ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਫਿਰਕੂ ਆਧਾਰ ਉਤੇ ਪਾਲਾਬੰਦੀ ਬਾਰੇ ਸੰਜੀਦਾ ਸ਼ਖਸੀਅਤਾਂ ਵੱਲੋਂ ਫਿਕਰ ਜ਼ਾਹਿਰ ਕੀਤਾ ਜਾਂਦਾ ਰਿਹਾ ਹੈ। ਹੁਣ ਜਦੋਂ ਤੋਂ ਭਾਰਤ ਵਿਚ ਨਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਬਣੀ ਹੈ, ਇਹ ਫਿਕਰ ਦੂਣ-ਸਵਾਇਆ ਹੋ ਕੇ ਸਾਹਮਣੇ ਆ ਰਿਹਾ ਹੈ। ਧਰਮ ਦੇ ਆਧਾਰ ਉਤੇ ਭਾਰਤੀ ਸਮਾਜ ਵਿਚ ਖਿੱਚੀਆਂ ਲਕੀਰਾਂ ਡੂੰਘੀਆਂ ਕੀਤੀਆਂ ਜਾ ਰਹੀਆਂ ਹਨ। ਉਧਰ, ਸੰਸਾਰ ਪੱਧਰ ‘ਤੇ ਮੁਸਲਿਮ ਜਹਾਦੀਆਂ ਦੀਆਂ ਕਾਰਵਾਈਆਂ ਵੀ ਪਹਿਲਾਂ ਨਾਲੋਂ ਵੱਧ ਜ਼ੋਰ ਅਤੇ ਜਥੇਬੰਦ ਰੂਪ ਵਿਚ ਦਰਜ ਹੋਈਆਂ ਹਨ। ਪੱਛਮ ਵਿਚ ਸਭਿਆਤਾਵਾਂ ਦੇ ਜਿਸ ਭੇੜ ਦੀ ਪੇਸ਼ੀਨਗੋਈ ਅਮਰੀਕੀ ਵਿਦਵਾਨ ਸੈਮੂਅਲ ਹੰਟਿੰਗਟਨ ਨੇ ਕੀਤੀ ਸੀ, ਉਹ ਤਾਂ ਜਿਹੜੀ ਹੋਈ ਸੋ ਹੋਈ, ਹੁਣ ਭਾਰਤ ਵਿਚ ਫਿਰਕੂ ਭੇੜ ਤਿੱਖਾ ਹੁੰਦਾ ਨਜ਼ਰੀਂ ਪੈ ਰਿਹਾ ਹੈ। ਹੁਣ ਸੰਜੀਦਾ ਸ਼ਖਸਾਂ ਲਈ ਇਹ ਸੋਚਣ ਦੀ ਘੜੀ ਹੈ ਕਿ ਇਸ ਤਲਖੀ ਨੂੰ ਕੱਟਣ ਦਾ ਤੋੜ ਕੀ ਹੈ। ਆਪਣੇ ਇਸ ਲੇਖ ‘ਭਾਰਤ ਜਹਾਦੀਆਂ ਦੇ ਰਾਡਾਰ ‘ਤੇ’ ਵਿਚ ਪ੍ਰਿੰਸੀਪਲ ਅਮਰਜੀਤ ਪਰਾਗ ਨੇ ਇਸ ਤਲਖੀ ਦੇ ਪਿਛੋਕੜ ਬਾਰੇ ਚਰਚਾ ਕੀਤੀ ਹੈ। -ਸੰਪਾਦਕ
ਅਮਰਜੀਤ ਪਰਾਗ
ਸੰਨ 2011 ਵਿਚ ਅਲ-ਕਾਇਦਾ ਦਾ ਮੋਢੀ ਤੇ ਮੁਖੀ ਉਸਾਮਾ ਬਿਨ-ਲਾਦਿਨ ਪਾਕਿਸਤਾਨ ਸਥਿਤ ਟਿਕਾਣੇ ਵਿਚ ਜਾ ਕੇ ਅਮਰੀਕੀ ਸੈਨਿਕਾਂ ਨੇ ਕਤਲ ਕਰ ਦਿੱਤਾ। ਮਿਸਰ ਵਿਚ ਜਨਮਿਆ ਤੇ ਡਾਕਟਰੀ ਦੀ ਉੱਚ ਸਿੱਖਿਆ ਪ੍ਰਾਪਤ ਐਮਾਨ ਅਲ-ਜਵਾਹਰੀ ਬਿਨ-ਲਾਦਿਨ ਦਾ ਉੱਤਰਾਧਿਕਾਰੀ ਥਾਪਿਆ ਗਿਆ। ਬਿਨ-ਲਾਦਿਨ ਦੀ ਮੌਤ ਅਲ-ਕਾਇਦਾ ਲਈ ਵੱਡਾ ਘਾਟਾ ਸਾਬਤ ਹੋਈ। ਇਸ ਦੀ ਕਮਾਂਡ ਹੇਠ ਚੱਲ ਰਹੀਆਂ ਕਈ ਜਥੇਬੰਦੀਆਂ ਅਲ-ਕਾਇਦਾ ਦੇ ਕੰਟਰੋਲ ਤੋਂ ਬਾਹਰ ਹੋ ਕੇ ਚੱਲਣ ਲੱਗ ਪਈਆਂ। ਅਫ਼ਗਾਨਿਸਤਾਨ ਦਾ ਅੱਡਾ ਪਹਿਲੋਂ ਹੀ ਪੁੱਟਿਆ ਜਾ ਚੁੱਕਾ ਸੀ।
ਦਹਾਕਿਆਂ ਤੋਂ ਸੱਤਾ ‘ਤੇ ਕਾਬਜ਼ ਅਰਬ ਦੇਸ਼ਾਂ ਦੇ ਪੱਛਮ ਨਿਵਾਜ਼ ਤਾਨਾਸ਼ਾਹਾਂ ਖਿਲਾਫ ਟਿਊਨੇਸ਼ੀਆ, ਮਿਸਰ, ਲੀਬੀਆ ਤੇ ਸੀਰੀਆ ਆਦਿਕ ਦੇਸ਼ਾਂ ਵਿਚ ਭਾਰੀ ਜਨਤਕ ਰੋਸ ਭੜਕ ਉੱਠਿਆ। ਇਸ ਨੂੰ ‘ਅਰਬ ਦੀ ਬਸੰਤ’ ਕਿਹਾ ਗਿਆ। ਇੱਕ ਵਾਰ ਤਾਂ ਲੱਗਦਾ ਸੀ ਕਿ ਡੈਮੋਕਰੇਸੀ ਦੇ ਹੱਕ ਵਿਚ ਅਰਬ ਦੇ ਇਸ ਜਨਤਕ ਉਭਾਰ ਦੀ ਸਫਲਤਾ ਨੂੰ ਕੋਈ ਨਹੀਂ ਰੋਕ ਸਕਦਾ, ਪਰ ਨਰਮਪੰਥੀ ਤੇ ਜਮਹੂਰੀਅਤ ਪਸੰਦ ਅਨਸਰਾਂ ਨੂੰ ਪਿਛਾਂਹ ਧੱਕ ਕੇ ਇਸ ਲੋਕ ਉਭਾਰ ਵਿਚ ਕੱਟੜ ਇਸਲਾਮੀ ਸੰਗਠਨ ਅੱਗੇ ਆ ਗਏ। ਕਾਰਨ ਕਈ ਸਨ ਜਿਵੇਂ ਮਿਸਰ ਵਿਚ ਪੰਜਾਹ ਸਾਲਾਂ ਤੋਂ ਤਾਨਾਸ਼ਾਹਾਂ ਦਾ ਵਿਰੋਧ ਮੁਸਲਿਮ ਬ੍ਰਦਰਹੁਡ ਕਰ ਰਹੀ ਸੀ। ਹੋਰ ਕੋਈ ਸੰਗਠਤ ਵਿਰੋਧੀ ਧਿਰ ਹੈ ਹੀ ਨਹੀਂ ਸੀ। ਸੀਰੀਆ ਵਿਚ ਅਸਦ ਵਿਰੋਧੀਆਂ ਦੀ ਮਦਦ ਕਰਨ ਵਿਚ ਅਮਰੀਕਾ ਨੇ ਲੰਮੇ ਸਮੇਂ ਲਈ ਬੇਦਿਲੀ ਧਾਰੀ ਰੱਖੀ ਜਿਸ ਕਰ ਕੇ ਸਾਊਦੀ ਅਰਬ ਵਰਗੇ ਦੇਸ਼ਾਂ ਦੀ ਸਹਾਇਤਾ ਨਾਲ ਕੱਟੜਪੰਥੀ ਭਾਰੂ ਹੋ ਗਏ। ਇਰਾਕ ਵਿਚੋਂ ਅਮਰੀਕੀ ਸੈਨਿਕਾਂ ਦੇ ਚਲੇ ਜਾਣ ਪਿੱਛੋਂ ਨੂਰ ਅਲ-ਮਾਲੀਕੀ ਸ਼ੀਆ-ਸੁੰਨੀ ਧੜਿਆਂ ਵਿਚ ਟਕਰਾਓ ਘਟਾਉਣ ਦੀ ਥਾਂ ਵਧਾਉਣ ਵਾਲੀਆਂ ਨੀਤੀਆਂ ‘ਤੇ ਹੀ ਚੱਲਿਆ।
ਪਹਿਲਾਂ ਅਲ-ਕਾਇਦਾ ਦੀ ਸਹਿਯੋਗੀ ਇਸਲਾਮਿਕ ਸਟੇਟ ਤੇਜੀ ਨਾਲ ਅੱਗੇ ਵਧੀ। ਇਸ ਦੇ ਆਗੂ ਇਬ੍ਰਾਹੀਮ ਨੇ ਇਸਲਾਮ ਦੇ ਪਹਿਲੇ ਖ਼ਲੀਫ਼ਾ ਅਬੂ ਬਕਰ ਦੇ ਨਾਮ ‘ਤੇ ਆਪਣਾ ਨਾਮ ਅਬੂ ਬਕਰ ਅਲ-ਬਗਦਾਦੀ ਧਾਰਨ ਕਰ ਕੇ ਆਪਣੀ ਜਥੇਬੰਦੀ ਦਾ ਨਾਮ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਰੱਖ ਲਿਆ। ਇਰਾਕ ਵਿਚ ਇਸ ਨੇ ਬਿਜਲੀ ਦੀ ਰਫ਼ਤਾਰ ਨਾਲ ਵੱਡੇ ਇਲਾਕੇ ਅਤੇ ਮਾਸੂਲ ਵਰਗੇ ਪ੍ਰਸਿੱਧ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ। ਉਸ ਨੇ ਸਦੀਆਂ ਤੀਕ ਕਾਇਮ ਰਹੀ ਆਟੋਮਾਨ ਸਲਤਨਤ ਵਾਂਗ ਦੁਬਾਰਾ ਇਸਲਾਮਿਕ ਸਟੇਟ ਕਾਇਮ ਕਰਨ ਦਾ ਅਹਿਦ ਕਰ ਲਿਆ। ਆਪਣੇ ਆਪ ਨੂੰ ਇਸਲਾਮਿਕ ਸਟੇਟ ਦਾ ਖ਼ਲੀਫ਼ਾ ਐਲਾਨ ਦਿੱਤਾ।
ਅਲ-ਬਗਦਾਦੀ ਦਾ ਸੰਗਠਨ ਅੱਤ ਦਾ ਬੇਰਹਿਮ ਹੈ। ਗੈਰ-ਮੁਸਲਮਾਨਾਂ ਲਈ ਇਸ ਕੋਲ ਇੱਕੋ ਚੋਣ ਹੈ, ਇਸਲਾਮ ਜਾਂ ਮੌਤ। ਵਿਰੋਧੀਆਂ ਲਈ ਕੇਵਲ ਮੌਤ। ਦੋ ਅਮਰੀਕਨ ਪੱਤਰਕਾਰਾਂ ਨੂੰ ਉਸ ਨੇ ਨਾ ਕੇਵਲ ਛੁਰੀ ਨਾਲ ਜਿਬ੍ਹਾ ਹੀ ਕੀਤਾ ਬਲਕਿ ਇਸ ਦੀ ਵੀਡੀਓ ਬਣਾ ਕੇ ਇੰਟਰਨੈਟ ਉਤੇ ਵੀ ਪਾਈ ਹੈ।
ਇਸ ਸੰਗਠਨ ਕੋਲ 15000 ਤਨਖਾਹਦਾਰ ਲੜਾਕੇ ਹਨ ਤੇ ਟੈਂਕ ਤੋਪਾਂ ਵਰਗੇ ਮਾਰੂ ਹਥਿਆਰ ਹਨ। ਸਾਊਦੀ ਅਰਬ, ਕੁਵੈਤ, ਕਤਰ ਅਤੇ ਹੋਰ ਕੱਟੜ ਸੁੰਨੀ ਇਸਲਾਮਿਕ ਦੇਸ਼ਾਂ ਤੋਂ ਮਿਲਦੀ ਸਹਾਇਤਾ, ਬੈਂਕ ਡਕੈਤੀਆਂ, ਫਿਰੌਤੀਆਂ, ਤਸਕਰੀ, ਹਥਿਆਏ ਤੇਲ ਦੇ ਖੂਹਾਂ ਦਾ ਤੇਲ ਵੇਚ ਕੇ ਅਤੇ ਆਪਣੇ ਅਧੀਨ ਇਲਾਕੇ ਵਿਚੋਂ ਟੈਕਸ ਦੀ ਉਗਰਾਹੀ ਨਾਲ ਇਸ ਸੰਗਠਨ ਕੋਲ 14000 ਕਰੋੜ ਡਾਲਰ ਦੀ ਰਕਮ ਦੱਸੀ ਜਾਂਦੀ ਹੈ। ਇਸ ਜਥੇਬੰਦੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਪੂਰੀ ਤਰ੍ਹਾਂ ਪੇਸ਼ੇਵਾਰਾਨਾ ਢੰਗ ਨਾਲ ਕੰਮ ਕਰਦੀ ਹੈ। ਇਸ ਕਰ ਕੇ ਇਹ ਅਰਧ-ਸੰਗਠਤ ਅਤਿਵਾਦੀ ਸੰਗਠਨਾਂ ਨਾਲੋਂ ਵਧੇਰੇ ਖ਼ਤਰਨਾਕ ਹੈ। ਇਸ ਕੋਲ ਆਧੁਨਿਕ ਹਥਿਆਰ ਹੀ ਨਹੀਂ, ਸਗੋਂ ਇਲੈਕਟ੍ਰਾਨਿਕ ਇੰਜੀਨੀਅਰਿੰਗ ਅਤੇ ਕੰਪਿਊਟਰੀ ਉਪਕਰਨਾਂ ਦੇ ਮਾਹਰ ਕਾਰਕੁਨ ਹਨ। ਇਸਲਾਮਿਕ ਸਟੇਟ ਦੀਆਂ ਉਪਰੋ-ਤੋੜੀ ਜਿੱਤਾਂ ਨੇ ਸੰਸਾਰ ਭਰ ਦੇ ਜਹਾਦੀ ਮਾਨਸਿਕਤਾ ਵਾਲੇ ਮੁਸਲਿਮ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਅਲ-ਕਾਇਦਾ ਦਾ ਪ੍ਰਭਾਵ ਘਟਦਾ ਵੇਖਦੇ ਹੋਏ ਇਸ ਦੇ ਮੁਖੀ ਐਮਾਨ ਅਲ-ਜਵਾਹਰੀ ਨੇ ਵੀ ਇੱਕ ਵੀਡੀਓ ਟੇਪ ਜਾਰੀ ਕਰ ਕੇ ਦੱਖਣੀ ਏਸ਼ੀਆ ਵਿਚ ਜਹਾਦ ਤੇਜ਼ ਕਰਨ ਲਈ ਅਲ-ਕਾਇਦਾ ਦਾ ਵਿਸ਼ੇਸ਼ ਵਿੰਗ ਸੰਗਠਤ ਕਰਨ ਦਾ ਦਾਅਵਾ ਕੀਤਾ ਹੈ। ਇਹ ਵਿੰਗ ਮਿਆਂਮਾਰ (ਬਰਮਾ), ਬੰਗਲਾ ਦੇਸ਼ ਤੋਂ ਬਿਨਾਂ ਭਾਰਤ ਦੇ ਆਸਾਮ, ਗੁਜਰਾਤ ਅਹਿਮਦਾਬਾਦ ਅਤੇ ਕਸ਼ਮੀਰ ਵਿਚ ਮੁਸਲਮਾਨਾਂ ਉਪਰ ਹੋ ਰਹੇ ਕਥਿਤ ਅੱਤਿਆਚਾਰਾਂ ਨੂੰ ਰੋਕਣ ਅਤੇ ਬਦਲਾ ਲੈਣ ਲਈ ਕਾਰਵਾਈ ਕਰੇਗਾ।
ਭਾਰਤ ਲਈ ਨਿਰਸੰਦੇਹ ਇਹ ਸਥਿਤੀ ਚਿੰਤਾਜਨਕ ਹੈ। ਦੇਸ਼ ਦਾ ਹਿੰਸਕ ਬਟਵਾਰਾ, ਕਸ਼ਮੀਰ ਨੂੰ ਲੈ ਕੇ ਲੜੀਆਂ ਗਈਆਂ ਲੜਾਈਆਂ, ਪੂਰਬੀ ਪਾਕਿਸਤਾਨ ਦੇ ਬੰਗਲਾ ਦੇਸ਼ ਵਜੋਂ ਅਲਹਿਦਾ ਹੋ ਜਾਣ ਵਿਚ ਭਾਰਤ ਦੀ ਭੂਮਿਕਾ ਨੂੰ ਇਸਲਾਮਿਕ ਹਲਕਿਆਂ ਵਲੋਂ ਪਾਕਿਸਤਾਨ ਦੀ ਹੋਂਦ ਮਿਟਾ ਦੇਣ ਦੇ ਭਾਰਤ ਦੇ ਮਨਸੂਬੇ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ। ਭਾਰਤੀ ਮੁਸਲਮਾਨ ਭਾਈਚਾਰਾ ਆਜ਼ਾਦੀ ਪਿੱਛੋਂ ਚਾਰ ਦਹਾਕਿਆਂ ਤੀਕ ਪਾਕਿਸਤਾਨ ਦੇ ਬਹਿਕਾਵੇ ਵਿਚ ਨਹੀਂ ਆਇਆ। ਇਹ ਗੱਲ ਅਮਰੀਕਾ ਦੇ ਪ੍ਰਧਾਨ ਜਾਰਜ ਬੁਸ਼ ਨੇ ਕਈ ਵਾਰ ਜਨਤਕ ਤੌਰ ‘ਤੇ ਵੀ ਚਿਤਾਰੀ ਸੀ ਕਿ ਪਾਕਿਸਤਾਨ ਨਾਲੋਂ ਵੀ ਵਧੇਰੇ ਮੁਸਲਿਮ ਆਬਾਦੀ ਵਾਲੇ ਭਾਰਤ ਦਾ ਇੱਕ ਵੀ ਮੁਸਲਮਾਨ ਅਲ-ਕਾਇਦਾ ਵਿਚ ਸ਼ਾਮਲ ਨਹੀਂ ਹੋਇਆ।
ਰਾਮ ਮੰਦਰ ਦੇ ਨਿਰਮਾਣ ਨੂੰ ਮੁੱਦਾ ਬਣਾ ਕੇ ਹਿੰਦੂਤਵਵਾਦੀ ਅਨਸਰਾਂ ਨੇ ਜ਼ੋਰਦਾਰ ਅਭਿਆਨ ਚਲਾਇਆ ਸੀ। ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਜਸੀ ਲਾਹਾ ਲੈਣ ਲਈ ਰੱਥ ਯਾਤਰਾ ਕੱਢੀ ਜਿਸ ਨਾਲ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਦਾ ਮੁੱਦਾ ਬਹੁਤ ਗਰਮਾ ਗਿਆ। ਬਾਬਰੀ ਮਸਜਿਦ ਦਾ ਢਾਂਚਾ ਤੋੜੇ ਜਾਣ ਸਮੇਂ ਹਿੰਦੂ ਸੰਗਠਨਾਂ ਤੋਂ ਇਲਾਵਾ ਭਾਜਪਾ ਦੇ ਚੋਟੀ ਦੇ ਨੇਤਾ ਵੀ ਮੌਕੇ ‘ਤੇ ਹਾਜ਼ਰ ਸਨ। ਦੇਸ਼ ਦੇ ਬਟਵਾਰੇ ਤੋਂ ਪਿੱਛੋਂ ਇਹ ਵੱਡੀ ਘਟਨਾ ਸੀ ਜਿਸ ਨੇ ਭਾਰਤੀ ਮੁਸਲਮਾਨਾਂ ਦੀ ਮਾਨਸਿਕਤਾ ਉਪਰ ਗਹਿਰੀ ਸੱਟ ਮਾਰੀ। ਇਸ ਪਿੱਛੋਂ ਬੰਬਈ ਬੰਬ ਧਮਾਕੇ ਅਤੇ ਫਿਰ 2002 ਵਿਚ ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗੇ ਮਸਜਿਦ-ਮੰਦਰ ਦੇ ਭੇੜ ਵਿਚੋਂ ਹੀ ਨਿਕਲੇ।
ਮੰਨਿਆ ਜਾਂਦਾ ਹੈ ਕਿ ਸ੍ਰੀ ਰਾਮ ਦੇ ਮਹਾਂਬਲੀ ਪੁਰਖੇ ਰਾਜਾ ਮਾਨਧਾਤਾ ਦਾ ਰੱਥ ਜਿੱਧਰੋਂ ਲੰਘਦਾ ਸੀ, ਉਸ ਦੇ ਪਹੀਏ ਧਰਤੀ ਵਿਚ ਪਾੜ ਪਾ ਦਿੰਦੇ ਸਨ। ਇਨ੍ਹਾਂ ਪਾੜਾਂ ਵਿਚ ਪਾਣੀ ਭਰ ਕੇ ਵਗਣ ਨਾਲ ਹੀ ਭਾਰਤ ਦੇ ਦਰਿਆ ਹੋਂਦ ਵਿਚ ਆਏ। ਮਿਥਾਂ ਦਾ ਆਪਣਾ ਹੀ ਤਰਕ ਹੁੰਦਾ ਹੈ। ਇਸ ਮਿੱਥ ਦਾ ਉਦੇਸ਼ ਸਾਡੇ ਦਰਿਆਵਾਂ ਦੀ ਉਤਪਤੀ ਨਾਲ ਨਹੀਂ, ਸਗੋਂ ਮਾਨਧਾਤਾ ਦੇ ਬਾਹੂਬਲ ਦਾ ਅਲੰਕਾਰਕ ਵਰਣਨ ਹੈ, ਪਰ ਅਡਵਾਨੀ ਦਾ ਰਾਮ ਰੱਥ ਮਾਨਧਾਤਾ-ਰੱਥ ਸਾਬਤ ਹੋਇਆ ਜਿਸ ਨੇ ਭਾਰਤ ਦੇ ਦੋ ਵੱਡੇ ਫਿਰਕਿਆਂ ਵਿਚ ਪਾੜ ਜ਼ਰੂਰ ਪਾ ਦਿੱਤਾ। ਇਸ ਪਾੜ ਵਿਚ ਹਿੰਸਾ ਅਤੇ ਨਫ਼ਰਤ ਦੇ ਖ਼ੂਨੀ ਪਾਣੀ ਸੁੱਕਣ ਦਾ ਨਾਮ ਨਹੀਂ ਲੈ ਰਹੇ।
ਬਾਹਰੀ ਭੜਕਾਹਟ ਨੂੰ ਜਿਸ ਭਾਰਤੀ ਮੁਸਲਿਮ ਭਾਈਚਾਰੇ ਨੇ ਦਹਾਕਿਆਂ ਤੀਕ ਆਮ ਕਰ ਕੇ ਨਜ਼ਰਅੰਦਾਜ਼ ਕਰੀ ਰੱਖਿਆ, ਉਸ ਦੀ ਮਾਨਸਿਕਤਾ ਨੂੰ ਅੰਦਰੂਨੀ ਅਤੇ ਬਾਹਰੀ ਭੜਕਾਹਟ ਨੇ ਮਿਲ ਕੇ ਕਿਸੇ ਹੱਦ ਤੀਕ ਪ੍ਰਭਾਵਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸਲਾਮਿਕ ਸਟੇਟ ਦੀ ਚਮਤਕਾਰੀ ਪੇਸ਼ਕਦਮੀ ਤੋਂ ਪ੍ਰਭਾਵਤ ਹੋ ਕੇ ਕੁਝ ਮੁਸਲਿਮ ਨੌਜਵਾਨਾਂ ਦੇ ਉਸ ਦੇ ਲੜਾਕੂਆਂ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਅਲ-ਕਾਇਦਾ ਦੇ ਘਟਦੇ ਪ੍ਰਭਾਵ ਨੂੰ ਰੋਕਣ ਲਈ ਐਮਾਨ ਅਲ-ਜਵਾਹਰੀ ਵਲੋਂ ਦੱਖਣੀ ਏਸ਼ੀਆ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰਨਾ ਅਲ-ਕਾਇਦਾ ਲਈ ਹੋਂਦ ਦਾ ਸੁਆਲ ਹੈ। ਅਮਰੀਕੀ ਫ਼ੌਜੀਆਂ ਦੀ ਵਾਪਸੀ ਪਿੱਛੋਂ ਅਫ਼ਗਾਨਿਸਤਾਨ ਦੇ ਫਰੰਟ ਤੋਂ ਵਿਹਲੇ ਹੋਏ ਅਤੇ ਪਾਕਿਸਤਾਨ ਸੈਨਾ ਵਲੋਂ ਸਰਹੱਦੀ ਇਲਾਕੇ ਵਿਚੋਂ ਖਦੇੜੇ ਜਹਾਦੀਆਂ ਦੀ ਵਰਤੋਂ ਭਾਰਤ, ਬੰਗਲਾ ਦੇਸ਼ ਅਤੇ ਮਿਆਂਮਾਰ ਵਿਚ ਕੀਤੀ ਜਾ ਸਕਦੀ ਹੈ। ਇਸ ਪੈਂਤੜੇ ਵਿਚ ਪਾਕਿਸਤਾਨੀ ਜਹਾਦੀ ਵੀ ਉਸ ਦੇ ਭਾਈਵਾਲ ਹੋਣਗੇ।
