ਜਤਿੰਦਰ ਮੌਹਰ
ਫੋਨ: 91-97799-34747
ਸੰਨ 1985 ਵਿਚ ਪਰਦਾ ਪੇਸ਼ ਹੋਈ ਫਿਲਮ ‘ਆਘਾਤ’ ਦੇ ਹਦਾਇਤਕਾਰ ਗੋਵਿੰਦ ਨਿਹਲਾਨੀ ਹਨ। ਫਿਲਮ ਮਰਾਠੀ ਨਾਟਕਕਾਰ ਵਿਜੇ ਤੇਂਦੁਲਕਰ ਨੇ ਲਿਖੀ ਸੀ ਅਤੇ ਇਹ ਫ਼ਿਲਮ ਸੱਠਵਿਆਂ ਅਤੇ ਸੱਤਰਵਿਆਂ ਵਿਚ ਮੁੰਬਈ ਦੀ ਸਰਗਰਮ ਮਜ਼ਦੂਰ ਲਹਿਰ ਬਾਬਤ ਹੈ। ਮੁੰਬਈ ਵਿਚ ਮਜ਼ਦੂਰਾਂ ਦੀ ਤਕੜੀ ਲਹਿਰ ਰਹੀ ਹੈ। ਮਜ਼ਦੂਰਾਂ ਵਿਚ ਕਮਿਉਨਿਸਟ ਧਿਰਾਂ ਦਾ ਜ਼ਿਕਰਯੋਗ ਅਸਰ ਸੀ।
ਉਨ੍ਹਾਂ ਹੀ ਸਮਿਆਂ ਵਿਚ ਬਾਲ ਠਾਕਰੇ ਆਪਣਾ ਅਸਰ ਜਮਾਉਣ ਦਾ ਹੀਲਾ ਕਰ ਰਿਹਾ ਸੀ। ਉਹਦੀ ਆਮਦ ਨੇ ਮਜ਼ਦੂਰ ਲਹਿਰ ਦੋਫਾੜ ਕਰ ਦਿੱਤੀ। ਫਿਲਮ ਸਿੱਧੇ-ਅਸਿੱਧੇ ਤਰੀਕੇ ਨਾਲ ਇਸੇ ਰੁਝਾਨ ਨੂੰ ਪਰਦਾ ਪੇਸ਼ ਕਰਦੀ ਹੈ। ‘ਪ੍ਰੋਲੇਤਾਰੀ’ ਉਦੋਂ ‘ਮਰਾਠੀ ਮਾਨੁਸ’ ਬਣਨ ਦੇ ਰਾਹ ਤੁਰ ਗਿਆ। ਬਾਲ ਠਾਕਰੇ ਨੇ 10 ਸਤੰਬਰ 1967 ਨੂੰ ਆਪਣੇ ਪਰਚੇ ‘ਮਾਰਮਿਕ’ ਵਿਚ ‘ਕਮਿਉਨਿਸਟਾਂ ਦੀ ਅਸਲੀ ਤਾਕਤ’ ਤੋੜਨ ਦਾ ਐਲਾਨ ਕੀਤਾ ਸੀ। ਉਹਨੇ ਕਮਿਉਨਿਸਟਾਂ ਦੇ ਗੜ੍ਹ ਵਿਚ ਉਨ੍ਹਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ। 5 ਜੂਨ 1970 ਵਿਚ ਕਮਿਉਨਿਸਟ ਪਾਰਟੀ ਦੇ ਖਾੜਕੂ ਆਗੂ ਕ੍ਰਿਸ਼ਨਾ ਦੇਸਾਈ ਦਾ ਕਤਲ ਕੀਤਾ ਗਿਆ। ਕਾਤਲਾਂ ਵਿਚ ਬਾਲ ਠਾਕਰੇ ਦਾ ਨਾਮ ਆਉਂਦਾ ਹੈ। ਦੇਸਾਈ ਮਜ਼ਦੂਰਾਂ ਦਾ ਹਰਮਨ ਪਿਆਰਾ ਅਤੇ ਖਾੜਕੂ ਆਗੂ ਸੀ। ਸੰਨ 