ਚੰਡੀਗੜ੍ਹ: ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਬੱਚਿਆਂ ਨਾਲ ਸੰਵਾਦ ਰਚਾਉਣ ਦਾ ਫਾਰਮੂਲਾ ਪੰਜਾਬ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਾਫੀ ਮਹਿੰਗਾ ਪਿਆ। ਪੰਜਾਬ ਸਰਕਾਰ ਨੇ ਤਾਂ ਭਾਵੇਂ ਮੋਦੀ ਦੇ ਹੁਕਮਾਂ ਨੂੰ ਸਕੂਲ ਪ੍ਰਬੰਧਕਾਂ ਤੱਕ ਪਹੁੰਚਾ ਕੇ ਆਪਣਾ ਫਰਜ਼ ਨਿਭਾ ਦਿੱਤਾ ਪਰ ਬਿਜਲੀ-ਪਾਣੀ ਤੇ ਹੋਰ ਸਹੂਲਤਾਂ ਤੋਂ ਸੱਖਣੇ ਸੂਬੇ ਦੇ ਸਕੂਲਾਂ ਵਿਚ ਅਜਿਹੇ ਪ੍ਰਬੰਧ ਕਰਨੇ ਅਧਿਆਪਕਾਂ ਲਈ ਸਿਰਦਰਦੀ ਬਣੇ ਰਹੇ। ਸੂਬੇ ਦੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਟੀæਵੀ ‘ਤੇ ਮੋਦੀ ਦਾ ਭਾਸ਼ਣ ਸੁਣਾਉਣ ਲਈ ਅਧਿਆਪਕ ਲੋਕਾਂ ਦੇ ਦਰ ਖੜ੍ਹਕਾਉਂਦੇ ਰਹੇ। ਖਰਾਬ ਮੌਸਮ ਤੇ ਬਿਜਲੀ ਦੇ ਕੱਟਾਂ ਕਾਰਨ ਕਈ ਸਕੂਲਾਂ ਵਿਚ ਅਧਿਆਪਕਾਂ ਨੂੰ ਆਪਣੇ ਪੱਲਿਓਂ ਜਨਰੇਟਰ ਦਾ ਪ੍ਰਬੰਧ ਕਰਨਾ ਪਿਆ।
ਸਰਕਾਰੀ ਪ੍ਰਾਇਮਰੀ ਸਕੂਲ ਸਮਰਾਲਾ ਦੀ ਇੰਚਾਰਜ ਸਰੋਜ ਬਾਲਾ ਵਰ੍ਹਦੇ ਮੀਂਹ ਦੌਰਾਨ ਸਕੂਲ ਦੇ 90 ਬੱਚਿਆਂ ਨੂੰ ਟੈਲੀਵਿਜ਼ਨ ਵਿਖਾਉਣ ਲਈ ਲੋਕਾਂ ਦਾ ਦਰ ਖੜ੍ਹਕਾਉਂਦੀ ਵੇਖੀ ਗਈ। ਉਸ ਦਾ ਆਖਣਾ ਸੀ ਕਿ ਸਕੂਲ ਵਿਚ ਡਿਸ਼ ਟੀæਵੀæ ਦਾ ਪ੍ਰਬੰਧ ਹੋਣ ਦੇ ਬਾਵਜੂਦ ਮੌਸਮ ਖਰਾਬ ਹੋਣ ਕਾਰਨ ਚੈਨਲ ਨਹੀਂ ਚੱਲ ਰਹੇ ਜਿਸ ਕਾਰਨ ਬੱਚਿਆਂ ਨੂੰ ਕਿਸੇ ਦੇ ਘਰ ਵਿਚ ਲਿਜਾ ਕੇ ਮੋਦੀ ਦਾ ਭਾਸ਼ਣ ਸੁਣਾਇਆ ਜਾ ਰਿਹਾ ਹੈ।
ਸਰਕਾਰੀ ਹਾਈ ਸਕੂਲ ਸਿਹਾਲਾ ਦੇ ਪ੍ਰਿੰਸੀਪਲ ਬਲਤਾਤ ਸਿੰਘ ਆਪਣੇ ਸਕੂਲ ਦੇ 252 ਬੱਚੇ ਲੈ ਕੇ ਪਿੰਡ ਦੀ ਧਰਮਸ਼ਾਲਾ ਵਿਚ ਡੇਰਾ ਲਗਾਈ ਬੈਠਾ ਸੀ। ਇਸੇ ਤਰ੍ਹਾਂ ਪਿੰਡ ਕੋਟਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਿਜਲੀ ਨਾ ਹੋਣ ਕਾਰਨ ਹਨ੍ਹੇਰੇ ਕਮਰੇ ਤੇ ਵਰਾਂਡਿਆਂ ਵਿਚ ਬੈਠ ਬੱਚੇ ਰੇਡੀਓ ਉੱਪਰ ਮੋਦੀ ਦਾ ਭਾਸ਼ਣ ਸੁਣ ਰਹੇ ਸਨ। ਹਾਲਾਂਕਿ ਮੌਸਮ ਦੀ ਖ਼ਰਾਬੀ ਕਾਰਨ ਰੇਡੀਓ ਵਿਚ ਆਉਂਦੀ ਅਵਾਜ਼ ਦਾ ਕੁਝ ਵੀ ਅੱਲੇ-ਪੱਲੇ ਨਹੀਂ ਸੀ ਪੈ ਰਿਹਾ ਸੀ।
ਸਰਕਾਰੀ ਪ੍ਰਾਇਮਰੀ ਸਕੂਲ ਸਿਹਾਲਾ ਵਿਚ ਘੈੜ-ਘੈੜ ਕਰਦੇ ਰੇਡੀਓ ਦੇ ਦੁਆਲੇ ਬੈਠੇ ਬੱਚੇ ਸੁਸਤਾ ਰਹੇ ਸਨ।
ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਹੇਡੋਂ ਦੇ ਤਕਰੀਬਨ 223 ਬੱਚਿਆਂ ਨੂੰ ਸ੍ਰੀ ਮੋਦੀ ਦਾ ਭਾਸ਼ਣ ਸੁਣਾਉਣ ਲਈ ਸਕੂਲ ਅਧਿਆਪਕਾਂ ਵੱਲੋਂ ਭਾਰੀ ਜੱਦੋਜਹਿਦ ਕਰਨੀ ਪਈ। ਬਿਜਲੀ ਨਾ ਹੋਣ ਕਾਰਨ ਟਰੈਕਟਰ-ਜਨਰੇਟਰ ਦਾ ਪ੍ਰਬੰਧ ਕਰਨ ਤੋਂ ਬਾਅਦ ਕੇਬਲ ਨਾ ਚਲਦੀ ਹੋਣ ਕਾਰਨ ਦੇਸੀ ਐਂਟੀਨਾ ਲਗਾ ਕੇ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਮੋਦੀ ਦੇ ਦਰਸ਼ਨ ਕਰਵਾਏ ਗਏ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਦਲੀ, ਗਹਿਲੇਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿਚ ਮੋਦੀ ਦੇ ਭਾਸ਼ਣ ਦੌਰਾਨ ਛੋਟੇ ਬੱਚੇ ਡੈਸਕਾਂ ਉੱਪਰ ਹੀ ਸੁੱਤੇ ਹੋਏ ਨਜ਼ਰ ਆਏ ਜਦਕਿ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਭਾਸ਼ਣ ਤੋਂ ਬੇਖਬਰ ਹੋ ਕੇ ਆਪੋ-ਆਪਣੀਆਂ ਗੱਪਾਂ ਮਾਰਦੇ ਦਿਖਾਈ ਦਿੱਤੇ। ਪੁੱਛੇ ਜਾਣ ‘ਤੇ ਬਹੁਤੇ ਬੱਚਿਆਂ ਦਾ ਜਵਾਬ ਸੀ ਕਿ ਰੇਡੀਓ ਉੱਪਰ ਚੱਲਦੇ ਭਾਸ਼ਣ ਵਿਚ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਪੈ ਰਿਹਾ।
ਇਸ ਤੋਂ ਇਲਾਵਾ ਪਿੰਡ ਰਾਮਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਤਕਰੀਬਨ ਅੱਠ ਵਰ੍ਹਿਆਂ ਤੋਂ ਸਕੂਲ ਕੁੰਡੀ ਕੁਨੈਕਸ਼ਨ ਦੇ ਸਹਾਰੇ ਚੱਲ ਰਿਹਾ ਹੈ।
ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੇਡੀਓ ‘ਤੇ ਹੀ ਮੋਦੀ ਦਾ ਭਾਸ਼ਨ ਬੱਚਿਆਂ ਨੂੰ ਸੁਣਾਇਆ ਹੈ। ਪਿੰਡ ਰਾਏਖਾਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਪਹਿਲਾਂ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਤੇ ਹੁਣ ਕੋਈ ਸਕੂਲ ਦੇ ਬਾਹਰ ਖੰਭੇ ‘ਤੇ ਲੱਗਾ ਬਿਜਲੀ ਦਾ ਮੀਟਰ ਵੀ ਪੁੱਟ ਕੇ ਲੈ ਗਿਆ ਹੈ। ਸਕੂਲ ਕੋਲ ਸਿਰਫ਼ ਕੁੰਡੀ ਦਾ ਸਹਾਰਾ ਬਚਿਆ ਹੈ। ਸਕੂਲ ਅਧਿਆਪਕਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਮੋਦੀ ਦਾ ਭਾਸ਼ਨ ਸੁਣਾਉਣ ਲਈ ਬੱਚਿਆਂ ਨੂੰ ਪਿੰਡ ਦੇ ਹਾਈ ਸਕੂਲ ਵਿਚ ਲੈ ਕੇ ਗਏ ਸਨ। ਪਿੰਡ ਮਾੜੀ ਦਾ ਸਕੂਲ ਵੀ ਕੁੰਡੀ ਕੁਨੈਕਸ਼ਨ ਸਹਾਰੇ ਹੀ ਹੈ।
ਸਕੂਲ ਵਿਚ ਕੋਈ ਮੀਟਰ ਹੀ ਨਹੀਂ ਹੈ। ਇਵੇਂ ਹੀ ਨਥਾਨਾ ਬਰਾਂਚ ਦੇ ਪ੍ਰਾਇਮਰੀ ਸਕੂਲ ਦਾ ਚਾਰ ਮਹੀਨੇ ਪਹਿਲਾਂ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਹੁਣ ਕੁੰਡੀ ਕੁਨੈਕਸ਼ਨ ਨਾਲ ਮੋਦੀ ਦਾ ਭਾਸ਼ਨ ਸੁਣਾਇਆ ਗਿਆ। ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਘੁੱਦਾ ਬਰਾਂਚ ਦਾ ਮੀਟਰ ਕੋਈ ਸ਼ਰਾਰਤੀ ਅਨਸਰ ਪੁੱਟ ਕੇ ਲੈ ਗਿਆ ਹਨ। ਮੁੱਖ ਅਧਿਆਪਕ ਰਜਿੰਦਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਹੁਣ ਔਸਤਨ ਆਧਾਰ ‘ਤੇ ਬਿੱਲ ਭੇਜ ਰਿਹਾ ਹੈ।
_____________________________________________
ਮੋਦੀ ਤੋਂ ਸ਼ਾਬਾਸ਼ ਲੈਣ ਲਈ ਪੰਜਾਬ ਸਰਕਾਰ ਆਪਣਾ ਨੋਟੀਫਿਕੇਸ਼ਨ ਭੁੱਲੀ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੱਚਿਆਂ ਨਾਲ ਸੰਵਾਦ ਰਚਾਉਣ ਦੇ ਪ੍ਰੋਗਰਾਮ ਦੇ ਚਾਅ ਵਿਚ ਪੰਜਾਬ ਸਰਕਾਰ ਆਪਣੇ ਅੱਠ ਸਾਲ ਪੁਰਾਣੇ ਨੋਟੀਫਿਕੇਸ਼ਨ ਨੂੰ ਭੁਲਾ ਬੈਠੀ। ਸਰਕਾਰ ਨੇ ਆਪ ਹੀ ਵਿਦਿਆਰਥੀਆਂ ਦੀਆਂ ਅਜਿਹੀਆਂ ਸਰਗਰਮੀਆਂ ਵਿਚ ਸ਼ਮੂਲੀਅਤ ਨੂੰ ‘ਸਮਾਜਕ ਅਪਰਾਧ’ ਕਰਾਰ ਦਿੱਤਾ ਗਿਆ ਸੀ ਤੇ ਉਨ੍ਹਾਂ ਨਾਲ ‘ਬੰਧੂਆ ਮਜ਼ਦੂਰਾਂ’ ਵਰਗਾ ਵਤੀਰਾ ਅਪਣਾਉਣ ਬਾਰੇ ਕਿਹਾ ਗਿਆ ਸੀ। ਚੰਡੀਗੜ੍ਹ ਦੇ ਬਲਵਿੰਦਰ ਸਿੰਘ ਭਿੰਡਰ ਵੱਲੋਂ ਦਾਖ਼ਲ ਪਟੀਸ਼ਨ ਨੂੰ ਦੇਖਦਿਆਂ ਸਰਕਾਰ ਨੇ ਦਸੰਬਰ 2006 ਵਿਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਸੀ ਕਿ ਸਿੱਖਿਆ ਨਾਲ ਸਬੰਧਤ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਸਮਾਗਮਾਂ ਵਿਚ ਬੱਚਿਆਂ ਨੂੰ ਨਾ ਘੜੀਸਿਆ ਜਾਵੇ। ਸ੍ਰੀ ਭਿੰਡਰ ਨੇ ਇਸ ਫੈਸਲੇ ਨੂੰ ਅਦਾਲਤ ਦੀ ਮਾਣਹਾਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ, ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਕੂਲ ਵਿਚ ਰਹਿਣਾ ਪਿਆ। ਨਾਲ ਹੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਬਜਾਏ ਬੰਦੋਬਸਤ ਦੇ ਕੰਮ ਵਿਚ ਲਾਇਆ ਗਿਆ। ਪੰਜਾਬ ਸਰਕਾਰ ਵੱਲੋਂ ਪਹਿਲੀ ਦਸੰਬਰ ਤੇ 23 ਦਸੰਬਰ 2006 ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਵੀæਆਈæਪੀæ ਡਿਊਟੀਆਂ ਤੇ ਸਿਆਸੀ ਸਮਾਗਮਾਂ ਵਿਚ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਹੁਕਮ ਤਤਕਾਲੀ ਸਿੱਖਿਆ ਸਕੱਤਰ ਸਰਵੇਸ਼ ਕੌਸ਼ਲ, ਜਿਹੜੇ ਹੁਣ ਮੁੱਖ ਸਕੱਤਰ ਹਨ, ਨੇ ਭੇਜੇ ਸਨ। ਹੁਣ ਮੁੱਖ ਸਕੱਤਰ ਦੇ ਨਾਤੇ ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਸਾਰੇ ਸਕੂਲਾਂ ਵਿਚ 5 ਸਤੰਬਰ ਨੂੰ ਢਾਈ ਵਜੇ ਤੋਂ ਸ਼ਾਮ ਪੌਣੇ ਪੰਜ ਵਜੇ ਤੱਕ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਦਿਖਾਇਆ ਜਾਵੇ।
Leave a Reply