ਜਹਾਦੀਆਂ ਦਾ ਇਹ ਨਵਾਂ ਪੈਂਤੜਾ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਮੁਸ਼ਕਲਾਂ ਵਿਚ ਨਿਰਸੰਦੇਹ ਵਾਧਾ ਹੋਵੇਗਾ। ਮੁਸਲਿਮ ਵਿਰੋਧੀ ਮੰਨੀ ਜਾਂਦੀ ਆਰæਐਸ਼ਐਸ਼ ਵਲੋਂ ਮਨੋਨੀਤ ਹੋਣ ਕਰ ਕੇ ਅਤੇ ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗਿਆਂ ਸਮੇ ਉਸ ਦੀ ਵਿਵਾਦ ਵਾਲੀ ਭੂਮਿਕਾ ਜਹਾਦੀਆਂ ਲਈ ਮੁਸਲਿਮ ਜਜ਼ਬਾਤ ਭੜਕਾਉਣ ਵਿਚ ਅਸਰਦਾਰ ਪ੍ਰਾਪੇਗੰਡੇ ਦੇ ਹਥਿਆਰ ਵਜੋਂ ਵਰਤੀ ਜਾਵੇਗੀ। ਅਜਿਹੀ ਸਥਿਤੀ ਵਿਚ ਕਲੀਨ ਚਿਟਾਂ ਕੰਮ ਨਹੀਂ ਆਉਂਦੀਆਂ ਹੁੰਦੀਆਂ। ਉਪਰੋਂ ਖੁਦ ਬੀæਜੇæਪੀæ ਦੇ ਕੁਝ ਕੱਟੜਪੰਥੀ ਹਿੰਦੂਵਾਦੀ ਆਏ ਦਿਨ ਭੜਕਾਹਟ ਪੈਦਾ ਕਰਨ ਵਾਲੇ ਬਿਆਨ ਦਾਗ ਰਹੇ ਹਨ। ਇਨ੍ਹਾਂ ਬਾਰੇ ਅਜੇ ਤੀਕ ਨਰੇਂਦਰ ਮੋਦੀ ਨੇ ਪੂਰਨ ਚੁੱਪ ਧਾਰੀ ਹੋਈ ਹੈ। ਇਸ ਲਈ ਸੰਦੇਹ ਪੈਦਾ ਹੋਣਾ ਕੁਦਰਤੀ ਹੈ।
ਕਾਰਪੋਰੇਟ ਜਗਤ, ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ, ਸੁੱਖ-ਸੁਵਿਧਾ ਦੇ ਭੁੱਖੇ ਮੱਧ ਵਰਗ ਅਤੇ ਭਵਿੱਖ ਬਾਰੇ ਚਿੰਤਤ ਨੌਜਵਾਨ ਪੀੜ੍ਹੀ ਨੂੰ ਚੰਗੇ ਦਿਨਾਂ ਦੇ ਮਨਮੋਹਕ ਸੁਪਨੇ ਵਿਖਾ ਕੇ ਪ੍ਰਾਪਤ ਕੀਤੀ ਸੱਤਾ ਦੀਆਂ ਹਾਂ ਪੱਖੀ ਸੰਭਾਵਨਾ ਜੇ ਫਿਰਕੂ ਸੇਕ ਵਿਚ ਝੁਲਸ ਗਈਆਂ ਤਾਂ ਮੋਦੀ ਅਤੇ ਭਾਰਤ- ਦੋਹਾਂ ਦੀ ਵੱਡੀ ਬਦਨਸੀਬੀ ਹੋਵੇਗੀ।
