ਅਕਾਲੀ ਦਲ ਤੇ ਭਾਜਪਾ ਦੀਆਂ ਸੁਰਾਂ ਬਦਲੀਆਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਸੁਰ ਬਦਲ ਗਏ ਹਨ। ਹੁਣ ਤੱਕ ਅਕਾਲੀ ਦਲ ਦੇ ਦਾਬੇ ਹੇਠ ਰਹਿਣ ਵਾਲੀ ਭਾਜਪਾ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਕਿਆਸ ਲਾਏ ਜਾ ਰਹੇ ਹਨ ਕਿ 2017 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਇਕੱਲੇ ਤੌਰ ‘ਤੇ ਨਿੱਤਰ ਸਕਦੀ ਹੈ। ਇਸ ਲਈ ਭਾਜਪਾ ਨੇ ਹੁਣ ਤੋਂ ਹੀ ਤਿਆਰੀ ਵਿੱਢ ਦਿੱਤੀ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਦੀ ਨੀਅਤ ਨੂੰ ਵੇਖਦਿਆਂ ਸ਼ਹਿਰੀ ਖੇਤਰਾਂ ਵਿਚ ਆਪਣਾ ਪ੍ਰਭਾਵ ਵਧਾਉਣ ਲਈ ਰਣਨੀਤੀ ਅਪਣਾਈ ਹੈ। ਅਕਾਲੀ ਦਲ ਨੇ ਪਹਿਲੀ ਵਾਰ ਸਾਰੇ ਜ਼ਿਲ੍ਹਿਆਂ ਦੇ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਵੱਖ-ਵੱਖ ਬਣਾਏ ਹਨ ਅਤੇ ਸ਼ਹਿਰੀ ਪ੍ਰਧਾਨਾਂ ਦੇ ਅਹੁਦੇ ਹਿੰਦੂ ਲੀਡਰਾਂ ਨੂੰ ਸੌਂਪੇ ਹਨ। ਅਕਾਲੀ ਦਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਸਫਲ ਤਜਰਬਾ ਕਰ ਚੁੱਕਾ ਹੈ।
ਹਰਿਆਣਾ ਵਿਚ ਵੱਖਰੀ ਕਮੇਟੀ ਅਤੇ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇ ਮੁੱਦਿਆਂ ‘ਤੇ ਮੋਦੀ ਸਰਕਾਰ ਦੇ ਮੱਠੇ ਹੁੰਗਾਰੇ ਕਰ ਕੇ ਅਕਾਲੀ ਨੂੰ ਨਮੋਸ਼ੀ ਝੱਲਣੀ ਪਈ ਹੈ ਤੇ ਮੁੱਖ ਮੰਤਰੀ ਬਾਦਲ ਇਸ ਤੋਂ ਕਾਫੀ ਖਫਾ ਹਨ। ਦੂਜੇ ਪਾਸੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਰੁਣ ਜੇਤਲੀ ਦੀ ਹਾਰ ਤੇ ਹਰਿਆਣਾ ਵਿਚ ਅਕਾਲੀ ਦਲ ਦੀ ਇਨੈਲੋ ਨਾਲ ਯਾਰੀ ਦੇ ਮੁੱਦਿਆਂ ਤੋਂ ਭਾਜਪਾ ਦੇ ਤੇਵਰ ਵੀ ਬਦਲੇ ਹੋਏ ਹਨ।
ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਤੋਂ ਇਨਕਾਰ ਕਰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਤਾਂ ਪੰਜਾਬ ਨਾਲ ਹੁੰਦੇ ਕਿਸੇ ਵੀ ਕਿਸਮ ਦੇ ਵਿਤਕਰੇ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਹੈ। ਸ੍ਰੀ ਜੇਤਲੀ ਦੇ ਇਸ ਜਵਾਬ ਨਾਲ ਅਕਾਲੀ ਦਲ ਦੀ ਹਾਲਤ ਕਸੂਤੀ ਬਣ ਗਈ ਹੈ ਕਿਉਂਕਿ ਹੁਣ ਤੱਕ ਸ਼ ਬਾਦਲ ਪੰਜਾਬ ਦੀ ਹਰ ਸਮੱਸਿਆ ਕੇਂਦਰ ਸਰਕਾਰ ਹੀ ਮੜ੍ਹਦੇ ਆ ਰਹੇ ਸਨ। ਕਾਂਗਰਸ ਨੇ ਇਸ ਮਾਮਲੇ ‘ਤੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਘੇਰਿਆ ਹੈ।
