ਕੜਾ ਤੇ ਚੇਨੀ

ਬਲਜੀਤ ਬਾਸੀ
ਸਿੱਖ ਰਹਿਤ ਮਰਿਆਦਾ ਦੇ ਅੰਤਰਗਤ ਨੀਅਤ ਕੀਤੇ ਕੱਕਾਰਾਂ ਵਿਚ ਕੜਾ ਵੀ ਸ਼ਾਮਿਲ ਹੈ। ਗਹੁ ਨਾਲ ਵਿਚਾਰਿਆਂ ਮਹਿਸੂਸ ਹੁੰਦਾ ਹੈ ਕਿ ਭਾਵੇਂ ਸਿੱਖੀ ਵਿਚ ਕੇਸਾਂ ਨੂੰ ਸਭ ਤੋਂ ਵਧ ਮਹੱਤਤਾ ਦਿੱਤੀ ਜਾਂਦੀ ਹੈ ਪਰ ਵਿਹਾਰਕ ਤੌਰ ‘ਤੇ ਕੜਾ ਹੀ ਇਕ ਅਜਿਹਾ ਕੱਕਾਰ ਹੈ ਜਿਸ ਨੂੰ ਲਗਭਗ ਸਾਰੇ ਹੀ ਸਿੱਖ ਮਰਦ ਤੇ ਬੀਬੀਆਂ ਬਾਕਾਇਦਾ ਧਾਰਨ ਕਰਦੇ ਹਨ। ਇਸ ਦਾ ਇਕ ਕਾਰਨ ਤਾਂ ਇਸ ਦਾ ਹਲਕਾ ਫੁਲਕਾ ਤੇ ਸੌਖਿਆਂ ਪਹਿਨਣਯੋਗ ਹੋਣਾ ਹੈ। ਕੱਕਾਰ ਵਜੋਂ ਕੜੇ ਦੀ ਮਹੱਤਤਾ ਕਈ ਤਰ੍ਹਾਂ ਬਿਆਨੀ ਜਾਂਦੀ ਹੈ। ਇੱਕ ਵਿਚਾਰ ਹੈ ਕਿ ਇਸ ਦਾ ਮਕਸਦ ਦੂਜੇ ਹੱਥ ਨਾਲ ਚਲਾਈ ਜਾਂਦੀ ਕਿਰਪਾਨ ਦੀ ਰੱਖਿਆ ਕਰਨਾ ਹੈ। ਇੱਕ ਹੋਰ ਵਿਚਾਰ ਅਨੁਸਾਰ ਕੜਾ ਧਾਰਨ ਨਾਲ ਸਿੱਖ ਗੁਰੂ ਵਾਲਾ ਬਣ ਜਾਂਦਾ ਹੈ ਤੇ ਉਸ ਪ੍ਰਤੀ ਪ੍ਰਤਿਗਿਆ ਨਿਭਾਉਣ ਲਈ ਲੋਹੇ ਵਰਗੀ ਦ੍ਰਿੜਤਾ ਤੇ ਬਲ ਪੈਦਾ ਕਰਨਾ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕੜਾ ਪਰਮਾਤਮਾ ਦੀ ਅਨੰਤਤਾ ਦਾ ਪ੍ਰਤੀਕ ਹੈ, ਜਿਵੇਂ ਕੜੇ ਦੀ ਗੁਲਾਈ ਦਾ ਕੋਈ ਆਦਿ ਅੰਤ ਨਹੀਂ ਇਸੇ ਤਰ੍ਹਾਂ ਪਰਮਾਤਮਾ ਦਾ ਵੀ ਕੋਈ ਆਦਿ ਅੰਤ ਨਹੀਂ। ਕੜੇ ਨੂੰ ਪਹਿਨਣ ਤੋਂ ਬੇਸੰਕੋਚੀ ਦਾ ਇਕ ਕਾਰਨ ਇਹ ਵੀ ਹੈ ਕਿ ਮੁਢਲੇ ਤੌਰ ‘ਤੇ ਇਹ ਇਕ ਗਹਿਣਾ ਹੀ ਹੈ। ਹਾਲਾਂ ਕਿ ਮਰਿਆਦਾ ਅਨੁਸਾਰ ਕੱਕਾਰ ਵਜੋਂ ਕੜਾ ਸਰਬਲੋਹ ਦਾ ਹੋਣਾ ਚਾਹੀਦਾ ਹੈ ਪਰ ਵਿਆਹਾਂ ਵਿਚ ਸਹੁਰਿਆਂ ਵਲੋਂ ਮੁੰਡੇ ਨੂੰ ਨਿੱਗਰ ਸੋਨੇ ਦਾ ਕੜਾ, ਕਈ ਵਾਰੀ ਪਾ ਪੱਕਾ, ਪਹਿਨਾਉਣਾ ਇਕ ਰਿਵਾਜ ਹੀ ਬਣ ਗਿਆ ਹੈ। ਨਿਸਚੇ ਹੀ ਇਥੇ ਕੜੇ ਦਾ ਗਹਿਣੇ ਅਤੇ ਕੱਕਾਰ ਵਜੋਂ ਸੁਮੇਲ ਕਰ ਦਿੱਤਾ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੜਾ ਇਕ ਗਹਿਣੇ ਵਜੋਂ ਪ੍ਰਾਚੀਨ ਕਾਲ ਤੋਂ ਹੀ ਪਹਿਨਿਆ ਜਾਂਦਾ ਰਿਹਾ ਹੈ। ਵਾਰਿਸ ਸ਼ਾਹ ਨੇ ਇਸ ਦਾ ਜ਼ਿਕਰ ਕੀਤਾ ਹੈ,
ਅਸਕੰਦਰੀ, ਨੇਵਰੀ, ਬੀਰ ਬਲੀਆਂ
ਪਿੱਪਲ ਪੱਤੀਆਂ, ਝੁਮਕੇ ਸੰਬਾਇਓ ਨੇ।
ਹੱਸ, ਕੜਾ ਤੇ ਕੰਗਣਾ ਨਾਲ ਬਿੰਦਰ,
ਬੱਧੀ ਡੌਲ ਗਿਆਨੜਾ ਧਾਰਿਓ ਨੇ।
ਕੋਈ ਵੀ ਗਹਿਣੇ ਜਾਂ ਵਸਤਰ ਸਰੀਰ ਨੂੰ ਢਕਣ ਜਾਂ ਅਲੰਕ੍ਰਿਤ ਕਰਨ ਦੇ ਕਾਰਜ ਦੇ ਨਾਲ ਨਾਲ ਵਿਸ਼ੇਸ਼ ਸਮੁਦਾਇ ਦੀ ਪਛਾਣ ਵੀ ਬਣ ਜਾਂਦੇ ਹਨ। ਇਥੋਂ ਤੱਕ ਕਿ ਇਹ ਇਕ ਵਿਸ਼ੇਸ਼ ਸਮੂਹ ਵਲੋਂ ਪਹਿਨਣ ਦੀ ਇਕ ਰੀਤੀ ਬਣਦੇ ਬਣਦੇ ਨੇਮ ਹੀ ਬਣ ਜਾਂਦੇ ਹਨ ਜਿਸ ਨੂੰ ਮਰਿਆਦਾਪੂਰਬਕ ਲਾਗੂ ਕੀਤਾ ਜਾਂਦਾ ਹੈ। ਧਾਰਮਿਕ ਸਮੂਹ ਵਿਚ ਇਹ ਪ੍ਰਵਿਰਤੀ ਆਮ ਹੀ ਦੇਖੀ ਜਾਦੀ ਹੈ। ਧਿਆਨ ਦਿਓ ‘ਬਾਣਾ’ ਸ਼ਬਦ ਹੀ ਇਕ ਧਾਰਮਿਕ ਪ੍ਰਸੰਗਕਤਾ ਗ੍ਰਹਿਣ ਕਰ ਚੁੱਕਾ ਹੈ। ਸੂਫੀਆਂ, ਸਾਧੂਆਂ ਜਾਂ ਹੋਰ ਅਨੇਕਾਂ ਸੰਪਰਾਦਾਇਆਂ ਦੇ ਆਪਣੇ ਆਪਣੇ ਬਾਣੇ ਹੁੰਦੇ ਹਨ। ਬਾਣੇ ਵਿਚ ਗਹਿਣੇ ਵੀ ਸ਼ਾਮਿਲ ਹੁੰਦੇ ਹਨ ਜਿਵੇਂ ਨਾਥਾਂ ਦੇ ਮੁੰਦਰੇ, ਕਚਕੜੇ। ਮੁੰਦੀ, ਟਿੱਕਾ, ਹਾਰ, ਤਵੀਤ ਆਦਿ ਵੀ ਧਾਰਮਿਕ ਪ੍ਰਤੀਕ ਵਜੋਂ ਪਹਿਨੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਖਾਲਸਾ ਸਾਜਣ ਸਮੇਂ ਗੁਰੂ ਗੋਬਿੰਦ ਸਿੰਘ ਨੇ ਕੱਕਾਰਾਂ ਦੀ ਰਹਿਤ ਮਰਿਆਦਾ ਵੀ ਲਾਗੂ ਕੀਤੀ। ਮੇਰੀ ਜਾਚੇ ਇਹ ਵਿਸ਼ਾ ਕਾਫੀ ਵਿਵਾਦਪੂਰਨ ਹੈ। ਇਕ ਦੰਦ ਕਥਾ ਅਨੁਸਾਰ ਗੁਰੂ ਜੀ ਨੇ ਲੋਹੇ ਦਾ ਕੜਾ ਲਾਗੂ ਕਰਨ ਵਾਲੀ ਗੱਲ ਬਚਪਨ ਵਿਚ ਹੀ ਠਾਣ ਲਈ ਸੀ। ਪਟਨਾ ਵਿਚ ਇਕ ਦਿਨ ਗੰਗਾ ਦੇ ਕਿਨਾਰੇ ਸੈਰ ਕਰਦਿਆਂ ਉਨ੍ਹਾਂ ਦੀ ਕਲਾਈ ‘ਚ ਪਹਿਨਿਆ ਸੋਨੇ ਦਾ ਕੜਾ ਗੰਗਾ ਵਿਚ ਡਿਗ ਪਿਆ। ਮਾਂ ਨੂੰ ਚਿੰਤਾ ਹੋਈ ਤਾਂ ਉਸ ਨੇ ਪੁਛਿਆ, “ਪੁੱਤਰ ਸੋਨੇ ਦਾ ਕੜਾ ਕਿਥੇ ਸੁੱਟ ਦਿੱਤਾ ਹੈ?” ਗੁਰੂ ਜੀ ਨੇ ਦੂਜੇ ਹੱਥ ਵਿਚ ਪਹਿਨਿਆ ਸੋਨੇ ਦਾ ਕੜਾ ਵੀ ਗੰਗਾ ਵਿਚ ਸੁੱਟਦਿਆਂ ਕਿਹਾ, “ਔਥੇ ਮਾਂ!” ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਉਹ ਸਿੱਖਾਂ ਵਿਚੋਂ ਵਿਲਾਸ ਰੁਚੀਆਂ ਕਢ ਕੇ ਦ੍ਰਿੜਤਾ ਤੇ ਸਾਦਗੀ ਲਿਆਉਣੀ ਚਾਹੁੰਦੇ ਹਨ, ਇਸ ਲਈ ਉਹ ਸਿੱਖਾਂ ਵਿਚ ਸੋਨੇ ਦੀ ਥਾਂ ਲੋਹੇ ਦੇ ਕੜੇ ਪਹਿਰਨ ਦੀ ਵਿਵਸਥਾ ਕਰਨਗੇ। ਸਿੱਖ ਧਰਮ ਵਿਚ ਕੱਕਾਰ ਵਜੋਂ ਕੜੇ ਦੀ ਕੀ ਮਹੱਤਤਾ ਹੈ, ਇਸ ਬਾਰੇ ਸਾਰੇ ਵਿਚਾਰ ਅੰਤਰਮੁਖੀ ਹਨ। ਬਹੁਤ ਸਾਰੀਆਂ ਧਾਰਮਿਕ ਰੀਤੀਆਂ/ਰਹਿਤਾਂ ਦਾ ਸਮਾਜਕ ਜੀਵਨ ਵਿਚ ਪਹਿਲਾਂ ਹੀ ਪ੍ਰਚਲਨ ਹੁੰਦਾ ਹੈ, ਧਰਮ ਕੇਵਲ ਇਨ੍ਹਾਂ ‘ਤੇ ਮੁਹਰ ਲਾ ਕੇ ਇਨ੍ਹਾਂ ਨੂੰ ਪਾਬੰਦ ਕਰ ਦਿੰਦਾ ਹੈ।
