ਡਾæ ਗੁਰਨਾਮ ਕੌਰ, ਕੈਨੇਡਾ
ਸਤਿਗੁਰੂ ਦੀ ਵਡਿਆਈ ਦੱਸਦਿਆਂ ਕਿ ਕਿਨ੍ਹਾਂ ਗੁਣਾਂ ਕਰਕੇ ਸਤਿਗੁਰੁ ਨੂੰ ਜਾਣਿਆ ਜਾਂਦਾ ਹੈ, ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਸਤਿਗੁਰੁ ਅਜਿਹਾ ਪੁਰਸ਼ ਹੈ ਜਿਸ ਨੇ ਆਪਣੇ ਅਕਾਲ ਪੁਰਖ ਦਾ ਅਨੁਭਵ ਕਰ ਲਿਆ ਹੋਇਆ ਹੈ ਅਤੇ ਉਸ ਨੂੰ ਸਤਿਗੁਰੁ ਨੇ ਆਪਣੇ ਹਿਰਦੇ ਵਿਚ ਟਿਕਾ ਲਿਆ ਹੈ ਅਤੇ ਸਤਿਗੁਰੁ ਤੱਕ ਪਹੁੰਚਣਾ ਮੁਸ਼ਕਿਲ ਹੈ। ਸਤਿਗੁਰੁ ਦੇ ਬਰਾਬਰ ਕੋਈ ਦੂਸਰਾ ਨਹੀਂ ਹੋ ਸਕਦਾ ਕਿਉਂਕਿ ਉਹ ਸਿਰਜਣਹਾਰ ਵਾਹਿਗੁਰੂ ਸਤਿਗੁਰ ਦੀ ਧਿਰ ਹੈ, ਸਤਿਗੁਰ ਦੇ ਵੱਲ ਹੈ। ਸਤਿਗੁਰੁ ਦੀ ਖੜਗ ਅਤੇ ਸੰਜੋਅ ਅਰਥਾਤ ਜੰਗ ਵਿਚ ਯੁੱਧ ਵਾਸਤੇ ਤਲਵਾਰ ਅਤੇ ਜ਼ਿਰਹ-ਬਕਤਰ (ਸਰੀਰ ਦੀ ਰੱਖਿਆ ਲਈ ਲੋਹੇ ਦੀ ਵਰਦੀ) ਅਕਾਲ ਪੁਰਖ ਦੀ ਭਗਤੀ ਹੈ ਅਰਥਾਤ ਸਤਿਗੁਰ ਦਾ ਓਟ-ਆਸਰਾ ਉਹ ਅਕਾਲ ਪੁਰਖ ਹੈ ਜੋ ਸਦਾ ਉਸ ਦੇ ਅੰਗ-ਸੰਗ ਹੈ, ਉਸ ਦੀ ਭਗਤੀ ਰਾਹੀਂ ਸਤਿਗੁਰੁ ਨੇ ਆਪਣੇ ਅੰਦਰੋਂ ਮੌਤ ਦੇ ਭੈ ਨੂੰ ਮਾਰ ਕੇ ਬਾਹਰ ਸੁੱਟ ਦਿੱਤਾ ਹੈ। ਅਕਾਲ ਪੁਰਖ ਆਪ ਸਤਿਗੁਰੁ ਦਾ ਰਾਖਾ ਹੈ ਅਤੇ ਜੋ ਮਨੁੱਖ ਸਤਿਗੁਰੁ ਦੇ ਦੱਸੇ ਮਾਰਗ ‘ਤੇ ਚੱਲਦੇ ਹਨ ਅਕਾਲ ਪੁਰਖ ਉਨ੍ਹਾਂ ਨੂੰ ਵੀ ਬਚਾ ਲੈਂਦਾ ਹੈ ਅਰਥਾਤ ਸਤਿਗੁਰੁ ਦੀ ਸਿੱਖਿਆ ‘ਤੇ ਚੱਲ ਕੇ ਉਹ ਵੀ ਤਰ ਜਾਂਦੇ ਹਨ। ਇਸ ਦੇ ਉਲਟ ਜੇ ਕੋਈ ਸਤਿਗੁਰੁ ਬਾਰੇ ਬੁਰਾ ਸੋਚਦਾ ਹੈ ਉਸ ਨੂੰ ਆਪ ਹੀ ਕਰਤਾ ਪੁਰਖ ਮਾਰਦਾ ਹੈ। ਗੁਰੂ ਰਾਮਦਾਸ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੇ ਦਰਬਾਰ ਦਾ ਇਹ ਹੀ ਸੱਚਾ ਨਿਆਉਂ ਹੈ ਜਿਸ ਦੀ ਸਮਝ ਮਨੁੱਖ ਨੂੰ ਉਸ ਕਰਤਾਰ ਦੇ ਸੱਚੇ ਨਾਮ ਦਾ ਸਿਮਰਨ ਕੀਤਿਆਂ ਲਗਦੀ ਹੈ,
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਧਾਰਿਆ॥
ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ॥
ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ॥
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ॥
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ॥
ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ॥੨॥ (ਪੰਨਾ ੩੧੨)
‘ਸੱਚ’ ਜਾਂ ‘ਸਚਿ’ ਸੰਸਕ੍ਰਿਤ ਦੇ ਸ਼ਬਦ ‘ਸਤਿਅ’ ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਹੈ ਹੋਂਦ, ਵਾਪਰਨਾ, ਹੋਣਾ ਅਤੇ ਸਦੀਵਤਾ ਆਦਿ। ਗੁਰਮਤਿ ਦਰਸ਼ਨ ਵਿਚ ਇਸ ਦਾ ਅਰਥ ਅਕਾਲ ਪੁਰਖ ਦੀ ਹੋਂਦ ਤੋਂ ਵੀ ਲਿਆ ਹੈ ਜਿਸ ਨੁੰ ਮੂਲ ਮੰਤਰ ਵਿਚ ‘ਸਤਿਨਾਮ’ ਕਿਹਾ ਹੈ, ਇਹ ਇੱਕ ਨੈਤਿਕ ਗੁਣ ਵੀ ਹੈ ਜਿਸ ਨੂੰ ਮਨੁੱਖ ਨੇ ਆਪਣੇ ਅੰਦਰ ਧਾਰਨ ਕਰਨਾ ਹੈ ਅਤੇ ਆਪਣੇ ਵਿਹਾਰ ਦਾ, ਆਚਰਣ ਦਾ ਹਿੱਸਾ ਬਣਾਉਣਾ ਹੈ ਜਿਸ ਬਾਰੇ ਗੁਰਬਾਣੀ ਵਿਚ ਕਿਹਾ ਹੈ ਕਿ ਸੱਚ ਸਭ ਤੋਂ ਉਤੇ ਹੈ ਪਰ ਉਸ ਤੋਂ ਵੀ ਉਤੇ ਸੱਚਾ ਵਿਹਾਰ ਹੈ, ਸੱਚਾ ਆਚਰਣ ਹੈ। ‘ਸੱਚ’ ਗੁਰਵਾਕ ਦਾ ਗੁਣ ਹੈ ਜਿਸ ਨੇ ਮਨੁੱਖ ਦੀ ਅਗਵਾਈ ਕਰਨੀ ਹੈ। ਇਸ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ‘ਸੱਚ’ ਸ਼ਬਦ ਨੂੰ ਅਕਾਲ ਪੁਰਖ ਲਈ ਵਰਤਦੇ ਹੋਏ ਦੱਸਦੇ ਹਨ ਕਿ ਜਿਹੜੇ ਜੀਵ ਸੁੱਤੇ ਪਏ ਵੀ ਉਸ ਅਕਾਲ ਪੁਰਖ ਨੂੰ ਸਿਮਰਦੇ ਹਨ ਅਤੇ ਸੁੱਤੇ ਉਠ ਕੇ ਵੀ ਉਸ ਦਾ ਨਾਮ ਬੋਲਦੇ ਹਨ, ਸਿਮਰਦੇ ਹਨ ਅਜਿਹੇ ਮਨੁੱਖ ਇਸ ਦੁਨੀਆਂ ਵਿਚ ਬਹੁਤ ਘੱਟ ਮਿਲਦੇ ਹਨ, ਵਿਰਲੇ ਲੱਭਦੇ ਹਨ ਜਿਹੜੇ ਗੁਰੂ ਵੱਲ ਮੁੰਹ ਕਰਕੇ ਅਰਥਾਤ ਗੁਰੂ ਦੇ ਸਨਮੁਖ ਰਹਿ ਕੇ ਸੱਚੇ ਨਾਮ ਦਾ ਅਨੰਦ ਮਾਣਦੇ ਹਨ।
ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਅਜਿਹੇ ਮਨੁੱਖਾਂ ਦੇ ਸਦਕੇ ਜਾਂਦਾ ਹਾਂ ਜਿਹੜੇ ਹਰ ਰੋਜ਼, ਦਿਨ ਰਾਤ ਉਸ ਸੱਚੇ ਦੇ ਨਾਮ ਦਾ ਸਿਮਰਨ ਕਰਦੇ ਹਨ। ਇਸ ਤਰ੍ਹਾਂ ਜਿਨ੍ਹਾਂ ਦੇ ਮਨ ਅਤੇ ਤਨ- ਦੋਵਾਂ ਨੂੰ ਹੀ ਉਹ ਸੱਚਾ ਅਕਾਲ ਪੁਰਖ ਚੰਗਾ ਲੱਗਦਾ ਹੈ, ਉਹ ਉਸ ਸੱਚੇ ਦੀ ਦਰਗਾਹ ਤੱਕ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਉਸ ਦੇ ਦਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਹ ਆਪ ਵੀ ਉਸ ਸੱਚੇ ਅਕਾਲ ਪੁਰਖ ਦਾ ਨਾਮ ਸਿਮਰਨ ਕਰਦੇ ਹਨ ਜੋ ਸਦੀਵੀ ਰਹਿਣ ਵਾਲਾ ਹੈ, ਜਿਸ ਦੀ ਹੋਂਦ ਸਦੀਵੀ ਹੈ,
ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ॥
ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ॥
ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ॥
ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ॥
ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ॥੨੧॥ (ਪੰਨਾ ੩੧੨)
ਇਸ ਤੋਂ ਅੱਗੇ ਸਲੋਕ ਵਿਚ ਵੀ ਗੁਰੂ ਰਾਮਦਾਸ ਸਾਹਿਬ ਇਸੇ ਤੱਥ ਦੀ ਵਿਆਖਿਆ ਕਰਦੇ ਹਨ ਕਿ ਸੱਚੇ ਨਾਮ ਵਿਚ ਲੀਨ ਰਹਿਣ ਵਾਲਿਆਂ ਦੀ ਅਤਾਮਕ ਅਵਸਥਾ ਕਿਹੋ ਜਿਹੀ ਹੁੰਦੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਹਨ ਉਨ੍ਹਾਂ ਲਈ ਸੌਣਾ ਕੀ ਅਤੇ ਜਾਗਣਾ ਕੀ- ਇਹ ਦੋਵੇਂ ਅਵਸਥਾ ਇੱਕੋ ਜਿਹੀਆਂ ਹੁੰਦੀਆਂ ਹਨ ਅਰਥਾਤ ਉਹ ਸੌਂਦੇ ਜਾਗਦੇ ਸਦਾ ਉਸ ਦੇ ਨਾਮ ਵਿਚ ਲਿਵਲੀਨ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਉਹ ਅਕਾਲ ਪੁਰਖ ਸਦੀਵੀ ਯਾਦ ਰਹਿੰਦਾ ਹੈ, ਕਦੇ ਵੀ ਨਹੀਂ ਭੁਲਦਾ, ਉਹ ਮਨੁੱਖ ਉਤਮ ਹੁੰਦੇ ਹਨ, ਸੰਪੂਰਨ ਹੁੰਦੇ ਹਨ, ਸਰਬਗੁਣੀ ਹੁੰਦੇ ਹਨ। ਅਕਾਲ ਪੁਰਖ ਦੀ ਮਿਹਰ ਨਾਲ ਮਨੁੱਖ ਦਾ ਮਿਲਾਪ ਸਤਿਗੁਰੁ ਨਾਲ ਹੁੰਦਾ ਹੈ ਅਤੇ ਧਿਆਨ ਉਸ ਸੱਚੇ ਨਾਮ ਵਿਚ ਜੁੜਿਆ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਵੀ ਅਜਿਹੇ ਮਨੁੱਖਾਂ ਦੀ ਸੰਗਤ ਕਰਾਂ ਅਤੇ ਉਸ ਪਰਵਰਦਗਾਰ ਦੀ ਹਜ਼ੂਰੀ ਵਿਚ ਸਤਿਕਾਰ ਪ੍ਰਾਪਤ ਕਰਾਂ। ਅਜਿਹੇ ਮਨੁੱਖ ਜਦੋਂ ਸੌਂਦੇ ਹਨ, ਉਦੋਂ ਵੀ ਉਸ ਦੀ ਸਿਫ਼ਤਿ-ਸਾਲਾਹ ਕਰਦੇ ਹਨ ਅਤੇ ਜਦੋਂ ਜਾਗਦੇ ਹਨ, ਉਦੋਂ ਵੀ ਉਸ ਦੇ ਗੁਣ ਗਾਉਂਦੇ ਹਨ। ਗੁਰੂ ਰਾਮਦਾਸ ਕਹਿੰਦੇ ਹਨ ਕਿ ਅਜਿਹੇ ਮਨੁੱਖਾਂ ਦੇ ਮੁੱਖ ਸਦਾ ਉਜਲੇ ਹੁੰਦੇ ਹਨ, ਨਿਰਮਲ ਹੁੰਦੇ ਹਨ ਜਿਹੜੇ ਸੁਚੇਤ ਹੋ ਕੇ ਉਸ ਦੇ ਨਾਮ ਨੂੰ ਯਾਦ ਰੱਖਦੇ ਹਨ, ਉਸ ਦੇ ਨਾਮ ਦਾ ਸਿਮਰਨ ਕਰਦੇ ਹਨ,
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ॥
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ॥
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ॥
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ॥੧॥ (ਪੰਨਾ ੩੧੩)
ਇਸ ਤੋਂ ਅਗਲੇ ਸਲੋਕ ਵਿਚ ਗੁਰੂ ਰਾਮਦਾਸ ਸਾਹਿਬ ਫੁਰਮਾਉਂਦੇ ਹਨ ਕਿ ਜੇ ਆਪਣੇ ਸਤਿਗੁਰੁ ਦੇ ਦੱਸੇ ਹੋਏ ਰਸਤੇ ‘ਤੇ ਚੱਲੀਏ, ਉਸ ਦੀ ਸਿੱਖਿਆ ਅਨੁਸਾਰ ਕਾਰ ਕਰੀਏ ਤਾਂ ਅਕਾਲ ਪੁਰਖ ਦੇ ਨਾਮ ਦਾ ਅਖੁੱਟ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਕਦੇ ਵੀ ਖ਼ਤਮ ਨਾ ਹੋਣ ਵਾਲਾ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ। ਉਹ ਜੋ ਸਭ ਦਾ ਦਾਤਾ ਹੈ, ਹਰ ਇੱਕ ਨੂੰ ਦਾਤਾਂ ਦੇਣ ਵਾਲਾ ਅਕਾਲ ਪੁਰਖ ਹੈ, ਮਨੁੱਖ ਨੂੰ ਨਾਮ ਦੀ ਦਾਤ ਬਖ਼ਸ਼ਿਸ਼ ਕਰਦਾ ਹੈ ਅਤੇ ਇਸ ਸੰਸਾਰ-ਰੂਪੀ ਭਵਸਾਗਰ ਵਿਚ ਡੁੱਬ ਰਹੇ ਨੂੰ ਵੀ ਕੱਢ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲਾ ਦਿੰਦਾ ਹੈ। ਜੋ ਸ਼ਾਹ ਅਰਥਾਤ ਵਣਜ ਕਰਨ ਵਾਲੇ ਅਕਾਲ ਪੁਰਖ ਦੇ ਨਾਮ ਦੀ ਪੂੰਜੀ ਨਾਲ ਵਪਾਰ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ। ਅਜਿਹਾ ਨਾਮ ਦਾ ਵਣਜ ਕਰਨ ਵਾਲੇ ਜੋ ਸਿੱਖ ਆਪਣੇ ਸਤਿਗੁਰੁ ਕੋਲ ਆਉਂਦੇ ਹਨ, ਸਤਿਗੁਰੂ ਉਨ੍ਹਾਂ ਨੂੰ ਸ਼ਬਦ ਰਾਹੀਂ ਇਸ ਭਵਜਲ ਤੋਂ ਪਾਰ ਕਰ ਦਿੰਦਾ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਸ ਕਰਤਾਰ ਦੀ ਬੰਦਗੀ, ਉਸ ਦੇ ਨਾਮ ਦਾ ਸਿਮਰਨ ਉਹ ਹੀ ਕਰਦੇ ਹਨ, ਜਿਨ੍ਹਾਂ ਉਤੇ ਉਸ ਪਰਵਰਦਗਾਰ ਦੀ ਮਿਹਰ ਹੁੰਦੀ ਹੈ, ਜਿਨ੍ਹਾਂ ‘ਤੇ ਉਹ ਆਪ ਤੁਠਦਾ ਹੈ ਅਤੇ ਮਿਹਰ ਕਰਦਾ ਹੈ,
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ॥
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ॥
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ॥
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ॥
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ॥੨॥ (ਪੰਨਾ ੩੧੩)
ਗਉੜੀ ਰਾਗ ਦੀ ਇਸ ਵਾਰ ਵਿਚ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਦੀ ਵਡਿਆਈ ਅਤੇ ਉਸ ਦੀ ਸਿੱਖਿਆ ‘ਤੇ ਚੱਲ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦਾ ਮਨੁੱਖ ਨੂੰ, ਸਿੱਖ ਨੂੰ ਸੁਨੇਹਾ ਦਿੱਤਾ ਹੈ। ਇਸ ਪਉੜੀ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਮਨੁੱਖ ਸੱਚੇ ਮਨ ਨਾਲ ਸੱਚ-ਮੁੱਚ ਉਸ ਸੱਚੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਹੀ ਉਸ ਦੇ ਸੱਚੇ ਭਗਤ ਹਨ। ਜਿਹੜੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਉਸ ਦੀ ਖੋਜ ਕਰਦੇ ਹਨ, ਉਸ ਨੂੰ ਲੱਭਣ ਦਾ ਜਤਨ ਕਰਦੇ ਹਨ, ਉਹ ਸੱਚ ਨੂੰ, ਉਸ ਪਰਵਰਦਗਾਰ ਨੂੰ ਆਪਣੇ ਅੰਦਰ ਹੀ ਲੱਭ ਲੈਂਦੇ ਹਨ ਅਰਥਾਤ ਉਨ੍ਹਾਂ ਨੂੰ ਏਕਾਂਤ-ਵਾਸ ਹੋ ਕੇ ਕਿਸੇ ਤੱਪ-ਤਪੱਸਿਆ ਦੀ ਜ਼ਰੂਰਤ ਨਹੀਂ ਹੈ। ਅੱਗੇ ਦੱਸਿਆ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਉਸ ਸੱਚੇ ਮਾਲਕ ਨੂੰ ਸੱਚ-ਮੁੱਚ ਹੀ ਸਿਮਰਿਆ ਹੈ, ਸੇਵਿਆ ਹੈ, ਉਨ੍ਹਾਂ ਨੇ ਮੌਤ ਦੇ ਦੁਖਦਾਈ ਭੈ ਨੂੰ ਆਪਣੇ ਅੰਦਰੋਂ ਮਾਰ ਕੇ ਕੱਢ ਦਿੱਤਾ ਹੈ ਅਰਥਾਤ ਉਸ ਨਿਰਭਉ ਨੂੰ ਸਿਮਰਨ ਨਾਲ ਉਹ ਆਪ ਵੀ ਨਿਰਭੈ ਹੋ ਜਾਂਦੇ ਹਨ। (ਮਨੁੱਖ ਨੂੰ ਸਭ ਤੋਂ ਵੱਡਾ ਅਤੇ ਡਰਾਉਣਾ ਭੈ ਮੌਤ ਦਾ ਹੀ ਹੁੰਦਾ ਹੈ ਅਤੇ ਬਾਣੀ ਵਿਚ ਮਨੁੱਖ ਨੂੰ ਸਭ ਤੋਂ ਪਹਿਲਾਂ ਇਸ ਭੈ ਨੂੰ ਮਨ ਵਿਚੋਂ ਕੱਢਣ ਦੀ ਹੀ ਗੱਲ ਕੀਤੀ ਹੈ, ਇਸ ‘ਤੇ ਕਾਬੂ ਪਾਉਣ ਦੀ ਪ੍ਰੇਰਨਾ ਕੀਤੀ ਹੈ ਕਿਉਂਕਿ ਮੌਤ ਤਾਂ ਹਰ ਇੱਕ ਨੂੰ ਇੱਕ ਦਿਨ ਆਉਣੀ ਹੀ ਹੈ। ਗੁਰਬਾਣੀ ਵਿਚ ਗੁਰਮਤਿ ਮਾਰਗ ਤੇ ਚੱਲਣ ਲਈ ਪਹਿਲਾਂ ਮਰਨ ਨੂੰ ਕਬੂਲ ਕਰਕੇ ਅਤੇ ਜੀਵਨ ਦੀ ਆਸ ਛੱਡ ਕੇ ਇਸ ਮਾਰਗ ‘ਤੇ ਤੁਰਨ ਦੀ ਗੱਲ ਕੀਤੀ ਹੈ)। ਉਹ ਸੱਚਾ ਪਰਵਰਦਗਾਰ ਜੋ ਸਭ ਤੋਂ ਵੱਡਾ ਅਤੇ ਉਚਾ ਹੈ, ਉਸ ਦੀ ਬੰਦਗੀ ਜਿਹੜੇ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ, ਉਨ੍ਹਾਂ ਦੀ ਸੁਰਤਿ ਉਸ ਨਾਲ ਇੱਕਸੁਰ ਹੋ ਜਾਂਦੀ ਹੈ। ਉਹ ਸੱਚਾ ਅਕਾਲ ਪੁਰਖ ਧੰਨ ਹੈ, ਜਿਹੜੇ ਮਨੁੱਖ ਉਸ ਸੱਚੇ ਦੀ ਅਰਾਧਨਾ ਕਰਦੇ ਹਨ, ਉਹ ਇਸ ਦੁਨੀਆਂ ਵਿਚ ਉਤਮ ਫਲ ਪ੍ਰਾਪਤ ਕਰਦੇ ਹਨ ਅਰਥਾਤ ਇਸ ਭਵ-ਸਾਗਰ ਤੋਂ ਪਾਰ ਲੰਘ ਜਾਂਦੇ ਹਨ ਅਤੇ ਆਪਣਾ ਇਸ ਦੁਨੀਆਂ ‘ਤੇ ਆਉਣਾ ਸਫਲਾ ਕਰ ਲੈਂਦੇ ਹਨ,
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ॥
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ॥
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ॥
ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ॥
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ॥੨੨॥ (ਪੰਨਾ ੩੧੩)
ਉਪਰ ਗੁਰਮੁਖਿ ਦੀ ਗੱਲ ਕਰਦੇ ਆਏ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਬੰਦਗੀ ਕਰਦਾ ਹੈ ਅਤੇ ਉਸ ਸੱਚੇ ਦੀ ਅਰਾਧਨਾ ਰਾਹੀਂ ਆਪਣਾ ਇਸ ਸੰਸਾਰ ‘ਤੇ ਆਉਣਾ ਸਫਲ ਕਰ ਲੈਂਦਾ ਹੈ। ਅਗਲੇ ਸਲੋਕ ਵਿਚ ਮਨਮੁਖ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਮਨਮੁਖ ਨੁੰ ਅਜਿਹਾ ਮੂਰਖ ਕਹਿੰਦੇ ਹਨ ਜੋ ਉਸ ਸੱਚੇ ਦੇ ਨਾਮ ਤੋਂ ਵਿਹੂਣਾ ਭਟਕਦਾ ਫਿਰਦਾ ਹੈ। ਉਹ ਅਜਿਹਾ ਮਨੁੱਖ ਹੈ ਜੋ ਸਤਿਗੁਰੁ ਦੀ ਰਹਿਨੁਮਾਈ ਤੋਂ ਸੱਖਣਾ ਹੈ ਅਤੇ ਉਸ ਦਾ ਮਨ ਕਿਧਰੇ ਵੀ ਟਿਕਦਾ ਨਹੀਂ ਹੈ। ਇਸ ਲਈ ਉਹ ਭਟਕਦਾ ਫਿਰਦਾ ਹੈ ਅਤੇ ਵਾਰ ਵਾਰ ਜਨਮ ਲੈਂਦਾ ਤੇ ਮਰਦਾ ਹੈ। ਜੇ ਅਕਾਲ ਪੁਰਖ ਆਪਣੀ ਮਿਹਰ ਕਰੇ ਤਾਂ ਅਜਿਹੇ ਮਨਮੁਖ ਦਾ ਵੀ ਸਤਿਗੁਰੁ ਨਾਲ ਮੇਲ ਹੋ ਜਾਣ ਦਾ ਸਬੱਬ ਬਣ ਜਾਂਦਾ ਹੈ ਅਤੇ ਉਸ ਦਾ ਮਨ ਭਟਕਣਾ ਵਿਚੋਂ ਨਿਕਲ ਕੇ ਨਾਮ ਦੇ ਆਸਰੇ ਟਿਕ ਜਾਂਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਉਂਦੇ ਹਨ ਕਿ ਤੂੰ ਵੀ ਨਾਮ ਦਾ ਸਿਮਰਨ ਕਰ ਜਿਸ ਨਾਲ ਤੇਰੇ ਜਨਮ ਮਰਣ ਦੇ ਦੁੱਖ ਦੂਰ ਹੋ ਜਾਣ,
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ॥
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ॥
ਹਰਿ ਪ੍ਰਭੁ ਆਪਿ ਦਇਆਲੁ ਹੋਹਿ ਤਾਂ ਸਤਿਗੁਰੁ ਮਿਲਿਆ ਆਇ॥
ਜਨ ਨਾਨਕ ਨਾਮੁ ਸਲਾਹਿ ਤੂੰ ਜਨਮ ਮਰਣ ਦੁਖੁ ਜਾਇ॥੧॥ (ਪੰਨਾ ੩੧੩)
ਅਗਲੇ ਸਲੋਕ ਵਿਚ ਆਪਣੇ ਗੁਰੂ ਦੀ ਸਿਫ਼ਤਿ-ਸਾਲਾਹ ਕਰਨ ਲਈ ਕਹਿੰਦੇ ਹਨ ਕਿ ਮੇਰਾ ਮਨ ਲੋਚਦਾ ਹੈ ਕਿ ਮੈਂ ਆਪਣੇ ਗੁਰੂ ਦੀ ਸਿਫ਼ਤਿ-ਸਾਲਾਹ ਕਈ ਤਰ੍ਹਾਂ ਨਾਲ ਕਰਾਂ, ਪਿਆਰੇ ਸਤਿਗੁਰੁ ਦੇ ਪਿਆਰ ਅਤੇ ਸੁਭਾਅ ਵਿਚ ਲੀਨ ਹੋ ਕੇ ਕਰਾਂ। ਮੇਰਾ ਮਨ ਆਪਣੇ ਪਿਆਰੇ ਸਤਿਗੁਰੂ ਦੇ ਰੰਗ ਵਿਚ ਰੰਗਿਆ ਗਿਆ ਹੈ ਜਿਸ ਨੇ ਮੇਰੇ ਮਨ ਨੂੰ ਸਵਾਰ ਦਿੱਤਾ ਹੈ, ਸੁੰਦਰ ਬਣਾ ਦਿੱਤਾ ਹੈ। ਮੇਰੀ ਜੀਭ ਉਸ ਦੀ ਸਿਫ਼ਤਿ-ਸਾਲਾਹ ਕਰਦਿਆਂ ਰੱਜਦੀ ਨਹੀਂ ਹੈ ਅਤੇ ਮਨ ਅਕਾਲ ਪੁਰਖ ਦੇ ਪ੍ਰੇਮ ਵਿਚ ਲੱਗਿਆ ਹੋਇਆ ਨਹੀਂ ਰੱਜਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਮਨ ਵਿਚ ਤਾਂ ਉਸ ਸੱਚੇ ਦੇ ਨਾਮ ਦੀ ਭੁੱਖ ਹੈ, ਇਹ ਮਨ ਤਾਂ ਹੀ ਰੱਜ ਸਕਦਾ ਹੈ ਜੇ ਇਹ ਉਸ ਅਕਾਲ ਪੁਰਖ ਦੇ ਨਾਮ ਦਾ ਸੁਆਦ ਚੱਖ ਲਵੇ,
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ॥
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ॥
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ॥
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ॥੨॥ (ਪੰਨਾ ੩੧੩)
ਅੱਗੇ ਪਉੜੀ ਵਿਚ ਦੱਸਿਆ ਹੈ ਕਿ ਉਸ ਸੱਚੇ ਅਕਾਲ ਪੁਰਖ ਦੀ ਵਡਿਆਈ ਦਾ ਪਤਾ ਉਸ ਦੀ ਰਚੀ ਕੁਦਰਤਿ ਤੋਂ ਲੱਗਦਾ ਹੈ ਜਿਸ ਨੇ ਦਿਨ ਅਤੇ ਰਾਤ ਦੀ ਰਚਨਾ ਕੀਤੀ ਹੈ। ਇਸ ਲਈ ਮਨ ਚਾਹੁੰਦਾ ਹੈ ਕਿ ਹਰ ਸਮੇਂ ਉਸ ਸੱਚੇ ਰਚਣਹਾਰ ਦੀ ਵਡਿਆਈ ਕਰਦਾ ਰਹਾਂ। ਉਹ ਕਰਤਾਰ ਸੱਚਾ ਹੈ ਅਤੇ ਉਸ ਦੀ ਸਿਫ਼ਤਿ-ਸਾਲਾਹ ਵੀ ਸੱਚੀ ਹੈ ਪਰ ਉਸ ਦੀ ਕੀਮਤ ਅੱਜ ਤੱਕ ਕੋਈ ਵੀ ਨਹੀਂ ਪਾ ਸਕਿਆ। ਜਦੋਂ ਸਤਿਗੁਰੁ ਨਾਲ ਮੇਲ ਹੁੰਦਾ ਹੈ ਤਾਂ ਉਸ ਕਰਤਾਰ ਦੀਆਂ ਸਾਰੀਆਂ ਵਡਿਆਈਆਂ ਸਤਿਗੁਰੁ ਰਾਹੀਂ ਪ੍ਰਤੱਖ ਨਜ਼ਰ ਆਉਣ ਲੱਗ ਪੈਂਦੀਆਂ ਹਨ। ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ‘ਤੇ ਚੱਲਦੇ ਹੋਏ ਉਸ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ,
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ॥
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ॥
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ॥
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ॥੨੩॥ (ਪੰਨਾ ੩੧੩)
Leave a Reply