ਕਸ਼ਮੀਰ ਵਿਚ ਹੜ੍ਹਾਂ ਨਾਲ ਭਿਆਨਕ ਤਬਾਹੀ

ਸ੍ਰੀਨਗਰ: ਕਸ਼ਮੀਰ ਵਾਦੀ ਵਿਚ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਹੈ। ਜੰਮੂ-ਕਸ਼ਮੀਰ ਵਿਚ ਛੇ ਦਹਾਕਿਆਂ ਵਿਚ ਆਏ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਸੈਂਕੜੇ ਲੋਕ ਜਾਨ ਬਚਾਉਣ ਲਈ ਘਰਾਂ ਦੀਆਂ ਛੱਤਾਂ ‘ਤੇ ਸ਼ਰਨ ਲਈ ਬੈਠੇ ਹਨ। ਹੜ੍ਹਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਹਵਾਈ ਫੌਜ ਦੇ 61 ਹੈਲੀਕਾਪਟਰਾਂ ਤੇ ਮਾਲਵਾਹਕ ਜਹਾਜ਼ਾਂ ਨੇ ਹੁਣ ਤੱਕ 354 ਉਡਾਨਾਂ ਭਰੀਆ ਹਨ। ਇਨ੍ਹਾਂ ਤੋਂ ਇਲਾਵਾ ਇਕ ਲੱਖ ਫੌਜੀ ਬਚਾਅ ਕਾਰਜਾਂ ਵਿਚ ਜੁਟੇ ਹਨ। ਇਸ ਕੁਦਰਤੀ ਆਫਤ ਵਿਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਗਏ ਹਨ।
ਹਾਲਾਤ ਭਿਆਨਕ ਹੋਣ ਦੇ ਬਾਵਜੂਦ ਥਲ ਸੈਨਾ ਕੌਮੀ ਆਫਤ ਪ੍ਰਬੰਧਨ ਤੇ ਹਵਾਈ ਫੌਜ ਵੱਲੋਂ 42,587 ਲੋਕ ਬਚਾਏ ਜਾ ਚੁੱਕੇ ਹਨ। ਇਸ ਵੇਲੇ 158 ਕਿਸ਼ਤੀਆਂ ਰਾਹਤ ਤੇ ਬਚਾਅ ਕਾਰਜਾਂ ਵਿਚ ਹਨ, ਪਰ ਇਸ ਦੇ ਬਾਵਜੂਦ ਕਿਸ਼ਤੀਆਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ। ਹੋਰ ਕਿਸ਼ਤੀਆਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਮੰਗਵਾਈਆਂ ਗਈਆਂ ਹਨ। ਫੌਜ ਤੇ ਹਵਾਈ ਫੌਜ ਨਾਲ ਰਲ ਕੇ ਬੀæਐਸ਼ਐਨæਐਲ਼ ਨੇ ਦੂਰ ਸੰਚਾਰ ਬਹਾਲੀ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਥਲ ਸੈਨਾ ਦੇ ਇੰਜੀਨੀਅਰਾਂ ਤੇ ਬੀਆਰੋ ਦੇ ਸਾਂਝੇ ਯਤਨਾਂ ਨਾਲ ਕਸ਼ਮੀਰ-ਲੇਹ ਕੌਮੀ ਮਾਰਗ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਫੌਜੀ ਬਲਾਂ ਦੀਆਂ 80 ਡਾਕਟਰੀ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਹਾਇਤਾ ਪਹੁੰਚਾਈ ਜਾ ਰਹੀ ਹੈ। ਥਲ ਸੈਨਾ ਨੇ ਕੈਂਪ ਸਥਾਪਤ ਕੀਤੇ ਹੋਏ ਹਨ, ਜਿਥੇ ਬਚਾਏ ਗਏ ਲੋਕਾਂ ਨੂੰ ਕੁਝ ਘੰਟੇ ਰੱਖਣ ਮਗਰੋਂ ਰਾਹਤ ਕੈਂਪਾਂ ਵਿਚ ਭੇਜਿਆ ਜਾ ਰਿਹਾ ਹੈ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਸੇ ਲੋਕਾਂ ਦਾ ਪਤਾ ਲਗਾਉਣਾ ਕਾਫੀ ਔਖਾ ਕਾਰਜ ਹੈ। ਪੰਚੇਰੀ ਇਲਾਕੇ ਦੇ ਪਹਾੜ ‘ਤੇ ਵਸਿਆ ਇਕ ਛੋਟਾ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਤੇ 50 