣਦੇ ਨੇ æææਅਸੀਂ ਬੱਬਰ ਅਕਾਲੀ ਇਸ ਜ਼ਾਲਮ ਵਿਦੇਸ਼ੀ ਸਰਕਾਰ ਤੋਂ ਮੁਆਫ਼ੀ ਨਹੀਂ ਚਾਹੁੰਦੇ।” ਚਾਰੇ ਬੱਬਰ ਇੰਨੀ ਵੱਡੀ ਫ਼ੌਜ ਦਾ ਮੁਕਾਬਲਾ ਤਲਵਾਰਾਂ ਨਾਲ ਕਰਦੇ ਹੋਏ ਲੜਦੇ-ਮਾਰਦੇ ਗੁਰਦੁਆਰਾ ਚੌਂਤਾ ਸਾਹਿਬ ਵੱਲ ਵਧਣ ਲੱਗੇ ਜਿੱਥੇ ਦਿੱਭ ਅਤੇ ਕਾਨਿਆਂ ਦਾ ਜੰਗਲ ਸੀ। ਵੈਰੀਆਂ ਦੀ ਅੰਧਾਧੁੰਦ ਗੋਲੀਬਾਰੀ ਨਾਲ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਸ਼ਹੀਦ ਹੋ ਗਏ। ਜਥੇਦਾਰ ਕਰਮ ਸਿੰਘ ਚੋਅ ਪਾਰ ਕਰਨ ਲੱਗਾ। ਅੰਗਰੇਜ਼ੀ ਪੁਲਿਸ ਦੇ ਦਸਤੇ ਦਾ ਮੁਖੀ ਫ਼ਤਹਿ ਖਾਨ ਬਿਆਨ ਕਰਦਾ ਹੈ ਕਿ ਉਹਨੇ ਜਥੇਦਾਰ ਨੂੰ ਆਖਰੀ ਚੇਤਾਵਨੀ ਦਿੰਦੇ ਹੋਏ ਹਥਿਆਰ ਸੁੱਟਣ ਲਈ ਕਿਹਾ। ਜਥੇਦਾਰ ਦਾ ਜਵਾਬ ਸੀ, “ਬੱਬਰ ਅਕਾਲੀ ਕਦੇ ਵੀ ਮੈਦਾਨੇ-ਜੰਗ ਵਿਚ ਹਥਿਆਰ ਨਹੀਂ ਸੁੱਟਦੇ।” ਬੱਬਰ ਚੋਅ ਦੇ ਕਿਨਾਰੇ ਸ਼ਹੀਦੀ ਪਾ ਗਿਆ। ਇਹ ਆਲਮ ਦੇ ਸਮੂਹ ਸੂਰਿਆਂ ਦੀ ਸਿਦਕਦਿਲੀ ਦੀ ਸਾਂਝ ਹੈ ਜੋ ਮਨੁੱਖੀ ਜਜ਼ਬੇ ਦੀਆਂ ਸਿਖਰਲੀਆਂ ਉਚਾਈਆਂ ਨੂੰ ਬਿਆਨ ਕਰਦੀ ਹੈ। ਇਸ ਪ੍ਰਸੰਗ ਵਿਚ ਪੰਜਾਬ ਦੇ ਬੱਬਰ ਅਕਾਲੀ ਅਤੇ ਲਿਬੀਆ ਦਾ ਉਮਰ ਮੁਖਤਾਰ ਇੱਕੋ ਕਤਾਰ ਵਿਚ ਖੜ੍ਹੇ ਦਿਖਾਈ ਦਿੰਦੇ ਹਨ।
ਉਮਰ ਮੁਖਤਾਰ ਨੂੰ ਪੰਜਾਬੀ ਇਨਕਲਾਬੀ ਭਗਤ ਸਿੰਘ ਦੀ ਸ਼ਹੀਦੀ ਤੋਂ ਲਗਭਗ ਛੇ ਮਹੀਨੇ ਬਾਅਦ 16 ਸਤੰਬਰ 1931 ਨੂੰ ਲੋਕਾਂ ਦੀ ਭੀੜ ਵਿਚ ਫ਼ਾਂਸੀ ਟੰਗ ਦਿੱਤਾ ਗਿਆ। ਭੀੜ ਵਿਚ ਫ਼ਾਂਸੀ ਦੇਣ ਦਾ ਮਕਸਦ ਲੋਕਾਂ ਵਿਚ ਦਹਿਸ਼ਤ ਪਾਉਣਾ ਸੀ, ਤਾਂ ਕਿ ਦੱਸਿਆ ਜਾ ਸਕੇ ਕਿ ਲੋਕਾਂ ਦਾ ਮਹਾਨ ਜਰਨੈਲ ਖਤਮ ਕਰ ਦਿੱਤਾ ਗਿਆ ਹੈ। ਸ਼ਹੀਦੀ ਸਮੇਂ ਉਮਰ ਮੁਖਤਾਰ ਦੀ ਉਮਰ 73 ਸਾਲ ਸੀ। ਸ਼ਹੀਦੀ ਤੋਂ ਬਾਅਦ ਉਮਰ ਦੀ ਮਸ਼ਹੂਰੀ ਵਧਦੀ ਗਈ। ਅੱਜ ਇਹ ਸੂਰਾ ਸਾਮਰਾਜ ਅਤੇ ਮਨੁੱਖੀ ਲੁੱਟ-ਖਸੁੱਟ ਦੇ ਵਿਰੁਧ ਚਲਦੀ ਲਗਾਤਾਰ ਜੰਗ ਦਾ ਅਨਮੋਲ ਹੀਰਾ ਹੈ। ਉਹ ਆਲਮੀ ਪੱਧਰ ਉਤੇ ਮਨੁੱਖੀ ਨਾਬਰੀ ਦਾ ਬਿੰਬ ਹੈ।
Leave a Reply