ਇਸ ਨਿੱਕੇ ਜਿਹੇ ਲੇਖ ‘ਵੱਡਿਆਂ ਦਾ ਲਾਂਘਾ’ ਵਿਚ ਸੱਚਮੁੱਚ ਕਾਨਾ ਸਿੰਘ ਨੇ ਬਹੁਤ ਵੱਡੀ ਗੱਲ ਕੀਤੀ ਹੈ; ਕੁੱਜੇ ਵਿਚ ਸਮੁੰਦਰ ਭਰਨ ਵਾਂਗ। ਗੱਲ ਬਹੁਤ ਸਾਧਾਰਨ ਹੈ ਅਤੇ ਕਈ ਵਾਰ ਤਾਂ ਇਹ ਥੋੜ੍ਹੇ ਕੀਤਿਆਂ ਪਕੜ ਵਿਚ ਵੀ ਨਹੀਂ ਆਉਂਦੀ, ਪਰ ਜਿਸ ਦੀ ਪਕੜ ਵਿਚ ਆ ਜਾਵੇ, ਫਿਰ ਘੱਟੋ-ਘੱਟ ਪੈਸੇ-ਧੇਲੇ ਦੇ ਪੱਖ ਤੋਂ ਉਹ ਕਦੀ ਔਖਾ ਨਹੀਂ ਹੁੰਦਾ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਨਵੀਨ ਸ਼ਾਹਦਰੇ ਦੇ ਨਗਰਪਾਲਿਕਾ ਸਕੂਲ ਵਿਚ ਨੌਕਰੀ ਲੱਗ ਗਈ। ਪਹਿਲੀ ਤਨਖ਼ਾਹ ਮਿਲੀ ਇਕ ਸੌ ਤੇਤੀ ਰੁਪਏ ਤੇ ਸੱਠ ਪੈਸੇ। ਇਹ ਸਾਰੀ ਮੇਰੀ ਆਪਣੀ ਕਮਾਈ ਸੀ ਤੇ ਆਪੇ ਹੀ ਖਰਚਣ ਦਾ ਹੱਕ ਵੀ। ਅਠਾਰ੍ਹਾਂ ਸਾਲਾਂ ਦੀ ਕਿਸ਼ੋਰੀ ਤੇ ਆਤਮ ਨਿਰਭਰ।
ਇਹ ਪੱਕਾ ਸੀ ਕਿ ਮਾਪਿਆਂ ਨੇ ਮੇਰੀ ਕਮਾਈ ਨੂੰ ਹੱਥ ਨਹੀਂ ਸੀ ਲਾਉਣਾ। ਧੀ ਦੀ ਕਮਾਈ ਉਨ੍ਹਾਂ ਲਈ ਹਰਾਮ ਸੀ, ਘੋਰ ਪਾਪ। ਆਪਣੀ ਹੋਸ਼ ਵਿਚ ਆਪਣੇ ਕਬੀਲੇ ਦਾ ਮੈਂ ਇਹੋ ਵਰਤਾਰਾ ਵੇਖਿਆ ਸੀ।
ਤਨਖ਼ਾਹ ਲੈ ਕੇ ਘਰ ਪਹੁੰਚੀ, ਖੁਸ਼-ਖੁਸ਼ ਤੇ ਉਦਾਸ ਵੀ।
‘ਕੇ ਹੋਇਐ ਈ?’