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਇਸ ਆਫਤ ਨਾਲ ਨਜਿੱਠਣ ਲਈ ਪਹਿਲੀ ਵਾਰ ਜਲ ਸੈਨਾ ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਫ਼ੌਜ ਦੇ ਉੱਤਰੀ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀæਐਸ ਹੁੱਡਾ ਨੇ ਦੱਸਿਆ ਕਿ ਕਸ਼ਮੀਰ ਵਾਦੀ ਵਿਚ ਹਾਲਤ ਹੁਣ ਵੀ ਗੰਭੀਰ ਬਣੇ ਹੋਏ ਹਨ। ਫ਼ੌਜ, ਹਵਾਈ ਫ਼ੌਜ, ਐਨæਡੀæਆਰæਐਫ ਤੇ ਰਾਜ ਏਜੰਸੀਆਂ ਨੇ ਹੁਣ ਤੱਕ 25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ ਤੇ ਉਨ੍ਹਾਂ ਨੂੰ ਵਾਦੀ ਵਿਚ ਸੁਰੱਖਿਆ ਸਥਾਨਾਂ ‘ਤੇ ਪਹੁੰਚਾਇਆ ਹੈ।
ਫ਼ੌਜ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਚਾਅ ਤੇ ਰਾਹਤ ਕੰਮਾਂ ਲਈ 205 ਟੁਕੜੀਆਂ ਤਾਇਨਾਤ ਕੀਤੀਆਂ ਹਨ। ਇਸ ਤੋਂ ਇਲਾਵਾ ਸਿਹਤ ਸੇਵਾ ਦੀਆਂ 65 ਟੀਮਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਗਿਆ ਹੈ। ਉਧਰ ਐਨæਡੀæਆਰæਐਫ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ ਤੇ ਵਾਦੀ ਦੇ ਹੋਰ ਹਿੱਸੇ ਵਿਚ ਹੜ੍ਹ ਦੀ ਹਾਲਤ ਕਾਫ਼ੀ ਭਿਆਨਕ ਬਣੀ ਹੋਈ ਹੈ।
ਵੱਡੀ ਸਮੱਸਿਆ ਇਹ ਹੈ ਕਿ ਸੰਚਾਰ ਪ੍ਰਣਾਲੀ ਟੁੱਟ ਗਈ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਟੀਮਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਇਸਦੇ ਇਲਾਵਾ, ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਹੈ ਜਿਥੇ ਬਚਾਅ ਕਰਮੀ ਫਸੇ ਲੋਕਾਂ ਤੱਕ ਪੁੱਜਣ ਵਿਚ ਸਫਲ ਨਹੀਂ ਹੋ ਪਾ ਰਹੇ। ਜੰਮੂ ਤੇ ਕਸ਼ਮੀਰ ਵਾਦੀ ਵਿਚ ਰਾਹਤ ਤੇ ਬਚਾਅ ਕੰਮਾਂ ਵਿਚ ਲੱਗੇ ਕਰਮੀਆਂ ਲਈ 500 ਤੋਂ ਜ਼ਿਆਦਾ ਸੈਟੇਲਾਈਟ ਫੋਨ ਵੀ ਭੇਜੇ ਗਏ ਹਨ। ਸ਼੍ਰੀਨਗਰ ‘ਚ ਬਚਾਅ ਏਜੰਸੀਆਂ ਦਰਜਨਾਂ ਛੋਟੀਆਂ ਬੇੜੀਆਂ ਦੀਆਂ ਸੇਵਾਵਾਂ ਲੈ ਰਹੀਆਂ ਹਨ ਜਦੋਂ ਕਿ ਕਈ ਇਲਾਕਿਆਂ ਵਿਚ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੇ ਉਪਰਲੀ ਮੰਜਿਲ ‘ਤੇ ਸ਼ਰਨ ਲਈ ਹੋਈ ਹੈ। ਲੋਕਾਂ ਨੂੰ ਬਚਾਉਣ ਲਈ ਫ਼ੌਜ ਹੈਲੀਕਾਪਟਰਾਂ ਤੇ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ।

Be the first to comment

Leave a Reply

Your email address will not be published.