ਬੂਟਾ ਸਿੰਘ
ਫੋਨ: 91-94634-74342
ਪੰਜ ਸਤੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੂਰੇ ਮੁਲਕ ਦੇ ਸਕੂਲੀ ਬੱਚਿਆਂ ਉਪਰ ਥੋਪਿਆ ਭਾਸ਼ਣ ਹਿੰਦੂਤਵਵਾਦੀਆਂ ਦੀ ਕਾਰਜ-ਸ਼ੈਲੀ ਦਾ ਟਕਸਾਲੀ ਨਮੂਨਾ ਹੋ ਨਿੱਬੜਿਆ। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਅਗਾਊਂ ਲਿਖਤੀ ਨਿਰਦੇਸ਼ ਭੇਜ ਰੱਖਿਆ ਸੀ ਕਿ ਭਾਸ਼ਣ ਤੋਂ ਪਿੱਛੋਂ ਮੰਤਰਾਲਾ ਭਾਸ਼ਣ ਸੁਣਨ ਵਾਲੇ ਸਕੂਲਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਦੀ ਰਿਪੋਰਟ ਚੈਕ ਕਰੇਗਾ। ਮੋਦੀ ਹਕੂਮਤ ਦੀ ਹਦਾਇਤ ‘ਤੇ ਸਕੂਲਾਂ ਨਾਲ ਸਬੰਧਤ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ (ਸੀæਬੀæਐਸ਼ਈæ) ਅਤੇ ਹੋਰ ਅਥਾਰਟੀਜ਼ ਵਲੋਂ ਸੀæਬੀæਐਸ਼ਈæ, ਡਾਇਰੈਕਟੋਰੇਟ ਆਫ ਐਜੂਕੇਸ਼ਨ, ਕੇਂਦਰੀ ਵਿਦਿਆਲਿਆ ਸੰਗਠਨ ਸਮੇਤ ਸਕੂਲੀ ਪ੍ਰਣਾਲੀ ਦੀ ਹਰ ਅਥਾਰਟੀ ਨੂੰ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ‘ਅਧਿਆਪਕ ਦਿਵਸ’ ਉਪਰ ਸ੍ਰੀਮਾਨ ਮੋਦੀ ਦੇ ‘ਗੁਰੂ ਮਹਾਂ-ਉਤਸਵ’ ਭਾਸ਼ਣ ਅਤੇ ਇਸ ਮੌਕੇ ਦਿੱਲੀ ਦੇ ਮਾਣਕਸ਼ਾਹ ਆਡੀਟੋਰੀਅਮ ਵਿਚ ਰਾਜਧਾਨੀ ਦੇ ਵੱਖੋ-ਵੱਖਰੇ ਸਕੂਲਾਂ ਦੇ 1000 ਵਿਦਿਆਰਥੀਆਂ ਨਾਲ ਉਸ ਦੇ ਵਿਚਾਰ-ਵਟਾਂਦਰੇ ਦਾ ਸਿੱਧਾ ਪ੍ਰਸਾਰਨ ਪੂਰੇ ਮੁਲਕ ਦੇ ਇਕ ਕਰੋੜ ਵੀਹ ਲੱਖ ਸਕੂਲੀ ਵਿਦਿਆਰਥੀਆਂ ਨੂੰ ਸੈਟੇਲਾਈਟ, ਦੂਰਦਰਸ਼ਨ ਤੇ ਮੰਤਰਾਲੇ ਦੀ ਵੈਬਸਾਈਟ ਰਾਹੀਂ ਸੁਣਾਉਣ ਲਈ ਸਾਰੇ ਸਕੂਲਾਂ ਅੰਦਰ ਟੀæਵੀæ ਸੈਟ ਤੇ ਹੋਰ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਅਤੇ ਸਾਰੇ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਖ਼ਾਤਰ ਸਕੂਲ ਦਾ ਆਮ ਸਮਾਂ ਸਵੇਰ 8 ਤੋਂ 2 ਵਜੇ ਨੂੰ ਧੱਕੇ ਨਾਲ ਬਦਲ ਕੇ 2æ30 ਤੋਂ ਸ਼ਾਮ ਪੌਣੇ ਪੰਜ ਵਜੇ ਤਕ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਬੁਲਾਰੇ ਅਤੇ ਮਸ਼ਹੂਰ ਸਿਖਿਆ ਸ਼ਾਸਤਰੀ ਯੋਗਿੰਦਰ ਯਾਦਵ ਨੇ ਐਨ ਸਹੀ ਕਿਹਾ ਹੈ ਕਿ ਇਹ ਹਰ ਕਾਇਦੇ-ਕਾਨੂੰਨ ਨੂੰ ਸਾਹਿਬਾਂ ਦੀ ਸਹੂਲਤ ਮੁਤਾਬਕ ਬਦਲ ਦੇਣ ਦਾ ਵੀæਵੀæਆਈæਪੀæ ਸਭਿਆਚਾਰ ਹੈ।
ਮੋਦੀ ਦਾ ਸ਼ਾਹੀ ਫਰਮਾਨ ਲਾਗੂ ਕਰਨ ਲਈ ਕੇਂਦਰ ਤੋਂ ਲੈ ਕੇ ਹੇਠਲੇ ਪੱਧਰਾਂ ਤਕ ਸਮੁੱਚੇ ਮੁਲਕ ਦਾ ਪ੍ਰਸ਼ਾਸਨਿਕ ਢਾਂਚਾ ਪੱਬਾਂ ਭਾਰ ਹੋ ਗਿਆ। ਮੋਦੀ ਜੋ ਇੱਥੋਂ ਤਾਈਂ ਖ਼ਬਰ ਰੱਖਦਾ ਹੈ ਕਿ ਵਿਦੇਸ਼ ਦੌਰੇ ‘ਤੇ ਜਾਣ ਵਕਤ ਉਸ ਦੇ ਮੰਤਰੀ ਕਿਹੜਾ ਪਹਿਰਾਵਾ ਪਹਿਨਦੇ ਹਨ, ਉਸ ਦੀ ਦਹਿਸ਼ਤ ਤੋਂ ਹਰ ਕੋਈ ਭੈਅਭੀਤ ਸੀ। ਲਿਹਾਜ਼ਾ, ਪਹਿਲਾਂ ਹੀ ਫੰਡਾਂ ਤੇ ਸਰਕਾਰੀ ਸਹਾਇਤਾ ਦੀ ਮਹਾਂ-ਤੋਟ ਦਾ ਸਾਹਮਣਾ ਕਰ ਰਹੇ ਸਰਕਾਰੀ ਸਕੂਲਾਂ ਦੇ ਮੁਖੀ ਹੱਥਲੇ ਨਿਗੂਣੇ ਵਸੀਲੇ ਤੇ ਫੰਡ ‘ਗੁਰੂ ਮਹਾਂ-ਉਤਸਵ’ ਭਾਸ਼ਣ ਸੁਣਾਉਣ ਦੇ ਇੰਤਜ਼ਾਮਾਂ ‘ਚ ਖ਼ਰਚਣ ਲਈ ਮਜਬੂਰ ਹੋ ਗਏ। ਦੂਜੇ ਪਾਸੇ, ਅੰਗਰੇਜ਼ੀ ਤੇ ਪੱਛਮੀ ਮੁੱਲਾਂ ਦੀ ਆਰਤੀ ਉਤਾਰਨ ਦੀ ਗ਼ੁਲਾਮ ਜ਼ਿਹਨੀਅਤ ਦਾ ‘ਚਾਨਣ’ ਵੰਡਣ ਵਾਲੇ ਕਾਨਵੈਂਟ ਸਕੂਲਾਂ ਨੇ ਇਨ੍ਹਾਂ ਇੰਤਜ਼ਾਮਾਂ ‘ਚ ਉਚੇਚੀ ਦਿਲਚਸਪੀ ਦਿਖਾਈ ਕਿਉਂਕਿ ‘ਅਧਿਆਪਕ ਦਿਵਸ’ ਅਤੇ ਇਸ ਖ਼ਾਸ ਦਿਨ ਉਪਰ ਅਧਿਆਪਕਾਂ ਦੇ ਸਰੋਕਾਰਾਂ ਦੀ ਉਚੇਚੀ ਚਰਚਾ ਉਨ੍ਹਾਂ ਦੇ ਪ੍ਰਸ਼ਾਸਨਿਕ ਢਾਂਚੇ ਤੇ ਵਿਦਿਆ ਬਜ਼ਾਰ ਦੇ ਹਿੱਤਾਂ ਨਾਲ ਸਿੱਧਾ ਟਕਰਾਉਂਦੀ ਹੈ। ਜਿਥੇ ਫ਼ੀਸਾਂ-ਫੰਡ ਤਾਂ ਫਿਰੌਤੀ ਦੀ ਤਰਜ਼ ‘ਤੇ ਵਸੂਲੇ ਜਾਂਦੇ ਹਨ ਪਰ ਅਧਿਆਪਕਾਂ-ਅਧਿਆਪਕਾਵਾਂ ਦੀ ਸੁਪਰ ਲੁੱਟ-ਖਸੁੱਟ ਵੀ ਸਾਰੇ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚਲਾਈਆਂ ਜਾਂਦੀਆਂ ਨਿੱਜੀ ਫੈਕਟਰੀਆਂ ਦੀ ਤਰਜ਼ ‘ਤੇ ਕੀਤੀ ਜਾਂਦੀ ਹੈ। ਦਿੱਲੀ ਪਬਲਿਕ ਸਕੂਲ ਅਤੇ ਨੋਇਡਾ (ਦਿੱਲੀ) ਦੇ ਬਾਲ ਭਾਰਤੀ ਪਬਲਿਕ ਸਕੂਲ ਦੇ ਪ੍ਰਸ਼ਾਸਨ ਵਲੋਂ ਇਸ ਬਾਬਤ ਚੁੱਕੇ ਕਦਮ ਇਸ ਦੀ ਆਹਲਾ ਮਿਸਾਲ ਹਨ। ਦਿੱਲੀ ਪਬਲਿਕ ਸਕੂਲ ਨੇ ਤਾਂ ਸਿੱਧਾ ਸਰਕੂਲਰ ਜਾਰੀ ਕਰ ਦਿੱਤਾ ਕਿ ‘ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਹੈ ਅਤੇ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਇਮਤਿਹਾਨਾਂ ਕਾਰਨ ਬਾਲ ਭਾਰਤੀ ਪਬਲਿਕ ਸਕੂਲ ਦੇ ਪ੍ਰਸ਼ਾਸਨ ਨੇ ਆਪਣੇ ਬੱਚਿਆਂ ਨੂੰ ਆਪਣੇ ਘਰ ਰਹਿ ਕੇ ਮੋਦੀ ਦਾ ਭਾਸ਼ਣ ਇਹ ਫਰਮਾਨ ਜਾਰੀ ਕਰ ਕੇ ਸੁਣਨਾ ਲਾਜ਼ਮੀ ਬਣਾ ਦਿੱਤਾ ਕਿ ਅਗਲੇ ਦਿਨ ਉਨ੍ਹਾਂ ਦਾ ਇਸ ਦੇ ਆਧਾਰ ‘ਤੇ ਇਮਤਿਹਾਨ ਲਿਆ ਜਾਵੇਗਾ। ਸਕੂਲ ਦੇ ਸਰਕੂਲਰ ਅਨੁਸਾਰ ‘ਪੰਜਾਂ ਹੀ ਮੁੱਖ ਪਰਚਿਆਂ ਵਿਚੋਂ ਹਰ ਇਕ ਵਿਚ ਮੋਦੀ ਦੇ ਭਾਸ਼ਣ ਬਾਰੇ ਸਵਾਲ ਹੋਵੇਗਾ। ਇਸ ਹਰ ਸਵਾਲ ਦੇ ਦੋ ਨੰਬਰ ਲਗਾਏ ਜਾਣਗੇ।’ ਚੇਤੇ ਰਹੇ ਕਿ ਬੱਚਿਆਂ ਦੇ ਮਾਪਿਆਂ ਵਲੋਂ ‘ਗੁਰੂ ਮਹਾਂ-ਉਤਸਵ’ ਭਾਸ਼ਣ ਨੂੰ ਮੁੱਖ ਰੱਖ ਕੇ ਸਕੂਲ ਦਾ ਸਮਾਂ ਬਦਲਣ ਕਾਰਨ ਬੱਚਿਆਂ ਨੂੰ ਛੁੱਟੀ ਹੋਣ ‘ਤੇ ਸਕੂਲੋਂ ਖ਼ੁਦ ਲੈ ਕੇ ਜਾਣ ਦੀ ਪ੍ਰੇਸ਼ਾਨੀ ਦਾ ‘ਹੱਲ’ ਪ੍ਰਸ਼ਾਸਨ ਨੇ ਸਕੂਲ ਵਿਚ ਛੁੱਟੀ ਕਰ ਕੇ ਕੱਢ ਲਿਆ। ਇਸ ਭਾਸ਼ਣ ਨੂੰ ਇਮਤਿਹਾਨਾਂ ਦਾ ਸਵਾਲ ਬਣਾ ਕੇ ਭਾਸ਼ਣ ਪੂਰੇ ਗ਼ੌਰ ਨਾਲ ਸੁਣਨ ਦੀ ਤਾਕੀਦ ਕਰ ਦਿੱਤੀ ਗਈ। ਇਸ ਸਕੂਲ ਦੇ ਪ੍ਰਿੰਸੀਪਲ ਅਨੁਸਾਰ, ‘ਅੱਜਕੱਲ੍ਹ ਵਿਦਿਆਰਥੀ ਸਿਰਫ਼ ਇਮਤਿਹਾਨਾਂ ਤੇ ਨੰਬਰਾਂ ਦੀ ਭਾਸ਼ਾ ਹੀ ਸਮਝਦੇ ਹਨ।’
ਮੁਲਕ ਦੇ ਇਤਿਹਾਸ ਵਿਚ ਇਹ ਪਹਿਲੀ ਦਫ਼ਾ ਹੋਇਆ ਕਿ ਇਕ ਸਦਰ-ਏ-ਹਕੂਮਤ ਵਲੋਂ ਆਪਣਾ ਭਾਸ਼ਣ ਧੱਕੇ ਨਾਲ ਬੱਚਿਆਂ ਨੂੰ ਸੁਣਾਉਣ ਦੀ ਮਨਮਾਨੀ ਰਾਹੀਂ ਬੱਚਿਆਂ ਦੇ ਹੱਕਾਂ ਬਾਰੇ ਕੌਮਾਂਤਰੀ ਕਨਵੈਨਸ਼ਨ ਦੀ ਬੇਖ਼ੌਫ਼ ਹੋ ਕੇ ਉਲੰਘਣਾ ਕੀਤੀ ਗਈ ਜੋ ਕਹਿੰਦੀ ਹੈ ਕਿ ਬੱਚਿਆਂ ਨੂੰ ਆਪਣੀ ਰਾਇ ਆਪ ਬਣਾਉਣ ਤੇ ਰੱਖਣ ਦਾ ਹੱਕ ਹੈ। ਉਨ੍ਹਾਂ ਤੋਂ ਇਹ ਲਾਜ਼ਮੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਉਹ ਸਕੂਲ ਟਾਈਮ ਤੋਂ ਪਿੱਛੋਂ ਦੀ ਅਜਿਹੀ ਕਿਸੇ ਗ਼ੈਰ-ਤਾਲੀਮੀ ਸਰਗਰਮੀ ਵਿਚ ਹਿੱਸਾ ਲੈਣਾ ਚਾਹੁੰਣਗੇ ਜਾਂ ਨਹੀਂ? ਇਹ ਫਰਮਾਨ ਭਾਵੇਂ ਸਵਾਲਾਂ ਦੇ ਘੇਰੇ ਵਿਚ ਆ ਜਾਣ ਕਾਰਨ ਮਨੁੱਖੀ ਵਿਕਾਸ ਮੰਤਰਾਲੇ ਨੇ ਮੂੰਹ-ਜ਼ਬਾਨੀ ਇਹ ਸਫ਼ਾਈ ਪੇਸ਼ ਕੀਤੀ ਕਿ ਮੋਦੀ ਦਾ ਭਾਸ਼ਣ ਸੁਣਨਾ ਸਕੂਲਾਂ ਅਤੇ ਬੱਚਿਆਂ ਲਈ ਬੰਦਸ਼ ਦਾ ਸਵਾਲ ਨਹੀਂ, ਇਸ ਵਿਚ ਨਿਰੋਲ ਸਵੈ-ਇੱਛਾ ਨਾਲ ਸ਼ਾਮਲ ਹੋਇਆ ਜਾਵੇਗਾ ਪਰ ਇਸ ਦੇ ਨਾਲੋ-ਨਾਲ ਅਥਾਰਟੀਜ਼ ਵਲੋਂ ਸਾਰੇ ਸਕੂਲਾਂ ਨੂੰ ਇਨ੍ਹਾਂ ਹੁਕਮਾਂ ਦੀ ਤਾਮੀਲ ਦੀ ਸਟੇਟਸ ਰਿਪੋਰਟ 2 ਸਤੰਬਰ ਤਕ ਦੇਣ ਅਤੇ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉਪਰੋਂ ਕਿਸੇ ਵੀ ਵਕਤ ਚਾਣਚੱਕ ਚੈਕਿੰਗ ਲਈ ਤਿਆਰ ਰਹਿਣ ਦੀ ਤਲਵਾਰ ਸਕੂਲਾਂ ਉਪਰ ਲਟਕਾ ਦਿੱਤੀ ਗਈ। ਸਰਕਾਰੀ ਸਕੂਲਾਂ ਦੇ ਕਈ ਜਾਗਰੂਕ ਅਧਿਆਪਕਾਂ ਵਲੋਂ ਬੇਸ਼ੱਕ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਗਿਆ ਅਤੇ ਇਸ ਦੇ ਖ਼ਿਲਾਫ਼ ਬਹੁਤ ਥਾਂਈਂ ਰੋਸ ਵੀ ਪ੍ਰਗਟਾਏ ਗਏ। ਦਿੱਲੀ ਦੀਆਂ ਯੂਨੀਵਰਸਿਟੀਆਂ ਸਮੇਤ ਪੂਰੇ ਮੁਲਕ ਦੇ 97 ਉਚ ਸਿਖਿਆ ਵਿਗਿਆਨੀਆਂ, ਪ੍ਰੋਫੈਸਰਾਂ ਅਤੇ ਸਮਾਜੀ ਸਰੋਕਾਰ ਰੱਖਣ ਵਾਲੇ ਬੁੱਧੀਜੀਵੀਆਂ ਨੇ ਇਸ ਜ਼ਬਰਦਸਤੀ ਦੇ ਖਿਲਾਫ ਸਾਂਝਾ ਖੁੱਲ੍ਹਾ ਖ਼ਤ ਲਿਖ ਕੇ ਰੋਸ ਪ੍ਰਗਟਾਇਆ ਕਿ ‘ਪ੍ਰਧਾਨ ਮੰਤਰੀ ਮੁਲਕ ਦੇ ਅਧਿਆਪਕਾਂ ਦਾ ਮੁਖੀ ਨਹੀਂ ਹੈ ਅਤੇ ਉਸ ਨੂੰ ਬੱਚਿਆਂ ਨੂੰ ਉਨ੍ਹਾਂ ਦੇ ਰਹਿਮ ‘ਤੇ ਛੱਡ ਦੇਣਾ ਚਾਹੀਦਾ ਹੈ’; ਪਰ ਮੋਦੀ ਹਕੂਮਤ ਨੇ ਇਸ ਕੁਲ ਜਾਇਜ਼ ਵਿਰੋਧ ਨੂੰ ਗੌਲਿਆ ਤਕ ਨਹੀਂ।
ਸੱਤਾ ਦੇ ਗ਼ਰੂਰ ‘ਚ ਹਿੰਦੂਤਵਵਾਦੀ ਹੁਕਮਰਾਨਾਂ ਨੂੰ ਤਾਂ ਇਹ ਪ੍ਰਵਾਹ ਵੀ ਨਹੀਂ ਸੀ ਕਿ ‘ਅਧਿਆਪਕ ਦਿਵਸ’ ਨਿਰੋਲ ਅਧਿਆਪਕ ਭਾਈਚਾਰੇ ਦਾ ਖ਼ਾਸ ਦਿਨ ਹੈ। ਇਕ ਪ੍ਰਧਾਨ ਮੰਤਰੀ ਵਲੋਂ ਇਸ ਨੂੰ ਆਪਣਾ ਭਾਸ਼ਣ ਸੁਣਾਉਣ ਲਈ ਅਗਵਾ ਕਰ ਲੈਣ ਦਾ ਮਤਲਬ ਹੈ ਇਸ ਮੁਲਕ ਦੇ 50 ਲੱਖ ਅਧਿਆਪਕਾਂ ਕੋਲੋਂ ਇਸ ਦਿਨ ਦੇ ਖ਼ਾਸ ਹਕੂਕ ਖੋਹ ਲੈਣਾ। ਕੁਲ ਆਲਮ ਦੇ ਤਰਕ-ਸ਼ਾਸਤਰ ਦੀ ਕੋਈ ਵੀ ਦਲੀਲ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਵਲੋਂ ਇਸ ਦਿਨ ਨੂੰ ਅਗਵਾ ਕਰ ਲੈਣ ਦੀ ਬੇਹੂਦਗੀ ਅਤੇ ਅਧਿਆਪਕ ਭਾਈਚਾਰੇ ਦੀ ਸਪੇਸ ਉਪਰ ਧੌਂਸ ਨੂੰ ਜਾਇਜ਼ ਨਹੀਂ ਠਹਿਰਾ ਸਕਦੀ। ਇਸ ਦੇ ਵਿਰੋਧ ‘ਚ ਪੂਰੀ ਤਰ੍ਹਾਂ ਵਾਜਬ ਦਲੀਲ ਇਹ ਬਣਦੀ ਹੈ ਕਿ ਮੋਦੀ ਨੇ ਆਪਣਾ ਭਾਸ਼ਣ ਟੀæਵੀæ ਪ੍ਰਸਾਰਨ ਰਾਹੀਂ ਪੂਰੇ ਮੁਲਕ ਨੂੰ ਸੁਣਾਉਣ ਦਾ ਰਸਤਾ ਕਿਉਂ ਨਹੀਂ ਚੁਣਿਆ। ਉਸ ਨੂੰ ਪਤਾ ਹੈ ਕਿ ਉਸ ਦੇ ਫਰੇਬੀ ਦਾਅਵਿਆਂ ਤੇ ਲਾਰਿਆਂ ਦਾ ਜਾਦੂ ਹੁਣ ਕਾਟ ਨਹੀਂ ਕਰ ਸਕਦਾ। (ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵਲੋਂ ਮੋਦੀ ਦੀ ਘਟ ਰਹੀ ਹਰਮਨ-ਪਿਆਰਤਾ ਦਾ ਇਕਬਾਲ ਇਸ ਦੀ ਹਾਲੀਆ ਤਸਦੀਕ ਹੈ); ਪਰ ਮੋਦੀ ਉਪਰ ਤਾਂ ਕੁਲ ਆਲਮ ਦੇ ਤਾਨਾਸ਼ਾਹ ਓਬਾਮਾ ਦੀ ਨਕਲ ਕਰ ਕੇ ਸਕੂਲਾਂ ਨੂੰ ਮੁਖ਼ਾਤਬ ਹੋਣ ਦਾ ਭੂਤ ਸਵਾਰ ਸੀ। ਇਸ ਰੀਸ ਨੂੰ ਅੰਜਾਮ ਦੇਣ ਦੀ ਧੁੱਸ ‘ਚ ਉਹ ਇਹ ਵੀ ਭੁੱਲ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਸੰਵਿਧਾਨਕ ਦਰਜਾ ਅਤੇ ਉਸ ਦੀ ਭੂਮਿਕਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੰਵਿਧਾਨਕ ਭੂਮਿਕਾ ਤੋਂ ਬਿਲਕੁਲ ਵੱਖਰੇ ਹਨ। ‘ਅਧਿਆਪਕ ਦਿਵਸ’ ਨੂੰ ਅਗਵਾ ਕਰਨਾ ਤਾਂ ਹੋਰ ਵੀ ਬੇਹੂਦਗੀ ਹੈ।
ਮੋਦੀ ਦਾ ‘ਗੁਰੂ ਮਹਾਂ-ਉਤਸਵ’ ਭਾਸ਼ਣ ਉਨ੍ਹਾਂ ਸਰਕਾਰੀ ਸਕੂਲਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਤੇ ਬੱਚਿਆਂ ਲਈ ਕੀ ਮਾਇਨੇ ਰੱਖਦਾ ਹੈ ਜਿਥੇ ਏਸਰ (ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ) ਦੇ ਸਰਵੇਖਣ ਅਨੁਸਾਰ ਤੀਜੀ ਜਮਾਤ ਦੇ ਮਹਿਜ਼ 32æ6 ਫ਼ੀਸਦੀ ਬੱਚੇ ਹੀ ਪਹਿਲੀ ਜਮਾਤ ਦੇ ਪਾਠਕ੍ਰਮ ਦੀਆਂ ਕਿਤਾਬਾਂ ਪੜ੍ਹਨ ਦੇ ਕਾਬਲ ਹਨ। ਜਿਥੇ ਪੰਜਵੀਂ ਜਮਾਤ ਦੇ ਮਹਿਜ਼ 20 ਫ਼ੀਸਦੀ ਬੱਚੇ ਹੀ ਜ਼ਰਬ ਦੇ ਸਵਾਲ ਅਤੇ ਤੀਜੀ ਜਮਾਤ ਦੇ ਮਹਿਜ਼ 18æ9 ਫ਼ੀਸਦੀ ਬੱਚੇ ਹੀ ਘਟਾਓ ਦੇ ਸਾਧਾਰਨ ਸਵਾਲ ਹੱਲ ਕਰਨ ਦੇ ਕਾਬਲ ਹਨ। ਜਿਥੇ ਬੱਚਿਆਂ ਦਾ ਭਵਿੱਖ ਸਿਰਜਣ ਲਈ ਲਗਾਏ ‘ਗੁਰੂ’ ਮਰਦਮ-ਸ਼ੁਮਾਰੀਆਂ ਕਰਨ, ਪੋਲੀਓ ਦੀਆਂ ਬੂੰਦਾਂ ਪਿਆਉਣ, ਦੁਪਹਿਰ ਦੇ ਖਾਣੇ ਵਰਗੀਆਂ ਸ਼ੋਸ਼ੇਬਾਜ਼ ਸਕੀਮਾਂ ਲਾਗੂ ਕਰਨ ਅਤੇ ਚੋਣਾਂ ਕਰਵਾਉਣ ਵਾਲੇ ਕਾਰਿੰਦੇ ਬਣ ਕੇ ਰਹਿ ਗਏ ਹਨ।
ਖ਼ੈਰ! ਮੋਦੀ ਦਾ ‘ਗੁਰੂ ਮਹਾਂ-ਉਤਸਵ’ ਭਾਸ਼ਣ ਬੱਚਿਆਂ ਨੂੰ ਅਧਿਆਪਕ ਦਾ ਪੁਰਾਤਨ ‘ਗੁਰੂ’ ਵਾਲਾ ਮਾਣ-ਤਾਣ ਅਤੇ ਸਮਾਜੀ ਜ਼ਿੰਦਗੀ ਵਿਚ ਅਧਿਆਪਕ ਦੀ ਅਹਿਮੀਅਤ ਪਛਾਣਨ, ਅਧਿਆਪਕ ਦਾ ਸਤਿਕਾਰ ਬਹਾਲ ਕਰਨ, ਅਧਿਆਪਨ ਨੂੰ ਮਹਾਨ ਤੇ ਸਤਿਕਾਰਤ ਕਿੱਤੇ ਵਜੋਂ ਚੁਣਨ, ਬੱਚਿਆਂ ਨੂੰ ਮਨਪਸੰਦ ਸ਼ਖਸੀਅਤਾਂ ਦੀਆਂ ਜੀਵਨੀਆਂ ਪੜ੍ਹਨ, ਜਪਾਨ ਦੇ ਨਮੂਨੇ ‘ਤੇ ਸਕੂਲਾਂ ਦੀ ਸਫ਼ਾਈ ਬੱਚਿਆਂ ਤੇ ਅਧਿਆਪਕਾਂ ਵਲੋਂ ਮਿਲ ਕੇ ਕਰਨ, ਸਾਰੇ ਪੜ੍ਹੇ-ਲਿਖੇ ਸਾਬਕਾ ਅਫ਼ਸਰਾਂ ਨੂੰ ਹਫ਼ਤੇ ਵਿਚ ਕਿਤੇ ਨਾ ਕਿਤੇ ਵਿਦਿਆਰਥੀਆਂ ਦਾ ਇਕ ਪੀਰੀਅਡ ਲਾਜ਼ਮੀ ਲਾਉਣ ਦੀਆਂ ਮੱਤਾਂ ਦੇਣ, ਸਾਰੇ ਅਧਿਆਪਕਾਂ ਨੂੰ ਆਪਣੇ ਵਲੋਂ ਸਲਾਮ ਕਹਿਣ ਤੇ ਸ਼ੁਭ-ਇਛਾਵਾਂ ਦੇਣ ਦੀ ਰਸਮੀ ਕਵਾਇਦ ਤੋਂ ਅੱਗੇ ਨਹੀਂ ਗਿਆ। ਉਸ ਨੇ ਉਨ੍ਹਾਂ ਪੌਣੇ ਚੌਦਾਂ ਲੱਖ ਬੱਚਿਆਂ ਬਾਰੇ ਇਕ ਲਫ਼ਜ਼ ਵੀ ਨਹੀਂ ਉਚਰਿਆ ਜਿਨ੍ਹਾਂ ਲਈ ਇਸ ਮੁਲਕ ‘ਚ ਕੋਈ ਸਕੂਲ ਹੀ ਨਹੀਂ। ਯੂਨੈਸਕੋ ਦੀ ਹਾਲੀਆ ਰਿਪੋਰਟ ਅਨੁਸਾਰ ਕੁਲ ਆਲਮ ਦੇ 6 ਤੋਂ 11 ਸਾਲ ਦੀ ਉਮਰ ਦੇ ਸਕੂਲੀ ਪੜ੍ਹਾਈ ਤੋਂ ਪੂਰੀ ਤਰ੍ਹਾਂ ਮਹਿਰੂਮ 5 ਕਰੋੜ 78 ਲੱਖ ਬੱਚਿਆਂ ਵਿਚੋਂ 13 ਲੱਖ 80 ਹਜ਼ਾਰ ਉਸ ਮੁਲਕ ਵਿਚ ਹਨ ਜਿਸ ਦਾ ਪ੍ਰਧਾਨ ਮੰਤਰੀ ਸ੍ਰੀਮਾਨ ਮੋਦੀ ਹੈ। (ਹਿੰਦੁਸਤਾਨ ਟਾਈਮਜ਼ 13 ਜੁਲਾਈ 2014) ਪੂਰੇ ਮੁਲਕ ਦੀ ਸਿੱਖਿਆ ਪ੍ਰਣਾਲੀ ਦਾ ਬੇੜਾ ਗ਼ਰਕ ਕਰਨ ਵਾਲੇ ਕਾਰਪੋਰੇਟ ਵਿਕਾਸ ਮਾਡਲ (ਉਦਾਰੀਕਰਨ-ਨਿੱਜੀਕਰਨ-ਆਲਮੀਕਰਨ) ਦੀਆਂ ਨੀਤੀਆਂ ਦੀ ਤਬਾਹਕੁਨ ਭੂਮਿਕਾ ਨੂੰ ਪੂਰੀ ਚਲਾਕੀ ਨਾਲ ਦਰਕਿਨਾਰ ਕਰ ਕੇ ਉਸ ਨੇ ਸਾਰਾ ਇਲਜ਼ਾਮ ਮੁਲਕ ਦੇ ਲੋਕਾਂ ਸਿਰ ਮੜ੍ਹ ਦਿੱਤਾ, ਜਿਨ੍ਹਾਂ ਨੂੰ ਹੁਣ ‘ਗੁਰੂ’ ਦੀ ਕਦਰ ਕਰਨੀ ਨਹੀਂ ਆਉਂਦੀ। ਆਪਣੇ 15 ਅਗਸਤ ਦੇ ਭਾਸ਼ਣ ਵਿਚ ਇਸ ਸਾਲ ਦੇ ਅੰਤ ਤਾਈਂ ਸਾਰੇ ਸਕੂਲਾਂ ਵਿਚ ਕੁੜੀਆਂ ਲਈ ਪਖ਼ਾਨਿਆਂ ਦਾ ਇੰਤਜ਼ਾਮ ਕਰਨ ਸਬੰਧੀ ਕੀਤੇ ਆਪਣੇ ਵਾਅਦੇ ਨੂੰ ਦੁਹਰਾਉਂਦੇ ਹੋਏ ਉਹ ਇਹ ਪ੍ਰਭਾਵ ਦੇ ਰਿਹਾ ਸੀ ਜਿਵੇਂ ਪਖ਼ਾਨਿਆਂ ਦੀ ਅਣਹੋਂਦ ਹੀ ਸਿੱਖਿਆ ਪ੍ਰਣਾਲੀ ਅੱਗੇ ਇਕੋ-ਇਕ ਸਮੱਸਿਆ ਹੋਵੇ। ਉਸ ਦੇ ਭਾਸ਼ਣ ਵਿਚ ਇਸ ਮੁਲਕ ਦੀ ਸਿੱਖਿਆ ਨੂੰ ਦਰਪੇਸ਼ ਇਕ ਵੀ ਮਸਲੇ ਦਾ ਸੰਜੀਦਾ ਜ਼ਿਕਰ ਅਤੇ ਇਸ ਦਾ ਕੋਈ ਠੋਸ ਪੂਰੀ ਤਰ੍ਹਾਂ ਨਦਾਰਦ ਸੀ। ਉਸ ਦੇ ਬੋਲਾਂ ਵਿਚੋਂ ਇਕੋ ਗੱਲ ਝਲਕਦੀ ਸੀ ਜਿਵੇਂ ਵਿਦੇਸ਼ੀ ਦੌਰਿਆਂ, ਖ਼ਾਸ ਕਰ ਕੇ ਜਪਾਨ ਫੇਰੀ ਤੋਂ ਉਹ ਕੋਈ ਜਾਦੂ ਦੀ ਛੜੀ ਲੱਭ ਲਿਆਇਆ ਹੋਵੇ ਜਿਸ ਦੀ ਮਦਦ ਨਾਲ ਉਹ ਝੱਟਪੱਟ ਸਿਖਿਆ ਅਤੇ ਅਧਿਆਪਕਾਂ ਦੇ ਮਾਣ-ਤਾਣ ਨੂੰ ਨਿਘਾਰ ਦੇ ਪਤਾਲ ਵਿੱਚੋਂ ਧੂਹ ਕੇ ਅੰਬਰੀ ਬੁਲੰਦੀਆਂ ‘ਤੇ ਪਹੁੰਚਾ ਦੇਵੇਗਾ। ਸੱਚੀ ਹੀ ਮੋਦੀ ਦੇ ‘ਥਿੰਕ-ਟੈਂਕ’ ਨੂੰ ਹਿਟਲਰਨੁਮਾ ‘ਰਾਸ਼ਟਰਵਾਦੀ’ ਭਾਸ਼ਣ ਉਸ ਦੇ ਮੂੰਹੋਂ ਕਢਵਾਉਣ ਲਈ ਕਿੰਨੀ ਮਗਜ਼-ਖਪਾਈ ਕਰਨੀ ਪੈ ਰਹੀ ਹੈ ਤੇ ਕਿੰਨੇ ਪਾਪੜ ਵੇਲਣੇ ਪੈ ਰਹੇ ਹਨ!
Leave a Reply