ਸਿੱਖ ਅਤੇ ਸਿੱਖੀ ਸਿਧਾਂਤ

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ਪਹਿਲਾਂ ਡਾæ ਬਲਕਾਰ ਸਿੰਘ ਦਾ ਅਕਾਲ ਤਖਤ ਬਾਰੇ ਅਤੇ ਫਿਰ ਰਾਜਬੀਰ ਕੌਰ ਢੀਂਡਸਾ ਦਾ ਸਿੱਖੀ ਵਿਚ ਆਏ ਨਿਘਾਰ ਬਾਰੇ ਲੇਖ ਛਾਪੇ ਗਏ ਸਨ। ਇਸੇ ਸਿਲਸਿਲੇ ਵਿਚ ਮਾਸਟਰ ਨਿਰਮਲ ਸਿੰਘ ਲਾਲੀ ਨੇ ਇਹ ਲੇਖ ਛਪਣ ਹਿਤ ਭੇਜਿਆ ਹੈ। ਅਜਿਹੀਆਂ ਲਿਖਤਾਂ ਆਪਣੇ ਪਾਠਕਾਂ ਤੱਕ ਪੁੱਜਦੀਆਂ ਕਰਨ ਦਾ ਇਕ ਹੀ ਮਕਸਦ ਹੈ ਕਿ ਅਸੀਂ ਆਪਣੇ ਗਿਰੇਵਾਨ ਅੰਦਰ ਝਾਕਦਿਆਂ, ਦੋ ਕਦਮ ਅੱਗੇ ਵਧ ਸਕੀਏ। ਇਸ ਨੁਕਤਾ-ਨਿਗ੍ਹਾ ਤੋਂ ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ, ਇਕ ਹੀ ਧਿਆਨ ਰਹੇ ਕਿ ਲਿਖਤ ਸੰਖੇਪ, ਸਰਲ ਅਤੇ ਸਪਸ਼ਟ ਹੋਵੇ। -ਸੰਪਾਦਕ

ਮਾਸਟਰ ਨਿਰਮਲ ਸਿੰਘ ਲਾਲੀ
ਫੋਨ: 530-777-0955
ਸਿੱਖ ਇਸ ਵੇਲੇ ਜਿਹੜੀ ਦਸ਼ਾ ਵਿਚੋਂ ਲੰਘ ਰਹੇ ਹਨ, ਉਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਅਜੇ ਸਿੱਖੀ ਸਿਧਾਂਤਾਂ ਤੇ ਉਪਦੇਸ਼ਾਂ ਤੋਂ ਕੋਹਾਂ ਦੂਰ ਹਨ, ਕਿਉਂਕਿ ਜੇ ਸਿੱਖਾਂ ਨੇ ਗੁਰੂਆਂ ਦੇ ਦਿੱਤੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੁੰਦਾ ਤਾਂ ਸਿੱਖਾਂ ਦੀ ਇਹ ਦਸ਼ਾ ਨਾ ਹੁੰਦੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਬੜੇ ਬਹਾਦਰ, ਮਿਹਨਤੀ ਤੇ ਗੈਰਤਮੰਦ ਹਨ। ਆਰਥਿਕ ਪੱਖੋਂ ਤੇ ਸਰੀਰਕ ਪੱਖੋਂ, ਭਾਵ ਖੇਡਾਂ ਦੇ ਖੇਤਰ ਵਿਚ ਬੜੀਆਂ ਮੱਲਾਂ ਮਾਰੀਆਂ ਹਨ, ਪਰ ਜ਼ਿੰਦਗੀ ਵਿਚ ਆਰਥਿਕ ਪੱਖ, ਭਾਵ ਜੀਵਨ ਪੱਧਰ ਹੀ ਸਭ ਕੁਝ ਨਹੀਂ ਹੁੰਦਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਵਿਦਿਆ ਤੇ ਰਾਜਨੀਤੀ ਦੇ ਖੇਤਰਾਂ ਵਿਚ ਸਿੱਖ ਚੰਗੀਆਂ ਪਦਵੀਆਂ ‘ਤੇ ਬਿਰਾਜਮਾਨ ਹਨ, ਪਰ ਇਸ ਦੇ ਬਾਵਜੂਦ ਸਿੱਖ, ਦੁਨੀਆਂ ਵਿਚ ਆਪਣੀ ਕੋਈ ਵਿਸ਼ੇਸ਼ ਥਾਂ ਨਹੀਂ ਬਣਾ ਸਕੇ। ਦੁਨੀਆਂ ਵਿਚ ਤਾਂ ਕੀ, ਆਪਣੇ ਦੇਸ਼ ਭਾਰਤ ਵਿਚ ਸਿੱਖਾਂ ਦੀ ਕੀ ਦਸ਼ਾ ਹੈ? ਕੋਈ ਏਕਤਾ ਨਹੀਂ, ਸਾਰਾ ਪੰਥ ਵੱਖ-ਵੱਖ ਧੜਿਆਂ ਵਿਚ ਵੰਡਿਆ ਹੋਇਆ ਹੈ। ਕੀ ਏਕਤਾ ਤੋਂ ਬਿਨਾਂ ਕਿਸੇ ਵੀ ਮੰਜ਼ਿਲ ਜਾਂ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਹੋ ਸਕਦੀ ਹੈ?