2012 ਵਿਚ ਬਾਲ ਠਾਕਰੇ ਨੂੰ ਮਰਨ ਤੋਂ ਬਾਅਦ ਸ਼ਿਵਾਜੀ ਪਾਰਕ ਵਿਚ ਦਫਨਾਇਆ ਗਿਆ। ਇਸੇ ਜਗ੍ਹਾ ਜੂਨ 1970 ਵਿਚ ਪੱਚੀ ਹਜ਼ਾਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਦੇਸਾਈ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਬਾਲ ਠਾਕਰੇ ਤੋਂ ਬਦਲਾ ਲੈਣ ਦੀਆਂ ਸਹੁੰਆਂ ਚੁੱਕੀਆਂ ਸਨ। ਕਮਿਉਨਿਸਟ ਪਾਰਟੀ ਦੀ ਨੀਤੀ ਨੇ ਮਜ਼ਦੂਰਾਂ ਨੂੰ ਇਹ ਕੰਮ ਕਰਨ ਤੋਂ ਰੋਕ ਦਿੱਤਾ। ਪਾਰਟੀ ਦਾ ਭਰੋਸਾ ‘ਕਾਨੂੰਨ ਦੇ ਰਾਜ’ ਉਤੇ ਸੀ। ਉਸ ਦਿਨ ਤੋਂ ਬਾਅਦ ਬਾਲ ਠਾਕਰੇ ਦਾ ਹੌਸਲਾ ਹੋਰ ਬੁਲੰਦ ਹੁੰਦਾ ਗਿਆ ਅਤੇ ਉਹਨੇ ਕਮਿਉਨਿਸਟਾਂ ਦਾ ਗੜ੍ਹ ਤੋੜ ਦਿੱਤਾ। ਠਾਕਰੇ ਨੂੰ ਪਤਾ ਲੱਗ ਚੁੱਕਾ ਸੀ ਕਿ ਕਮਿਉਨਿਸਟ ਆਪਣੇ ਆਗੂਆਂ ਨੂੰ ਬਚਾਉਣ ਲਈ ਕਾਨੂੰਨ ਦੇ ਘੇਰੇ ਤੋਂ ਬਾਹਰ ਨਹੀਂ ਜਾਣਗੇ। ਬਾਕੀ ਕਹਾਣੀ ਸਾਰਾ ਜੱਗ ਜਾਣਦਾ ਹੈ (ਪ੍ਰੋæ ਸਰੋਜ ਗਿਰੀ ਨੇ ਇਸ ਬਾਰੇ ਪੂਰੀ ਤਫਸੀਲ ਆਪਣੇ ਲੇਖ ‘ਬਾਲ ਠਾਕਰੇ: ਵ੍ਹਾਏ ਦਿ ਕਮਿਊਨਿਸਟਸ ਡਿਡ ਨਥਿੰਗ’ ਵਿਚ ਬਿਆਨ ਕੀਤੀ ਹੈ)। ਰਾਜਤੰਤਰ, ਬਾਲ ਠਾਕਰੇ ਅਤੇ ਸਰਮਾਏਦਾਰਾਂ ਦੀ ਜੋਟੀ ਨੇ ਮਜ਼ਦੂਰਾਂ ਦੇ ਜੁੱਟ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਮਜ਼ਦੂਰਾਂ ਦੀ ਤਾਕਤ ਨੂੰ ‘ਮਰਾਠੀ ਮਾਨੁਸ’ ਦੇ ਨਾਮ ਉਤੇ ਮੁਸਲਮਾਨਾਂ ਵਿਰੁਧ ਭੁਗਤਾਇਆ ਗਿਆ। ਇਸ ਤਰ੍ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਗਏ।