ਧਰਮ ਨਿਰਲੇਪ ਪੇਸ਼ੇਵਰ ਫੌਜ, ਆਜ਼ਾਦ ਨਿਆਂ ਪ੍ਰਣਾਲੀ, ਨਿਰਪੱਖ ਚੋਣ ਕਮਿਸ਼ਨ ਸਾਡੀ ਸ਼ਕਤੀ ਦੇ ਥੰਮ੍ਹ ਹਨ। ਅਫਸਰਸ਼ਾਹੀ ਨੂੰ ਕਾਫੀ ਹੱਦ ਤੀਕ ਅਤੇ ਪੁਲਿਸ ਬਲਾਂ ਨੂੰ ਰਾਜਨੀਤਕ ਦਖ਼ਲ ਨਾਲ ਬੁਰੀ ਤਰ੍ਹਾਂ ਭ੍ਰਿਸ਼ਟ ਤੇ ਨਿਕੰਮੇ ਬਣਾ ਦਿੱਤਾ ਗਿਆ ਹੈ। ਇਹ ਰੁਝਾਨ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਭਾਰਤੀਅਤਾ ਦਾ ਹਰਿਆਵਲ ਹੋਣ ਦਾ ਦਾਅਵਾ ਕਰਨ ਵਾਲੇ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਮਨ, ਬਚਨ ਅਤੇ ਕਰਮ ਦੇ ਪੱਖੋਂ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਘੱਟ-ਗਿਣਤੀ ਫਿਰਕਿਆਂ, ਖਾਸ ਕਰ ਕੇ ਮੁਸਲਮਾਨਾਂ ਦੇ ਮਨ ਵਿਚ ਉਪਰਾਮਤਾ ਅਤੇ ਬੇਦਿਲੀ ਪੈਦਾ ਹੋਵੇ।
ਮਹਾਨ ਮਾਨਵਵਾਦੀ ਚਿੰਤਕ ਕ੍ਰਿਸ਼ਨਾਮੂਰਤੀ ਜੀ ਸਾਡੀ ਅਸਫਲਤਾ ਦਾ ਵੱਡਾ ਕਾਰਨ ਇਹ ਮੰਨਦੇ ਹਨ ਕਿ ਪੈਦਾ ਹੋਣ ਵਾਲੀਆਂ ਵੰਗਾਰਾਂ ਨਵੀਆਂ ਹੁੰਦੀਆਂ ਹਨ, ਪਰ ਅਸੀਂ ਉਨ੍ਹਾਂ ਨੂੰ ਪੁਰਾਣੀ ਸੋਚ ਅਨੁਸਾਰ ਹੱਲ ਕਰਨ ਦਾ ਯਤਨ ਕਦੇ ਹਾਂ। ਅੱਜ ਦਾ ਜਹਾਦ ਨਾ ਤਾਂ ਮੱਧ ਕਾਲ ਵਾਲਾ ਜਹਾਦ ਹੈ, ਨਾ ਹੀ ਭਾਰਤ ਅੰਦਰ ਸਮੇਂ-ਸਮੇਂ ਉਠਦੇ ਰਹੇ ਵੱਖਵਾਦ/ਅਤਿਵਾਦ ਤੇ ਖਾੜਕੂਵਾਦ ਵਰਗਾ ਹੈ। ਅੱਜ ਦੇ ਜਹਾਦੀਆਂ ਦੇ ਹਥਿਆਰ, ਪ੍ਰਬੰਧ ਅਤੇ ਮਨਸੂਬੇ ਵੱਖਰੇ ਹਨ। ਇਨ੍ਹਾਂ ਨੂੰ ਨਾਕਾਮ ਕਰਨ ਲਈ ਸਾਡੇ ਹੁਕਮਰਾਨਾਂ, ਖ਼ੁਫ਼ੀਆ ਤੰਤਰ, ਸੈਨਿਕ ਤੇ ਪੁਲਿਸ ਬਲਾਂ ਨੂੰ ਨਵੀਂ ਯੁੱਧ ਨੀਤੀ ਘੜਨੀ ਪੈਣੀ ਹੈ।
Leave a Reply