ਸਿੱਖਾਂ ਵਿਚ ਅਨੁਸ਼ਾਸਨ ਦੀ ਘਾਟ ਹੈ ਅਤੇ ਇਹੀ ਸਿੱਖਾਂ ਦਾ ਵੱਡਾ ਦੁਖਾਂਤ ਹੈ। ਠੀਕ ਹੈ ਕਿ ਸਿੱਖਾਂ ਨੇ ਪਰਦੇਸਾਂ ਵਿਚ ਆ ਕੇ ਗੁਰੂਘਰਾਂ ਦੀਆਂ ਬੜੀਆਂ ਆਲੀਸ਼ਾਨ ਇਮਾਰਤਾਂ ਬਣਾਈਆਂ ਹਨ। ਸਿੱਖ ਗੁਰੂਘਰ ਜਾਂਦੇ ਹਨ, ਗੁਰਬਾਣੀ ਦਾ ਪਾਠ ਸੁਣਦੇ ਹਨ ਅਤੇ ਗੁਰੂਆਂ ਦੇ ਪ੍ਰਕਾਸ਼ ਉਤਸਵ, ਗੁਰਗੱਦੀ ਦਿਵਸ ਤੇ ਜੋਤੀ-ਜੋਤਿ ਸਮਾਉਣ ਦੇ ਦਿਹਾੜੇ ਭਾਰੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਏ ਜਾਂਦੇ ਹਨ, ਪਰ ਕੀ ਸਿੱਖਾਂ ਨੇ ਗੁਰੂਆਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ? ਪ੍ਰਚਾਰ ਬਹੁਤ ਹੈ, ਧਾਰਮਿਕ ਆਗੂ ਵੀ ਬਥੇਰਾ ਪ੍ਰਚਾਰ ਕਰਦੇ ਹਨ, ਪਰ ਉਨ੍ਹਾਂ ਦਾ ਆਪਣਾ ਜੀਵਨ ਉਸ ਅਨੁਸਾਰ ਨਹੀਂ, ਭਾਵ ਉਨ੍ਹਾਂ ਦੀ ਕਹਿਣੀ ਤੇ ਕਰਨੀ ਇਕ ਨਹੀਂ। ਇਸ ਕਰ ਕੇ, ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ ਬੈਠਾ ਹੈ। ਸਿੱਖਾਂ ਦੇ ਧੜੇ ਬਣੇ ਹੋਏ ਹਨ। ਅੱਜ ਦਾ ਸਿੱਖ ਇੰਨਾ ਸੁਆਰਥੀ ਤੇ ਪਦਾਰਥਵਾਦੀ ਹੋ ਗਿਆ ਹੈ ਕਿ ਗੁਰੂਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਭੁਲਾ ਬੈਠਾ ਹੈ। ਅਕਾਲੀ ਪਾਰਟੀ ਜਿਹੜੀ ਸਿੱਖਾਂ, ਭਾਵ ਪੰਥ ਦੀ ਦਰਦੀ ਮੰਨੀ ਜਾਂਦੀ ਸੀ, ਅੱਜ ਕੱਲ੍ਹ ਕੀ ਕਰ ਰਹੀ ਹੈ, ਇਹ ਕਿਸੇ ਪਾਸੋਂ ਵੀ ਛੁਪਿਆ ਹੋਇਆ ਨਹੀਂ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਤਾਂ ਖੇਤ ਦੀ ਰਾਖੀ ਕੌਣ ਕਰੇਗਾ?
ਜਿੰਨੀ ਦੇਰ ਸਿੱਖ ਗੁਰਬਾਣੀ ਅਨੁਸਾਰ ਆਪਣਾ ਜੀਵਨ ਨਹੀਂ ਗੁਜ਼ਾਰਦੇ, ਉਤਨੀ ਦੇਰ ਇਨ੍ਹਾਂ ਦਾ ਕੁਝ ਨਹੀਂ ਬਣ ਸਕਦਾ। ਕਿਸੇ ਵੀ ਨਿਸ਼ਾਨੇ ਦੀ ਪ੍ਰਾਪਤੀ ਲਈ ਸਿੱਖੀ ਸਰੂਪ ਤੇ ਸਿੱਖੀ ਕਿਰਦਾਰ ਬਣਾਉਣਾ ਜ਼ਰੂਰੀ ਹੈ। ਜੇ ਕੋਈ ਸਿੱਖ ਸਰੂਪ ਨਹੀਂ ਰੱਖ ਸਕਦਾ, ਘੱਟੋ-ਘੱਟ ਸਿੱਖੀ ਕਿਰਦਾਰ ਦਾ ਧਾਰਨੀ ਤਾਂ ਜ਼ਰੂਰ ਬਣੇ। ਸਿਧਾਂਤਾਂ ਤੇ ਉਪਦੇਸ਼ਾਂ ਦੀ ਗੱਲ ਤਾਂ ਦੂਰ ਦੀ ਹੈ, ਅਸੀਂ ਅਜੇ ਤੱਕ ਇਕ-ਦੂਜੇ ਨਾਲ ਵਿਹਾਰ ਕਰਨਾ ਵੀ ਨਹੀਂ ਸਿੱਖਿਆ ਕਿ ਵੱਡੇ-ਛੋਟੇ ਨਾਲ ਕਿਵੇਂ ਪੇਸ਼ ਆਉਣਾ ਹੈ। ਸਦੀਆਂ ਬੀਤ ਗਈਆਂ, ਗੁਰੂ ਜੀ ਨੇ ਫਰਮਾਇਆ ਸੀ,
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਹਮਦਰਦੀ, ਦਇਆ, ਸਹਿਣਸ਼ੀਲਤਾ, ਸਬਰ, ਸੰਤੋਖ ਦੀ ਘਾਟ ਹੈ ਜੋ ਧਰਮ ਦਾ ਪਹਿਲਾ ਅਸੂਲ ਹੈ। ਗੁਰਬਾਣੀ ਵਿਚ ਹੰਕਾਰ ਨੂੰ ਸਭ ਤੋਂ ਭੈੜਾ ਸਮਝਿਆ ਹੈ। ਗੁਰੂ ਜੀ ਫ਼ਰਮਾਉਂਦੇ ਹਨ, “ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥” ਅਸੀਂ ਲੋਕ ਹੰਕਾਰ, ਈਰਖਾ ਤੇ ਨਫ਼ਰਤ ਦੀ ਅੱਗ ਵਿਚ ਸੜ ਰਹੇ ਹਾਂ। ਅੱਜ ਦਾ ਸਿੱਖ ਨੌਜਵਾਨ ਪਤਿਤ ਹੋ ਰਿਹਾ ਹੈ। ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ। ਗੁਰੂ ਜੀ ਨੇ ਕਿਰਦਾਰ ਨੂੰ ਸਭ ਤੋਂ ਉਤਮ ਫ਼ਰਮਾਇਆ ਹੈ, ਪਰ ਆਚਰਨ ਪੱਖੋਂ ਅਸੀਂ ਦੇਖਦੇ ਹਾਂ, ਰੋਜ਼ ਬਲਾਤਕਾਰ ਹੁੰਦੇ ਹਨ ਅਤੇ ਨੇਤਾ ਪੈਸੇ ਦੇ ਘਪਲਿਆਂ ਵਿਚ ਫ਼ਸੇ ਪਏ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਲਈ ਸਾਡੇ ਨੇਤਾ ਹੀ ਜ਼ਿੰਮੇਵਾਰ ਹਨ। ਜਿਨ੍ਹਾਂ ਦਾ ਆਪਣਾ ਕਿਰਦਾਰ ਉਚਾ ਤੇ ਸੁੱਚਾ ਨਹੀਂ, ਉਨ੍ਹਾਂ ਦੀਆਂ ਗੱਲਾਂ ਦਾ ਦੂਜਿਆਂ ‘ਤੇ ਕੀ ਪ੍ਰਭਾਵ ਪਏਗਾ? ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰ ਕੇ ਜ਼ਿੰਮੇਵਾਰ ਹੈ। ਉਹ ਹੁਣ ਤੱਕ ਧਰਮ ਦਾ ਪ੍ਰਚਾਰ ਕਰਨ ਵਿਚ ਅਸਫ਼ਲ ਰਹੀ ਹੈ। ਹੁਣ ਤੱਕ ਵੀ ਪਿੰਡਾਂ ਵਿਚ, ਗੁਰੂਘਰ ਦੇ ਪਾਠੀ ਤੇ ਗ੍ਰੰਥੀ ਖੁਦ ਗੁਰਬਾਣੀ ਦਾ ਚੰਗੀ ਤਰ੍ਹਾਂ ਉਚਾਰਨ ਕਰਨ ਦੇ ਵੀ ਕਾਬਲ ਨਹੀਂ, ਉਨ੍ਹਾਂ ਨੇ ਸੰਗਤ ਨੂੰ ਅਰਥ ਤਾਂ ਕੀ ਸਮਝਾਉਣੇ ਹਨ! ਗੁਰਬਾਣੀ ਦੇ ਆਸੇ ਅਨੁਸਾਰ ਜੀਵਨ ਗੁਜ਼ਾਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਬਹੁਤ ਔਖਾ ਮਾਰਗ ਹੈ। ਸਿੱਖ ਧਰਮ ਵਿਚ ਸਿਮਰਨ ਤੇ ਸੇਵਾ ਦੋ ਥੰਮ੍ਹ ਹਨ, ਪਰ ਕੀ ਨਿਰੇ ਸਿਮਰਨ ਕਰਨ ਨਾਲ ਸਾਡੀ ਗਤੀ ਹੋ ਸਕਦੀ ਹੈ? ਜੇ ਅਜਿਹਾ ਹੋ ਸਕਦਾ ਹੁੰਦਾ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੀਰੀ-ਪੀਰੀ ਦਾ ਸਿਧਾਂਤ ਦੇਣ ਦੀ ਲੋੜ ਸੀ? ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਉਪਦੇਸ਼ ਨੂੰ ਪਾਉਣ ਲਈ ਸਿਮਰਨ ਕਰਨਾ ਅਤੇ ਚੰਗੇ ਇਨਸਾਨ ਬਣ ਕੇ ਨਿਰਧਨ, ਕਮਜ਼ੋਰ, ਨਿਰਦੋਸ਼ ਤੇ ਲੋੜਵੰਦ ਦੀ ਸਹਾਇਤਾ ਕਰਨਾ ਜ਼ਰੂਰੀ ਹੈ। ਵਿਦਿਆ, ਪੈਸਾ, ਪਿਆਰ, ਅਹੁਦਾ ਤੇ ਕਿਰਦਾਰ ਵੱਖ-ਵੱਖ ਚੀਜ਼ਾਂ ਹਨ। ਜਦ ਤੱਕ ਅਸੀਂ ਪੂਰਨ ਇਨਸਾਨ ਨਹੀਂ ਬਣਦੇ, ਉਤਨੀ ਦੇਰ ਆਦਰਸ਼ਕ ਸਮਾਜ ਦੀ ਉਸਾਰੀ ਸਿਰਫ਼ ਸੁਪਨਾ ਹੀ ਹੋ ਸਕਦਾ ਹੈ। ਇਸ ਤਰ੍ਹਾਂ ਚੰਗੇ ਇਨਸਾਨ ਬਣਨਾ ਸੌਖਾ ਨਹੀਂ। ਕਿਸੇ ਕਵੀ ਨੇ ਕਿਹਾ ਹੈ,
ਫ਼ਰਿਸ਼ਤੋਂ ਸੇ ਬਿਹਤਰ ਹੈ ਇਨਸਾਨ ਬਨਨਾ।
ਮਗਰ ਇਸ ਮੇਂ ਲਗਤੀ ਹੈ ਮਿਹਨਤ ਜ਼ਿਆਦਾ।
ਗੁਰਬਾਣੀ ਦਾ ਕਥਨ ਹੈ,
ਸਚਹੁ ਓਰੈ ਸਭੁ ਕੋ ਉਪਰਿ ਸਚ ਆਚਾਰੁ॥
ਸੰਖੇਪ ਵਿਚ ਕਹੀਏ ਤਾਂ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਿੱਖੀ ਦੇ ਸਿਧਾਂਤ ਤੇ ਉਪਦੇਸ਼ ਕੀ ਹਨ। ਨਾਲ ਹੀ ਵੇਖਣਾ ਅਤੇ ਸੋਚਣਾ ਇਹ ਹੈ ਕਿ ਅਸੀਂ ਇਨ੍ਹਾਂ ਅਨੁਸਾਰ ਜਿਉਣ ਦਾ ਯਤਨ ਕਰਦੇ ਹਾਂ?