ਅੱਜ ਅਸੀਂ ਕੜਾ ਸ਼ਬਦ ਦਾ ਖੁਰਾ ਖੋਜ ਨੱਪਣਾ ਹੈ। ਇਸ ਦਾ ਪੂਰਵਵਰਤੀ ਰੂਪ ‘ਕਟਕ’ ਸੀ। ਇਸ ਤੋਂ ਵਿਗੜ ਕੇ ਕਡਕ ਬਣਿਆ ਤੇ ਫਿਰ ਕੜਾ। ਜਿਵੇਂ ਅੱਗੇ ਜਾ ਕੇ ਦੱਸਿਆ ਜਾਵੇਗਾ ਕਿ ਕਟਕ ਸ਼ਬਦ ਵਿਚ ਵੱਟਣ, ਕੱਤਣ, ਘੁੰਮਾਉਣ ਦੇ ਅਰਥ ਨਿਹਿਤ ਹਨ। ਸੰਸਕ੍ਰਿਤ ਵਿਚ ਕਟਕ ਦੇ ਮੁਖ ਅਰਥ ਹਨ- ਵੱਟੀ ਹੋਈ ਨਾਲੀ ਜਾਂ ਸੱਥਰ, ਇਸ ਤੋਂ ਬਣੀ ਚੱਟਾਈ ਲਈ ਵੀ ਕਟਕ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਅਰਥ ਰੱਸੀ, ਛੁੱਬ, ਕੰਗਣ ਵੀ ਹੈ। ਮੈਨੂੰ ਯਾਦ ਹੈ, ਅਸੀਂ ਬਚਪਨ ਵਿਚ ਪੱਠੇ ਵੱਢਦੇ ਹੋਏ ਚਟਾਲਾ, ਸੇਂਜੀ, ਘਾਹ ਆਦਿ ਨੂੰ ਵਟਾ ਚਾੜ੍ਹ ਕੇ ਹੱਥ ਵਿਚ ਪਾਉਣ ਲਈ ਕੰਗਣ ਜਿਹਾ ਬਣਾ ਲੈਂਦੇ ਸਾਂ। ਇਸ ਦੇ ਵਟਾ ਚਾੜ੍ਹਨ, ਘੁੰਮਾਉਣ ਦੇ ਅਰਥਾਂ ਤੋਂ ਦਾਇਰਾ, ਚੱਕਰ, ਪਹੀਆ ਆਦਿ ਦੇ ਅਰਥ ਜੁੜ ਗਏ। ਜਿਵੇਂ ਦਾਇਰਾ ਜਾਂ ਘੇਰਾ ਦਾ ਅਰਥ ਖੇਤਰ ਵੀ ਹੋ ਜਾਂਦਾ ਹੈ, “ਉਸ ਦਾ ਘੇਰਾ ਬਹੁਤ ਵੱਡਾ ਹੈ।” ਇਸੇ ਤਰ੍ਹਾਂ ਕਟਕ ਦਾ ਇਕ ਅਰਥ ਖੇਤਰ ਵੀ ਹੈ ਜਾਂ ਕਹਿ ਲਵੋ ਪ੍ਰਭਾਵ-ਖੇਤਰ। ਇਸ ਤੋਂ ਅੱਗੇ ਇਸ ਦਾ ਅਰਥ ਬਣਦਾ ਹੈ- ਡੇਰਾ, ਖਾਸ ਤੌਰ ‘ਤੇ ਸ਼ਾਹੀ ਡੇਰਾ, ਕਾਰਵਾਂ, ਸੈਨਾ, ਲਸ਼ਕਰ, ਦਲ। ਅਸੀਂ ਡੇਰਾ ਸ਼ਬਦ ਦੇ ਅਰਥ ਵਿਕਾਸ ਦਾ ਜ਼ਿਕਰ ਕਰਦਿਆਂ ਦੇਖਿਆ ਸੀ ਕਿ ਇਹ ਦਾਇਰਾ ਸ਼ਬਦ ਤੋਂ ਹੀ ਬਣਿਆ ਸੀ। ਦਿਲਚਸਪ ਗੱਲ ਹੈ ਕਿ ਕਟਕ ਸ਼ਬਦ ਦੇ ਅਰਥ ਫੌਜ ਜਾਂ ਸ਼ਾਹੀ ਉਤਾਰੇ ਤੋਂ ਅੱਗੇ ਵਧਦੇ ਹੁਕਮਰਾਨਾਂ ਦਾ ਰਿਹਾਇਸ਼ੀ ਨਗਰ ਯਾਨਿ ਰਾਜਧਾਨੀ ਵੀ ਬਣ ਜਾਂਦੇ ਹਨ। ਫਿਰ ਹੋਰ ਅੱਗੇ ਜਾ ਕੇ ਕਟਕ ਸ਼ਬਦ ਇਕ ਵਿਸ਼ੇਸ਼ ਪ੍ਰਾਂਤ ਯਾਨਿ ਉੜੀਸਾ ਦੀ ਰਾਜਧਾਨੀ ਦੇ ਨਾਂ ਵਜੋਂ ਰੂੜ੍ਹ ਹੋ ਜਾਂਦਾ ਹੈ। ਨਿਸਚੇ ਹੀ ਅਰਥ-ਵਿਕਾਸ ਦੀ ਕੋਈ ਸੀਮਾ ਨਹੀਂ ਹੁੰਦੀ। ਸ਼ਬਦ ਤਾਂ ਮਰਦੇ ਮਰਦੇ ਵੀ ਆਪਣੇ ਬੀਜ ਸੁੱਟ ਜਾਂਦੇ ਹਨ।æææ ਕਟਕ ਸ਼ਬਦ ਦੇ ਕੁਝ ਅਰਥ ਕੜੇ ਨੇ ਵੀ ਕਾਇਮ ਰੱਖੇ ਹਨ। ਉਂਜ ਕਟਕ ਸ਼ਬਦ ਵੀ ਪੰਜਾਬੀ ਤੇ ਹੋਰ ਆਧੁਨਿਕ ਭਾਸ਼ਾਵਾਂ ਵਿਚ ਕੁਝ ਸੰਸਕ੍ਰਿਤ ਵਾਲੇ ਅਰਥਾਂ ਸਮੇਤ ਕਾਇਮ ਹੈ ਜਿਵੇਂ ਫੌਜ ਦੇ ਅਰਥਾਂ ਵਿਚ, “ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬ।” ਅਰਥਾਤ ਟੱਬਰ ਦੀ ਫੌਜ ਦੀ ਫੌਜ ਪਾਲ ਰੱਖੀ ਹੈ ਪਰ ਰੱਬ ਦਾ ਨਾਂ ਨਹੀਂ ਜਾਣਦੇ। “ਜੋਰਿ ਕਠਿਨ ਤੁਮ ਕਟਕ ਤਹਾ ਚੜਿ ਆਇਯੋ” -ਦਸਮ ਗ੍ਰੰਥ।” “ਕਟਕ ਚੜ੍ਹੇ ਹਿੰਦੋਸਤਾਨੀ, ਪੂਰਬੀ, ਦੱਖਣੀ ਜੀ” ਅਤੇ “ਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ” -ਸ਼ਾਹ ਮੁਹੰਮਦ। ਭਗਤ ਰਵਿਦਾਸ ਜੀ ਨੇ ਕਟਕ ਸ਼ਬਦ ਕੜੇ ਦੇ ਅਰਥਾਂ ਵਿਚ ਵਰਤਿਆ ਹੈ, “ਅਨਿਕ ਕਟਕ ਜੈਸੇ ਭੂਲਪਰੇ॥”
