ਪਿੰਡ ਦੀਆਂ ਖੇਡਾਂ

ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਕੋਈ ਸਵੈ-ਜੀਵਨੀ ਨਹੀਂ; ਇਹ ਉਹਨੇ ਆਪਣੇ ਪਿੰਡ ਨੰਗਲ ਸ਼ਾਮਾ ਨਾਲ ਕੀਤੀਆਂ ਗੱਲਾਂ ਹਨ। ਇਹ ਅਸਲ ਵਿਚ ਨੰਗਲ ਸ਼ਾਮਾ ਦੀਆਂ ਗੱਲਾਂ ਵੀ ਨਹੀਂ, ਇਹ ਤਾਂ ਸਗੋਂ ਸਮੁੱਚੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ, ਪਰ ਸੂਖਮ ਬਾਤਾਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਐਤਕੀਂ ‘ਮੇਰੇ ਪਿੰਡ ਦੀਆਂ ਖੇਡਾਂ’ ਨਾਂ ਦੇ ਅਧਿਆਇ ਵਿਚ ਉਹਨੇ ਪਿੰਡ ਦੀਆਂ ਖੇਡਾਂ ਬਾਰੇ ਚਰਚਾ ਕਰਦਿਆਂ ਬਣ-ਵਿਗਸ ਰਹੇ ਪਿੰਡ ਦੀ ਨਿਸ਼ਾਨਦੇਹੀ ਕੀਤੀ ਹੈ। -ਸੰਪਾਦਕ

ਦਲਬੀਰ ਸਿੰਘ
ਸਕੂਲ ਦੇ ਐਨ ਪੱਛਮ ਵਾਲੇ ਪਾਸੇ ਜਿਹੜੀ ਫਿਰਨੀ ਲੰਘਦੀ ਹੈ, ਉਸ ਦੇ ਨਾਲ ਲਗਦੀ ਜ਼ਮੀਨ ਕਿਸੇ ਵੇਲੇ ਪਿੰਡ ਦੇ ਨੌਜਵਾਨਾਂ ਦੇ ਖੇਡਣ ਲਈ ਖਾਲੀ ਛੱਡੀ ਗਈ ਸੀ। ਪਿੰਡ ਦੀ ਸ਼ਾਮਲਾਟ ਦੀ ਇਹ ਜ਼ਮੀਨ ਪਹਿਲਾਂ ਕਿਸੇ ਜੱਟ ਨੂੰ ਵਟਾਈ ਉਤੇ ਦਿਤੀ ਗਈ ਸੀ, ਪਰ ਸੱਠਵੇਂ ਦਹਾਕੇ ਦੇ ਅੰਤਲੇ ਸਾਲਾਂ ਵਿਚ ਇਹ ਖਾਲੀ ਕਰਵਾ ਲਈ ਗਈ ਸੀ।
ਅਸਲ ਵਿਚ ਜਿਥੇ ਹੁਣ ਸਕੂਲ ਹੈ, ਉਹ ਇਕ ਤਰ੍ਹਾਂ ਨਾਲ ਚੌਰਾਹਾ ਹੈ। ਰਵਿਦਾਸ ਗੁਰਦੁਆਰੇ ਦੇ ਬਿਲਕੁਲ ਮੋਹਰ ਦੀ ਇਕ ਬੀਹੀ ਬਾਹਰ ਵੱਲ ਲੰਘ ਜਾਂਦੀ ਹੈ ਜਿਹੜੀ ਹਰੀਜਨਾਂ (ਦਲਿਤਾਂ) ਦੇ ਵਿਹੜੇ ਨਾਲ ਦੀ ਲੰਘਦੀ ਹੈ। ਦੂਜੀ ਬੀਹੀ ਸੜਕ ਵਲੋਂ ਆਉਂਦੀ ਹੋਈ ਸਿੱਧੀ ਲੰਘਦੀ ਸੀ ਜਿਸ ਦੇ ਸੱਜੇ ਪਾਸੇ ਛੱਪੜ ਹੁੰਦਾ ਸੀ ਅਤੇ ਖੱਬੇ ਪਾਸੇ ਦਲਿਤਾਂ ਦੇ ਘਰ। ਇਥੇ ਹੀ ਸਭ ਤੋਂ ਪਹਿਲਾਂ ਦੌਲਤੀ ਦੇ ਮੁੰਡੇ ਨੇ ਬਿਜਲੀ ਨਾਲ ਚੱਲਣ ਵਾਲੀ, ਪਿੰਡ ਦੀ ਪਹਿਲੀ ਚੱਕੀ ਲਾਈ ਸੀ।
ਇਹ ਬੀਹੀ ਅਗਾਂਹ ਝਿਊਰਾਂ ਦੇ ਘਰਾਂ ਮੋਹਰ ਦੀ ਲੰਘਦੀ ਹੋਈ, ਠੇਕੇਦਾਰ ਸ਼ਾਮ ਸਿੰਘ ਦੇ ਘਰ ਦੇ ਪਰਲੇ ਪਾਸੇ ਜਾ ਕੇ ਬ੍ਰਾਹਮਣਾਂ ਦੇ ਘਰਾਂ ਵਲੋਂ ਖੱਬਾ ਮੋੜ ਮੁੜ ਕੇ ਪਿੰਡ ਦੇ ਅੰਦਰ ਜਾਣ ਵਾਲੀ ਗਲੀ/ਬੀਹੀ ਵਿਚ ਰਲ ਜਾਂਦੀ ਸੀ। ਇਹ ਬੀਹੀਆਂ ਜਾਂ ਰਸਤੇ ਕਾਫ਼ੀ ਖੁੱਲ੍ਹੇ ਸਨ ਅਤੇ ਇਥੋਂ ਟਰੱਕ ਤਕ ਲੰਘ ਜਾਂਦੇ ਸਨ। ਪਿੰਡ ਦੀਆਂ ਇਸ ਤੋਂ ਅਗਲੀਆਂ ਬੀਹੀਆਂ ਬਹੁਤ ਤੰਗ ਸਨ ਅਤੇ ਸਿਰਫ਼ ਸਾਈਕਲ ਹੀ ਇਨ੍ਹਾਂ ਵਿਚ ਜਾ ਸਕਦੇ ਸਨ। ਰਵਿਦਾਸ ਗੁਰਦੁਆਰੇ ਤੋਂ ਇਕ ਫ਼ਿਰਨੀ ਸੱਜੇ ਪਾਸੇ ਦੀ ਅਰਜਨ ਸਿੰਘ ਲੁਹਾਰ ਦੇ ਖਰਾਸ ਜਾਂ ਬਾਰੀਆਂ ਦੇ ਘਰਾਂ ਵੱਲ ਕੱਢੀ ਗਈ ਸੀ ਜਿਹੜੀ ਬਾਬਿਆਂ ਦੀ ਕੰਧ ਉਤੋਂ ਦੀ ਹੋ ਕੇ ਖੱਬੇ ਮੁੜ ਕੇ ਅੱਗੇ ਵੱਡੇ ਗੁਰਦੁਆਰੇ ਦੇ ਨਾਲ ਲੰਘਦੇ ਉਸ ਰਸਤੇ ਨਾਲ ਜਾ ਰਲਦੀ ਸੀ ਜਿਹੜਾ ਪਿੰਡ ਭੋਜੋਵਾਲ ਨੂੰ ਜਾਂਦਾ ਸੀ।
ਛੱਪੜ ਜਿਥੇ ਹੁਣ ਸ਼ਹੀਦ ਦਰਸ਼ਨ ਸਿੰਘ ਯਾਦਗਾਰੀ ਸਕੂਲ ਹੈ, ਦੇ ਨਾਲ ਲਗਦੀ ਖਾਲੀ ਪਈ ਜ਼ਮੀਨ ਨੂੰ ਪਿੰਡ ਦੇ ਨੌਜਵਾਨਾਂ ਲਈ ਖੇਡ ਮੈਦਾਨ ਦੇ ਤੌਰ ‘ਤੇ ਵਰਤਿਆ ਜਾਂਦਾ ਸੀ। ਕਈ ਵਾਰੀ ਤਾਂ ਗੁੱਗਾ ਨੌਵੀਂ ਵਾਲੇ ਦਿਨ ਦੀ ਛਿੰਝ ਵੀ ਇਸੇ ਥਾਂ ਉਤੇ ਪੈਂਦੀ ਸੀ। ਬਹੁਤ ਵਾਰੀ ਪਿੰਡ ਦੇ ਗੱਭਰੂ ਸ਼ਾਮ ਨੂੰ ਕਬੱਡੀ ਵੀ ਖੇਡਦੇ ਸਨ, ਜਾਂ ਫਿਰ ਜਿਨ੍ਹੀਂ ਦਿਨੀਂ ਕਿਸੇ ਕੋਲ ਫੁਟਬਾਲ ਹੁੰਦਾ ਸੀ, ਤਾਂ ਨੰਗੇ ਪੈਰੀਂ ਫੁਟਬਾਲ ਵੀ ਖੇਡਦੇ ਸਨ। ਕੱਚੀ ਜ਼ਮੀਨ ਹੋਣ ਕਾਰਨ ਧੂੜ ਬਹੁਤ ਉਡਦੀ ਸੀ।
ਹਾਕੀ ਵੀ ਭਾਵੇਂ ਪਿੰਡ ਦੇ ਕਿਸੇ-ਕਿਸੇ ਮੁੰਡੇ ਕੋਲ ਸੀ, ਪਰ ਬਹੁਤੇ ਖੁੱਦੋ-ਖੂੰਡੀ ਨਾਲ ਹੀ ਖੇਡਦੇ ਸਨ। ਖੂੰਡੀ ਕਿਸੇ ਦਰੱਖ਼ਤ ਨਾਲੋਂ ਕੱਟੀ ਹੋਈ ਐਸੀ ਸੋਟੀ ਹੁੰਦੀ ਸੀ ਜਿਸ ਦਾ ਆਖਰੀ ਸਿਰਾ ਹਾਕੀ ਵਾਂਗ ਮੁੜਿਆ ਹੁੰਦਾ ਸੀ। ਬਹੁਤੀ ਵਾਰੀ ਇਸ ਖੂੰਡੀ ਦੇ ਖੇਡਣ ਵਾਲੇ ਸਿਰੇ (ਹਾਕੀ ਵਾਂਗ) ਨੂੰ ਕਿਸੇ ਤੇਜ਼ ਹਥਿਆਰ ਦੀ ਵਰਤੋਂ ਕਰ ਕੇ, ਜਿਵੇਂ ਰੰਦਾ ਲਾ ਕੇ, ਪੱਧਰਾ ਕਰ ਦਿਤਾ ਜਾਂਦਾ ਸੀ। ਖੁੱਦੋ-ਖੂੰਡੀ ਲਈ ਖੁੱਦੋ ਆਮ ਤੌਰ ‘ਤੇ ਲੀਰਾਂ ਦੀ ਬਣਾਈ ਜਾਂਦੀ ਸੀ। ਪਾਟੀਆਂ ਲੀਰਾਂ ਨੂੰ ਗੋਲ-ਗੋਲ ਕਰ ਕੇ ਉਪਰਲੇ ਪਾਸੇ ਜਾਂ ਤਾਂ ਸਾਈਕਲ ਦੀ ਟਿਊਬ ਦੇ ਟੋਟੇ ਚਾੜ੍ਹ ਦਿਤੇ ਜਾਂਦੇ ਸਨ, ਤੇ ਜਾਂ ਫਿਰ ਸੀਅ ਦਿਤੀ ਜਾਂਦੀ ਸੀ। ਮਗਰੋਂ ਰਬੜ ਦੀਆਂ ਗੇਦਾਂ ਵੀ ਮਿਲਣ ਲੱਗ ਪਈਆਂ ਸਨ।
ਕ੍ਰਿਕਟ ਦਾ ਨਾਂ ਸੰਨ 1960 ਤਕ ਪਿੰਡ ਦੇ ਕਿਸੇ ਮੁੰਡੇ ਨੇ ਨਹੀਂ ਸੁਣਿਆ। ਇਸ ਲਈ ਜਦੋਂ ਪਿੰਡ ਦੇ ਕੁੜੀਆਂ ਦੇ ਸਕੂਲ ਵਿਚ ਪੜ੍ਹਾਉਣ ਲਈ ਨਵੀਂ ਮਾਸਟਰਨੀ ਦੇ ਉਸ ਵੇਲੇ (1963) ਅੱਠਵੀਂ ਵਿਚ ਪੜ੍ਹਦੇ ਭਰਾ ਜਿਹੜਾ ਜਲੰਧਰ ਵਿਚ ਕ੍ਰਿਕਟ ਖੇਡਦਾ ਰਿਹਾ ਸੀ, ਨੇ ਪਿੰਡ ਦੇ ਮੁੰਡਿਆਂ ਨੂੰ ਕ੍ਰਿਕਟ ਖਿਡਾਉਣੀ ਸ਼ੁਰੂ ਕੀਤੀ ਤਾਂ ਕਿਸੇ ਨੂੰ ਸਮਝ ਆਉਣੀ ਤਾਂ ਦੂਰ, ਪਸੰਦ ਤਕ ਨਾ ਆਈ। ਕਿਥੇ ਤਾਂ ਖੂੰਡੀਆਂ ਮਾਰ-ਮਾਰ ਕੇ ਇਕ-ਦੂਜੇ ਦੇ ਗਿੱਟੇ ਛਿੱਲਣ ਦਾ ਸੁਆਦ, ਤੇ ਕਿੱਥੇ ਇਕ ਬੰਦਾ ਥਾਪੀ ਜਿਹੀ ਲੈ ਕੇ ਖੜ੍ਹਾ ਰਹੇ ਤੇ ਬਾਕੀ ਉਹਦੇ ਮੂੰਹ ਵੱਲ ਦੇਖੀ ਜਾਣ। ਅੱਧੇ ਘੰਟੇ ਵਿਚ ਹੀ ਕ੍ਰਿਕਟ ਘੁਰਲ ਹੋ ਗਈ ਸੀ ਅਤੇ ਸਾਡੀ ਖਿੱਦੋ-ਖੂੰਡੀ ਫਿਰ ਚਾਲੂ ਹੋ ਗਈ ਸੀ।
ਕਬੱਡੀ ਭਾਵੇਂ ਆਮ ਖੇਡੀ ਜਾਂਦੀ ਸੀ, ਫਿਰ ਵੀ ਸਾਡੇ ਪਿੰਡ ਨੇ ਕੋਈ ਐਸਾ ਖਿਡਾਰੀ ਪੈਦਾ ਨਹੀਂ ਕੀਤਾ ਜਿਸ ਦਾ ਉਘਾ ਨਾਮ ਹੋਵੇ। ਉਂਜ ਗੱਜਾ ਸਿੰਘ ਦਾ ਧਰਮਾ, ਵਿਹੜੇ ਵਾਲਿਆਂ ਦਾ ਛਿੰਦਾ, ਦਲਿਤਾਂ (ਹਰੀਜਨਾਂ) ਦਾ ਮੁੰਡਾ ਪਾਲ ਬਹੁਤ ਛੋਹਲੇ ਸਨ। ਪਿੰਡ ਵਿਚ ਅਕਸਰ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਸਨ। ਇਸ ਲਈ ਬਹੁਤੇ ਮੁੰਡੇ ਕਬੱਡੀ ਹੀ ਖੇਡਦੇ ਹੁੰਦੇ ਸਨ। ਕਰੀਬ ਹਰ ਸਾਲ ਹੀ ਪਿੰਡ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਸੀ।
1969 ਵਿਚ ਜਦੋਂ ਮੈਂ ‘ਨਵਾਂ ਜਮਾਨਾ’ ਅਖਬਾਰ ਵਿਚ ਕੰਮ ਕਰਨ ਲੱਗ ਪਿਆ ਤਾਂ ਸਾਲ ਭਰ ਵਿਚ ਕਮਿਊਨਿਸਟ ਵਿਚਾਰਧਾਰਾ ਦਾ ਧਾਰਨੀ ਹੋ ਗਿਆ। ਉਸ ਵੇਲੇ ਦੇ ਨੌਜਵਾਨ ਆਗੂਆਂ ਗਿਆਨ ਸਿੰਘ ਦੁਸਾਂਝ ਅਤੇ ਬੰਤ ਸਿੰਘ ਬਰਾੜ ਦੀਆਂ ਮੀਟਿੰਗਾਂ ਵੀ ਪਿੰਡ ਦੇ ਨੌਜਵਾਨਾਂ ਨਾਲ ਕਰਵਾਈਆਂ ਸਨ। ਪਿੰਡ ਵਿਚ 1971 ‘ਚ ਨੌਜਵਾਨ ਸਭਾ ਕਾਇਮ ਕੀਤੀ ਗਈ। ਇਸ ਦਾ ਸਰਪ੍ਰਸਤ ਉਸ ਵੇਲੇ ਦੇ ਸਰਪੰਚ ਨਿਰਮਲ ਸਿੰਘ ਨੂੰ ਬਣਾਇਆ ਗਿਆ ਜਿਸ ਨੂੰ ਹਰ ਉਮਰ ਦਾ ਬੱਚਾ ਅਤੇ ਵੱਡਾ ‘ਭਾਅ’ ਕਹਿ ਕੇ ਬੁਲਾਉਂਦੇ ਸੀ। ਜਨਰਲ ਸਕੱਤਰੀ ਦਾ ਭਾਰ ਮੇਰੇ ਉਤੇ ਪਾ ਦਿਤਾ ਗਿਆ। ਇਸ ਸਭਾ ਵਲੋਂ 1972 ਦੇ ਸ਼ੁਰੂ ਵਿਚ ਇਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਵਿਚ ਕਰੀਬ ਵੀਹ ਪਿੰਡਾਂ ਦੀਆਂ ਟੀਮਾਂ ਦੀਆਂ ਐਂਟਰੀਆਂ ਸਨ। ਤਿੰਨ ਦਿਨ ਤਕ ਇਸੇ ਖੇਡ ਮੈਦਾਨ ਵਿਚ ਕਬੱਡੀ ਟੂਰਨਾਮੈਂਟ ਚਲਦਾ ਰਿਹਾ ਸੀ।
ਸੰਨ 1971 ਵਿਚ ਬੰਗਲਾਦੇਸ਼ ਵੱਖਰਾ ਦੇਸ਼ ਬਣ ਗਿਆ ਸੀ। ਮੈਂ ਬੇਟੀ ਨੂੰ ਦੱਸਦਾ ਹਾਂ। ਕਿ ਪਹਿਲਾਂ ਇਹ ਪਾਕਿਸਤਾਨ ਦਾ ਹਿੱਸਾ ਸੀ ਜਿਸ ਨੂੰ ਪੂਰਬੀ ਪਾਕਿਸਤਾਨ ਕਹਿੰਦੇ ਸਨ। 1970 ਵਿਚ ਚੋਣਾਂ ਹੋਈਆਂ, ਪੂਰਬੀ ਪਾਕਿਸਤਾਨ ਦੀ ਆਵਾਮੀ ਲੀਗ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ। ਜਮਹੂਰੀਅਤ ਦੀ ਮੰਗ ਤਾਂ ਇਹ ਸੀ ਕਿ ਪੱਛਮੀ ਪਾਕਿਸਤਾਨ ਦੇ ਹੁਕਮਰਾਨ ਸੱਤਾ, ਆਵਾਮੀ ਲੀਗ ਦੇ ਪ੍ਰਧਾਨ ਮੁਜੀਬ-ਉਰ ਰਹਿਮਾਨ ਨੂੰ ਸੌਂਪ ਦਿੰਦੇ, ਪਰ ਹੋਇਆ ਇਸ ਦੇ ਉਲਟ। ਪੱਛਮੀ ਪਾਕਿਸਤਾਨ ਦੇ ਉਸ ਵੇਲੇ ਹੁਕਮਰਾਨ ਯਾਹੀਆ ਖ਼ਾਨ ਦੇ ਹੁਕਮਾਂ ‘ਤੇ ਪੂਰਬੀ ਪਾਕਿਸਤਾਨ ਵਿਚ ਜ਼ੁਲਮ ਦੀ ਲਹਿਰ ਚਲਾ ਦਿਤੀ ਗਈ। ਮੁਜੀਬ ਨੂੰ ਪੱਛਮੀ ਪਾਕਿਸਤਾਨ ਵਿਚ ਕੈਦ ਕਰ ਲਿਆ ਗਿਆ। ਪੂਰਬੀ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ਵਿਚ ਲੋਕ ਭਾਰਤ ਵਿਚ ਆ ਵਸੇ। ਸ਼ਰਨਾਰਥੀਆਂ ਦੀ ਸਮੱਸਿਆ ਆਣ ਖੜ੍ਹੀ ਹੋਈ। ਸ਼ਰਨਾਰਥੀਆਂ ਨੇ ਨਾ ਸਿਰਫ਼ ਵੱਖਰੇ ਬੰਗਲਾਦੇਸ਼ ਦੀ ਮੰਗ ਕੀਤੀ, ਸਗੋਂ ਮੁਕਤੀ ਵਾਹਿਨੀ ਬਣਾ ਕੇ ਪਾਕਿਸਤਾਨੀ ਫ਼ੌਜ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿਤਾ।
ਮੈਂ ਬੇਟੀ ਨੂੰ ਇਹ ਵੀ ਦੱਸਦਾ ਹਾਂ ਕਿ 1971 ਵਿਚ ਹੋਈ ਲੜਾਈ ਵਿਚ ਭਾਰਤੀ ਫ਼ੌਜ ਨੇ ਕਰੀਬ ਦਸਾਂ ਦਿਨਾਂ ਵਿਚ ਹੀ ਪੂਰਬੀ ਪਾਕਿਸਤਾਨ ਉਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਨੂੰ ਬੰਗਲਾਦੇਸ਼ ਦਾ ਨਾਂ ਦੇ ਦਿਤਾ ਗਿਆ। ਪਾਕਿਸਤਾਨ ਦੇ ਨੱਬੇ ਹਜ਼ਾਰ ਦੇ ਕਰੀਬ ਫ਼ੌਜੀਆਂ ਨੇ ਹਥਿਆਰ ਸੁੱਟ ਦਿਤੇ। ਸੰਸਾਰ ਦੇ ਇਤਿਹਾਸ ਵਿਚ ਹੋਰ ਕੋਈ ਵੀ ਐਸੀ ਮਿਸਾਲ ਨਹੀਂ ਮਿਲਦੀ ਜਿਸ ਨਾਲ ਕਿਸੇ ਇਕ ਹਾਰ ਮਗਰੋਂ ਹੀ ਕਿਸੇ ਫ਼ੌਜ ਨੇ ਏਡੀ ਵੱਡੀ ਤਾਦਾਦ ਵਿਚ ਹਥਿਆਰ ਸੁੱਟੇ ਹੋਣ। ਇਹ ਪਾਕਿਸਤਾਨੀ ਸੈਨਿਕ ਮਗਰੋਂ ਸ਼ਿਮਲਾ ਸਮਝੌਤੇ ਅਧੀਨ ਪਾਕਿਸਤਾਨ ਦੇ ਹਵਾਲੇ ਕੀਤੇ ਗਏ।
ਇਥੇ ਇਕ ਦਿਲਚਸਪ ਗੱਲ ਦੱਸਣੀ ਚਾਹਾਂਗਾ। ਕਬੱਡੀ ਟੂਰਨਾਮੈਂਟ ਨੌਜਵਾਨ ਸਭਾ ਵਿਚ ਕਿਸੇ ਕਿਸਮ ਦਾ ਆਪਸੀ ਵਿਰੋਧ ਪੈਦਾ ਹੋ ਗਿਆ। ਇਸ ਲਈ ਮੁੰਡਿਆਂ ਦੇ ਇਕ ਗਰੁਪ ਨੇ ਨਵੀਂ ਨੌਜਵਾਨ ਸਭਾ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦਿਤਾ। ਬੜੀ ਮੁਸ਼ਕਿਲ ਨਾਲ ਦੋ ਧੜੇ ਬਣਨੋਂ ਰੋਕੇ, ਕਿਉਂਕਿ ਉਸ ਸਾਲ ਬੰਗਲਾਦੇਸ਼ ਬਣਿਆ ਸੀ, ਇਸ ਲਈ ਅਸੀਂ ਅਕਸਰ ਹੱਸਦੇ ਸਾਂ ਕਿ ਅਸੀਂ ਬੜੀ ਮੁਸ਼ਕਿਲ ਨਾਲ ਹੀ ਪਿੰਡ ਵਿਚ ਬੰਗਲਾਦੇਸ਼ ਬਣਨੋਂ ਰੋਕਿਆ ਸੀ।