ਪੰਜਾਬ ਭਾਜਪਾ ਦੇ ਕਈ ਮੰਤਰੀ ਤੇ ਸੀਨੀਅਰ ਲੀਡਰ ਟੈਕਸਾਂ, ਨਸ਼ਿਆਂ, ਰੇਤਾ-ਬਜਰੀ ਦੀ ਤਸਕਰੀ, ਗੁੰਡਾਗਰਦੀ ਤੇ ਮਾੜੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਲੈ ਕੇ ਕਈ ਵਾਰ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ। ਭਾਜਪਾ ਪਿੰਡਾਂ ਵਿਚ ਵੀ ਆਪਣਾ ਪ੍ਰਭਾਵ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਦਾ ਆਧਾਰ ਸ਼ਹਿਰਾਂ ਤੱਕ ਹੀ ਸੀਮਤ ਹੈ ਤੇ ਭਾਜਪਾ ਕਾਰੋਬਾਰੀਆਂ ਦਾ ਹੀ ਪੱਖ ਪੂਰਦੀ ਆਈ ਹੈ।
ਅਸਲ ਵਿਚ ਹੁਣ ਤੱਕ ਭਾਜਪਾ ਭਾਈਵਾਲ ਪਾਰਟੀ, ਅਕਾਲੀ ਦਲ ਦੇ ਸਹਾਰੇ ਹੀ ਸੱਤਾ ਦਾ ਸੁੱਖ ਭੋਗਦੀ ਆਈ ਹੈ ਤੇ ਕਦੇ ਵੀ ਪਿੰਡਾਂ ਵਿਚ ਆਪਣਾ ਆਧਾਰ ਵਧਾਉਣ ਵੱਲ ਧਿਆਨ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਦੋਵਾਂ ਭਾਈਵਾਲ ਪਾਰਟੀਆਂ ਵਿਚ ਕਦੇ ਜ਼ਿਆਦਾ ਤਣਾਅ ਵਾਲੀ ਹਾਲਤ ਨਹੀਂ ਬਣੀ। ਭਾਜਪਾ ਦੀ ਸਾਰੀ ਲੀਡਰਸ਼ਿਪ ਵੀ ਸ਼ਹਿਰੀ ਹੀ ਹੈ ਜਿਸ ਕਰ ਕੇ ਪਿੰਡਾਂ ਵਿਚ ਰਹਿੰਦੀ ਸੂਬੇ ਦੀ 68 ਫੀਸਦੀ ਵਸੋਂ ਵਿਚ ਭਾਜਪਾ ਆਧਾਰ ਨਹੀਂ ਬਣਾ ਸਕੀ।
ਹੁਣ ਬਦਲੇ ਹੋਏ ਹਾਲਾਤ ਵਿਚ ਭਾਜਪਾ ਮਿਉਂਸਿਪਲ ਕਮੇਟੀਆਂ ਤੇ ਨਗਰ ਨਿਗਮ ਚੋਣਾਂ ਵਿਚ ਵੀ ਵੱਧ ਸੀਟਾਂ ਦੇਣ ਲਈ ਦਬਾਅ ਪਾ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਪਹਿਲਾਂ ਨਾਲੋਂ ਵਧਿਆ ਹੈ। ਇਸ ਲਈ ਮਿਉਂਸਿਪਲ ਕਮੇਟੀਆਂ ਤੇ ਨਗਰ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਤੋਂ ਜ਼ਿਆਦਾ ਸੀਟਾਂ ਮੰਗੀਆਂ ਜਾਣ। ਇਸ ਬਾਰੇ ਲੰਘੇ ਦਿਨ ਭਾਜਪਾ ਦੀ ਮੀਟਿੰਗ ਹੋਈ ਜਿਸ ਦੌਰਾਨ ਭਾਜਪਾ ਆਗੂਆਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਅਕਸਰ ਭਾਜਪਾ ਦੇ ਵਾਰਡਾਂ ਵਿਚ ਬਾਗੀ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਂਦੇ ਹਨ। ਇਸ ਨਾਲ ਭਾਜਪਾ ਨੂੰ ਕਮਜ਼ੋਰ ਕੀਤਾ ਜਾਂਦਾ ਰਿਹਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਜਾਵੇ ਕਿ ਬਾਗੀ ਉਮੀਦਵਾਰ ਖੜ੍ਹੇ ਕਰਨ ਦੀ ਸਿਆਸੀ ਚਾਲ ਨਾ ਖੇਡੀ ਜਾਵੇ।

Be the first to comment

Leave a Reply

Your email address will not be published.