ਮਾਂ ਤਾਂ ਘਰ ਅੰਦਰ ਵੜਦਿਆਂ ਹੀ ਚਿਹਰੇ ਤੋਂ ਪੜ੍ਹ ਲੈਂਦੀ ਸੀ ਸਭ ਕੁਝ।
‘ਹਿਕ ਸੌ ਤੇਂਤੀ ਰੁਪਏæææ ਤਨਖ਼ਾਹæææ ਹਿਤਨੇ ਪੈਸੇ ਮੈਂ ਕੇ ਕਰਸਾਂ?’ ਡੁਸਕ ਪਈ ਮੈਂ।
ਮੇਰੀ ਬਸੰਤ ਭੈਣ ਜੀ ਨਾਲ ਵਾਲੇ ਘਰ ਵਿਚ ਰਹਿੰਦੀ ਸੀ। ਜੀਜਾ ਜੀ ਕਲਰਕ ਸਨ, ਯੂæਡੀæਸੀæ। ਤੇ ਉਨ੍ਹਾਂ ਦੀ ਤਨਖ਼ਾਹ ਇਕ ਸੌ ਪੰਜਾਹ ਰੁਪਏ। ਤਿੰਨ ਬਾਲਕਾਂ ਦੇ ਪਰਿਵਾਰ ਨਾਲ ਭੈਣ ਜੀ ਇਤਨੀ ਰਕਮ ਨਾਲ ਬਹੁਤ ਸੁਹਣਾ ਘਰ ਚਲਾ ਲੈਂਦੀ ਸੀ ਤੇ ਏਧਰ ਸਿਰਫ਼ ਤੇ ਸਿਰਫ਼ ਮੈਂ ਤੇ ਏਡੀ ਵੱਡੀ ਰਕਮ।
‘ਸਹਾਰਾ ਕਰ ਤੇਰੇ ਭਾਪਾ ਜੀ ਆਪੇ ਰਾਹ ਦੱਸ ਦੇਸਣ।’
ਬਸ ਕੁਝ ਘੰਟਿਆਂ ਦੀ ਹੀ ਤਾਂ ਦੇਰ ਸੀ। ਭਾਪਾ ਜੀ ਨੇ ਰਾਤੀਂ ਆ ਕੇ ਭੋਜਨ ਕਰਦਿਆਂ ਹੀ ਮੇਰੀ ਸਮੱਸਿਆ ਦਾ ਹੱਲ ਕੱਢ ਲੈਣਾ ਸੀ ਹਮੇਸ਼ਾਂ ਵਾਂਗ।
ਦੂਜੇ ਦਿਨ ਸਵੇਰੇ ਭਾਪਾ ਜੀ ਮੈਨੂੰ ਪਹਿਲਾਂ ਡਾਕਖ਼ਾਨੇ ਲੈ ਗਏ ਤੇ ਖਾਤਾ ਖੁੱਲ੍ਹਵਾ ਦਿੱਤਾ।
Ḕਸੌ ਰੁਪਏ ਹਰ ਮਹੀਨੇ ਜਮ੍ਹਾਂ ਕਰਵਾ ਦਿਆ ਕਰੀਂ ਤੇ ਉਪਰਲੇ ਪੈਸੇ ਆਪਣੀਆਂ ਲੋੜਾਂ, ਕਿਤਾਬਾਂ, ਫੀਸਾਂ, ਕੱਪੜਿਆਂ ਉਤੇ ਲਾਇਆ ਕਰੀਂ। ਜੇ ਲੋੜ ਪਵੇ ਤਾਂ ਡਾਕਖਾਨਿਓਂ ਹੋਰ ਕਢਾ ਸਕਨੀ ਏਂ।Ḕ
ਫਿਰ ਮੈਨੂੰ ਉਹ ਪੰਜਾਬ ਨੈਸ਼ਨਲ ਬੈਂਕ ਲੈ ਗਏ। ਉਥੇ ਵੀ ਪੰਜ ਰੁਪਏ ਨਾਲ ਖਾਤਾ ਖੁੱਲ੍ਹਵਾ ਦਿੱਤਾ। ਜੇ ਪੈਸੇ ਬਚ ਜਾਣ ਤਾਂ ਬੈਂਕ ਵਿਚ ਪਾ ਦਿਆ ਕਰੀਂ। ਦੋਵੇਂ ਖਾਤੇ ਤੇਰੇ ਆਪਣੇ।
Ḕਪਰ ਇਹ ਤਾਂ ਸਾਰੀ ਬਚਤ ਹੋਈ?Ḕ ਮੈਂ ਆਖਿਆ।
Ḕਹਾਲੇ ਸ਼ੁਰੂਆਤ ਹੈ। ਪੂਣੀ ਛੂਹਣ ਵਾਲੀ ਗੱਲ। ਤੂੰ ਜ਼ਿੰਦਗੀ ਵਿਚ ਵੱਡੇ-ਵੱਡੇ ਕੰਮ ਕਰਨੇ ਨੁ। ਵੱਡੀਆਂ ਪੜ੍ਹਾਈਆਂ ਤੈ ਵੱਡੇ ਖਰਚੇ। ਬਸ ਹਿਕੋ ਗੁਰ ਪੱਲੇ ਬੰਨ੍ਹ ਲੈ ਕਿ ਖਰਚ ਆਮਦਨ ਤੋਂ ਕਦੇ ਵਧ ਨਾ ਹੋਵੇ। ਤੇ ਨਾ ਹੀ ਉਧਾਰ ਲੈਣਾ ਪਵੇ।Ḕ
ਭਾਪਾ ਜੀ ਦੀ ਨਸੀਅਤ ਮੈਂ ਪੱਲੇ ਬੰਨ੍ਹ ਲਈ।
ਅੱਧੀ ਸਦੀ ਤੋਂ ਵੀ ਲਗਭਗ ਦਹਾਕਾ ਉਪਰ ਹੋ ਗਿਆ ਹੈ। ਬੜੇ ਤੱਤੇ ਠੰਢੇ ਦਿਨ ਵੇਖੇ ਹਨ। ਬੜੀ ਵਾਰ ਉਜਾੜੇ ਤੇ ਮੁੜ ਵਸੇਵੇਂ ਹੋਏ ਪਰ ਮੈਂ ਸਦਾ ਆਪਣੀ ਮੀਜਾ ਵਿਚ ਹੀ ਰਹੀ। ਚਾਦਰ ਮੁਤਾਬਕ ਹੀ ਪੈਰ ਪਸਾਰੇ। ਨਾ ਕਦੇ ਥੁੜ੍ਹ ਤਕੀ ਤੇ ਨਾ ਤੰਗੀ। ਨਾ ਹੀ ਕਦੇ ਕਿਸੇ ਸਾਕ ਸਬੰਧੀ, ਮਿੱਤਰ ਜਾਂ ਬੈਂਕ ਤੋਂ ਹੀ ਕਰਜ਼ਾ ਲਿਆ।
Ḕਜਿਹੜਾ ਪੈਸੇ ਨਹੀਂ ਸੰਭਾਲ ਸਕਨਾ, ਉਹ ਕੁਝ ਵੀ ਨਹੀਂ ਸੰਭਾਲ ਸਕਨਾ। ਨਾ ਵਸਤਾਂ, ਨਾ ਘਰ, ਨਾ ਬੱਚੇ, ਨਾ ਮਾਪੇ। ਨਾ ਰਿਸ਼ਤੇਦਾਰੀਆਂ, ਨਾ ਕੁੜਮਚਾਰੀਆਂ। ਪੈਸਾ ਆਖਨੈ ਤੂੰ ਮੇਰੀ ਕਦਰ ਕਰ ਤੈ ਮੈਂ ਤੇਰੀ ਕਰਸਾਂ।Ḕ ਦਾਦੀ ਅਕਸਰ ਕਹਿੰਦੀ।
Ḕਜਿਹੜਾ ਪੈਸੇ ਨੀ ਕਦਰ ਨਹੀਂ ਕਰਨਾ, ਉਸਨਾ ਨਾ ਤੇ ਕੋਈ ਅਸੂਲ ਹੋਨਾ ਵੈ ਤੈ ਨਾ ਹੀ ਇਖਲਾਕ।Ḕ ਮਾਂ ਦਾ ਵੀ ਅਕਸਰ ਇਹੀ ਜੁਮਲਾ ਹੁੰਦਾ।
ਮਾਪਿਆਂ ਦੀ ਨਸੀਹਤ ਮੁਤਾਬਕ ਹੀ ਚੱਲੀ ਹਾਂ ਮੈਂ, ਪਰ ਕੀ ਇਹ ‘ਮੈਂ’ ਹੀ ਹਾਂ?
ਨਹੀਂ, ਇਹ ਮੇਰੇ ਅੰਦਰ ਦੇ ਮਾਪੇ ਨੇ, ਬੇਜੀ ਤੇ ਸ਼ਾਇਦ ਉਨ੍ਹਾਂ ਦੇ ਵੀ ਮਾਪਿਆਂ ਦੇ ਮਾਪੇ। ਮੇਰੇ ਵੱਡ-ਵਡੇਰੇ। ਮੈਂ ਤਾਂ ਬੱਸ ਲਾਂਘਾ ਹੀ ਹਾਂ, ਵੱਡਿਆਂ ਦਾ ਲਾਂਘਾ।
Leave a Reply