ਪੰਜਾਬੀ, ਰਣਜੀਤ ਸਿੰਘ ਅਤੇ ਅੰਗਰੇਜ਼

ਪੰਜਾਬੀ ਦਾ ਭਵਿੱਖ-3
ਗੁਰਬਚਨ ਸਿੰਘ ਭੁੱਲਰ
ਸਾਡੇ ਬਹੁਤ ਸਾਰੇ ਸਿਆਣੇ ਪੰਜਾਬੀ ਦੀ ਪਤਲੀ ਹਾਲਤ ਦੇ ਬਣੇ ਹੋਏ ਮਾਹੌਲ ਵਿਚ ਇਸ ਦੀਆਂ ਭਾਸ਼ਾ ਵਜੋਂ ਮੁਸ਼ਕਲਾਂ ਦੀ ਚਰਚਾ ਦਾ ਅਰੰਭ ਮਹਾਰਾਜਾ ਰਣਜੀਤ ਸਿੰਘ ਨੂੰ ਉਲਾਂਭਾ ਦੇ ਕੇ ਕਰਦੇ ਹਨ। ਉਹ ਆਖਦੇ ਹਨ, ਮੁਗ਼ਲ-ਪਠਾਣਾਂ ਨੂੰ ਤਾਂ ਕੀ ਕਹੀਏ, ਉਹਨੇ ਵੀ ਪੰਜਾਬੀਆਂ ਦਾ ਸਗੋਂ ਸਿੱਖਾਂ ਦਾ ਰਾਜ ਕਾਇਮ ਕੀਤਾ ਹੋਣ ਦਾ ਦਾਅਵੇਦਾਰ ਹੋਣ ਦੇ ਬਾਵਜੂਦ ਸਰਕਾਰੀ ਕੰਮਕਾਜ ਵਿਚ ਪੰਜਾਬੀ ਲਾਗੂ ਨਾ ਕੀਤੀ। ਅਜਿਹੇ ਨੁਕਤਾਚੀਨ ਪੰਜਾਬ ਦੇ ਇਤਿਹਾਸ ਅਤੇ ਉਹਦੇ ਨਾਲ ਨਾਲ ਪੰਜਾਬੀ ਦੇ ਵਿਕਾਸ ਦੇ ਇਤਿਹਾਸ ਤੋਂ ਜਾਂ ਤਾਂ ਅਗਿਆਨੀ ਹੁੰਦੇ ਹਨ ਜਾਂ ਉਸ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਉਹ ਏਨਾ ਵੀ ਨਹੀਂ ਜਾਣਦੇ-ਸਮਝਦੇ ਕਿ ਉਸ ਜ਼ਮਾਨੇ ਵਿਚ ਭਾਸ਼ਾ ਦੀ ਮਹੱਤਤਾ ਦੇ ਉਹ ਸੰਕਲਪ ਵਿਕਸਿਤ ਹੀ ਨਹੀਂ ਸਨ ਹੋਏ ਜੋ ਅੱਜ ਸਾਡੇ ਲਈ ਸਮਾਜ ਤੇ ਰਾਜ ਵਿਚ ਉਹਦਾ ਸਥਾਨ ਸਮਝਣ ਤੇ ਮਿਥਣ ਦਾ ਪੈਮਾਨਾ ਬਣੇ ਹੋਏ ਹਨ।
ਮਾਤਭਾਸ਼ਾ, ਰਾਜਭਾਸ਼ਾ, ਸਿੱਖਿਆ ਦਾ ਮਾਧਿਅਮ, ਰਾਜਭਾਸ਼ਾ ਵਜੋਂ ਮਾਤਭਾਸ਼ਾ ਦਾ ਮਹੱਤਵ, ਸਿੱਖਿਆ ਦੇ ਮਾਧਿਅਮ ਵਜੋਂ ਮਾਤਭਾਸ਼ਾ ਦੀ ਭੂਮਿਕਾ- ਜਿਹੇ ਸੰਕਲਪ ਆਧੁਨਿਕ ਯੁੱਗ ਦੀ ਦੇਣ ਹਨ। ਅਜਿਹੇ ਮੁੱਦਿਆਂ ਬਾਰੇ ਰਣਜੀਤ ਸਿੰਘ ਦੇ ਸਮੇਂ ਵਿਚ ਅੱਜ ਵਾਲੀ ਸਮਝ ਦੀ ਆਸ ਜਾਂ ਕਲਪਨਾ ਕਰਨਾ ਵਾਜਬ ਨਹੀਂ। ਅਜਿਹੀ ਭਾਸ਼ਾਈ ਸਮਝ ਦੀ ਉਮੀਦ ਉਸ ਤੋਂ ਤਾਂ ਕੀ, ਉਸ ਕਾਲ ਦੇ ਉਨ੍ਹਾਂ ਲੋਕਾਂ ਤੋਂ ਵੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦਾ ਭਾਸ਼ਾ ਨਾਲ ਆਮ ਲੋਕਾਂ ਵਾਂਗ ਬੋਲਣ ਤੋਂ ਵੱਧ ਵਾਹ ਸੀ। ਜਿਵੇਂ ਉਹ ਲੋਕ ਸਨ ਜੋ ਧਰਮ ਦੇ ਪ੍ਰਚਾਰਕ, ਟੀਕਾਕਾਰ, ਵਿਆਖਿਆਕਾਰ, ਭਾਸ਼ਣਕਾਰ ਸਨ ਜਾਂ ਜੋ ਕਿਸੇ ਕਿਸਮ ਦੀ ਰਚਨਾ ਕਰਨ ਦੀ ਸਮਰੱਥਾ ਰਖਦੇ ਸਨ।
ਹੋਰ ਗੱਲਾਂ ਤਾਂ ਛੱਡੋ, ਉਸ ਸਮੇਂ ਤਾਂ ਸਿੱਖਿਆ ਰਾਜ ਦੇ ਸਰੋਕਾਰਾਂ ਵਿਚ ਸ਼ਾਮਲ ਹੀ ਨਹੀਂ ਸੀ। ਰਾਜਪ੍ਰਬੰਧ ਦਾ ਤਾਣਾਬਾਣਾ ਵੀ ਉਸ ਸਮੇਂ ਅੱਜ ਵਾਂਗ ਫੈਲਵਾਂ ਨਹੀਂ ਸੀ। ਅੱਜ ਜੋ ਅਨੇਕ ਮਾਮਲੇ ਮੰਤਰਾਲਿਆਂ ਤੇ ਵਿਭਾਗਾਂ ਦੇ ਰੂਪ ਵਿਚ ਰਾਜ ਦਾ ਸਿੱਧਾ ਸਰੋਕਾਰ ਹਨ, ਉਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਹੋਂਦ ਵਿਚ ਹੀ ਨਹੀਂ ਸੀ ਆਏ ਜਾਂ ਫੇਰ ਰਾਜ ਦੀ ਫ਼ਿਕਰਮੰਦੀ ਵਿਚ ਸ਼ਾਮਲ ਨਹੀਂ ਸੀ ਹੋਏ। ਰਾਜ ਦੀ ਚਿੰਤਾ ਬੱਸ ਇਹ ਹੁੰਦੀ ਸੀ ਕਿ ਅਮਨ-ਕਾਨੂੰਨ ਬਣਿਆ ਰਹੇ ਅਤੇ ਟੈਕਸ ਉਗਰਾਹੇ ਜਾਂਦੇ ਰਹਿਣ। ਇਸ ਉਪਰੰਤ, ਫ਼ਾਰਸੀ, ਜਿਸ ਨੂੰ ਰਣਜੀਤ ਸਿੰਘ ਨੇ ਪਹਿਲਾਂ ਵਾਂਗ ਹੀ ਰਾਜਕਾਜ ਦੀ ਭਾਸ਼ਾ ਬਣਾਈ ਰੱਖਿਆ, ਹਿੰਦੁਸਤਾਨ ਦੇ ਅੰਦਰ ਤੇ ਬਾਹਰ ਵੱਡੇ ਭੂਗੋਲਿਕ ਖੇਤਰ ਵਿਚ ਹਕੂਮਤਾਂ ਦੀ ਵਰਤੋਂ ਵਿਚ ਸੀ। ਇਸ ਕਰਕੇ ਆਪਣੇ ਰਾਜ ਦੇ ਅੰਦਰ ਸਰਕਾਰੀ ਕੰਮਕਾਜ ਨੂੰ ਬਿਨਾ ਕਿਸੇ ਵੱਡੀ ਉਥਲ-ਪੁਥਲ ਤੋਂ ਚਲਦੇ ਰੱਖਣਾ ਸਾਧਾਰਨ ਗੱਲ ਸੀ। ਇਸ ਤੋਂ ਇਲਾਵਾ ਇਹ ਗੁਆਂਢੀ ਸਰਕਾਰਾਂ ਨਾਲ ਸੰਪਰਕ ਵਿਚ ਸਹਾਈ ਹੁੰਦੀ ਸੀ।
ਪੰਜਾਬ ਦੀ ਭਾਸ਼ਾ ਸਮੱਸਿਆ ਦੇ ਬੀ ਅੰਗਰੇਜ਼ਾਂ ਨੇ ਸੋਚੀ-ਸਮਝੀ ਨੀਤੀ ਅਧੀਨ ਬੀਜੇ। ਉਨ੍ਹਾਂ ਨੇ ਰਾਜਪ੍ਰਬੰਧ ਨੂੰ ਆਧੁਨਿਕ ਲੀਹਾਂ ਉਤੇ ਉਸਾਰਨ ਅਤੇ ਕਾਰਗਰ ਢੰਗ ਨਾਲ ਚਲਾਉਣ ਲਈ ਅਮਲਾ-ਫੈਲਾ ਤਿਆਰ ਕਰਨ ਦੀ ਵਿਉਂਤ ਬਣਾਈ। ਇਸ ਉਦੇਸ਼ ਦੀ ਪੂਰਤੀ ਵਾਸਤੇ ਉਨ੍ਹਾਂ ਨੇ ਆਪਣੇ ਅਧੀਨ ਹੋ ਚੁੱਕੇ ਹਿੰਦੋਸਤਾਨੀ ਇਲਾਕੇ ਵਿਚ ਪਹਿਲੀ ਵਾਰ ਵਿੱਦਿਅਕ ਤਾਣਾਬਾਣਾ ਹੋਂਦ ਵਿਚ ਲਿਆਂਦਾ। ਸਪੱਸ਼ਟ ਹੈ ਕਿ ਗੁਰੂਕੁਲਾਂ, ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਡੇਰਿਆਂ ਆਦਿ ‘ਤੇ ਆਧਾਰਤ ਵਿਦਿਅਕ ਪਰੰਪਰਾ ਉਸੇ ਰੂਪ ਵਿਚ ਜਾਂ ਕੁਝ ਸੋਧਾਂ ਤੇ ਵਾਧਿਆਂ ਨਾਲ ਵੀ ਕਿਸੇ ਤਰ੍ਹਾਂ ਉਨ੍ਹਾਂ ਦੀ ਲੋੜ ਦੀ ਪੂਰਤੀ ਦਾ ਵਸੀਲਾ ਨਹੀਂ ਸੀ ਬਣ ਸਕਦੀ। ਇਸ ਕਰਕੇ ਉਨ੍ਹਾਂ ਨੇ ਆਪਣਾ ਨਵਾਂ-ਨਕੋਰ ਵਿਦਿਅਕ ਢਾਂਚਾ ਕਾਇਮ ਕਰਨ ਦਾ ਫ਼ੈਸਲਾ ਕੀਤਾ। ਕੁਦਰਤੀ ਸੀ ਕਿ ਉਸ ਵਿਚ ਉਨ੍ਹਾਂ ਨੇ ਅੰਗਰੇਜ਼ੀ ਨੂੰ ਸਥਾਨਕ ਭਾਸ਼ਾਵਾਂ ਦੇ ਟਾਕਰੇ ਉਤੇ ਸਰਦਾਰੀ ਦਿੱਤੀ।
ਅੰਗਰੇਜ਼ੀ ਦੀ ਸਰਦਾਰੀ ਦਾ ਇਕ ਵਿਆਪਕ ਨਤੀਜਾ ਇਹ ਪ੍ਰਭਾਵ ਪੱਕਾ ਹੁੰਦੇ ਜਾਣ ਦੇ ਰੂਪ ਵਿਚ ਨਿੱਕਲਿਆ ਕਿ ਪੰਜਾਬੀ, ਹਿੰਦੀ ਤੇ ਉਰਦੂ ਸਬੰਧਤ ਧਰਮਾਂ ਦਾ ਵਸੀਲਾ ਹੋਣ ਕਰਕੇ ਉਨ੍ਹਾਂ ਨਾਲ ਅਟੁੱਟ ਰੂਪ ਵਿਚ ਜੁੜੀਆਂ ਹੋਈਆਂ ਹਨ। ਇਸ ਪ੍ਰਭਾਵ ਤੇ ਸੋਚ ਦਾ ਲਾਭ ਉਠਾਉਂਦਿਆਂ ਉਨ੍ਹਾਂ ਨੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚ ਆਪਣੇ ਆਪਣੇ ਧਰਮ ਦੀ ਪਰਪੱਕਤਾ ਅਤੇ ਦੂਜੇ ਧਰਮਾਂ ਦੇ ਟਾਕਰੇ ਵਡਿੱਤਣ ਦੀ ਭਾਵਨਾ ਜਗਾਉਣ ਦੀ ਚਾਲ ਚੱਲੀ। ਇਉਂ ਦੇਸੀ ਭਾਸ਼ਾਵਾਂ ਅਤੇ ਲਿਪੀਆਂ ਨੂੰ ਧਰਮਾਂ ਨਾਲ ਜੋੜ ਦਿੱਤਾ ਗਿਆ। ਭੋਲ਼ੇ ਲੋਕ ਅਤੇ ਓਨੇ ਹੀ ਭੋਲ਼ੇ ਉਨ੍ਹਾਂ ਦੇ ਧਾਰਮਿਕ ਰਾਹ-ਦਿਖਾਵੇ ਖ਼ੁਸ਼ ਸਨ ਕਿ ਉਨ੍ਹਾਂ ਦੀ ਭਾਸ਼ਾ ਅਤੇ ਲਿਪੀ ਉਨ੍ਹਾਂ ਦੇ ਧਰਮ ਦੀ ਬੁੱਕਲ ਵਿਚ ਸੁਰੱਖਿਅਤ ਹੈ। ਅੰਗਰੇਜ਼ ਖ਼ੁਸ਼ ਸਨ ਕਿ ਸਥਾਨਕ ਭਾਸ਼ਾਵਾਂ ਅਤੇ ਲਿਪੀਆਂ ਧਰਮ ਦੀ ਬੁੱਕਲ ਤੱਕ ਸੀਮਤ ਹੋ ਗਈਆਂ ਹਨ!
ਆਜ਼ਾਦੀ ਸੰਗਰਾਮ ਦੀ ਭਾਵਨਾ ਇਨ੍ਹਾਂ ਚਾਲਾਂ ਦਾ ਕਾਫ਼ੀ ਕਾਰਗਰ ਤੋੜ ਸਿੱਧ ਹੁੰਦੀ ਰਹੀ। ਉਹ ਆਮ ਲੋਕਾਂ ਨੂੰ ਧਰਮਾਂ ਅਤੇ ਭਾਸ਼ਾਵਾਂ ਦੇ ਫ਼ਰਕਾਂ ਤੋਂ ਉਚੇ ਉਠ ਕੇ ਇਕ ਹੋਣ ਦਾ ਸੱਦਾ ਦਿੰਦੀ ਰਹੀ ਅਤੇ ਇਸ ਮਨੋਰਥ ਵਿਚ ਕਾਫ਼ੀ ਸਫਲ ਵੀ ਹੋਈ। ਪਰ ਸਮੇਂ ਦਾ ਵਿਅੰਗ ਦੇਖੋ, ਅੰਗਰੇਜ਼ ਦੀ ਬੀਜੀ ਇਸ ਜ਼ਹਿਰ-ਬੂਟੀ ਨੂੰ ਆਜ਼ਾਦੀ ਸਮੇਂ ਦੇਸ਼-ਵੰਡ ਨਾਲ ਪੈਦਾ ਹੋਏ ਮਾਹੌਲ ਵਿਚ ਭਰਪੂਰ ਫਲ ਲੱਗਣ ਲੱਗੇ। ਇਹ ਸਭ ਏਨਾ ਸੱਜਰਾ ਇਤਿਹਾਸ ਹੈ ਕਿ ਇਸ ਦੇ ਵਿਸਥਾਰ ਵਿਚ ਜਾਣ ਦੀ ਕੋਈ ਲੋੜ ਨਹੀਂ ਦਿਸਦੀ।
ਇਕ ਤੱਥ ਯਾਦ ਰੱਖਣਾ ਜ਼ਰੂਰੀ ਹੈ ਅਤੇ ਉਸ ਦਾ ਵੱਡਾ ਮਹੱਤਵ ਹੈ। ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸਮੇਂ ਪੰਜਾਬੀ ਨੂੰ ਰਾਜਪ੍ਰਬੰਧ ਅਤੇ ਸਿੱਖਿਆ ਦੇ ਮਾਧਿਅਮ ਵਜੋਂ ਸਥਾਨ ਨਾ ਮਿਲਣ ਦੇ ਬਾਵਜੂਦ ਲੋਕਾਂ ਦੀ ਬੋਲੀ ਵਜੋਂ ਇਹਦੀ ਹੈਸੀਅਤ ਨੂੰ ਸੱਟ ਮਾਰਨ ਦੇ ਕੋਈ ਸੋਚੇ-ਸਮਝੇ ਜਤਨ ਨਹੀਂ ਸਨ ਹੋਏ। ਇਸ ਕਰਕੇ ਇਹਦੀਆਂ ਜੜਾਂ ਨੂੰ ਨੁਕਸਾਨ ਨਹੀਂ ਸੀ ਪੁੱਜਿਆ। ਰਾਜ-ਸਿੰਘਾਸਨ ਅਤੇ ਸਿੱਖਿਆ-ਸਿੰਘਾਸਨ ਤੋਂ ਬਿਨਾਂ ਵੀ ਇਹ ਸਮੂਹ ਪੰਜਾਬੀਆਂ ਦੇ, ਹਿੰਦੂ ਪੰਜਾਬੀਆਂ ਦੇ ਵੀ, ਮੁਸਲਮਾਨ ਪੰਜਾਬੀਆਂ ਦੇ ਵੀ ਅਤੇ ਸਿੱਖ ਪੰਜਾਬੀਆਂ ਦੇ ਵੀ, ਮਨ ਦੇ ਸਿੰਘਾਸਨ ਉਤੇ ਬਿਰਾਜਮਾਨ ਰਹੀ।
ਆਜ਼ਾਦੀ ਮਿਲਣ ਨਾਲ ਦੇਸੀ ਭਾਸ਼ਾਵਾਂ ਦੇ ਵਿਕਾਸ ਦੀ ਆਸ ਜਾਗਣੀ ਸੁਭਾਵਿਕ ਸੀ। ਪਰ ਸਰਕਾਰ ਨੇ ਰਾਜਨੀਤਕ ਅਤੇ ਆਰਥਿਕ ਵਾਗਾਂ ਸੰਭਾਲਣ ਵਾਂਗ ਭਾਸ਼ਾਈ ਅਤੇ ਸਭਿਆਚਾਰਕ ਨੀਤੀਆਂ ਘੜਨ ਦਾ ਕੰਮ ਵੀ ਪੂਰੀ ਤਰ੍ਹਾਂ ਆਪਣੇ ਹੱਥ ਲੈ ਕੇ ਇਨ੍ਹਾਂ ਨੂੰ ਵੀ ਆਪਣਾ ਖਿਡੌਣਾ ਬਣਾ ਲਿਆ। ਇਸੇ ਕਰਕੇ ਇਹ ਨੀਤੀਆਂ ਰੁੱਤਾਂ ਵਾਂਗ ਬਦਲਦੀਆਂ ਰਹਿੰਦੀਆਂ ਹਨ। ਚਾਹੀਦਾ ਇਹ ਸੀ ਕਿ ਇਹ ਨੀਤੀਆਂ ਤਿਆਰ ਕਰਨ ਦਾ ਕੰਮ ਭਾਸ਼ਾ ਅਤੇ ਸਭਿਆਚਾਰ ਦੇ ਗਿਆਨੀਆਂ ਦੇ ਹਵਾਲੇ ਕੀਤਾ ਜਾਂਦਾ। ਪਰ ਹੋਇਆ ਇਹ ਕਿ ਉਹ ਵਿੱਦਿਆ ਮੰਤਰੀ ਵਿਦਿਅਕ ਨੀਤੀਆਂ ਬਦਲਣ, ਬਣਾਉਣ ਤੇ ਲਾਗੂ ਕਰਨ ਲੱਗੇ ਜੋ ਜਾਂ ਤਾਂ ਉਚੀ ਪੜ੍ਹਾਈ ਦਾ ਮੂੰਹ ਨਾ ਦੇਖਿਆ ਹੋਣ ਕਾਰਨ ਭਾਸ਼ਾ-ਵਿਗਿਆਨ ਦੇ ਪੱਖੋਂ ਅਨਪੜ੍ਹ ਹੁੰਦੇ ਹਨ ਜਾਂ ਰਾਜਨੀਤੀ ਵਿਚ ਪੈ ਕੇ ਆਪਣਾ ਪੜ੍ਹਿਆ-ਵਾਚਿਆ ਸਭ ਕੁਝ ਭੁੱਲ-ਭੁਲਾ ਕੇ ਅਨਪੜ੍ਹ ਬਣ ਚੁੱਕੇ ਹੁੰਦੇ ਹਨ। ਇਹਦੇ ਨਾਲ ਹੀ ਉਹ ਆਪਣੀਆਂ ਰਾਜਨੀਤਕ ਗਿਣਤੀਆਂ-ਮਿਣਤੀਆਂ ਨੂੰ ਭਾਸ਼ਾਈ ਅਤੇ ਸਭਿਆਚਾਰਕ ਲੋੜਾਂ ਅਤੇ ਤਕਾਜ਼ਿਆਂ ਤੋਂ ਉਚੀਆਂ ਸਮਝਦੇ ਅਤੇ ਰਖਦੇ ਹਨ।
ਸਾਡੇ ਆਦਿ-ਲੇਖਕ ਬਾਬਾ ਫ਼ਰੀਦ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਦੇ ਵੱਡੇ ਭਾਈਵਾਲ ਰਹੇ ਮੁਸਲਮਾਨਾਂ ਨੂੰ ਪਾਕਿਸਤਾਨ, ਜਿਸ ਦੇ ਹਿੱਸੇ ਪੰਜਾਬੀਆਂ ਦਾ ਵੱਡਾ ਹਿੱਸਾ ਆ ਗਿਆ ਸੀ, ਵਿਚ ਇਹ ਪੱਕ ਕਰਵਾਇਆ ਜਾਣ ਲੱਗਾ ਕਿ ਉਨ੍ਹਾਂ ਦਾ ਅਸਲ ਰਿਸ਼ਤਾ ਪੰਜਾਬੀ ਨਾਲ ਨਹੀਂ, ਉਰਦੂ ਨਾਲ ਹੈ। ਰਾਜਪ੍ਰਬੰਧ ਅਤੇ ਸਿੱਖਿਆ ਵਿਚ ਪੰਜਾਬੀ ਨੂੰ ਨਕਾਰ ਕੇ ਉਰਦੂ ਦੇ ਝੰਡੇ ਗੱਡ ਦਿੱਤੇ ਗਏ। ਅਖੌਤੀ ਉਪਰਲੇ ਤਬਕੇ ਦੇ ਪੰਜਾਬੀਆਂ ਨੇ ਗੱਲਬਾਤ ਲਈ ਉਰਦੂ ਅਪਨਾ ਲਈ। ਹਾਲਤ ਏਨੀ ਨਿੱਘਰ ਗਈ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਵਿਚ ਪੰਜਾਬੀ ਵਿਚ ਤਕਰੀਰ ਕਰਨ ਦੀ ਮਨਾਹੀ ਕਰ ਦਿੱਤੀ ਗਈ। (ਹੁਣ ਸ਼ਾਇਦ ਇਹ ਮਨਾਹੀ ਤਾਂ ਰੱਦ ਕਰ ਦਿੱਤੀ ਗਈ ਹੈ ਪਰ ਪਤਾ ਨਹੀਂ, ਇਹ ਹੱਕ ਕੋਈ ਵਰਤਦਾ ਵੀ ਹੈ ਕਿ ਨਹੀਂ।) ਇਧਰ ਪਹੁੰਚਦੀਆਂ ਉਧਰਲੀ ਪੰਜਾਬੀ ਦੀ ਤਰੱਕੀ ਦੀਆਂ ਖ਼ਬਰਾਂ ਬਹੁਤ ਵਧਾ-ਚੜ੍ਹਾ ਕੇ ਦੱਸੀਆਂ ਹੁੰਦੀਆਂ ਹਨ। ਇਹਤੋਂ ਵੀ ਮਾੜੀ ਗੱਲ, ਇਧਰਲੇ ਪੰਜਾਬ ਵਿਚ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਉਚਾ ਸਮਝਣ ਵਾਲੇ ਤਬਕੇ ਵਿਚ ਪੰਜਾਬੀ ਦੀ ਥਾਂ ਘਰਾਂ ਵਿਚ ਅੰਗਰੇਜ਼ੀ ਜਾਂ ਹਿੰਦੀ ਬੋਲਣ ਦਾ ਰੁਝਾਨ ਵਧ ਰਿਹਾ ਹੈ, ਭਾਵੇਂ ਕਿ ਪਾਕਿਸਤਾਨ ਦੇ ਟਾਕਰੇ ਇਸ ਅਮਲ ਦੀ ਰਫ਼ਤਾਰ ਅਜੇ ਕਾਫ਼ੀ ਘੱਟ ਹੈ।
ਇਹ ਆਸ ਰੱਖਣਾ ਬਿਲਕੁਲ ਜਾਇਜ਼ ਸੀ ਕਿ ਪੰਜਾਬੀ ਸੂਬਾ ਬਣਨ ਪਿਛੋਂ, ਖਾਸ ਕਰਕੇ ਪੰਜਾਬੀ ਸੂਬੇ ਦੇ ਮੁੱਦਈ ਕਹਾਉਂਦੇ ਰਾਜਨੀਤਕ ਆਗੂਆਂ ਦੇ ਗੱਦੀ ਉਤੇ ਬੈਠਣ ਪਿਛੋਂ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਮਿਲ ਜਾਂਦਾ। ਪਰ ਇਤਿਹਾਸ ਹੈਰਾਨ ਹੋਇਆ ਕਰੇਗਾ ਕਿ ਅਜਿਹਾ ਹੋਇਆ ਨਾ। ਮੇਰਾ ਮੱਤ ਹੈ ਕਿ ਜੇ ਲਛਮਣ ਸਿੰਘ ਗਿੱਲ ਦੀ ਟੁੱਟਣ ਲਈ ਹੀ ਬਣੀ ਸਰਕਾਰ ਇਹ ਕਦਮ ਨਾ ਚੁਕਦੀ, ਕਿਸੇ ਅਕਾਲੀ ਜਾਂ ਕਾਂਗਰਸੀ ਸਰਕਾਰ ਨੇ ਅੱਜ ਤੱਕ ਵੀ ਪੰਜਾਬੀ ਨੂੰ ਰਾਜਭਾਸ਼ਾ ਨਹੀਂ ਸੀ ਬਣਾਉਣਾ ਅਤੇ ਪੰਜਾਬੀ ਲੇਖਕਾਂ ਨੇ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਉਸੇ ਤਰ੍ਹਾਂ ਧਰਨੇ ਦਿੰਦੇ ਰਹਿਣਾ ਸੀ ਜਿਵੇਂ ਹੁਣ ਉਹ ਬਣਿਆ ਹੋਇਆ ਭਾਸ਼ਾਈ ਕਾਨੂੰਨ ਲਾਗੂ ਕਰਵਾਉਣ ਲਈ ਅਤੇ ਉਹਦੀਆਂ ਕਮਜ਼ੋਰੀਆਂ ਦੂਰ ਕਰਵਾਉਣ ਲਈ ਅਕਸਰ ਦਿੰਦੇ ਰਹਿੰਦੇ ਹਨ।
ਛੋਟੇ-ਵੱਡੇ ਬਾਬੂ ਹਮੇਸ਼ਾ ਹਾਕਮਾਂ ਦੀ ਅੱਖ ਵੱਲ ਦੇਖ ਕੇ ਕੰਮ ਕਰਦੇ ਹਨ। ਗਿੱਲ ਦੀ ਕੌੜੀ ਅੱਖ ਦੇਖਦਿਆਂ ਟਾਈਪ ਦੀਆਂ ਅੰਗਰੇਜ਼ੀ ਮਸ਼ੀਨਾਂ ਦਫ਼ਤਰਾਂ ਦੀਆਂ ਅਲਮਾਰੀਆਂ ਉਤੇ ਸੁੱਟ ਕੇ ਪੰਜਾਬੀ ਦੀਆਂ ਮਸ਼ੀਨਾਂ ਖ਼ਰੀਦ ਲਈਆਂ ਗਈਆਂ ਸਨ। ਉਹਦੀ ਸਰਕਾਰ ਦਾ ਡਿੱਗਣਾ ਸੀ ਕਿ ਪੰਜਾਬੀ ਦੀਆਂ ਮਸ਼ੀਨਾਂ ਪਰੇ ਸੁਟਦਿਆਂ ਅੰਗਰੇਜ਼ੀ ਦੀਆਂ ਮਸ਼ੀਨਾਂ ਝਾੜ-ਪੂੰਝ ਕੇ ਫੇਰ ਮੇਜ਼ਾਂ ਉਤੇ ਸਜਾ ਲਈਆਂ ਗਈਆਂ। ਇਸ ਤੱਥ ਉਤੇ ਕਿਸ ਨੂੰ ਹਾਸਾ ਨਹੀਂ ਆਵੇਗਾ ਕਿ ਅੱਜ ਵੀ ਰਸਮ ਪੂਰੀ ਕਰਨ ਲਈ ਦਫ਼ਤਰਾਂ ਵਿਚ ਪੰਜਾਬੀ ਲਾਗੂ ਕਰਨ ਦੀਆਂ ਹਦਾਇਤਾਂ ਅਨੇਕ ਵਾਰ ਅੰਗਰੇਜ਼ੀ ਵਿਚ ਭੇਜੀਆਂ ਜਾਂਦੀਆਂ ਹਨ।
