ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪਾਕਿਸਤਾਨ ਵਿਚ ਹਿੰਸਾ ਦੀ ਮਾਰ ਹੇਠ ਆਏ ਸਿੱਖ ਆਖਰਕਾਰ ਸੜਕਾਂ ਉਤੇ ਉਤਰ ਆਏ ਹਨ ਅਤੇ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਨਾ ਕੀਤੀ ਗਈ ਤਾਂ ਵੱਡੇ ਪੱਧਰ ਉਤੇ ਸੰਘਰਸ਼ ਵਿੱਢਿਆ ਜਾਵੇਗਾ। ਚੇਤੇ ਰਹੇ ਕਿ ਪਾਕਿਸਤਾਨ ਵੱਸਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਸਨ ਪਰ ਪਿਛਲੇ ਸਮੇਂ ਤੋਂ ਸਿੱਖਾਂ ‘ਤੇ ਵੀ ਹਮਲੇ ਵਧ ਗਏ ਹਨ।
ਅਸਲ ਵਿਚ ਕੱਟੜਪੰਥੀ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਲਗਾਤਾਰ ਫੈਲਾਅ ਰਹੇ ਹਨ। ਥੋੜ੍ਹੇ ਹੀ ਦਿਨਾਂ ਮਗਰੋਂ ਕਿਸੇ ਨਾ ਕਿਸੇ ਸਿੱਖ ਦੀ ਹੱਤਿਆ ਦੀ ਖ਼ਬਰ ਆ ਰਹੀ ਹੈ। ਪਿਛਲੇ ਇਕ ਮਹੀਨੇ ਦੌਰਾਨ ਤਿੰਨ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਜਿਸ ਵਿਚ ਜਗਮੋਤ ਸਿੰਘ ਪਿਸ਼ਾਵਰ ਸ਼ਹਿਰ, ਹਰਜੀਤ ਸਿੰਘ ਦਬਗਾਰੀ ਤੇ ਅਮਰਜੀਤ ਸਿੰਘ ਖੈਬਰ ਪਖਤੂਨਵਾ ਸੂਬੇ ਵਿਚ ਮਾਰ ਦਿੱਤੇ ਗਏ। ਕਾਤਲ ਆਜ਼ਾਦ ਘੁੰਮ ਰਹੇ ਹਨ, ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸਿੱਖਾਂ ਨੇ ਭਾਵੇਂ ਇਨ੍ਹਾਂ ਹੱਤਿਆਵਾਂ ਖਿਲਾਫ ਪਿਛਲੇ ਦਿਨੀਂ ਰਾਜਧਾਨੀ ਵਿਚ ਵੱਡਾ ਰੋਸ ਮੁਜ਼ਾਹਰਾ ਕੀਤਾ ਸੀ ਅਤੇ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਵੀ ਦਿੱਤਾ ਸੀ, ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਸਿੱਖਾਂ ਉਤੇ ਹਮਲੇ ਜਾਰੀ ਹਨ। ਪਿਛਲੇ ਮਹੀਨੇ ਸਿੱਖ ਵਸੋਂ ਵਾਲੀ ਗਲੀ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਵਿਚ ਇਕ ਸਿੱਖ ਮਾਰਿਆ ਗਿਆ ਤੇ ਦੋ ਜ਼ਖ਼ਮੀ ਹੋ ਗਿਆ। ਇਹੀ ਨਹੀਂ, ਹਮਲਾਵਰ ਬਿਨਾਂ ਕਿਸੇ ਡਰ ਭੈਅ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਉਤੇ ਧਾਵਾ ਬੋਲ ਰਹੇ ਹਨ ਤੇ ਘਟਨਾ ਨੂੰ ਅੰਜਾਮ ਦੇ ਕੇ ਬੜੇ ਆਰਾਮ ਨਾਲ ਚਲੇ ਜਾਂਦੇ ਹਨ।
ਇਕ ਪਾਸੇ ਪਾਕਿਸਤਾਨੀ ਸਰਕਾਰ ਇਸ ਮਸਲੇ ‘ਤੇ ਗੰਭੀਰ ਨਜ਼ਰ ਨਹੀਂ ਆ ਰਹੀ ਤੇ ਦੂਜੇ ਪਾਸੇ ਭਾਰਤ ਸਰਕਾਰ, ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਪਾਕਿਸਤਾਨ ਸਰਕਾਰ ਕੋਲ ਇਹ ਮਾਮਲਾ ਨਹੀਂ ਚੁੱਕ ਰਹੀ। ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੀ ਆਬਾਦੀ ਦੋ ਫ਼ੀਸਦੀ ਹੈ। ਅਲ-ਕਾਇਦਾ ਤੇ ਤਾਲਿਬਾਨ ਦੀ ਅਗਵਾਈ ਵਾਲੇ ਅਤਿਵਾਦੀ ਅਕਸਰ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਤਣਾਅਗ੍ਰਸਤ ਸੂਬੇ ਖੈਬਰ-ਪਖਤੂਨਖਵਾ ਵਿਚ ਰਹਿੰਦੇ ਸਿੱਖਾਂ ਉਪਰ ਵਧ ਰਹੇ ਹਮਲਿਆਂ ‘ਤੇ ਫਿਕਰ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਥੇ ਘੱਟ-ਗਿਣਤੀ ਵਿਚ ਰਹਿ ਰਹੇ ਸਿੱਖਾਂ ਵਿਚ ਮੁੜ ਵਿਸ਼ਵਾਸ ਪੈਦਾ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਭਾਰਤ ਵਿਚ ਰਾਜਦੂਤ ਨੂੰ ਚਿੱਠੀ ਲਿਖ ਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
Leave a Reply