ਇਤਿਹਾਸਕਾਰ ਬਿਪਨ ਚੰਦਰ ਭਾਰਤ ਦੇ ਉਨ੍ਹਾਂ ਵਿਰਲੇ ਇਤਿਹਾਸਕਾਰਾਂ ਵਿਚੋਂ ਸਨ ਜਿਨ੍ਹਾਂ ਨੇ ਆਪਣੀਆਂ ਸੁੱਚੀਆਂ ਲਿਖਤਾਂ ਨਾਲ ਆਪਣੇ ਲਈ ਭਰੋਸਾ ਕਮਾਇਆ। ਅਜਿਹੇ ਇਤਿਹਾਸਕਾਰ ਬਥੇਰੇ ਹਨ ਜਿਹੜੇ ਆਪਣੇ ਹਿਸਾਬ ਨਾਲ ਇਤਿਹਾਸਕ ਤੱਥਾਂ ਦੀ ਵਿਆਖਿਆ ਕਰਦੇ ਹਨ। ਅਜਿਹੇ ਇਤਿਹਾਸਕਾਰਾਂ ਦੇ ਨਾਂ ਅੱਗੇ ਫਿਰ ਸਿੱਖ ਜਾਂ ਹਿੰਦੂ ਜਾਂ ਕੋਈ ਹੋਰ ਵਿਸ਼ੇਸ਼ਣ ਲਾਉਣਾ ਪੈਂਦਾ ਹੈ। ਇਨ੍ਹਾਂ ‘ਇਤਿਹਾਸਕਾਰਾਂ’ ਦੀ ਭਰੋਸੇਯੋਗਤਾ ਸਦਾ ਹੀ ਦਾਅ ਉਤੇ ਲੱਗੀ ਰਹਿੰਦੀ ਹੈ। ਆਪਣੀ ਕੀਤੀ ਵਿਆਖਿਆ ਦੀ ਇਨ੍ਹਾਂ ਅਖੌਤੀ ਇਤਿਹਾਸਕਾਰਾਂ ਨੂੰ ਵਾਰ-ਵਾਰ ਵਿਆਖਿਆ ਦੀ ਲੋੜ ਪੈਂਦੀ ਹੈ। ਬਿਪਨ ਚੰਦਰ ਦੀਆਂ ਲਿਖਤਾਂ ਅਜਿਹੇ ਹਿਸਾਬ-ਕਿਤਾਬਾਂ ਤੋਂ ਪਾਰ ਜਾਂਦੀਆਂ ਹਨ। ਉਹ ਖੁਦ ਆਖਦੇ ਸਨ ਕਿ ਇਤਿਹਾਸਕਾਰ ਨੇ ਇਤਿਹਾਸ ਦੀਆਂ ਪੈੜਾਂ ਨੱਪਣੀਆਂ ਹੁੰਦੀਆਂ ਹਨ, ਆਪਣੇ ਵਿਚਾਰ ਨਹੀਂ ਥੋਪਣੇ ਹੁੰਦੇ। -ਸੰਪਾਦਕ
ਗੁਰਬਖਸ਼ ਸਿੰਘ ਸੋਢੀ
ਇਤਿਹਾਸਕਾਰ ਬਿਪਨ ਚੰਦਰ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਬਾਰੇ ਨਿੱਠ ਕੇ ਲਿਖਿਆ। 1966 ਵਿਚ ਛਪੀ ਆਪਣੀ ਕਿਤਾਬ ‘ਦਿ ਰਾਈਜ਼ ਐਂਡ ਗਰੋਥ ਆਫ਼ ਇਕੋਨੋਮਿਕ ਨੈਸ਼ਨਲਿਜ਼ਮ ਇਨ ਇੰਡੀਆ’ ਤੋਂ ਲੈ ਕੇ 2012 ਵਿਚ ਛਪੀ ਕਿਤਾਬ ‘ਦਿ ਮੈਕਿੰਗ ਆਫ ਮਾਡਰਨ ਇੰਡੀਆ: ਫਰਾਮ ਮਾਰਕਸ ਟੂ ਗਾਂਧੀ’ ਤੱਕ ਉਨ੍ਹਾਂ ਨੇ ਭਾਰਤ ਦੇ ਇਤਿਹਾਸ ਬਾਰੇ ਨਿੱਗਰ ਟਿੱਪਣੀਆਂ ਕੀਤੀਆਂ। ਉਨ੍ਹਾਂ ਦਾ ਜਨਮ ਸਾਂਝੇ ਪੰਜਾਬ ਵਿਚ 27 ਮਈ 1928 ਨੂੰ ਕਾਂਗੜਾ ਵਿਖੇ ਹੋਇਆ ਸੀ। ਉਨ੍ਹਾਂ ਪਹਿਲਾਂ ਲਾਹੌਰ ਦੇ ਫੋਰਮਨ ਕ੍ਰਿਸਚੀਅਨ ਕਾਲਜ ਅਤੇ ਫਿਰ ਅਮਰੀਕਾ ਦੀ ਸਟੈਨਫਰਡ ਯੂਨੀਵਰਸਿਟੀ ਤੋਂ ਵਿੱਦਿਆ ਹਾਸਿਲ ਕੀਤੀ। ਬਾਅਦ ਵਿਚ ਉਨ੍ਹਾਂ ਨੇ ਪ੍ਰੋæ ਬਿਸ਼ਵੇਸ਼ਵਰ ਪ੍ਰਸਾਦ ਦੀ ਨਿਗਰਾਨੀ ਹੇਠ ਦਿੱਲੀ ਯੂਨੀਵਰਸਿਟੀ ਤੋਂ ਪੀਐਚæਡੀæ ਕੀਤੀ। ਦਿੱਲੀ ਦੇ ਹਿੰਦੂ ਕਾਲਜ ਵਿਚ ਬਤੌਰ ਲੈਕਚਰਾਰ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਛੇਤੀ ਹੀ ਨਵੀਂ ਖੁੱਲ੍ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਪ੍ਰੋਫੈਸਰ ਨਿਯੁਕਤ ਹੋ ਗਏ। ਉਥੇ ਉਨ੍ਹਾਂ ਨੇ ‘ਇਨਕੁਆਰੀ’ ਨਾਂ ਦਾ ਪਰਚਾ ਅਰੰਭ ਕੀਤਾ। 1985 ਵਿਚ ਹੋਈ ‘ਇੰਡੀਅਨ ਹਿਸਟਰੀ ਕਾਂਗਰਸ’ ਵਿਚ ਉਨ੍ਹਾਂ ਅਹਿਮ ਰੋਲ ਨਿਭਾਇਆ। 1993 ਵਿਚ ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂæਜੀæਸੀæ) ਦੇ ਮੈਂਬਰ ਬਣੇ। 2004 ਤੋਂ ਲੈ ਕੇ 2012 ਤੱਕ ਉਨ੍ਹਾਂ ਨੈਸ਼ਨਲ ਬੁੱਕ ਟਰੱਸਟ (ਨਵੀਂ ਦਿੱਲੀ) ਦੀ ਚੇਅਰਮੈਨੀ ਵੀ ਕੀਤੀ।
ਬਿਪਨ ਚੰਦਰ ਦੀ ਕਮਿਊਨਿਸਟਾਂ ਨਾਲ ਬੜੀ ਨੇੜਤਾ ਰਹੀ ਅਤੇ ਉਹ ਲੋਕ ਪੱਖੀ ਘੋਲਾਂ ਵਿਚ ਖੁਦ ਸ਼ਾਮਿਲ ਵੀ ਹੁੰਦੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਆਰæਐਸ਼ ਸ਼ਰਮਾ, ਰੋਮਿਲਾ ਥਾਪਰ, ਇਰਫਾਨ ਹਬੀਬ, ਸਤੀਸ਼ ਚੰਦਰ, ਬਰੁਨ ਡੇ ਅਤੇ ਅਰਜਨ ਦੇਵ ਵਰਗੇ ਇਤਿਹਾਸਕਾਰਾਂ ਨਾਲ ਰਲ ਕੇ ਇਤਿਹਾਸਕਾਰੀ ਦੀਆਂ ਨਵੀਂ ਪੈੜਾਂ ਬੰਨ੍ਹੀਆਂ। ਉਨ੍ਹਾਂ ਭਾਰਤ ਵਿਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਬਾਰੇ ਵੀ ਵਾਹਵਾ ਖੋਜ ਕੀਤੀ। 2004 ਵਿਚ ਫਿਰਕਾਪ੍ਰਸਤੀ ਬਾਰੇ ਉਨ੍ਹਾਂ ਦੀ ਬੜੀ ਅਹਿਮ ਕਿਤਾਬ ‘ਕਮਿਊਨਲਿਜ਼ਮ: ਏ ਪ੍ਰਾਇਮਰ’ ਛਪੀ। ਇਸ ਕਿਤਾਬ ਵਿਚ ਉਨ੍ਹਾਂ ਨੇ ਫਿਰਕਾਪ੍ਰਸਤੀ ਦੀਆਂ ਵੱਖ-ਵੱਖ ਪਰਤਾਂ ਦੀ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ 1984 ਵਿਚ ਇਸੇ ਵਿਸ਼ੇ Ḕਤੇ ਇਕ ਹੋਰ ਕਿਤਾਬ ‘ਕਮਿਊਨਲਿਜ਼ਮ ਇਨ ਮਾਡਰਨ ਇੰਡੀਆ’ ਛਪਵਾਈ।
ਕਮਿਊਨਿਸਟ ਲਹਿਰ ਬਾਰੇ ਉਹ ਆਮ ਨਾਲੋਂ ਵੱਧ ਸੋਚਦੇ ਸਨ। ਉਨ੍ਹਾਂ ਨੇ ਭਾਰਤ ਦੇ ਕਮਿਊਨਿਸਟਾਂ ਬਾਰੇ ਆਲੋਚਨਾਤਮਕ ਪੁਸਤਕ Ḕਦਿ ਇੰਡੀਅਨ ਲੈਫਟ: ਕ੍ਰਿਟੀਕਲ ਅਪਰੇਜ਼ਲ’ 1983 ਵਿਚ ਛਪਵਾਈ। ਕੁਝ ਲੋਕ ਉਨ੍ਹਾਂ ਉਤੇ ਕਾਂਗਰਸ ਪੱਖੀ ਹੋਣ ਦਾ ਦੋਸ਼ ਵੀ ਲਾਉਂਦੇ ਰਹੇ, ਪਰ ਇਸ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਕਾਂਗਰਸ ਦਾ ਵੱਡਾ ਯੋਗਦਾਨ ਸੀ, ਇਸ ਗੱਲ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਉਂਜ, ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਵਿਚ ਕਾਂਗਰਸ ਦੇ ਯੋਗਦਾਨ ਤੋਂ ਇਲਾਵਾ ਹੋਰ ਲਹਿਰਾਂ ਦਾ ਵੀ ਚੋਖਾ ਜ਼ਿਕਰ ਕੀਤਾ।
ਬਿਪਨ ਚੰਦਰ ਬਤੌਰ ਅਧਿਆਪਕ ਆਪਣੇ ਵਿਦਿਆਰਥੀਆਂ ਵਿਚ ਬੜੇ ਲੋਕਪ੍ਰਿਅ ਸਨ। ਉਨ੍ਹਾਂ ਦਾ ਕਹਿਣਾ ਸੀ, ‘ਮੇਰਾ ਪਹਿਲਾ ਕੰਮ ਤਾਂ ਪੜ੍ਹਾਉਣਾ ਹੀ ਹੈ। ਇਸ ਲਈ ਮੈਂ ਵੱਧ ਤੋਂ ਵੱਧ ਧਿਆਨ ਇਸ ਪਾਸੇ ਹੀ ਲਾਉਂਦਾ ਹਾਂ। ਇਤਿਹਾਸ ਦੀ ਖੋਜ ਅਤੇ ਇਸ ਬਾਰੇ ਲਿਖਣਾ ਪੜ੍ਹਾਉਣ ਤੋਂ ਬਾਅਦ ਆਉਂਦਾ ਹੈ।’ ਉਹ ਆਪਣੇ ਵਿਦਿਆਰਥੀਆਂ ਨੂੰ ਖੁੱਲ੍ਹਾ ਸਮਾਂ ਦਿੰਦੇ ਸਨ। ਉਨ੍ਹਾਂ ਦੇ ਇਸ ਪੱਖ ਦੀ ਉਨ੍ਹਾਂ ਦੇ ਸਾਥੀ ਇਤਿਹਾਸਕਾਰ ਵੀ ਬੜੀ ਤਾਰੀਫ਼ ਕਰਦੇ ਸਨ। ਪਿਛਲੇ ਕੁਝ ਸਮੇਂ ਤੋਂ ਉਹ ਢਿੱਲੇ-ਮੱਠੇ ਚੱਲ ਰਹੇ ਸਨ ਅਤੇ 30 ਅਗਸਤ 2014 ਦੀ ਸਵੇਰ ਨੂੰ ਉਹ ਅਜੇ ਸੌਂ ਹੀ ਰਹੇ ਸਨ ਕਿ ਸੁੱਤੇ ਪਿਆਂ ਹੀ ਉਨ੍ਹਾਂ ਦਾ ਗੁੜਗਾਉਂ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਾਥੀ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਬੜੇ ਵਿਲੱਖਣ ਅੰਦਾਜ਼ ਵਿਚ ਯਾਦ ਕੀਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲੇਖ-ਜੋਖਾ ਉਨ੍ਹਾਂ ਮੀਡੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਅਤੇ ਦੱਸਿਆ ਕਿ ਇਤਿਹਾਸਕਾਰ ਕਿਸ ਨੂੰ ਕਹਿੰਦੇ ਹਨ!
Leave a Reply