ਮੈਂ ਦੱਸਦਾ ਹਾਂ ਕਿ ਸਾਡੇ ਪਿੰਡ ਨੇ ਕੋਈ ਵੀ ਵੱਡਾ ਖਿਡਾਰੀ ਪੈਦਾ ਨਹੀਂ ਕੀਤਾ। ਲੁਹਾਰਾਂ ਦੇ ਅਰਜਨ ਸਿੰਘ ਦਾ ਇਕ ਪੁੱਤਰ ਜ਼ਰੂਰ ਚੰਗਾ ਫੁੱਟਬਾਲ ਖੇਡਿਆ ਕਰਦਾ ਸੀ। ਉਸ ਨੂੰ ਇਸੇ ਆਧਾਰ ‘ਤੇ ਹੀ ਪਹਿਲਾਂ ਸਪੋਰਟਸ ਕਾਲਜ ਜਲੰਧਰ ਵਿਚ ਦਾਖਲਾ ਮਿਲਿਆ ਸੀ ਅਤੇ ਮਗਰੋਂ ਪੰਜਾਬ ਪੁਲਿਸ ਵਿਚ ਨੌਕਰੀ ਮਿਲੀ ਸੀ। ਜਿਥੇ ਤਕ ਮੇਰੀ ਜਾਣਕਾਰੀ ਹੈ, ਉਹ ਸਿਰਫ ਪੰਜਾਬ ਪੁਲਿਸ ਲਈ ਹੀ ਖੇਡ ਸਕਿਆ।
ਪਿੰਡ ਤੋਂ ਇੰਨੇ ਸਾਲ ਬਾਹਰ ਰਹਿਣ ਕਾਰਨ ਮੈਨੂੰ ਇਹ ਵੀ ਨਹੀਂ ਪਤਾ ਕਿ ਪਿੰਡ ਦਾ ਕੋਈ ਹੋਰ ਮੁੰਡਾ ਵੀ ਚੰਗਾ ਖਿਡਾਰੀ ਬਣਿਆ ਸੀ ਕਿ ਨਹੀਂ। ਮਗਰੋਂ ਪਤਾ ਲੱਗਾ ਸੀ ਕਿ ਮੇਰੇ ਨਾਲ ਚੌਥੀ ਤਕ ਪੜ੍ਹਦੇ ਰਹੇ ਸਿੱਖਾਂ ਦਾ ਤਰਲੋਕ ਜਿਹੜਾ ਥੋੜ੍ਹੀ ਦੇਰ ਬਾਅਦ ਖੇਤੀ ਕਰਨ ਲੱਗ ਪਿਆ ਸੀ ਤੇ ਮਗਰੋਂ ਅਮਰੀਕਾ ਚਲੇ ਗਿਆ ਸੀ, ਦਾ ਪੁੱਤਰ ਬਾਡੀ ਬਿਲਡਿੰਗ ਕਰਨ ਲੱਗ ਪਿਆ ਸੀ। ਉਸ ਨੇ ਮਿਸਟਰ ਪੰਜਾਬ ਦਾ ਖਿਤਾਬ ਵੀ ਜਿੱਤਿਆ ਸੀ।
ਮੇਰੀ ਬੇਟੀ ਮਾਰਸ਼ਲ ਖੇਡ ਤਾਇਕਵਾਂਡੋ ਦੀ ਖਿਡਾਰਨ ਰਹੀ ਹੈ ਅਤੇ ਉਸ ਨੇ ਇਸ ਵਿਚ ਨਾਰਥ ਜ਼ੋਨ ਤੇ ਨੈਸ਼ਨਲ ਪੱਧਰ ਦੇ ਸੋਨ ਤਮਗੇ ਜਿੱਤੇ ਹਨ। ਇਸ ਲਈ ਉਸ ਨੂੰ ਇਹ ਗੱਲ ਕਾਫ਼ੀ ਹੈਰਾਨੀ ਵਾਲੀ ਲੱਗੀ ਸੀ ਕਿ ਪਿੰਡ ਦੀਆਂ ਕੁੜੀਆਂ ਕੋਈ ਖੇਡ ਨਹੀਂ ਸਨ ਖੇਡਦੀਆਂ। ਹੁਣ ਤਾਂ ਸਮੇਂ ਹੀ ਐਸੇ ਆ ਗਏ ਹਨ ਕਿ ਖ਼ਬਰੇ ਕਿੱਕਲੀ ਵੀ ਨਾ ਪਾਉਂਦੀਆਂ ਹੋਣ। ਜਿਥੋਂ ਤਕ ਇਸ ਖੇਡ ਮੈਦਾਨ ਦੀ ਗੱਲ ਹੈ, ਖਬਰੇ ਮੁੰਡੇ ਵੀ ਹੁਣ ਇਥੇ ਨਹੀਂ ਖੇਡਦੇ। ਖੇਡ ਮੈਦਾਨ ਦੀ ਹਾਲਤ ਦੱਸਦੀ ਹੈ ਕਿ ਇਸ ਵਿਚ ਕਬੱਡੀ ਜਾਂ ਫੁੱਟਬਾਲ ਪਿਆਂ ਸਾਲਾਂ ਦਾ ਸਮਾਂ ਬਤੀਤ ਹੋ ਗਿਆ ਹੈ।
ਇਸ ਮੈਦਾਨ ਤੋਂ ਸੌ ਜਾਂ ਪੰਜਾਹ ਗਜ਼ ਦੀ ਦੂਰੀ ‘ਤੇ ਹੀ ਜਲੰਧਰ ਸ਼ਹਿਰ ਦੇ ਕਿਸੇ ਨਵੇਂ ਵਸੇ ਮੁਹੱਲੇ ਜਾਂ ਨਗਰ ਦੀਆਂ ਇਮਾਰਤਾਂ ਦਿਖਾਈ ਦੇ ਰਹੀਆਂ ਹਨ। ਨਵੇਂ ਪਲਾਟ ਕੱਟੇ ਜਾ ਰਹੇ ਹਨ। ਪਤਾ ਨਹੀਂ ਇਹ ਖੇਡ ਮੈਦਾਨ ਇਸ ਸ਼ਹਿਰੀ ਹਮਲੇ ਤੋਂ ਕਿੰਨਾ ਕੁ ਚਿਰ ਬਚਦਾ ਹੈ। ਸ਼ਹਿਰੀਕਰਨ ਦੀ ਰਫ਼ਤਾਰ ਨੂੰ ਦੇਖਦਿਆਂ ਲਗਦਾ ਹੀ ਨਹੀਂ ਕਿ ਇਹ ਬਹੁਤਾ ਚਿਰ ਬਚ ਸਕੇਗਾ। ਉਹ ਦਿਨ ਦੂਰ ਨਹੀਂ ਜਦੋਂ ਇਥੇ ਵੀ ਕੋਈ ਨਵੀਂ ਕੋਠੀ ਉਸਰੀ ਹੋਵੇਗੀ। ਮੈਂ ਅਤੇ ਮੇਰੀ ਬੇਟੀ ਹੈਰਾਨ ਹਾਂ ਕਿ ਖੇਡ ਮੈਦਾਨ ਹੀ ਨਹੀਂ ਹੈ ਤਾਂ ਬੱਚੇ ਖੇਡਦੇ ਕਿਥੇ ਹੋਣਗੇ? ਜੇ ਉਹ ਖੇਡਣਗੇ ਹੀ ਨਹੀਂ ਤਾਂ ਉਨ੍ਹਾਂ ਦਾ ਵਿਕਾਸ ਕਿਵੇਂ ਹੋਵੇਗਾ?
(ਚੱਲਦਾ)

1 Comment

  1. ਕਹਾਣੀ ਪੜ੍ਹ ਕੇ ਬੜਾ ਆਨੰਦ ਆਇਆ ਬਹੁਤ ਵਧੀਆ ਜਾਣਕਾਰੀ ਮਿਲੀ ਅਕਸਰ ਹੀ ਕਹਾਣੀਆਂ ਕਿਸੇ ਨਾ ਕਿਸੇ ਵਿਸ਼ੇ ਨੂੰ ਉਜਾਗਰ ਕਰਨ ਲਈ ਲਿੱਖਿਆ ਜਾਂਦੀਆਂ ਹਨ।

Leave a Reply

Your email address will not be published.