ਕਟਕ ਦਾ ਇਕ ਮਤਲਬ ਸੰਗਲੀ ਦੀ ਅੜੀ ਵੀ ਹੈ। ਧਿਆਨ ਦਿਓ ਇਸ ਨੂੰ ਕੜੀ ਵੀ ਕਹਿ ਸਕਦੇ ਹਾਂ ਤੇ ਕੜੀ ਕੜਾ ਦਾ ਹੀ ਇਸਤਰੀਲਿੰਗ ਹੈ ਬੇਸ਼ੱਕ ਕੜੀ ਕਟਿਕਾ ਤੋਂ ਬਣੀ ਹੈ। ਸੰਗਲੀ ਆਦਿ ਦੀਆਂ ਕੜੀਆਂ ਕਿਉਂਕਿ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ਇਸ ਲਈ ਕੜੀ ਦਾ ਅਰਥ ਜੋੜਕ ਜਿਹਾ ਵੀ ਹੈ ਤੇ ਕਿਸੇ ਸਿਲਸਿਲੇ ਦਾ ਪੜਾਅ ਵੀ ਜਿਵੇਂ ਕਿਸੇ ਕਾਲਮ ਜਾਂ ਸੀਰੀਅਲ ਦੀ ਕੜੀ। ਚਾਂਦੀ ਦੇ ਮੋਟੇ ਠੁੱਲੇ ਗਹਿਣੇ ਨੂੰ ਕੜੀਆਂ ਕਿਹਾ ਜਾਂਦਾ ਹੈ ਜੋ ਅੰਦਰੋਂ ਪੋਲਾ ਹੁੰਦਾ ਹੈ ਤੇ ਜਿਸ ਵਿਚ ਛਣਕਣ ਵਾਲੀਆਂ ਗੋਲੀਆਂ ਪਾਈਆਂ ਹੁੰਦੀਆ ਹਨ। ਇਹ ਹਰਿਆਣਵੀ ਔਰਤਾਂ ਦਾ ਪੈਰਾਂ ਦਾ ਗਹਿਣਾ ਹੈ। ਇਸ ਦਾ ਅਰਥ ਛੱਤ ਦਾ ਬਾਲਾ ਵੀ ਹੈ ਕਿਉਂਕਿ ਇਹ ਦੋ ਸ਼ਤੀਰੀਆਂ ਨੂੰ ਜੋੜਦਾ ਹੈ। ਇਕ ਕੜੂ ਨਾਂ ਦਾ ਗਹਿਣਾ ਹੈ। ਇਹ ਚਾਂਦੀ ਦੀ ਗੋਲ ਤਾਰ ਦਾ ਬਣਿਆ ਹੁੰਦਾ ਹੈ ਜਿਸ ਦੇ ਦੋਨਾਂ ਸਿਰਿਆਂ ‘ਤੇ ਜੋੜਨ ਲਈ ਕੁੰਡੇ ਲੱਗੇ ਹੁੰਦੇ ਹਨ। ਕੜੇ ਦਾ ਅਰਥ “ਦੁਵੱਲੀ ਲਗਾਮ ਨੂੰ ਬੱਧਾ ਅਤੇ ਖਿਚਣ ‘ਤੇ ਘੋੜੇ ਦੇ ਜਬਾੜੇ ਵਿਚ ਚੁੱਭਣ ਵਾਲੇ ਲੋਹੇ ਦੇ ਗੋਲ ਕੰਡਿਆਂ ਵਾਲਾ ਚੌਰਸ ਘੇਰੇ ਦੀਆਂ ਬਾਹੀਆਂ ਵੱਲ ਮੁੜਿਆ ਕੰਦਲਾ” ਵੀ ਹੁੰਦਾ ਹੈ। ਇਸ ਨੂੰ ਕੜਿਆਲ ਵੀ ਕਿਹਾ ਜਾਂਦਾ ਹੈ। ਕੜਿਆਲ ਸ਼ਬਦ ਵਿਚ ਕੜਾ ਸਪਸ਼ਟ ਝਲਕਦਾ ਹੈ, “ਕੜੀਆਲੁ ਮੁਖੇ ਗੁਰਿ ਅੰਕੁਸ ਪਾਇਆ ਰਾਮ॥” -ਗੁਰੂ ਰਾਮ ਦਾਸ। ਕੜਿਆਲ ਜਾਂ ਕੜਿਆਲਾ ਪਿੰਡਾਂ ਦੇ ਨਾਂ ਵੀ ਹਨ। ਸ਼ਾਇਦ ਇਥੇ ਕਿਸੇ ਵੇਲੇ ਕੜਿਆਲ ਬਣਦੇ ਹੋਣ।
ਕਟਕ ਸ਼ਬਦ ਖੁਦ ‘ਕਟ’ ਤੋਂ ਵਿਗਸਿਆ ਹੈ ਤੇ ਕਟ ਦੇ ਕੁਝ ਅਰਥ ਵੀ ਕਟਕ ਜਿਹੇ ਹੀ ਹਨ ਜਿਵੇਂ ਵੱਟੀ ਹੋਈ ਪਰਾਲੀ ਜਾਂ ਨਾੜ ਅਤੇ ਚੱਟਾਈ। ਕਟ ਸ਼ਬਦ ਆਪਣੇ ਤੌਰ ‘ਤੇ ‘ਕ੍ਰਤ’ ਦਾ ਵੱਟਿਆ ਰੂਪ ਹੈ। ਕ੍ਰਤ ਇਕ ਧਾਤੂ ਵੀ ਹੈ ਤੇ ਸ਼ਬਦ ਵੀ। ਇਸ ਵਿਚ ਧਾਗੇ ਨੂੰ ਵੱਟਣਾ, ਕੱਤਣਾ ਦੇ ਭਾਵ ਹਨ। ਸੰਸਕ੍ਰਿਤ ਵਿਚ ਕ੍ਰਤ ਦੇ ਅਰਥ ਸੱਪ ਦਾ ਮੇਹਲਣਾ ਵੀ ਹੈ ਤੇ ਘੇਰਾ ਪਾਉਣਾ, ਵਗਲਣਾ, ਪਹਿਨਣਾ ਵੀ। ਕ੍ਰਤ ਤੋਂ ਹੀ ਕੱਤਣਾ ਸ਼ਬਦ ਬਣਿਆ। ਕੱਤਣ ਵਿਚ ਧਾਗਾ ਵੱਟਣ ਦੇ ਹੀ ਭਾਵ ਹਨ।
ਕਟਕ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਕਅਟ ਨਿਸ਼ਚਿਤ ਕੀਤਾ ਗਿਆ ਹੈ ਜਿਸ ਦਾ ਅਰਥ ਹੈ- ਵੱਟਣਾ, ਮਰੋੜਨਾ, ਵਲ ਖਾਣਾ ਆਦਿ। ਇਸ ਤੋਂ ਲਾਤੀਨੀ ਵਿਚ ਸ਼ਬਦ ਬਣਿਆ ਚਅਸਸਸਿ ਜਿਸ ਦਾ ਅਰਥ ਜਾਲ ਹੁੰਦਾ ਹੈ। ਇਹ ਸ਼ਬਦ ਪੁਰਾਣੀ ਫਰਾਂਸੀਸੀ ਵਿਚ ਦਾਖਲ ਹੋਇਆ ਤੇ ਇਸ ਨੇ ਆਧੁਨਿਕ ਫਰਾਂਸੀਸੀ ਵਿਚ ਚਹਅਨਿe ਰੂਪ ਧਾਰਿਆ। ਇਹੀ ਸ਼ਬਦ ਅੰਗਰੇਜ਼ੀ ਵਿਚ ਚੇਨ (ਛਹਅਨਿ) ਦਾ ਅਵਤਾਰ ਧਾਰਨ ਕਰਕੇ ਆ ਗਿਆ। ਚੇਨ ਦਾ ਅਰਥ ਜ਼ੰਜੀਰੀ, ਸੰਗਲੀ ਹੁੰਦਾ ਹੈ। ਚੇਨ ਸ਼ਬਦ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਪ੍ਰਵੇਸ਼ ਪਾ ਗਿਆ। ਪੰਜਾਬੀ ਵਿਚ ਚੇਨ ਸ਼ਬਦ ਸਾਈਕਲ ਆਦਿ ਦੀ ਮਾਹਲ ਜਾਂ ਗੱਡੀ ਦੀ ਖਿੱਚ ਕੇ ਰੋਕਣ ਵਾਲੀ ਚੇਨ ਵਜੋਂ ਪ੍ਰਚੱਲਿਤ ਹੋਇਆ ਹੈ। ਹੋਰ ਤਾਂ ਹੋਰ, ਛੋਟੀ ਚੇਨ ਲਈ ਅਸੀਂ ਚੇਨੀ ਸ਼ਬਦ ਵੀ ਘੜ ਲਿਆ ਹੈ। ਪੇਂਡੂ ਅਨਪੜ੍ਹ ਔਰਤਾਂ ਜਦ ਚੇਨ, ਚੇਨੀ ਜਾਂ ਸ਼ਕੁੰਤਲਾ ਚੇਨ ਸ਼ਬਦ ਬੋਲਦੀਆਂ ਹਨ ਤਾਂ ਕੌਣ ਕਹਿ ਸਕਦਾ ਹੈ ਕਿ ਇਹ ਅੰਗਰੇਜ਼ੀ ਦਾ ਸ਼ਬਦ ਹੈ? ਸ਼ਕੁੰਤਲਾ ਚੇਨ ਪੈਰਾਂ ਵਿਚ ਪਾਉਣ ਵਾਲੀ ਕਈ ਲੜੀਆਂ ਵਾਲੀ ਪੰਜੇਬ ਹੈ। ਇਥੇ ਸ਼ਕੁੰਤਲਾ ਸ਼ਬਦ ਸ਼੍ਰਿੰਖਲਾ (ਸੰਗਲੀ) ਦਾ ਵਿਗੜਿਆ ਰੂਪ ਲਗਦਾ ਹੈ। ਕੜਾ ਤੇ ਚੇਨ- ਦੋਨਾਂ ਦਾ ਮੂਲ ਇਕੋ ਹੈ, ਦੋਨੋਂ ਗਹਿਣੇ ਵੀ ਹਨ ਪਰ ਦੋਨਾਂ ਦੀ ਦਿਖ ਵਿਚ ਫਰਕ ਪੈ ਗਿਆ ਹੈ। ਉਂਜ ਜਿਵੇਂ ਅਸੀਂ ਦੇਖਿਆ ਹੈ, ਕੜੀ ਵੀ ਜ਼ੰਜੀਰੀ ਦਾ ਇਕ ਕੁੰਡਾ ਹੀ ਹੁੰਦੀ ਹੈ। ਕੜੀ ਤੇ ਚੇਨ ਦੋਨੋਂ ਸ਼ਬਦ ਪੈਰਾਂ ਵਿਚ ਲਾਈ ਜਾਂਦੀ ਕੜੀ ਨੂੰ ਆਖਦੇ ਹਨ। ਹੱਥਾਂ ਨੂੰ ਹਥਕੜੀ ਲਗਦੀ ਹੈ। ਅੰਗਰੇਜ਼ੀ ਦਾ ਇਕ ਹੋਰ ਸ਼ਬਦ ਹੈ ਚੋਨਚਅਟeਨਅਟਿਨ ਜਿਸ ਦਾ ਅਰਥ ਸੰਯੋਜਨ ਅਰਥਾਤ ਜ਼ੰਜੀਰੀ ਜਾਂ ਸੰਗਲੀ ਦੀ ਤਰ੍ਹਾਂ ਦੋ ਜੁਜ਼ਾਂ ਨੂੰ ਜੋੜਨਾ ਹੁੰਦਾ ਹੈ।

Be the first to comment

Leave a Reply

Your email address will not be published.