ਫਿਲਮ ‘ਆਘਾਤ’ ਦੀ ਕਹਾਣੀ ਮੁਤਾਬਕ ਮੁੰਬਈ ਦੇ ਇੱਕ ਕਾਰਖਾਨੇ ਵਿਚ ਮਜ਼ਦੂਰਾਂ ਦੀ ਮਜ਼ਬੂਤ ਧਿਰ ਹੈ ਜਿਹਦੀ ਅਗਵਾਈ ਮਾਧਵ ਵਰਮਾ (ਓਮ ਪੁਰੀ) ਅਤੇ ਉਨ੍ਹਾਂ ਦੇ ਸਾਥੀ ਕਰਦੇ ਹਨ। ਉਨ੍ਹਾਂ ਦੇ ਮੁਕਾਬਲੇ ਰੁਸਤਮ ਪਟੇਲ (ਨਸੀਰੂਦੀਨ ਸ਼ਾਹ) ਨਾਮ ਦਾ ਗੁੰਡਾ ਨਵੀਂ ਯੂਨੀਅਨ ਜਮਾਉਣ ਦੇ ਚੱਕਰ ਵਿਚ ਹੈ। ਉਹਦੀਆਂ ਭੰਨ-ਤੋੜ ਦੀਆਂ ਕਾਰਵਾਈਆਂ, ਬੋਨਸ ਅਤੇ ਤਨਖਾਹਾਂ ਦੇ ਲਾਰੇ ਮਜ਼ਦੂਰਾਂ ਨੂੰ ਖ਼ੌਫ਼ਜ਼ਦਾ ਕਰਨ ਦੇ ਨਾਲ-ਨਾਲ ਆਪਣੇ ਵੱਲ ਖਿੱਚਦੇ ਵੀ ਹਨ। ਛੇਤੀ ਹੀ ਉਹ ਆਪਣੀ ਪੈਂਠ ਬਣਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਮਾਧਵ ਵਰਮਾ ਦੀ ਯੂਨੀਅਨ ਉਹਦਾ ਮੁਕਾਬਲਾ ਉਹਦੇ ਤਰੀਕੇ ਨਾਲ ਕਰਨ ਵਿਚ ਅਸਮਰੱਥ ਹੋ ਰਹੀ ਹੈ।
ਫਿਲਮ ਮਜ਼ਦੂਰ ਲਹਿਰ ਨੂੰ ਦਰਪੇਸ਼ ਮੁਸ਼ਕਿਲਾਂ ਪੇਸ਼ ਕਰਦੀ ਹੈ। ਇਸ ਵਿਚ ਮਜ਼ਦੂਰਾਂ ਦੀ ਭਿਆਨਕ ਹਾਲਤ, ਛੋਟੇ-ਛੋਟੇ ਲਾਲਚ, ਲਾਚਾਰੀ ਦੇ ਨਾਲ ਨਾਲ ਇਨ੍ਹਾਂ ਦੀ ਅੰਤ ਤੱਕ ਜੂਝਣ ਦੀ ਅਸਲ ਤਾਕਤ ਦਿਖਾਈ ਗਈ ਹੈ।
ਲੋਕ ਪੱਖੀ ਧਿਰਾਂ ਅਤੇ ਰੁਸਤਮ ਪਟੇਲ ਵਰਗਿਆਂ ਵਿਚ ਫਸੇ ਮਜ਼ਦੂਰ ਫ਼ੈਸਲਾ ਨਹੀਂ ਕਰ ਪਾਉਂਦੇ ਅਤੇ ਆਪਸੀ ਲੜਾਈ ਵਿਚ ਉਲਝ ਜਾਂਦੇ ਹਨ। ਮਾਧਵ ਵਰਮਾ ਇਸ ਲੜਾਈ ਨੂੰ ਸਹਿ ਨਹੀਂ ਪਾ ਰਿਹਾ। ਉਹ ਇਸ ਲੜਾਈ ਨੂੰ ਅਨੈਤਿਕ ਮੰਨਦਾ ਹੈ। ਉਹਨੂੰ ਸਮਝ ਨਹੀਂ ਆ ਰਿਹਾ ਕਿ ਇਸ ਖ਼ਤਰਨਾਕ ਜੰਗ ਨਾਲ ਕਿਵੇਂ ਨਜਿੱਠਿਆ ਜਾਵੇ। ਫਿਲਮ ਦੇ ਅੰਤ ਵਿਚ ਮਾਧਵ ਵਰਮਾ (ਓਮ ਪੁਰੀ) ਅਤੇ ਮਾਰਕਸਵਾਦੀ ਚਿੰਤਕ ਬਣੇ ਚੱਕਰ ਦੇਵ (ਅਮਰੀਸ਼ ਪੁਰੀ) ਦਾ ਸੰਵਾਦ ਫ਼ਿਲਮ ਨੂੰ ਸਿਖ਼ਰ ਉਤੇ ਲਿਜਾਂਦੇ ਹਨ। ਮਾਧਵ ਵਰਮਾ ਦੀ ਦੋਚਿੱਤੀ ਨੂੰ ਚੱਕਰ ਦੇਵ ਇਨ੍ਹਾਂ ਸ਼ਬਦਾਂ ਨਾਲ ਦੂਰ ਕਰਦਾ ਹੈ, “ਜੋ ਲੋਕ ਬਿਹਤਰ ਮਨੁੱਖੀ ਸਮਾਜ ਸਿਰਜਣ ਦੀ ਗੱਲ ਕਰਦੇ ਹਨ ਅਤੇ ਹਰ ਹੀਲੇ ਆਖ਼ਰੀ ਜਿੱਤ ਵਿਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਸਿਧਾਂਤਾਂ ਵਿਚ ਨਹੀਂ ਮਿਲਦੇ। ਕੁਝ ਸਵਾਲ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਜਵਾਬ ਇਤਿਹਾਸ ਦਿੰਦਾ ਹੈ ਅਤੇ ਉਹਦੇ ਲਈ ਉਡੀਕ ਕਰਨੀ ਪੈਂਦੀ ਹੈ। ਇਤਿਹਾਸ ਵਿਚ ਸਮੇਂ ਦਾ ਬੰਧਨ ਨਹੀਂ ਹੁੰਦਾ। ਜਿਨ੍ਹਾਂ ਲੋਕਾਂ ਲਈ ਫ਼ੌਰੀ ਚੋਣ ਕਰਨ ਦਾ ਮਸਲਾ ਹੈ, ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਅੱਗੇ ਦੋ ਰਸਤੇ ਹਨ। ਪਹਿਲਾ, ਘੋਲਾਂ ਦੀ ਘੁੰਮਣਘੇਰੀ ਅਤੇ ਦੂਜਾ ਇਤਿਹਾਸ ਦੇ ਕੂੜੇ ਦਾ ਢੇਰ æææ ਚੁਣੋ æææ।” ਤੁਰੇ ਜਾ ਰਹੇ ਮਾਧਵ ਦੇ ਬੋਲ ਪਿਛੋਕੜ ਵਿਚ ਗੂੰਜਦੇ ਹਨ। ਫਿਲਮ ਉਹਦੇ ਇਨ੍ਹਾਂ ਬੋਲਾਂ ਨਾਲ ਖਤਮ ਹੁੰਦੀ ਹੈ, “ਘੋਲਾਂ ਦੀ ਘੁੰਮਣਘੇਰੀ ਅਤੇ ਇਤਿਹਾਸ ਦੇ ਕੂੜੇ ਦਾ ਢੇਰ æææ ਮਤਲਬ ਸੂਰਜ ਨੂੰ ਉਗਾਉਣ ਲਈ ਹਨੇਰੇ ਵਿਚ ਲੜਦਾ ਰਹਾਂ, ਜਾਂ ਮੈਦਾਨ ਛੱਡ ਕੇ ਭੱਜ ਜਾਵਾਂ ਕਿ ਹਨੇਰਾ ਹੈ! ਕੀਹਨੂੰ ਪਤਾ ਕਿ ਸਾਹਮਣੇ ਵਾਲਾ ਵੈਰੀ ਹੈ, ਜਾਂ ਆਪਣਾ ਹੀ ਭਾਈ? ਪਰ ਘੋਲ ਤੋਂ ਪਿੱਛੇ ਹਟਣਾ ਇਨਕਲਾਬੀ ਦਾ ਧਰਮ ਨਹੀਂ ਹੁੰਦਾ। ਸਾਨੂੰ ਮੰਨਣੀ ਹੀ ਪਵੇਗੀ ਇਤਿਹਾਸ ਦੀਆਂ ਡੂੰਘਾਈਆਂ ਵਿਚੋਂ ਉਠ ਰਹੀ ਪੀੜਤ ਮਨੁੱਖਤਾ ਦੀ ਹੂਕ। ਅੱਗੇ ਵਧੋ ਸਾਥੀਓæææ ਸੂਰਜ ਦੇ ਵਸ ਨਹੀਂ ਕਿ ਉਹ ਇਕੱਲਾ ਉਗ ਸਕੇæææ ਗੋਡੇ ਜਮਾ ਕੇ, ਛਾਤੀਆਂ ਡਾਹ ਕੇ ਉਹਦੇ ਰੱਥ ਨੂੰ ਚਿੱਕੜ ਵਿਚੋਂ ਉਭਾਰੋ। ਦੇਖੋæææ ਅਸੀਂ ਸਾਰੇ ਉਹਨੂੰ ਸਹਾਰਾ ਦੇ ਰਹੇ ਹਾਂ, ਕਿਉਂਕਿ ਅਸੀਂ ਸਾਰੇ ਉਸ ਸੂਰਜ ਦੇ ਅੰਸ਼ ਹਾਂæææ ਅਸੀਂ ਸਾਰੇ ਉਸ ਸੂਰਜ ਦੇ ਅੰਸ਼ ਹਾਂ।”
ਇਹ ਘੋਲ ਉਸ ਸੂਰਜ ਨੂੰ ਉਗਾਉਣ ਦਾ ਹੈ ਜੋ ਕਾਮਿਆਂ ਦੇ ਘਰ ਵਿਚ ਸੱਚੀ ਮੁਕਤੀ ਦੀ ਰੌਸ਼ਨੀ ਲੈ ਕੇ ਆਵੇਗਾ। ਇਹ ਸੂਰਜ ਸਰਬੱਤ ਦੇ ਭਲੇ ਦਾ ਸੂਰਜ ਹੈ। ਇਹ ਸੂਰਜ ਬਰਾਬਰੀ ਅਤੇ ਸਾਂਝੀਵਾਲਤਾ ਦਾ ਸੂਰਜ ਹੈ। ਇਹ ਮਨੁੱਖਤਾ ਦੀ ਖੁਸ਼ਹਾਲੀ ਲਈ ਜਿੰਦੜੀਆਂ ਲਾ ਗਏ ਸੂਰਿਆਂ ਦੇ ਸੁਪਨਿਆਂ ਦਾ ਸੂਰਜ ਹੈ। ਇਹ ਫਿਲਮ ਲੋਕ ਪੱਖੀ ਧਿਰਾਂ ਦੀ ਮੌਜੂਦਾ ਕਮਜ਼ੋਰ ਹਾਲਤ, ਨਵ-ਉਦਾਰਵਾਦ ਅਤੇ ਫ਼ਾਸ਼ੀਵਾਦ ਦੀ ਚੜ੍ਹਤ ਦੇ ਦੌਰ ਵਿਚ ਕਈ ਅਹਿਮ ਸਵਾਲਾਂ ਦੇ ਰੂ-ਬ-ਰੂ ਕਰਵਾਉਂਦੀ ਹੈ।
Leave a Reply