ਬਠਿੰਡਾ: ਪੰਜਾਬ ਸਰਕਾਰ ਵੱਲੋਂ ਆਪਣਾ ਹੈਲੀਕਾਪਟਰ ਖਰੀਦਣ ਤੋਂ ਬਾਅਦ ਵੀ ਭਾੜੇ ਦੇ ਹੈਲੀਕਾਪਟਰ ਦੀ ਵਰਤੋਂ ਜਾਰੀ ਹੈ। ਬਾਦਲਾਂ ਦਾ ਇਹ ਸ਼ਾਹੀ ਸ਼ੌਕ ਸਰਕਾਰੀ ਖਜ਼ਾਨੇ ਨੂੰ ਬੜਾ ਮਹਿੰਗਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਅਪਰੈਲ, 2013 ਵਿਚ 38 ਕਰੋੜ ਰੁਪਏ ਦਾ ਨਵਾਂ ਹੈਲੀਕਾਪਟਰ ਖਰੀਦਿਆ ਸੀ। ਲੰਘੇ ਸਵਾ ਸਾਲ ਦੌਰਾਨ ਪੰਜਾਬ ਸਰਕਾਰ ਨੇ ਹਰ ਮਹੀਨੇ ਘੱਟੋਂ ਘੱਟ ਦੋ ਵਾਰ ਕਿਰਾਏ ਦਾ ਹੈਲੀਕਾਪਟਰ ਵਰਤਿਆ ਹੈ। ਸਰਕਾਰੀ ਖ਼ਜ਼ਾਨਾ ਮਾਲੀ ਸੰਕਟ ਦਾ ਸੇਕ ਝੱਲ ਰਿਹਾ ਹੈ ਤੇ ਕੇਂਦਰ ਨੇ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਕਿਫ਼ਾਇਤ ਦੇ ਮੂਡ ਵਿਚ ਨਹੀਂ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ 19 ਵਰ੍ਹਿਆਂ ਤੋਂ ਭਾੜੇ ਦੇ ਹੈਲੀਕਾਪਟਰ ਦੀ ਵਰਤੋਂ ਕਰ ਰਹੀ ਹੈ। ਸਰਕਾਰ ਨੇ 16 ਨਵੰਬਰ, 1995 ਨੂੰ ਮੈਸਰਜ਼ ਪਵਨ ਹੰਸ ਕੰਪਨੀ ਨਾਲ ਸਮਝੌਤਾ ਕੀਤਾ ਸੀ। ਇਸ ਸਮੇਂ ਦੌਰਾਨ ਤਕਰੀਬਨ 117 ਕਰੋੜ ਰੁਪਏ ਹੈਲੀਕਾਪਟਰ ਦੇ ਭਾੜੇ ‘ਤੇ ਖਰਚ ਕੀਤੇ ਗਏ ਹਨ। ਸੂਤਰਾਂ ਅਨੁਸਾਰ ਸਾਲ 2013-14 ਦੌਰਾਨ ਸਰਕਾਰੀ ਹੈਲੀਕਾਪਟਰ ਦਾ ਕੁੱਲ ਖਰਚਾ ਪ੍ਰਤੀ ਮਹੀਨਾ 50 ਲੱਖ ਰੁਪਏ ਰਿਹਾ ਹੈ ਤੇ ਇਸ ਹਿਸਾਬ ਨਾਲ ਇਕ ਸਾਲ ਵਿਚ ਸਰਕਾਰੀ ਹੈਲੀਕਾਪਟਰ ਦਾ ਖਰਚ ਛੇ ਕਰੋੜ ਰੁਪਏ ਬਣਦਾ ਹੈ। ਇਸ ਇਕ ਵਰ੍ਹੇ ਦੌਰਾਨ ਤਕਰੀਬਨ ਡੇਢ ਕਰੋੜ ਰੁਪਏ ਪ੍ਰਾਈਵੇਟ ਹੈਲੀਕਾਪਟਰਾਂ ਦਾ ਭਾੜਾ ਤਾਰਿਆ ਗਿਆ। ਸੂਚਨਾ ਮੁਤਾਬਕ ਅਕਾਲੀ-ਭਾਜਪਾ ਸਰਕਾਰ ਦੇ ਪੰਜ ਵਰ੍ਹਿਆਂ (2007-2012) ਦੌਰਾਨ ਮੁੱਖ ਮੰਤਰੀ ਦੇ ਹੈਲੀਕਾਪਟਰ ਦਾ ਖਰਚਾ 53æ81 ਕਰੋੜ ਰੁਪਏ ਰਿਹਾ ਸੀ। ਇਸ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਰੋਜ਼ਾਨਾ ਔਸਤਨ 2æ94 ਲੱਖ ਰੁਪਏ ਹੈਲੀਕਾਪਟਰ ਦਾ ਖਰਚਾ ਤਾਰਦੀ ਰਹੀ ਹੈ। ਕਾਂਗਰਸ ਦੇ ਰਾਜ (2002- 2007) ਦੌਰਾਨ ਹੈਲੀਕਾਪਟਰ ਦਾ ਖਰਚਾ 22æ62 ਕਰੋੜ ਰੁਪਏ ਰਿਹਾ ਜੋ ਪ੍ਰਤੀ ਦਿਨ 1æ24 ਲੱਖ ਰੁਪਏ ਬਣਦਾ ਹੈ।