-ਧਰਮ ਦੀ ਹੋਂਦ ਨੂੰ ਮੰਨਣਾ, ਪਰ ਅੰਧ-ਵਿਸ਼ਵਾਸ ਤੋਂ ਬਚਣਾ।
-ਪਰਮਾਤਮਾ ਦਾ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ।
-ਪਰਾਈ ਇਸਤਰੀ ਵੱਲ ਬੁਰੇ ਖਿਆਲ ਨਾਲ ਨਾ ਵੇਖਣਾ।
-ਹੱਕ, ਸੱਚ ਤੇ ਇਨਸਾਫ਼ ਦੇ ਆਧਾਰ ‘ਤੇ ਜੀਵਨ ਗੁਜ਼ਾਰਨਾ।
-ਸਰਬੱਤ ਦਾ ਭਲਾ ਮੰਗਣਾ।
-ਕਿਸੇ ਦਾ ਦਿਲ ਨਾ ਦੁਖਾਉਣਾ।
-ਕਿਸੇ ਨਿਰਧਨ ਅਤੇ ਦੁਖੀ ਨੂੰ ਵੇਖ ਕੇ ਨਿਰਾਦਰ ਨਾ ਕਰਨਾ।
-ਆਪਣੇ ਤੋਂ ਵੱਡੇ ਦਾ ਸਤਿਕਾਰ ਤੇ ਉਸ ਦੀ ਆਗਿਆ ਦਾ ਪਾਲਣ ਕਰਨਾ ਅਤੇ ਛੋਟੇ ਨੂੰ ਪਿਆਰ ਕਰਨਾ।
-ਕੁਦਰਤ ਦੇ ਭਾਣੇ ਵਿਚ ਰਹਿਣਾ।
-ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨਾ, ਭਾਵ ਉਸ ਦੇ ਵਿਰੁਧ ਕੋਈ ਵੀ ਕੰਮ ਨਾ ਕਰਨਾ।
-ਨਿਮਰਤਾ ਧਾਰਨ ਕਰਨਾ।
-ਹੰਕਾਰ, ਈਰਖਾ, ਕਾਮ, ਕ੍ਰੋਧ, ਲੋਭ, ਮੋਹ ਤੋਂ ਬਚਣਾ।
-ਬੁਰੇ ਕੰਮ ਤੋਂ ਬਚਣਾ।
-ਛਲ-ਫਰੇਬ ਤੋਂ ਰਹਿਤ, ਭਾਵ ਕਿਸੇ ਨਾਲ ਧੋਖਾ ਨਾ ਕਰਨਾ।
-ਆਪਣੇ ਕਰਤੱਵ ਨੂੰ ਸਮਝਣਾ ਤੇ ਉਸ ਦੀ ਪਾਲਣਾ ਕਰਨਾ।
-ਗ਼ਲਤ ਕੰਮ ਨਾ ਕਰਨਾ।
-ਕਿਸੇ ਦਾ ਬੁਰਾ ਨਾ ਕਰਨਾ।

Be the first to comment

Leave a Reply

Your email address will not be published.