ਛਪਾਰ ਮੇਲੇ ਵਿਚ ਲੋਕ ਮੁੱਦਿਆਂ ਦੀ ਥਾਂ ਦੂਸ਼ਣਬਾਜ਼ੀ ਦਾ ਚੱਲਿਆ ਦੌਰ

ਮੰਡੀ ਅਹਿਮਦਗੜ੍ਹ (ਬਿਊਰੋ): ਮੇਲਾ ਛਪਾਰ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ਵਿਰੁੱਧ ਭੜਾਸ ਕੱਢਣ ਨੂੰ ਪਹਿਲ ਦਿੱਤੀ ਗਈ। ਕਾਨਫਰੰਸਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਪੰਜਾਬ ਦੀ ਅਕਾਲੀ ਦਲ ਭਾਜਪਾ ਸਰਕਾਰ ਪ੍ਰਤੀ ਵਤੀਰੇ ਦਾ ਮੁੱਦਾ ਭਾਰੂ ਰਿਹਾ। ਕਾਨਫਰੰਸਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਖੱਬੇ ਪੱਖੀਆਂ ਪਾਰਟੀਆਂ ਨੇ ਕੀਤੀਆਂ ਤੇ ਇਨ੍ਹਾਂ ਨੂੰ ਪਾਰਟੀਆਂ ਦੇ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਨੇ ਦਾਅਵੇ ਕੀਤੇ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਬਣਨ ਤੋਂ ਬਾਅਦ ਭਾਰਤੀਆਂ ਤੇ ਪੰਜਾਬੀਆਂ ਦਾ ਅੰਤਰਰਾਸ਼ਟਰੀ ਪੱਧਰ ‘ਤੇ ਸਤਿਕਾਰ ਪਹਿਲਾਂ ਨਾਲੋਂ ਕਿਤੇ ਵਧਿਆ ਹੈ।
ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਅਹਿਮ ਰੋਲ ਹੋਣ ਦਾ ਦਾਅਵਾ ਕਰਦਿਆਂ ਅਕਾਲੀ ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਲਾਹਾ ਸੂਬੇ ਦੇ ਹੋਰ ਵਧੇਰੇ ਵਿਕਾਸ ਦੇ ਰੂਪ ਵਿਚ ਮਿਲੇਗਾ।
ਕਾਂਗਰਸ ਦੀ ਕਾਨਫਰੰਸ ਵਿਚ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਹਿੱਤ ਕੇਂਦਰ ਸਰਕਾਰ ਕੋਲ ਗਿਰਵੀ ਰੱਖ ਦੇਣ ਦਾ ਮਿਹਣਾ ਦਿੱਤਾ ਤੇ ਵਿਅੰਗ ਕੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਜਲਦੀ ਹੀ ਟੁੱਟ ਜਾਵੇਗੀ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਆਪਣੇ ਭਾਸ਼ਣਾਂ ਦੌਰਾਨ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਖੁਸ਼ ਕਰਨ ਲਈ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦੇ ਹਿੱਤਾਂ ਨੂੰ ਵਿਸਾਰ ਦਿੱਤਾ ਹੈ। ਮੁੱਖ ਮੰਤਰੀ ਤੇ ਅਕਾਲੀ ਆਗੂਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੇਂਦਰ ਸਰਕਾਰ ਤੋਂ ਸਰਹੱਦੀ ਸੂਬੇ ਦੇ ਵਿਕਾਸ ਲਈ ਵਾਧੂ ਫੰਡ ਲਿਆਉਣ ਦੇ ਦਾਅਵਿਆਂ ਨੂੰ ਝੂਠੇ ਕਰਾਰ ਦਿੰਦਿਆਂ ਸ੍ਰੀ ਬਾਜਵਾ ਅਤੇ ਸ੍ਰੀ ਜਾਖੜ ਨੇ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਲਿਖੀ ਚਿੱਠੀ ਨੂੰ ਹੀ ਲੋਕਾਂ ਸਾਹਮਣੇ ਰੱਖ ਕੇ ਦੇਖ ਲੈਣ ਕਿ ਇਸ ਦਾ ਮਤਲਬ ਕੀ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਗੁਆਂਢੀ ਸੂਬਿਆਂ ਨੂੰ ਛੋਟਾਂ ਬਾਰੇ ਕੀਤੇ ਕੇਸ ਦੇ ਵਿਚ ਵੀ ਕੇਂਦਰ ਸਰਕਾਰ ਨੇ ਪੰਜਾਬ ਵਿਰੁੱਧ ਸਟੈਂਡ ਲਿਆ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਜਿਹੜੇ ਤਿੰਨ ਹਜ਼ਾਰ ਕਰੋੜ ਰੁਪਏ ਸੂਬੇ ਦੀਆਂ ਨਹਿਰਾਂ, ਨਾਲਿਆਂ ਅਤੇ ਸੇਮਾਂ ਦੀ ਸਫਾਈ ਲਈ ਦਿੱਤੇ ਗਏ ਸੀ ਜੇਕਰ ਉਹ ਇਮਾਨਦਾਰੀ ਨਾਲ ਖਰਚ ਕੀਤੇ ਜਾਂਦੇ ਤਾਂ ਅੱਜ ਪੰਜਾਬ ਦੇ ਕਿਸਾਨ ਦੀ ਦੁਰਦਸ਼ਾ ਨਹੀਂ ਹੋਣੀ ਸੀ।
ਖੱਬੇ ਪਾਰਟੀਆਂ ਦੀ ਕਾਨਫਰੰਸ ਵਿਚ ਸੀæਪੀæਐਮæ ਦੇ ਸੂਬਾ ਸਕੱਤਰ ਚਰਨ ਸਿੰਘ ਬਿਰਦੀ ਤੇ ਸੀæਪੀæਆਈæ ਦੇ ਡਾæ ਜੋਗਿੰਦਰ ਦਿਆਲ ਨੇ ਦੋਸ਼ ਲਗਾਇਆ ਕਿ ਕੇਂਦਰ ਵਿਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਮਾਜ ਨੂੰ ਫਿਰਕਾਪ੍ਰਸਤੀ ਦੇ ਰਾਹ ਤੋਰਨ ਲੱਗੇ ਹੋਏ ਹਨ ਜੋ ਕਿ ਸੂਬੇ ਤੇ ਦੇਸ਼ ਦੇ ਵਿਕਾਸ ਲਈ ਘਾਤਕ ਸਾਬਤ ਹੋਵੇਗਾ। ਆਮ ਲੋਕਾਂ ਨੂੰ ਜ਼ਮਹੂਰੀ ਸੰਗਠਨਾਂ ਵੱਲੋਂ ਫਿਰਕੂ ਤਾਕਤਾਂ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਨਾਲ ਜੁੜਨ ਦੀ ਅਪੀਲ ਕਰਦਿਆਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਧਰਮ ਤੇ ਫਿਰਕੇ ਦੇ ਆਧਾਰ ‘ਤੇ ਸਿਆਸਤ ਕਰਨ ਦਾ ਰੁਝਾਨ ਖਤਮ ਨਾ ਹੋਇਆ ਤਾਂ ਹਿੰਦੁਸਤਾਨ ਦਾ ਨਾਂ ਦੁਨੀਆਂ ਦੇ ਨਕਸ਼ੇ ਤੋਂ ਹਮੇਸ਼ਾ ਲਈ ਮਿਟ ਜਾਵੇਗਾ। ਆਮ ਆਦਮੀ ਪਾਰਟੀ ਦੀ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੇ ਦੇਸ਼ ਤੇ ਸੂਬੇ ਦੀ ਮੌਜੂਦਾ ਤਰਸਯੋਗ ਸਥਿਤੀ ਲਈ ਹੁਣ ਤੱਕ ਸਰਕਾਰਾਂ ਵਿਚ ਕਾਬਜ਼ ਰਹੀਆਂ ਸਾਰੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਦੱਸਿਆ।

Be the first to comment

Leave a Reply

Your email address will not be published.