ਅਕਾਲੀ-ਭਾਜਪਾ ਦੇ ਪਿਛਲੇ ਕਾਰਜਕਾਲ (1997-2002) ਦੌਰਾਨ ਹੈਲੀਕਾਪਟਰ ਦਾ ਖਰਚ 21æ44 ਕਰੋੜ ਰੁਪਏ ਰਿਹਾ ਤੇ ਪ੍ਰਤੀ ਦਿਨ ਇਹ ਖਰਚਾ ਔਸਤਨ 1æ17 ਲੱਖ ਰੁਪਏ ਬਣਦਾ ਹੈ। ਉਸ ਤੋਂ ਪਹਿਲਾਂ ਨਵੰਬਰ 1995 ਤੋਂ 31 ਮਾਰਚ, 1997 ਤੱਕ ਹੈਲੀਕਾਪਟਰ ਦਾ ਖਰਚਾ 9æ68 ਕਰੋੜ ਰੁਪਏ ਰਿਹਾ। ਅਕਾਲੀ-ਭਾਜਪਾ ਸਰਕਾਰ ਦਾ ਹੈਲੀਕਾਪਟਰ ਦਾ ਖਰਚਾ ਪਿਛਲੇ ਸਮੇਂ ਵਿਚ ਕਾਂਗਰਸ ਨਾਲੋਂ ਸਵਾ ਦੋ ਗੁਣਾ ਜ਼ਿਆਦਾ ਹੋ ਗਿਆ ਹੈ।
ਸੂਤਰਾਂ ਮੁਤਾਬਕ ਸਰਕਾਰ ਨੇ ਹੈਲੀਕਾਪਟਰਾਂ ਦਾ ਜਿੰਨਾਂ ਭਾੜਾ ਤਾਰਿਆ ਹੈ, ਉਸ ਨਾਲ ਤਿੰਨ ਨਵੇਂ ਹੈਲੀਕਾਪਟਰ ਖਰੀਦੇ ਜਾ ਸਕਦੇ ਸਨ। ਪੰਜਾਬ ਸਰਕਾਰ ਦਾ ਹੈਲੀਕਾਪਟਰ ਉਪ ਮੁੱਖ ਮੰਤਰੀ ਤੇ ਰਾਜਪਾਲ ਪੰਜਾਬ ਵੱਲੋਂ ਵੀ ਵਰਤਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਹੁਣ ਏਅਰ ਕਰਾਫਟ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਉਹ ਵਿਚਾਲੇ ਹੀ ਰੁਕ ਗਈ ਹੈ।
ਆਡਿਟ ਵਿਭਾਗ ਵੀ ਭਾੜੇ ਦੇ ਹੈਲੀਕਾਪਟਰ ਉਤੇ ਇਤਰਾਜ਼ ਉਠਾ ਚੁੱਕਾ ਹੈ। ਆਡਿਟ ਮਹਿਕਮੇ ਨੇ ਕਿਰਾਇਆ ਵੱਧ ਤਾਰਨ ਤੇ ਸਮਝੌਤੇ ਦੀ ਮਿਆਦ ਪੁੱਗਣ ਮਗਰੋਂ ਵੀ ਹੈਲੀਕਾਪਟਰ ਵਰਤਣ ‘ਤੇ ਉਂਗਲ ਉਠਾਈ ਸੀ। ਪਿਛਲੇ ਅਰਸੇ ਦੌਰਾਨ ਪੰਜਾਬ ਸਰਕਾਰ ਨੇ ਭਾੜੇ ‘ਤੇ ਲਏ ਹੈਲੀਕਾਪਟਰਾਂ ਦਾ ਪ੍ਰਤੀ ਘੰਟਾ 1æ40 ਲੱਖ ਰੁਪਏ ਤੋਂ 2æ15 ਲੱਖ ਰੁਪਏ ਤੱਕ ਕਿਰਾਇਆ ਤਾਰਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਚੰਦਰਾ ਦਾ ਕਹਿਣਾ ਹੈ ਕਿ ਨਵਾਂ ਹੈਲੀਕਾਪਟਰ ਖਰੀਦਣ ਮਗਰੋਂ ਪੰਜਾਬ ਸਰਕਾਰ ਦੇ ਹੈਲੀਕਾਪਟਰ ਖਰਚੇ ਤਕਰੀਬਨ 40 ਫ਼ੀਸਦੀ ਘੱਟ ਗਏ ਹਨ। ਹੁਣ ਲੋੜ ਪੈਣ ‘ਤੇ ਮਹੀਨੇ ਵਿਚ ਇਕ ਦੋ ਵਾਰ ਹੀ ਕਿਰਾਏ ‘ਤੇ ਹੈਲੀਕਾਪਟਰ ਲਿਆ ਜਾਂਦਾ ਹੈ। ਸਰਕਾਰੀ ਹੈਲੀਕਾਪਟਰ ਦੀ ਮੁਰੰਮਤ ਜਾਂ ਫਿਰ ਐਮਰਜੈਂਸੀ ਵੇਲੇ ਹੀ ਹੈਲੀਕਾਪਟਰ ਭਾੜੇ ਉਤੇ ਲਿਆ ਜਾਂਦਾ ਹੈ, ਜਿਸ ਦਾ ਪ੍ਰਤੀ ਘੰਟਾ 1æ20 ਲੱਖ ਰੁਪਏ ਕਿਰਾਇਆ ਦਿੱਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਨਵਾਂ ਏਅਰ ਕਰਾਫਟ ਖਰੀਦਣ ਬਾਰੇ ਹਾਲੇ ਪ੍ਰਕਿਰਿਆ ਅੱਗੇ ਨਹੀਂ ਵਧੀ ਹੈ।
Leave a Reply