ਆਰਥਿਕ ਵਿਸ਼ਵੀਕਰਨ ਦੇ ਨਾਲ ਨਾਲ ਸੂਚਨਾ, ਦੂਰਸੰਚਾਰ ਅਤੇ ਕੰਪਿਊਟਰ ਤਕਨਾਲੋਜੀ ਦੇ ਦੰਗ ਕਰ ਦੇਣ ਵਾਲੇ ਵਿਕਾਸ ਨੇ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਬਹੁਤ ਵਧਾ ਦਿੱਤੀ ਹੈ। ਇਸ ਦਾ ਕਾਰਨ ਇਹਦੀਆਂ ਕੋਈ ਭਾਸ਼ਾਈ ਵਿਸ਼ੇਸ਼ਤਾਵਾਂ ਨਹੀਂ। ਸਗੋਂ ਲਿਪੀ ਦੀਆਂ ਕਮਜ਼ੋਰੀਆਂ ਅਤੇ ਵਿਆਕਰਨ ਦੀਆਂ ਬੇਨੇਮੀਆਂ ਇਹਨੂੰ ਊਣੀ ਭਾਸ਼ਾ ਬਣਾਉਂਦੀਆਂ ਹਨ। ਇਕ ਤਾਂ ਬਸਤੀਵਾਦੀ ਸਾਮਰਾਜ ਦੀ ਭਾਸ਼ਾ ਹੋਣ ਕਰਕੇ ਇਹਦੀ ਪਹੁੰਚ ਵੱਡੇ ਭੂਗੋਲਿਕ ਖੇਤਰ ਤੱਕ ਹੋ ਗਈ ਅਤੇ ਦੂਜੇ, ਇਹਦੇ ਮਾਧਿਅਮ ਰਾਹੀਂ ਖੋਜ-ਕਾਰਜ ਸਦਕਾ ਹੋਇਆ ਵਿਗਿਆਨਕ-ਤਕਨਾਲੋਜੀਕਲ ਵਿਕਾਸ ਇਹਦੇ ਮਹੱਤਵ ਵਿਚ ਵਾਧਾ ਕਰਦਾ ਹੈ।
ਅੰਗਰੇਜ਼ੀ ਵਿਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਅਪਨਾ ਕੇ ਅਮੀਰ ਹੋਣ ਦੀ ਵੀ ਬੜੀ ਸਮਰੱਥਾ ਹੈ। ਉਹ ਸਾਡੇ ਵਾਂਗ ਫ਼ੋਨ ਨੂੰ ‘ਦੂਰਭਾਸ਼’, ਸਬਵੇਅ ਨੂੰ ‘ਭੂਮੀਗਤ ਪੈਦਲ ਪਾਰ ਪਥ’ ਅਤੇ ਜੂਨੀਅਰ ਇੰਜੀਨੀਅਰ ਨੂੰ ‘ਕਨਿਸ਼ਟ ਅਭਿਅੰਤਾ’ ਨਹੀਂ ਬਣਾਉਂਦੇ ਸਗੋਂ ਅੰਗਰੇਜ਼ੀ-ਭਾਸ਼ੀ ਲੋਕਾਂ ਵਿਚ ਹੋਰ ਭਾਸ਼ਾਵਾਂ ਦੇ ਪ੍ਰਚਲਿਤ ਹੁੰਦੇ ਰਹਿੰਦੇ ਸ਼ਬਦਾਂ ਨੂੰ ਉਸੇ ਰੂਪ ਵਿਚ ਆਪਣੇ ਕੋਸ਼ਾਂ ਵਿਚ ਸ਼ਾਮਲ ਕਰਦੇ ਰਹਿੰਦੇ ਹਨ। ਉਨ੍ਹਾਂ ਲਈ ਹੁੱਕਾ, ਬਿੰਦੀ, ਸਾੜ੍ਹੀ- ਸਭ ਇਹੋ ਹਨ।
ਅੰਗਰੇਜ਼ੀ ਦੇ ਇਸ ਦਬਦਬੇ ਦਾ ਰਾਹ ਸਾਡੀ ਭਾਸ਼ਾਈ ਹੀਣ-ਭਾਵਨਾ ਹੋਰ ਸੌਖਾ ਕਰ ਦਿੰਦੀ ਹੈ ਜਿਸ ਸਦਕਾ ਅੰਗਰੇਜ਼ੀ ਬੋਲਣ ਨੂੰ, ਭਾਵੇਂ ਉਹ ਗ਼ਲਤ ਹੀ ਹੋਵੇ, ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ।
(ਚਲਦਾ)

Be the first to comment

Leave a Reply

Your email address will not be published.