ਅਕਾਲੀਆਂ ਦੀ ਮੋਰਚਾਬੰਦੀ ਤੋਂ ਤ੍ਰਹਿਣ ਲੱਗੇ ਭਾਜਪਾ ਆਗੂ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਜਥੇਬੰਦਕ ਢਾਂਚੇ ਕਾਰਨ ਦੋਵਾਂ ਭਾਈਵਾਲਾਂ ਵਿਚ ਨਵਾਂ ਕਲੇਸ਼ ਖੜ੍ਹਾ ਹੋ ਗਿਆ ਹੈ। ਅਕਾਲੀ ਦਲ ਦੀ ਸ਼ਹਿਰੀ ਖੇਤਰਾਂ ਵਿਚ ਹਿੰਦੂ ਵਰਗ ਨਾਲ ਸਬੰਧਤ ਆਗੂਆਂ ਨੂੰ ਮੂਹਰੇ ਲਿਆਉਣ ਦੀ ਰਣਨੀਤੀ ਭਾਜਪਾ ਨੂੰ ਸ਼ੱਕੀ ਲੱਗ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂਆਂ ਨੇ ਅਕਾਲੀ ਦਲ ਦੀ ਇਸ ਰਣਨੀਤੀ ਨੂੰ ਖਤਰੇ ਦੀ ਘੰਟੀ ਮੰਨਦੇ ਹੋਏ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਵਿਚ ਹਿੰਦੂ ਵਰਗ ਨਾਲ ਸਬੰਧਤ ਆਗੂਆਂ ਨੂੰ ਜ਼ਿੰਮੇਵਾਰੀ ਦੇਣ ਤੋਂ ਬਾਅਦ ਭਾਜਪਾ ਵੱਲੋਂ ਜਿਸ ਤਰ੍ਹਾਂ ਦਾ ਰੁਖ਼ ਅਪਣਾਇਆ ਜਾ ਰਿਹਾ ਹੈ, ਉਸ ਨਾਲ ਦੋਵਾਂ ਪਾਰਟੀਆਂ ਦਰਮਿਆਨ ਤਣਾਅ ਵਧਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਦੀਆਂ ਜ਼ਿੰਮੇਵਾਰੀਆਂ ਪਾਰਟੀ ਦੇ ਗੈਰ ਸਿੱਖ ਆਗੂਆਂ ਨੂੰ ਦਿੱਤੀਆਂ ਗਈਆਂ ਹਨ। ਇਸ ਦਾ ਮਕਸਦ ਇਹੀ ਹੈ ਕਿ ਸ਼ਹਿਰੀ ਖੇਤਰਾਂ ਵਿਚਲੇ ਗੈਰ ਸਿੱਖ ਵੋਟਰਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇ ਤੇ ਇਹ ਪ੍ਰਭਾਵ ਦਿੱਤਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਸਿੱਖਾਂ ਨੂੰ ਵੀ ਪਾਰਟੀ ਵਿਚ ਅਹਿਮ ਸਥਾਨ ਦਿੱਤਾ ਜਾ ਰਿਹਾ ਹੈ। 2012 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਗੈਰ ਸਿੱਖਾਂ ਨੂੰ ਟਿਕਟਾਂ ਦੇਣ ਦਾ ਤਜਰਬਾ ਸਫ਼ਲ ਹੋ ਚੁੱਕਾ ਹੈ। ਤਕਰੀਬਨ ਦਸ ਗੈਰ ਸਿੱਖ ਵਿਧਾਇਕ, ਅਕਾਲੀ ਦਲ ਦੀ ਟਿਕਟ ‘ਤੇ ਜਿੱਤੇ ਸਨ। ਇਸ ਤੋਂ ਪਹਿਲਾਂ ਵੱਡੇ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਆਦਿ ਦੇ ਹੀ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਸਨ।
ਇਸ ਵਾਰ ਛੋਟੇ ਜ਼ਿਲ੍ਹਿਆਂ ਨੂੰ ਵੀ ਸ਼ਹਿਰੀ ਤੇ ਦਿਹਾਤੀ ਵਰਗਾਂ ਵਿਚ ਵੰਡ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਪਾਰਟੀ ਵੱਲੋਂ ਆਪਣਾ ਆਧਾਰ ਵਧਾਉਣ ਲਈ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇਸ ਨਾਲ ਭਾਜਪਾ ਤੇ ਅਕਾਲੀ ਦਲ ਵਿਚ ਕਿਸੇ ਤਰ੍ਹਾਂ ਦਾ ਸਿਆਸੀ ਟਕਰਾਅ ਨਹੀਂ ਹੋਵੇਗਾ ਕਿਉਂਕਿ ਹਰੇਕ ਪਾਰਟੀ ਨੇ ਹੀ ਆਪਣਾ ਜਨ ਆਧਾਰ ਵਧਾਉਣ ਲਈ ਕੰਮ ਕਰਨਾ ਹੁੰਦਾ ਹੈ। ਇਸ ਤੋਂ ਪਹਿਲਾਂ ਇਹੀ ਧਾਰਨਾ ਬਣੀ ਹੋਈ ਸੀ ਕਿ ਸ਼ਹਿਰਾਂ ਵਿਚ ਭਾਜਪਾ ਦਾ ਤੇ ਦਿਹਾਤੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਹੈ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੀ ਅਕਾਲੀ ਦਲ ਸਾਹਮਣੇ ਖੜ੍ਹਾ ਹੋਣ ਦੀ ਹਿੰਮਤ ਜੁਟਾਉਣ ਲੱਗੀ ਹੈ। ਕੇਂਦਰ ਵਿਚ ਭਾਜਪਾ ਨੂੰ ਆਪਣੇ ਬਲਬੂਤੇ ਬਹੁਮਤ ਪ੍ਰਾਪਤ ਹੈ। ਪੰਜਾਬ ਭਾਜਪਾ ਆਗੂ ਪਿਛਲੇ ਸਾਲਾਂ ਦੌਰਾਨ ਆਪਣੀ ਅਣਦੇਖੀ ਤੋਂ ਪ੍ਰੇਸ਼ਾਨ ਹਨ। ਪੰਜਾਬ ਭਾਜਪਾ ਦੇ ਆਗੂ ਖੇਤੀ ਲਈ ਬਿਜਲੀ ਸਬਸਿਡੀ ਦਾ ਮੁੱਦਾ ਕਈ ਵਾਰ ਉਠਾ ਚੁੱਕੇ ਹਨ। ਸ਼ਹਿਰੀ ਵੋਟ ਬੈਂਕ ਨੂੰ ਇੱਕਜੁਟ ਰੱਖਣ ਲਈ ਉਹ ਸ਼ਹਿਰੀ ਖੇਤਰ ਨੂੰ ਵੀ ਅਜਿਹੀਆਂ ਰਿਆਇਤਾਂ ਦੇਣ ਦੀ ਮੰਗ ਕਰਦੇ ਆ ਰਹੇ ਹਨ। ਅਕਾਲੀ ਦਲ ਵੱਲੋਂ ਸ਼ਹਿਰੀ ਖੇਤਰ ਤੇ ਭਾਜਪਾ ਵੱਲੋਂ ਪੇਂਡੂ ਖੇਤਰ ਵਿਚ ਪੈਰ ਪਸਾਰਨ ਦੀਆਂ ਕੋਸ਼ਿਸ਼ਾਂ ਕਾਰਨ ਵੀ ਦੋਵਾਂ ਦਰਮਿਆਨ ਕੁੜੱਤਣ ਪੈਦਾ ਹੋ ਰਹੀ ਹੈ। ਅਕਾਲੀ ਦਲ ਨੇ ਅਰੁਣ ਜੇਤਲੀ ਦੇ ਜ਼ਰੀਏ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਵਿਚ ਆਪਣਾ ਪ੍ਰਭਾਵ ਬਣਾਉਣ ਦੀ ਰਣਨੀਤੀ ਬਣਾਈ ਸੀ। ਇਸੇ ਕਰਕੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਉਹ ਵੱਡੇ ਫ਼ਰਕ ਨਾਲ ਚੋਣ ਹਾਰ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਜੇਤਲੀ ਅਪਣੀ ਹਾਰ ਦੀ ਬੇਇੱਜ਼ਤੀ ਨੂੰ ਭੁੱਲ ਨਹੀਂ ਪਾ ਰਹੇ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਅਕਾਲੀ ਦਲ ਦਾ ਰਸੂਖ਼ ਲਗਾਤਾਰ ਘਟਦਾ ਜਾ ਰਿਹਾ ਹੈ।
________________________________________________________
ਸ਼ਹਿਰੀ ਖੇਤਰਾਂ ਵਿਚ ਭਾਜਪਾ ਨੂੰ ਪਏ ਲੈਣੇ ਦੇ ਦੇਣੇ
ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਨੇ ਸ਼ਹਿਰਾਂ ਤੇ ਭਾਜਪਾ ਨੇ ਪਿੰਡਾਂ ਵਿਚ ਪੈਰ ਪਸਾਰਨੇ ਸ਼ੁਰੂ ਕੀਤੇ ਹਨ। ਭਾਜਪਾ ਨੂੰ ਭਾਵੇਂ ਜ਼ਿਆਦਾ ਸਫ਼ਲਤਾ ਨਹੀਂ ਸੀ ਮਿਲੀ ਪਰ ਅਕਾਲੀ ਦਲ ਆਪਣੀ ਰਣਨੀਤੀ ਵਿਚ ਕਾਮਯਾਬ ਦਿਖਾਈ ਦੇ ਰਿਹਾ ਹੈ। ਇਸ ਲਈ ਭਾਜਪਾ ਵਿਚ ਬੇਚੈਨੀ ਵਧਣੀ ਸੁਭਾਵਿਕ ਹੈ। ਕੌਮੀ ਪੱਧਰ ‘ਤੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਮਜ਼ਬੂਤ ਹੋ ਕੇ ਨਿਕਲਣ ਨਾਲ ਅਕਾਲੀਆਂ ਤੇ ਭਾਜਪਾ ਦਰਮਿਆਨ ਕੁੜੱਤਣ ਵਧਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਰਣਨੀਤੀ ਤਣਾਅ ਨੂੰ ਹੋਰ ਵੀ ਵਧਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਸਿੱਖਾਂ ਨੂੰ ਵੀ ਪਾਰਟੀ ਵਿਚ ਅਹਿਮ ਸਥਾਨ ਦਿੱਤਾ ਜਾ ਰਿਹਾ ਹੈ। 2012 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਗੈਰ ਸਿੱਖਾਂ ਨੂੰ ਟਿਕਟਾਂ ਦੇਣ ਦਾ ਤਜਰਬਾ ਸਫ਼ਲ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਪੀæਐਸ਼ ਗਿੱਲ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਅਕਾਲੀ ਦਲ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਸੀ ਤੇ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਇਕ-ਦੂਜੀ ਪਾਰਟੀ ਦੇ ਆਗੂਆਂ ਹਥਿਆਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਗਠਜੋੜ ਧਰਮ ਦੀ ਉਲੰਘਣਾ ਹੋਵੇਗੀ।

Be the first to comment

Leave a Reply

Your email address will not be published.